ਨਸ਼ੇੜੀ ਦੀ ਕਹਾਣੀ (ਕਿਸ਼ਤ-1)

ਨਸ਼ੇੜੀ ਦੀ ਕਹਾਣੀ (ਕਿਸ਼ਤ-1)

ਕੇਂਦਰ ਦੀ ਬੰਦ ਤਾਕੀ ਕੋਲ ਬੈਠਾ ਸੁਰਜੀਤ ਸਿੰਘ ਬਾਹਰ ਕੰਧ ਨਾਲ ਪਈ ਮੰਜੀ ਦੀ ਬਾਹੀ ਨੂੰ ਟਿਕੀ-ਟਿਕੀ ਲਾ ਵੇਖੀ ਜਾ ਰਿਹਾ ਸੀ ਕਿ ਬਲਵਿੰਦਰ ਨੇ ਉਸ ਨੂੰ ਅਵਾਜ਼ ਮਾਰ ਕੇ ਜਮਾਤ ਵਿੱਚ ਬੈਠਣ ਲਈ ਬੁਲਾਇਆ। ਅੱਜ ਉਸਦਾ ਕੇਂਦਰ ਵਿੱਚ ਚੌਥਾ ਦਿਨ ਸੀ। ਉਸਦੀਆਂ ਅੱਖਾਂ ਵਿਚੋਂ ਨਸ਼ੇ ਦੀ ਤੋੜ ਨਾਲ ਟੁੱਟਦੇ ਸ਼ਰੀਰ ਦਾ ਦਰਦ ਸਾਫ ਨਜ਼ਰੀਂ ਪੈਂਦਾ ਸੀ। ਇਹ ਲਾਲ ਅੱਖਾਂ ਨਸ਼ੇ ਦੀ ਲਾਲੀ ਦੀਆਂ ਨਹੀਂ, ਅਣਿੰਦਰੇ ਕਰਕੇ ਹੋਈਆਂ ਸਨ। 

ਸੁਰਜੀਤ ਮਾਪਿਆਂ ਦਾ ਇਕੱਲਾ ਪੁੱਤ ਹੈ ਤੇ ਤਿੰਨ ਭੈਣਾਂ ਦਾ ਭਰਾ। 25 ਸਾਲਾਂ ਦਾ ਇਹ ਪੰਜਾਬ ਦੇ ਸਿੱਖ ਪਰਿਵਾਰ ਦਾ ਨੌਜਵਾਨ ਹੋਰ ਹਜ਼ਾਰਾਂ ਨੌਜਵਾਨਾਂ ਵਾਂਗ ਨਸ਼ੇ ਖਿਲਾਫ ਲੜਾਈ ਦਾ ਸ਼ਿਕਾਰ ਹੋ ਕੇ ਹਾਰ ਰਿਹਾ ਹੈ। ਵੱਡੀ ਭੈਣ ਦੇ ਵਿਆਹ ਮਗਰੋਂ ਇਸ ਤੋਂ ਛੋਟੀਆਂ ਦੋਵਾਂ ਭੈਣਾਂ ਨੂੰ ਵੀ ਮਾਪਿਆਂ ਨੇ ਵਿਆਹ ਕੇ ਅਗਲੇ ਘਰ ਤੋਰ ਦਿੱਤਾ ਹੈ ਪਰ ਇਸ ਦੀਆਂ ਕਰਤੂਤਾਂ ਕਰਕੇ ਘਰ ਨੂੰ ਅਜੇ ਤੱਕ ਨੂੰਹ ਨਸੀਬ ਨਹੀਂ ਹੋਈ। 

ਪੜ੍ਹਾਈ ਨਾਲ ਤਾਂ ਸੁਰਜੀਤ ਮੁੱਢ ਤੋਂ ਹੀ ਰਿਸ਼ਤਾ ਨਾ ਗੰਢ ਸਕਿਆ ਤੇ ਅੱਠਵੀ ਜਮਾਤ ਵਿੱਚ ਸਕੂਲ ਨੂੰ ਅਲਵਿਦਾ ਕਹਿ ਦਿੱਤੀ। ਲਗਭਗ 18 ਵਰ੍ਹਿਆਂ ਦਾ ਸੀ ਜਦੋਂ ਆਪਣੇ ਟਰੱਕ 'ਤੇ ਚੜ੍ਹ ਗਿਆ। ਟਰੱਕ 'ਤੇ ਚੜ੍ਹਿਆ 'ਭੁੱਕੀ' ਖਾਣ ਦਾ ਆਦੀ ਹੋ ਗਿਆ। ਇਸ ਦੌਰਾਨ ਸੁਰਜੀਤ ਦੇ ਬਜ਼ੁਰਗਾਂ ਵੱਲੋਂ ਬਣਾਈ ਢਾਈ ਕਿੱਲ੍ਹੇ ਜ਼ਮੀਨ ਵੱਧਦਾ ਸ਼ਹਿਰ ਡਕਾਰ ਗਿਆ ਤੇ ਬੇਜ਼ਮੀਨੇ ਕਰਕੇ ਸੁਰਜੀਤ ਦੇ ਟੱਬਰ ਅੱਗੇ ਇੱਕ ਮੋਟੀ ਰਕਮ ਸੁੱਟ ਦਿੱਤੀ। ਇਸ ਰਕਮ ਨੂੰ ਸੁਰਜੀਤ ਦੀ ਮਾਂ ਅਤੇ ਸੁਰਜੀਤ ਦੇ ਖਾਤਿਆਂ ਵਿੱਚ ਰੱਖ ਦਿੱਤਾ ਸੀ। ਸ਼ਾਇਦ ਪਿਓ ਦੀ ਸ਼ਰਾਬ ਅਤੇ ਭੁੱਕੀ ਦੀ ਲੱਤ ਕਰਕੇ ਉੇਸਦੇ ਖਾਤੇ ਕੋਈ ਪੈਸਾ ਨਾ ਰੱਖਿਆ। ਪਰ ਕਿਸੇ ਨੂੰ ਕੀ ਪਤਾ ਸੀ ਪੁੱਤ ਪਿਓ ਤੋਂ ਚਾਰ ਕੋਹ ਅੱਗੇ ਜਾ ਪਹੁੰਚੂੰ। ਭੁੱਕੀ ਦੇ ਆਦੀ ਹੋਏ ਸੁਰਜੀਤ ਹੱਥ ਹੁਣ ਪੈਸਾ ਸੀ ਤੇ ਬਜ਼ਾਰ ਵਿੱਚ ਸੀ ਚਿੱਟਾ। ਬਸ ਫੇਰ ਕੀ। ਸੁਰਜੀਤ ਨੇ ਚਿੱਟੇ ਦੇ ਨਸ਼ੀਲੇ ਝੂਟਿਆਂ ਵਿੱਚ ਪੈਸਾ ਉਡਾਉੇਣਾ ਸ਼ੁਰੂ ਕਰ ਦਿੱਤਾ। ਨਵੀਂ ਕਾਰ ਲਿਆਇਆ, ਆਪਣੇ ਨਾਲ-ਨਾਲ ਯਾਰਾਂ ਮਿੱਤਰਾਂ ਨੂੰ ਵੀ ਚਿੱਟੇ ਦੀ ਤੋਟ ਨਹੀਂ ਰਹਿਣ ਦਿੱਤੀ। ਜਦੋਂ ਤੱਕ ਮਾਪਿਆਂ ਨੂੰ ਪੁੱਤ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਉਦੋਂ ਨੂੰ ਪਾਣੀ ਸਿਰੋਂ ਲੰਘ ਗਿਆ ਸੀ। ਖਾਤੇ ਦਾ ਪੌਣਾ ਹਿੱਸਾ ਪੁੱਤ ਡਕਾਰ ਗਿਆ ਸੀ ਤੇ ਬਾਕੀ ਰਹਿੰਦਾ ਵੀ ਉਸ ਦੇ ਹੱਥ ਸੀ। ਮੌਤ ਦੇ ਮੂੰਹ ਜਾਂਦੇ ਪੁੱਤ ਦੇ ਸਿਆਪੇ ਦਾ ਢੋਲ ਮਾਂ ਦੇ ਗੱਲ ਪਿਆ ਕਿ ਇਸੇ ਦੇ ਲਾਡ ਨੇ ਵਿਗਾੜਿਆ। ਮਾਂ ਸਭ ਦੇ ਕੁਬੋਲ ਸੁਣਦੀ ਫੇਰ ਵੀ ਪੁੱਤ ਲਈ ਅਰਦਾਸਾਂ ਹੀ ਕਰਦੀ ਕਿ, "ਸੱਚੇ ਪਾਤਸ਼ਾਹ ਇਸ ਨੂੰ ਸੁਮੱਤ ਬਖਸ਼।" 

ਅੱਗੇ ਕੱਲ੍ਹ..................

ਜ਼ਰੂਰੀ ਬੇਨਤੀ: "ਮਿੱਠਾ ਸਿੰਘ" ਦੀ ਇਸ ਕਹਾਣੀ ਨੂੰ ਅੰਮ੍ਰਿਤਸਰ ਟਾਈਮਜ਼ 'ਤੇ ਲੜੀਵਾਰ ਛਾਪਿਆ ਜਾਵੇਗਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।