ਹੈਲੀਕਾਪਟਰ ਹਾਦਸੇ 'ਚ ਧੀ ਸਮੇਤ ਦੁਨੀਆ ਨੂੰ ਅਲਵਿਦਾ ਕਹਿ ਗਿਆ ਮਹਾਨ ਖਿਡਾਰੀ ਕੋਬ

ਹੈਲੀਕਾਪਟਰ ਹਾਦਸੇ 'ਚ ਧੀ ਸਮੇਤ ਦੁਨੀਆ ਨੂੰ ਅਲਵਿਦਾ ਕਹਿ ਗਿਆ ਮਹਾਨ ਖਿਡਾਰੀ ਕੋਬ
ਕੋਬ ਬਰਾਇੰਟ

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ ਵਿਚੋਂ ਇੱਕ ਬਾਸਕਿਟਬਾਲ ਖਿਡਾਰੀ ਕੋਬ ਬਰਾਇੰਟ ਅੱਜ ਇਕ ਹੈਲੀਕਾਪਟਰ ਹਾਦਸੇ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਹਾਦਸੇ ਵਿਚ ਉਹਨਾਂ ਦੀ ਪੁੱਤਰੀ ਗਿਆਨਾ ਦੀ ਵੀ ਮੌਤ ਹੋ ਗਈ ਹੈ। 41 ਸਾਲਾ ਕੋਬ 18 ਸਾਲ ਦਾ ਸੀ ਜਦੋਂ ਉਸਨੇ ਆਪਣੀ ਖੇਡ ਨਾਲ ਦੁਨੀਆ ਦਾ ਦਿਲ ਜਿੱਤ ਲਿਆ ਸੀ। ਉਹ ਲਗਾਤਾਰ 20 ਸਾਲ ਲੋਸ ਐਂਜਲਸ ਲੇਕਰਸ ਦੀ ਟੀਮ ਲਈ ਖੇਡਿਆ। ਉਸਨੇ ਪੰਜ ਵਾਰ ਐਨਬੀਏ ਚੈਂਪਿਅਨਸ਼ਿਪ ਜਿੱਤੀ। ਉਸਨੇ ਅਮਰੀਕੀ ਬਾਸਕਿਟਬਾਲ ਟੀਮ ਵੱਲੋਂ ਖੇਡਦਿਆਂ 2008 ਅਤੇ 2012 'ਚ ਓਲੰਪਿਕ ਗੋਲਡ ਮੈਡਲ ਵੀ ਜਿੱਤੇ।ਕੋਬ ਦੀ ਮੌਤ ਦੀ ਖਬਰ ਨਾਲ ਪੂਰੀ ਦੁਨੀਆ ਦੇ ਖੇਡ ਪ੍ਰੇਮੀਆਂ ਅੰਦਰ ਸੋਗ ਦੀ ਲੋਹਰ ਫੈਲ ਗਈ ਹੈ। ਇਸ ਹਾਦਸੇ ਮੌਕੇ ਹੈਲੀਕਾਪਟਰ ਪਾਇਲਟ ਸਮੇਤ ਕੁੱਲ 9 ਲੋਕ ਸਵਾਰ ਸਨ। 

ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ) ਦੇ ਕਮਿਸ਼ਨਰ ਐਡਮ ਸਿਲਵਰ ਨੇ ਕੋਬ ਅਤੇ ਉਹਨਾਂ ਦੀ ਪੁੱਤਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੋਬ ਚਾਰ ਧੀਆਂ ਦਾ ਪਿਓ ਸੀ। ਸਿਲਵਰ ਨੇ ਕਿਹਾ ਕਿ ਬਾਸਕਿਟਬਾਲ ਖੇਡ ਦੇ ਇਤਿਹਾਸ 'ਚ ਕੋਬ ਇਕ ਮਹਾਨ ਖਿਡਾਰੀ ਹੈ।

ਕੋਬ ਦੀ ਪਰਿਵਾਰ ਨਾਲ ਤਸਵੀਰ

ਕੋਬ ਨੇ 2016 'ਚ ਖੇਡਣ ਤੋਂ ਰਿਟਾਇਰਮੈਂਟ ਲਈ ਸੀ। ਉਦੋਂ ਉਹ ਐਨਬੀਏ ਦੇ ਇਤਿਹਾਸ 'ਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਾ ਤੀਜਾ ਖਿਡਾਰੀ ਸੀ। ਉਹ ਬਾਸਕਿਟਬਾਲ ਖੇਡ ਵਿਚ ਦੁਨੀਆਂ ਦੀ ਬਿਹਤਰੀਨ ਟੀਮ ਦਾ ਬਿਹਤਰੀਨ ਖਿਡਾਰੀ ਸੀ।  ਸ਼ਨੀਵਾਰ ਸ਼ਾਮ ਨੂੰ ਉਸਦੇ ਇਸ ਰਿਕਾਰਡ ਨੂੰ ਪਿੱਛੇ ਛਡਦਿਆਂ ਲੇਕਰਸ ਟੀਮ ਦਾ ਲੀਬੋਰਨ ਜੇਮਸ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਾ ਤੀਜਾ ਖਿਡਾਰੀ ਬਣ ਗਿਆ ਸੀ। ਇਸ 'ਤੇ ਕੋਬ ਨੇ ਉਸਨੂੰ ਵਧਾਈ ਦਿੰਦਿਆਂ ਖੇਡ ਨੂੰ ਹੋਰ ਉੱਚ ਮਿਆਰਾਂ 'ਤੇ ਲਿਜਾਣ ਦਾ ਸੁਨੇਹਾ ਦਿੱਤਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।