ਹਮਲੇ ਦੇ ਦਿਹਾੜੇ 'ਤੇ ਮੂਲਵਾਸੀਆਂ ਦੀ ਮੁੜ-ਸੁਰਜੀਤੀ: 'ਅਸਟ੍ਰੇਲੀਆ ਸੋਚਦਾ ਸੀ ਅਸੀਂ ਮਰ ਜਾਵਾਂਗੇ'

ਹਮਲੇ ਦੇ ਦਿਹਾੜੇ 'ਤੇ ਮੂਲਵਾਸੀਆਂ ਦੀ ਮੁੜ-ਸੁਰਜੀਤੀ: 'ਅਸਟ੍ਰੇਲੀਆ ਸੋਚਦਾ ਸੀ ਅਸੀਂ ਮਰ ਜਾਵਾਂਗੇ'

ਮੈਂ ਵਿਦੇਸ਼ੀ ਬੋਲੀ ਬੋਲਦਾ ਵੱਡਾ ਹੋਇਆ।

ਉਹ ਬੋਲੀ ਜਿਸਨੂੰ 200 ਸਾਲ ਪਹਿਲਾਂ ਸਮੁੰਦਰੀ ਜਹਾਜ਼ਾਂ 'ਚ ਇੱਥੇ ਲਿਆਂਦਾ ਗਿਆ। ਉਹ ਬੋਲੀ ਜਿਸਨੂੰ ਮੇਰੇ ਪੁਰਖਿਆਂ 'ਤੇ ਉਦੋਂ ਥੋਪਿਆ ਗਿਆ ਜਦੋਂ ਉਹਨਾਂ ਨੂੰ ਉਹਨਾਂ ਦੀ ਧਰਤੀ ਤੋਂ ਕੱਢਿਆ ਗਿਆ ਗਿਆ, ਉਹਨਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਹਨਾਂ ਦੇ ਸ਼ਰੀਰ ਨਵੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਸਨ।

1830 ਦੇ ਦਹਾਕੇ ਦੀ ਗੱਲ ਹੈ, ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿਚ ਪੈਂਦੇ ਵਿਰਾਡਜੁਰੀ 'ਚ ਵਸਦੇ ਮੇਰੇ ਪੁਰਖਿਆਂ 'ਤੇ ਮਾਰਸ਼ਲ ਕਾਨੂੰਨ ਲਾ ਦਿੱਤਾ ਗਿਆ ਸੀ। ਉਹਨਾਂ ਨੂੰ ਦੇਖਦਿਆਂ ਹੀ ਕਤਲ ਕਰਨ ਦੇ ਹੁਕਮ ਸਨ। ਬਰਤਾਨੀਆ ਤੋਂ ਆਏ ਲੋਕਾਂ ਨੇ ਵਿਰਾਡਜੁਰੀ ਲੋਕਾਂ ਦਾ ਸ਼ਿਕਾਰ ਕਰਨ ਲਈ ਅਤੇ ਉਹਨਾਂ ਨੂੰ ਫੜ੍ਹਨ ਲਈ 'ਕਾਤਲ ਸਮੂਹ' ਬਣਾ ਲਏ ਸਨ। 

ਇਸ ਲੜਾਈ ਵਿਚ ਬਚਿਆਂ ਨੂੰ ਇਸਾਈ ਮਿਸ਼ਨਾਂ ਅਤੇ ਕੇਂਦਰਾਂ 'ਚ ਭੇਜ ਦਿੱਤਾ ਗਿਆ। ਉਹਨਾਂ 'ਤੇ ਆਪਣੀ ਬੋਲੀ ਬੋਲਣ, ਆਪਣੇ ਸੱਭਿਆਚਾਰ ਮੁਤਾਬਕ ਜਾਂ ਰੀਤੀ ਰਿਵਾਜ਼ਾਂ ਮੁਤਾਬਕ ਜਿਉਣ 'ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। 

ਸਮਝਿਆ ਜਾ ਰਿਹਾ ਸੀ ਕਿ ਮੇਰੇ ਲੋਕ ਉਸੇ ਤਰ੍ਹਾਂ ਮਰ ਜਾਣਗੇ ਜਿਵੇਂ ਉਹਨਾਂ ਦੀ ਬੋਲੀ ਮਰ ਗਈ। 

ਮੂਲ ਨਿਵਾਸੀਆਂ ਨੂੰ ਇਕ ਮਰ ਰਹੀ ਨਸਲ ਮੰਨਿਆ ਜਾਂਦਾ ਸੀ। ਬਾਹਰੋਂ ਆ ਕੇ ਵਸੇ ਲੋਕ ਸਾਡੇ ਹੌਲੀ ਹੌਲੀ ਮਰ ਜਾਣ ਦੀਆਂ ਗੱਲਾਂ ਕਰਦੇ ਸਨ।

ਜਦੋਂ 1901 'ਚ ਅਸਟ੍ਰੇਲੀਆ ਇਕ ਨੇਸ਼ਨ ਬਣ ਗਿਆ, ਤਾਂ ਇਸ ਦੇ ਬਾਨੀਆਂ ਚੋਂ ਇੱਕ ਅਲਫ੍ਰੈਡ ਡੈਕਿਨ ਨੇ ਅਗਲੇ ਸੌ ਸਾਲਾਂ ਦੀ ਭਵਿੱਖਬਾਣੀ ਕਰਦਿਆਂ ਕਿਹਾ: "ਅਸਟ੍ਰੇਲੀਆ ਗੋਰਿਆਂ ਦਾ ਮਹਾਂਦੀਪ ਹੋਵੇਗਾ ਜਿਸ ਦੇ ਵਸਨੀਕਾਂ 'ਚ ਇੱਕ ਵੀ ਕਾਲਾ ਜਾਂ ਇੱਥੋਂ ਤੱਕ ਕਿ ਭੂਰੀ ਚਮੜੀ ਵਾਲਾ ਬੰਦਾ ਨਹੀਂ ਹੋਵੇਗਾ। ਮੂਲਵਾਸੀ ਨਸਲ ਦੱਖਣ ਵਿਚ ਖਤਮ ਹੋ ਗਈ ਹੈ ਅਤੇ ਉਤਰ ਤੇ ਪੱਛਮ ਵਿਚ ਤੇਜ਼ੀ ਨਾਲ ਮਰ ਰਹੇ ਹਨ।"

ਮੂਲਵਾਸੀ ਸੁਰੱਖਿਆ ਬੋਰਡ (Aborigines Protection Board) ਬਣਾਇਆ ਗਿਆ, ਜਿਸ ਨੇ ਮੂਲਵਾਸੀਆਂ ਦੀ ਜ਼ਿੰਦਗੀ 'ਤੇ ਅੱਤ ਦੀ ਤਾਕਤ ਵਰਤੀ। ਬੋਰਡ ਨੇ ਪਾਬੰਦੀਆਂ ਵਾਲੀਆਂ ਨੀਤੀਆਂ ਦੀ ਨਿਗਰਾਨੀ ਕੀਤੀ ਅਤੇ ਦੱਸਿਆ ਕਿ ਮੇਰਾ ਪਰਿਵਾਰ ਕਿੱਥੇ ਰਹੇਗਾ, ਕਿਸ ਨਾਲ ਵਿਆਹ ਕਰਵਾ ਸਕਦੇ ਹਾਂ ਜਾਂ ਕੀ ਅਸੀਂ ਆਪਣੇ ਬੱਚਿਆਂ ਨੂੰ ਕੋਲ ਰੱਖ ਸਕਦੇ ਹਾਂ।

"ਗੋਰਿਆਂ ਵਾਂਗ ਸੋਚੋ, ਗੋਰਿਆਂ ਵਾਂਗ ਕਰੋ, ਗੋਰੇ ਬਣੋ"
20ਵੀਂ ਸਦੀ ਦੇ ਬਹੁਤੇ ਸਮੇਂ ਦੌਰਾਨ, ਮੂਲਵਾਸੀ ਲੋਕਾਂ ਉੱਤੇ ਪਾਗਲ ਨਸਲ ਵਿਗਿਆਨ (mad race science) ਦੀ ਨੀਤੀ ਲਾਈ ਗਈ। 

ਮੂਲਵਾਸੀ ਲੋਕਾਂ ਦੀ ਨਸਲ ਖਰਾਬ ਕਰਨ ਲਈ ਜਜ਼ਬ (Assimilate) ਕਰਨ ਦੀ ਨੀਤੀ ਬਣਾਈ ਗਈ। ਇਸਦਾ ਉਦੇਸ਼ ਮੂਲਵਾਸੀ ਲੋਕਾਂ ਨੂੰ ਰਾਸ਼ਟਰਮੰਡਲ (Commonwealth) ਵਿਚ ਸਮਾ ਲੈਣਾ ਸੀ।

ਇਸ ਦਾ ਪ੍ਰਗਟਾਵਾ ਪੱਕੇ ਰੰਗ ਵਾਲੀ ਮੂਲਵਾਸੀ ਔਰਤ ਦੀ ਤਸਵੀਰ ਵਾਲੇ ਉਸ ਪੋਸਟਰ ਤੋਂ ਹੁੰਦਾ ਹੈ, ਜਿਸ ਵਿਚ ਉਸ ਨਾਲ ਉਸਦੀ ਸਾਂਵਲੇ ਰੰਗ ਦੀ ਕੁੜੀ ਅਤੇ ਨੀਲੀਆਂ ਅੱਖਾਂ ਵਾਲੀ ਗੋਰੇ ਰੰਗ ਦੀ ਪੋਤਰੀ ਨਜ਼ਰ ਪੈਂਦੀ ਹੈ। 

ਸਾਂਵਲੇ ਰੰਗ ਦੇ 'ਰਲਵੀਂ ਨਸਲ' (mixed-race) ਵਾਲੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਦੂਰ ਲਿਜਾਇਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਸੱਭਿਆਚਾਰ ਅਤੇ ਸਾਕ-ਸਬੰਧੀਆਂ ਨਾਲੋਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਜਿੰਨ੍ਹੇ ਮੂਲਵਾਸੀ ਪਰਿਵਾਰਾਂ ਨਾਲ ਮੇਰਾ ਸਬੰਧ ਹੈ ਉਹ ਇਸ ਤ੍ਰਾਸਦੀ ਤੋਂ ਪੀੜਤ ਰਹੇ ਹਨ ਜਿਸ ਨੂੰ ਅਸੀਂ 'ਚੋਰੀ ਕੀਤੀ ਪੀੜ੍ਹੀ' (stolen generation) ਵਜੋਂ ਜਾਣਦੇ ਹਾਂ।

ਮੇਰੀ ਪੜ੍ਹਦਾਦੀ ਦੀ ਭੈਣ ਨੂੰ ਉਸਦੇ ਮਾਪਿਆਂ ਤੋਂ ਵੱਖ ਕਰਕੇ ਆਦੀਵਾਸੀ ਕੁੜੀਆਂ ਲਈ ਬਣਾਏ ਆਸ਼ਰਮ ਵਿਚ ਭੇਜ ਦਿੱਤਾ ਗਿਆ ਸੀ ਜਿੱਥੇ ਉਹਨਾਂ ਨੂੰ ਗੋਰਿਆਂ ਦੇ ਘਰਾਂ 'ਚ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਗੋਰਿਆਂ ਨਾਲ ਵਿਆਹ ਤੋਂ ਬਾਅਦ ਇਹਨਾਂ ਦੇ ਬੱਚੇ ਗੋਰੇ ਹੋਣਗੇ।

ਮੇਰੀ ਚਾਚੀ ਜਿੱਥੇ ਸੋਂਦੀ ਸੀ ਉਸ ਦੇ ਸਿਰ 'ਤੇ ਲਿਖਿਆ ਹੁੰਦਾ ਸੀ, "ਗੋਰਿਆਂ ਵਾਂਗ ਸੋਚੋ, ਗੋਰਿਆਂ ਵਾਂਗ ਕਰੋ, ਗੋਰੇ ਬਣੋ।"

ਪਰ ਇਸ ਸਭ ਕਾਸੇ ਦੇ ਬਾਵਜੂਦ, ਅਸੀਂ ਮਰੇ ਨਹੀਂ। ਗਰੀਬੀ ਅਤੇ ਅਣਗਿਹਲੀ ਦੇ ਨਾ ਮੁੱਕਣ ਵਾਲੇ ਚੱਕਰ 'ਚ ਫਸੇ ਹੋਏ ਆਦੀਵਾਸੀ ਲੋਕਾਂ ਨੇ ਕਸਬਿਆਂ ਦੀਆਂ ਹੱਦਾਂ 'ਤੇ ਆਪਣੇ ਸਮੂਹ ਬਣਾਏ। 

ਅਸੀਂ ਬਚ ਗਏ। ਪਰ ਸਾਡੀ ਬੋਲੀ ਨਹੀਂ ਬਚ ਸਕੀ। 1963 ਤੱਕ, ਜਦੋਂ ਮੇਰਾ ਜਨਮ ਹੋਇਆ, ਮਾੜੇ ਸਮਿਆਂ ਵਿਚੋਂ ਲੰਘਦਿਆਂ ਆਪਣੀ ਬੋਲੀ ਦੇ ਬਚੇ ਕੁੱਝ ਸ਼ਬਦਾਂ ਨਾਲ ਅਸੀਂ ਅੰਗਰੇਜੀ ਬੋਲਦੇ ਸੀ।

ਜਦੋਂ ਬਰਤਾਨਵੀ ਲੋਕਾਂ ਨੇ ਅਸਟ੍ਰੇਲੀਆ 'ਤੇ ਹਮਲਾ ਕੀਤਾ ਅਤੇ ਆਦੀਵਾਸੀਆਂ ਦੀ ਧਰਤੀ 'ਤੇ ਕਬਜ਼ਾ ਕੀਤਾ, ਉਸ ਸਮੇਂ ਇੱਥੇ ਘੱਟੋ-ਘੱਟ 250 ਬੋਲੀਆਂ ਜਿਉਂਦੀਆਂ ਸਨ ਅਤੇ 800 ਤੋਂ ਵੱਧ ਉਪਬੋਲੀਆਂ ਸਨ। ਅੱਜ ਜ਼ਿਆਦਾ ਤਰ ਚੁੱਪ ਕਰ ਚੁੱਕੀਆਂ ਹਨ। ਬਚੀਆਂ ਵਿਚੋਂ ਵੀ, 90 ਫੀਸਦੀ ਨੂੰ ਖਤਮ ਹੋਣ ਦੇ ਖਤਰੇ 'ਚ ਮੰਨਿਆ ਜਾ ਰਿਹਾ ਹੈ। 

ਬੋਲੀ ਦੀ ਹਰਿਆਵਲ ਮੁੜ ਪੁੰਗਰ ਰਹੀ ਹੈ
ਪਰ ਆਦੀਵਾਸੀ ਲੋਕ ਐਨੀ ਸੌਖੀ ਹਾਰ ਨਹੀਂ ਮੰਨਣ ਵਾਲੇ। ਯੂਰਪੀਅਨਾਂ ਦੇ ਆਉਣ ਤੋਂ 65,000 ਸਾਲ ਪਹਿਲਾਂ ਤੋਂ ਮੇਰੇ ਪੁਰਖੇ ਇਸੇ ਧਰਤੀ 'ਤੇ ਪ੍ਰਫੁਲਤ ਹੋਏ ਜਿਸਨੂੰ ਹੁਣ ਅਸਟ੍ਰੇਲੀਆ ਕਹਿੰਦੇ ਹਨ।

42,000 ਸਾਲ ਪੁਰਾਣਾ ਇਕ ਆਦਮੀ ਦਾ ਪਿੰਜਰ ਮਿਲਿਆ ਹੈ, ਜਿਸਨੂੰ ਰਸਮੀ ਤੌਰ 'ਤੇ ਦਫਨਾਉਣ ਦਾ ਸਭ ਤੋਂ ਪੁਰਾਣਾ ਸਬੂਤ ਮੰਨਿਆ ਜਾਂਦਾ ਹੈ। 

ਅੱਜ ਸਾਨੂੰ ਦੁਨੀਆ ਦੀ ਮੋਜੂਦਾ ਸਭ ਤੋਂ ਪੁਰਾਣੀ ਸੱਭਿਅਤਾ ਮੰਨਿਆ ਜਾਂਦਾ ਹੈ।

ਬੋਲੀ ਦੀ ਹਰਿਆਵਲ ਮੁੜ ਪੁੰਗਰ ਰਹੀ ਹੈ। ਪਹਿਲੇ ਲੋਕਾਂ ਦੀ ਔਲਾਦ ਮੁੜ ਪੁਰਾਣੀਆਂ ਬੋਲੀਆਂ ਬੋਲਣ ਲੱਗੀ ਹੈ, ਇਹ ਸਾਡੀ ਅਧਿਆਤਮਕ ਅਤੇ ਸੱਭਿਆਚਾਰਕ ਮੁੜ ਸੁਰਜੀਤੀ ਦਾ ਹਿੱਸਾ ਹੈ। 

ਇਸ ਮੁੜ ਸੁਰਜੀਤੀ ਦੀ ਮੁਹਿੰਮ ਵਿਚ ਮੇਰੇ ਪਿਤਾ ਜੀ ਪਹਿਲੀ ਕਤਾਰ 'ਚ ਹਨ। 

ਜਦੋਂ ਉਹ ਬਚਪਨ ਵਿਚ ਸਨ, ਉਹਨਾਂ ਦੇ ਦਾਦਾ ਜੀ ਨੇ ਸਾਡੇ ਸ਼ਹਿਰ ਦੀ ਮੁੱਖ ਸੜਕ 'ਤੇ ਚਲਦਿਆਂ ਉਹਨਾਂ ਨਾਲ ਵਿਰਾਡਜੁੜੀ ਬੋਲੀ ਵਿੱਚ ਗੱਲ ਕਰ ਲਈ, ਜਿਸ ਕਰਕੇ ਉਹਨਾਂ ਦੇ ਦਾਦਾ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ।

ਉਸ ਤੋਂ ਪੰਜਾਹ ਸਾਲ ਬਾਅਦ, ਮੇਰੇ ਪਿਤਾ ਨੂੰ ਮੇਰੇ ਦਾਦਾ ਜੀ ਦੀ ਬੋਲੀ ਨੂੰ ਬਚਾਉਣ ਲਈ ਓਰਡਰ ਆਫ ਅਸਟ੍ਰੇਲੀਆ (Order of Australia) ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਕਿੰਨੀ ਕਮਾਲ ਦੀ ਯਾਤਰਾ ਹੈ।

ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ
ਮੇਰੇ ਪਿਤਾ ਨੇ ਬਹੁਤ ਔਖਾ ਸਮਾਂ ਵੇਖਿਆ। ਉਸ ਦੇਸ਼ ਦਾ ਕਾਲਾ ਆਦਮੀ ਜਿੱਥੇ ਕਾਲਾ ਹੋਣਾ ਜ਼ੁਰਮ ਹੋਵੇ। ਉਹਨਾਂ ਨੂੰ ਸਿੱਖਿਆ ਦੇ ਹੱਕ ਤੋਂ ਵਾਂਝਾ ਰੱਖਿਆ ਗਿਆ। ਉਹਨਾਂ ਮੈਨੂੰ ਅਤੇ ਮੇਰੇ ਭੈਣਾਂ ਭਰਾਵਾਂ ਨੂੰ ਆਪਣੇ ਹੱਥਾਂ ਦੀ ਮਿਹਨਤ ਸਦਕਾ ਪਾਲਿਆ। 

ਹੋਰ ਬਹੁਤ ਸਾਰੇ ਆਦੀਵਾਸੀ ਬੰਦਿਆਂ ਵਾਂਗ, ਉਹਨਾਂ ਨੂੰ ਵੀ ਪੁਲਸ ਦੀ ਕੁੱਟ ਸਹਿਣੀ ਪਈ। 

ਪਰ ਉਹਨਾਂ ਕਦੇ ਵੀ ਆਪਣਾ ਵਿਸ਼ਵਾਸ ਨਹੀਂ ਗਵਾਇਆ। ਉਹਨਾਂ ਕਦੇ ਆਸ ਨਹੀਂ ਛੱਡੀ। ਉਹਨਾਂ ਕਦੇ ਆਪਣੇ ਦਾਦਾ ਜੀ ਦਾ ਪਿਆਰ ਅਤੇ ਯਾਦ ਨਹੀਂ ਵਿਸਾਰੀ। 

60 ਦੀ ਉਮਰ ਨੂੰ ਢੁਕ ਰਹੇ, ਅਸਟ੍ਰੇਲੀਆ ਵਿਚ ਇਕ ਹਾਸ਼ੀਏ 'ਤੇ ਜ਼ਿੰਦਗੀ ਬਸਰ ਕਰ ਰਹੇ ਇਸ ਬੰਦੇ ਤੱਕ ਗੋਰੇ ਭਾਸ਼ਾ ਵਿਗਿਆਨੀ ਜੋਹਨ ਰਡਰ ਨੇ ਪਹੁੰਚ ਕੀਤੀ ਜੋ ਵਿਰਾਡਜੁਰੀ ਭਾਸ਼ਾ ਨੂੰ ਬਚਾਉਣ ਵਿਚ ਦਿਲਚਸਪੀ ਰਖਦਾ ਸੀ। 

ਅਗਲੇ 20 ਸਾਲਾਂ ਵਿਚ, ਇਹਨਾਂ ਦੋ ਬੰਦਿਆਂ ਨੇ ਵਿਰਾਡਜੁਰੀ ਬੋਲੀ ਦੀ ਪਹਿਲੀ ਡਿਕਸ਼ਨਰੀ ਲਿਖੀ, ਵਿਰਾਡਜੁਰੀ ਖਿੱਤੇ ਵਿਚ ਭਾਸ਼ਾ ਸਿਖਾਉਣ ਦੇ ਕੇਂਦਰ ਖੋਲ੍ਹੇ, ਅਤੇ ਚਾਰਲਸ ਸਟਰਟ ਯੂਨੀਵਰਸਿਟੀ ਨਾਲ ਵਿਰਾਡਜੁਰੀ ਸਟੱਡੀਜ਼ ਦਾ ਪੋਸਟਗ੍ਰੈਜੁਏਟ ਪ੍ਰੋਗਰਾਮ ਸ਼ੁਰੂ ਕੀਤਾ। 

ਕਈ ਸਾਲ ਪਹਿਲਾਂ, ਮੇਰੇ ਪਿਤਾ ਨੂੰ ਉਹਨਾਂ ਦੇ ਕੰਮ ਲਈ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲੈਟਰਜ਼ (Doctor of Letters) ਨਾਲ ਸਨਮਾਨਿਤ ਕੀਤਾ ਗਿਆ। 

ਉਹਨਾਂ ਦਾ ਨਾਮ ਸਟੈਨ ਗਰਾਂਟ ਸੀ। ਇਹ ਮੇਰੇ ਲਈ ਸਭ ਤੋਂ ਵੱਡੇ ਮਾਣ ਦੀ ਗੱਲ ਹੈ ਕਿ ਮੇਰਾ ਨਾ ਉਹਨਾਂ ਦੇ ਨਾਂ 'ਤੇ ਰੱਖਿਆ ਗਿਆ ਹੈ।

ਅਸੀਂ ਹੁਣ ਵੀ ਇੱਥੇ ਹਾਂ
ਮੈਂ ਜੋ ਵੀ ਹਾਂ ਉਹਨਾਂ ਕਰਕੇ ਅਤੇ ਆਪਣੀ ਮਾਤਾ ਕਰਕੇ ਹਾਂ। ਉਹਨਾਂ ਨੇ ਸਾਨੂੰ ਮਜ਼ਬੂਤ ਅਤੇ ਅਣਖੀਲੇ ਬਣਾਇਆ। ਉਹਨਾਂ ਸਾਡੇ ਪਰਿਵਾਰ ਨੂੰ ਇਕੱਠਿਆ ਰੱਖਿਆ। ਉਹਨਾਂ ਸਾਡੀਆਂ ਕਹਾਣੀਆਂ ਨੂੰ ਜਿਉਂਦਾ ਰੱਖਿਆ। ਉਹਨਾਂ ਮੈਨੂੰ ਦੱਸਿਆ ਕਿ ਮੈਂ ਕੌਣ ਹਾਂ।

ਅਸਟ੍ਰੇਲੀਆ ਦਿਹਾੜੇ 'ਤੇ- ਹਮਲੇ ਦੇ ਦਿਨ 'ਤੇ- ਮੈਂ ਉਹਨਾਂ ਬਾਰੇ ਸੋਚਦਾ ਹਾਂ। ਮੈਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਬਾਰੇ ਸੋਚਦਾ ਹਾਂ। ਮੈਂ ਸੋਚਦਾ ਹਾਂ ਕਿ ਅਸੀਂ ਹੁਣ ਵੀ ਇੱਥੇ ਕਿਵੇਂ ਹਾਂ।

ਅਸੀਂ ਉਹ ਸੱਚ ਹਾਂ ਜਿਸਨੇ ਅਸਟ੍ਰੇਲੀਆ ਦੇ ਵੱਡੇ ਝੂਠ ਨੂੰ ਬੇਨਕਾਬ ਕੀਤਾ ਹੈ। ਬਰਤਾਨਵੀਆ ਨੇ ਸਾਡੇ ਮਹਾਦੀਪ 'ਤੇ ਇਹ ਕਹਿ ਕੇ ਕਬਜ਼ਾ ਕੀਤਾ ਕਿ ਇਹ ਖਾਲੀ ਥਾਂ ਸੀ। 

ਉਹਨਾਂ ਨੇ ਉਹ ਮਨੁੱਖਤਾ ਨਹੀਂ ਵੇਖੀ ਜੋ ਸਦਾ ਉੱਥੇ ਵਸਦੀ ਸੀ।

ਅਸਟ੍ਰੇਲੀਆ ਨੇ ਸੋਚਿਆ ਕਿ ਅਸੀਂ ਮਰ ਜਾਵਾਂਗੇ। ਸੋਚਿਆ ਕਿ ਸਾਡੀ ਨਸਲ ਬਦਲ ਜਾਵੇਗੀ। ਸਾਨੂੰ ਜਜ਼ਬ ਕਰ ਲਿਆ ਜਾਵੇਗਾ। 

ਬਰਤਾਨਵੀ ਮਲਾਹ ਜੇਮਸ ਕੁੱਕ ਵੱਲੋਂ ਬਰਤਾਨਵੀ ਝੰਡਾ ਗੱਡਣ ਅਤੇ ਸਾਡੀ ਧਰਤ ਖੋਹਣ ਤੋਂ ਢਾਈ ਸੌ ਸਾਲ ਬਾਅਦ, ਅਸੀਂ ਦੁਬਾਰਾ ਬੋਲ ਰਹੇ ਹਾਂ। ਆਪਣੀਆਂ ਬੋਲੀਆਂ ਵਿੱਚ। 

ਲੇਖਕ: ਸਟੈਨ ਗਰਾਂਟ

ਨੋਟ: (ਇਸ ਲੇਖ ਦਾ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ 'ਸੁਖਵਿੰਦਰ ਸਿੰਘ' ਵੱਲੋਂ ਕੀਤਾ ਗਿਆ ਹੈ।)

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।