ਪੰਜਾਬ ਦੇ ਕਿਸਾਨਾਂ ਦੀ ਅਵਾਜ਼ ਯੂਨਾਈਟੇਡ ਨੇਸ਼ਨ ਤਕ ਪਹੁੰਚੀ; ਮੋਦੀ ਦੇ ਭਾਸ਼ਣ ਮੌਕੇ ਕੀਤਾ ਪ੍ਰਦਰਸ਼ਨ

ਪੰਜਾਬ ਦੇ ਕਿਸਾਨਾਂ ਦੀ ਅਵਾਜ਼ ਯੂਨਾਈਟੇਡ ਨੇਸ਼ਨ ਤਕ ਪਹੁੰਚੀ; ਮੋਦੀ ਦੇ ਭਾਸ਼ਣ ਮੌਕੇ ਕੀਤਾ ਪ੍ਰਦਰਸ਼ਨ

ਨਿਊਯਾਰਕ (ਹੁਸਨ ਲੜੋਆ ਬੰਗਾ): ਭਾਰਤ ਵਿੱਚ ਪਾਸ ਹੋਏ ਤਿੰਨ ਖੇਤੀ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਪੱਖ ਵਿੱਚ ਯੂਨਾਇਟਡ ਨੇਸ਼ਨ ਮੋਹਰੇ ਵੀ ਅਵਾਜ ਬੁਲੰਦ ਕੀਤੀ ਗਈ ਹੈ। 

ਇਹ ਮੁਜਾਹਰਾ ਉਦੋਂ ਹੋਇਆ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਸਤੰਬਰ ਨੂੰ ਯੂਨਾਇਟਡ ਨੇਸ਼ਨ ਵਿੱਚ ਵੀਡੀਉ ਕਾਲ ਦੁਆਰਾ ਆਪਣੇ ਵਿਚਾਰ ਕੁੱਲ ਦੁਨੀਆ ਮੋਹਰੇ ਰੱਖ ਰਹੇ ਸੀ ਉਸ ਮੌਕੇ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਸ਼ਮੀਰੀ ਸੰਘਰਸ਼ਸ਼ੀਲ ਜਥੇਬੰਦੀਆਂ ਸਾਂਝੇ ਤੌਰ 'ਤੇ ਵੱਡੇ ਇਕੱਠ ਵਿੱਚ ਯੂਨਾਇਟਡ ਨੇਸ਼ਨ ਮੋਹਰੇ ਮੋਦੀ ਦੇ ਬਣਾਏ ਕਨੂੰਨਾਂ ਨੂੰ ਕੁੱਲ ਦੁਨੀਆ ਮੋਹਰੇ ਉਜਾਗਰ ਕਰ ਰਹੀਆਂ ਸਨ ।

ਸਵੇਰੇ ਨਿਉਯਾਰਕ ਦੇ 10 ਵਜੇ ਤੋਂ 2 ਵਜੇ ਤੱਕ ਚੱਲੇ ਇਸ ਪ੍ਰੋਟੇਸਟ ਨੂੰ ਵੱਖੋ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਨੂੰਨ ਕਿਸਾਨ ਆਰਡੀਨੈਂਸਾਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ।

ਅੱਜ ਇਹ ਪੰਜਾਬ ਤੋਂ ਉੱਠੀ ਅਵਾਜ਼ ਹੁਣ ਅੰਤਰਰਾਸ਼ਟਰੀ ਅਵਾਜ਼ ਬਣ ਚੁੱਕੀ ਹੈ ਸਮੂਹ ਗੁਰਦੁਆਰਾ ਸਾਹਿਬ, ਸਿੱਖ ਜਥੇਬੰਦੀਆ, ਸਿੱਖ ਕਲਚਰਲ ਸੁਸਾਇਟੀ ਨਿਉਯਾਰਕ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਇੱਕ ਮੈਮੋਰੈਡਮ ਵੀ ਯੂਨਾਈਟੇਡ ਨੇਸ਼ਨ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੇ ਹੱਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਗੱਲ ਆਖੀ।