ਪ੍ਰਵਾਸੀ ਪੰਜਾਬੀ ਆਪਣੇ ਸੂਬੇ ਦੀ ਭਲਾਈ ਲਈ ਅੱਗੇ ਆਉਣ :ਐੱਸ.ਪੀ. ਸਿੰਘ ਓਬਰਾਏ

ਪ੍ਰਵਾਸੀ ਪੰਜਾਬੀ ਆਪਣੇ ਸੂਬੇ ਦੀ ਭਲਾਈ ਲਈ ਅੱਗੇ ਆਉਣ :ਐੱਸ.ਪੀ. ਸਿੰਘ ਓਬਰਾਏ

ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬ ਦਾ ਪਾਣੀ ਇਸ ਵੇਲੇ ਗੰਦਲਾ ਹੋ ਚੁੱਕਾ ਹੈ, ਜਿਸ ਕਾਰਨ ਲੋਕ ਬਿਮਾਰੀਆਂ ਨਾਲ ਪੀੜਤ ਹਨ। ਨਸ਼ਿਆਂ ਕਾਰਨ ਜਵਾਨੀ ਰੁਲ ਰਹੀ ਹੈ। ਅੱਜ ਪੰਜਾਬ ਵਿਚ ਵਿਦਿਆ ਹਾਸਲ ਕਰਨਾ ਹਰ ਕਿਸੇ ਦੇ ਵਸ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਅਜਿਹੇ ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਨਾਲ ਜੂਝਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕਹੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਆਪਣੇ ਸੂਬੇ ਨੂੰ ਖੁਸ਼ਹਾਲ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।
ਡਾ. ਐੱਸ.ਪੀ. ਸਿੰਘ ਓਬਰਾਏ ਅੱਜਕੱਲ੍ਹ ਕੈਲੀਫੋਰਨੀਆ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਸੰਸਥਾਵਾਂ, ਗੁਰੂ ਘਰਾਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਾਤੀ ਤੌਰ ‘ਤੇ ਮਿਲ ਕੇ ਪੰਜਾਬ ਦੇ ਹਾਲਾਤ ਤੋਂ ਜਾਣੂੰ ਕਰਵਾ ਰਹੇ ਹਨ ਅਤੇ ਇਥੇ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਜਾਗਰੂਕ ਕਰ ਰਹੇ ਹਨ, ਤਾਂਕਿ ਪੰਜਾਬ ਦੇ ਲੋਕ ਖੁਸ਼ਹਾਲੀ ਨਾਲ ਰਹਿ ਸਕਣ।
ਆਪਣੇ ਇਕ ਹਫਤੇ ਦੇ ਦੌਰੇ ਦੌਰਾਨ ਉਹ ਸੈਕਰਾਮੈਂਟੋ ‘ਚ ਹੋਏ ਗਦਰੀ ਬਾਬਿਆਂ ਦੇ ਮੇਲੇ, ਫਰੀਮਾਂਟ ਛਣਕਾਟਾ ਵੰਗਾਂ ਦੇ ਮੇਲੇ, ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਫੇਅਰਫੀਲਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੀਟਿੰਗਾਂ ਕਰ ਚੁੱਕੇ ਹਨ। ਬੁੱਧਵਾਰ 11 ਜਨਵਰੀ ਨੂੰ ਪੂਜਾ ਰੈਸਟੋਰੈਂਟ ਵੈਸਟ ਸੈਕਰਾਮੈਂਟੋ ਵਿਖੇ ਚੜ੍ਹਦਾ ਪੰਜਾਬ ਕਲੱਬ ਦੇ ਸਮਾਗਮ ਵਿਚ ਹਿੱਸਾ ਲਿਆ।
ਡਾ. ਓਬਰਾਏ 12 ਜਨਵਰੀ ਵੀਰਵਾਰ ਨੂੰ ਪੰਜਾਬੀ ਢਾਬਾ, ਡਿਕਸਨ ਵਿਖੇ ਸਿਕੰਦਰ ਗਰੇਵਾਲ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। 13 ਜਨਵਰੀ ਸ਼ੁਕਰਵਾਰ ਨੂੰ ਗਾਖਲ ਭਰਾਵਾਂ ਵੱਲੋਂ ਕੀਤੇ ਸਮਾਗਮ ‘ਚ ਸ਼ਿਰਕਤ ਕਰਨਗੇ। 14 ਜਨਵਰੀ ਸ਼ਨੀਵਾਰ ਨੂੰ ਡਾ. ਪ੍ਰਿਤਪਾਲ ਸਿੰਘ ਵੱਲੋਂ ਮਿਲਪੀਟਸ ਵਿਖੇ ਸਮਾਗਮ ਕੀਤਾ ਜਾਵੇਗਾ ਅਤੇ 15 ਜਨਵਰੀ ਐਤਵਾਰ ਨੂੰ ਉਹ ਗੁਰੂ ਘਰ ਵਿਖੇ ਸੰਗਤਾਂ ਦੇ ਰੂ-ਬ-ਰੂ ਹੋਣਗੇ।
ਇਨ੍ਹਾਂ ਦਿਨਾਂ ਦੌਰਾਨ ਵੱਖ-ਵੱਖ ਅਮਰੀਕੀ ਆਗੂਆਂ ਵੱਲੋਂ ਉਨ੍ਹਾਂ ਦਾ ਮਨੁੱਖੀ ਸੇਵਾ ਵਿਚ ਪਾਏ ਯੋਗਦਾਨ ਬਦਲੇ ਸਨਮਾਨ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।