ਬਾਗੀ ਸੁਰਾਂ ਨੂੰ ਦਬਾਉਣ ਲਈ ਭਾਰਤ ਦੇ ਕਮਾਂਡੋਆਂ ਦਾ ਪੰਜਾਬ ਵਿੱਚ ਪੱਕਾ ਅੱਡਾ ਬਣਾਉਣ ਦੀ ਤਿਆਰੀ

ਬਾਗੀ ਸੁਰਾਂ ਨੂੰ ਦਬਾਉਣ ਲਈ ਭਾਰਤ ਦੇ ਕਮਾਂਡੋਆਂ ਦਾ ਪੰਜਾਬ ਵਿੱਚ ਪੱਕਾ ਅੱਡਾ ਬਣਾਉਣ ਦੀ ਤਿਆਰੀ

ਚੰਡੀਗੜ੍ਹ: ਭਾਵੇਂ ਕਿ ਸਿੱਖ ਅਜ਼ਾਦ ਦੇਸ਼ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਨੂੰ ਭਾਰਤ ਸਰਕਾਰ ਨੇ ਅਣਮਨੁੱਖੀ ਅਤੇ ਗੈਰ ਅਸੂਲੀ ਤਰੀਕਿਆਂ ਨਾਲ ਦਹਿਸ਼ਤ ਪਾ ਕੇ ਠੱਲ ਪਾ ਕੇ ਆਪਣੀ ਜਿੱਤ ਦਾ ਐਲਾਨ ਕੀਤਾ ਸੀ ਪਰ ਸਿੱਖਾਂ ਅੰਦਰ ਅਜ਼ਾਦ ਦੇਸ਼ ਹਾਸਿਲ ਕਰਨ ਦੀ ਇੱਛਾ ਜਿਉਂਦੀ ਹੈ ਜਿਸ ਦੇ ਚਲਦਿਆਂ ਭਾਰਤ ਸਰਕਾਰ ਨੇ ਪੰਜਾਬ ਵਿੱਚ ਉੱਠਦੀਆਂ ਬਾਗੀ ਅਵਾਜ਼ਾਂ ਨੂੰ ਦੱਬਣ ਲਈ ਆਪਣੇ ਐਨ.ਐਸ.ਜੀ ਕਮਾਂਡੋਆਂ ਦਾ ਪੰਜਾਬ ਵਿੱਚ ਪੱਕਾ ਅੱਡਾ ਬਣਾਉਣ ਦੀ ਤਿਆਰੀ ਕਰ ਲਈ ਹੈ। 

ਭਾਰਤ ਸਰਕਾਰ ਵਲੋਂ ਪੰਜਾਬ 'ਚ ਨੈਸ਼ਨਲ ਸਕਿਉਰਟੀ ਗਾਰਡਜ਼ (ਐਨ.ਐਸ.ਜੀ.) ਦੇ ਕਮਾਂਡੋਜ਼ ਦਾ ਖੇਤਰੀ (ਰੀਜ਼ਨਲ) ਹੱਬ ਬਣਾਉਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਵਲੋਂ ਐਨ.ਐਸ.ਜੀ. ਦਾ ਕੇਂਦਰ ਸਥਾਪਿਤ ਕਰਨ ਬਾਰੇ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਅਤੇ ਇਸ ਸਬੰਧ 'ਚ ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਪਠਾਨਕੋਟ ਜਾਂ ਅੰਮ੍ਰਿਤਸਰ 'ਚ ਜ਼ਮੀਨ ਉਪਲਬੱਧ ਕਰਵਾਉਣ ਲਈ ਕਿਹਾ ਗਿਆ ਹੈ। 

ਅਖਬਾਰੀ ਰਿਪੋਰਟਾਂ ਮੁਤਾਬਿਕ ਇਸ ਹੱਬ 'ਚ ਐਨ.ਐਸ.ਜੀ. ਕਮਾਂਡੋਜ਼ ਦੀ ਅਜਿਹੀ ਟੀਮ ਸ਼ਾਮਿਲ ਹੋਵੇਗੀ, ਜੋ ਬਾਗੀਆਂ ਵੱਲੋਂ ਕੀਤੇ ਜਾਣ ਵਾਲੇ ਹਥਿਆਰਬੰਦ ਹਮਲਿਆਂ ਨੂੰ ਰੋਕਣ ਲਈ ਕੰਮ ਕਰੇਗੀ ਅਤੇ ਇਹ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ 'ਚ ਵੀ ਸਰਗਰਮ ਰਹੇਗੀ। 

ਗੁਪਤ ਪਛਾਣ ਵਾਲੇ ਅਫਸਰ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਿਕ ਪੰਜਾਬ ਸਰਕਾਰ ਐਨ.ਐਸ.ਜੀ. ਹੱਬ ਲਈ ਪਠਾਨਕੋਟ 'ਚ ਜ਼ਮੀਨ ਉਪਲਬੱਧ ਕਰਵਾਉਣ ਲਈ ਤਿਆਰ ਹੈ, ਜਦਕਿ ਬਿਹਤਰ ਗਤੀਵਿਧੀ ਤੇ ਸਹਿਯੋਗ ਲਈ ਅੰਮ੍ਰਿਤਸਰ 'ਚ ਜ਼ਮੀਨ ਉਪਲਬੱਧ ਕਰਵਾਉਣ ਬਾਰੇ ਗੱਲਬਾਤ ਜਾਰੀ ਹੈ। 

ਜ਼ਿਕਰਯੋਗ ਹੈ ਕਿ ਇਸ ਸਮੇਂ ਮੁੰਬਈ, ਕੋਲਕਾਤਾ, ਚੇਨਈ, ਹੈਦਰਾਬਾਦ ਤੇ ਗੁਜਰਾਤ ਐਨ.ਐਸ.ਜੀ. ਹੱਬ ਹਨ ਅਤੇ ਜੇਕਰ ਪੰਜਾਬ 'ਚ ਐਨ.ਐਸ.ਜੀ. ਦਾ ਇਹ ਹੱਬ ਬਣਿਆ ਤਾਂ ਇਹ ਭਾਰਤ ਦਾ 6ਵਾਂ ਹੱਬ ਹੋਵੇਗਾ, ਜਿਸ ਦੇ ਜ਼ਿੰਮੇ ਪੂਰੇ ਉੱਤਰੀ ਭਾਰਤ ਦੇ ਸਮੁੱਚੇ ਪਹਾੜੀ ਇਲਾਕੇ ਵੀ ਹੋਣਗੇ। 

ਸੂਤਰਾਂ ਮੁਤਾਬਿਕ ਪੰਜਾਬ 'ਚ ਇਹ ਕੇਂਦਰ ਸਥਾਪਿਤ ਹੋਣ 'ਤੇ ਪੰਜਾਬ ਪੁਲਿਸ ਦੀ ਕਮਾਂਡ 'ਚ ਐਨ.ਐਸ.ਜੀ. ਕਮਾਂਡੋਜ਼ ਤਾਇਨਾਤ ਹੋਣਗੇ ਅਤੇ ਉਹ ਪੰਜਾਬ ਪੁਲਿਸ ਦੀ ਸਪੈਸ਼ਲ ਫੋਰਸ ਨੂੰ ਬਾਗੀ ਹਮਲਿਆਂ ਦੇ ਨਾਲ-ਨਾਲ ਅਗਵਾ ਦੀਆਂ ਘਟਨਾਵਾਂ ਨਾਲ ਨਜਿੱਠਣ ਬਾਰੇ ਵੀ ਸਿਖਲਾਈ ਦੇਣਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।