ਨਮੋਸ਼ ਭਾਰਤੀਆਂ ਨੂੰ ਚੀਨੀ ਬਾਈਕਾਟ ਦਾ ਨਾਅਰਾ ਕਿਉਂ ਨਹੀਂ ਦੇਣਾ ਚਾਹੀਦਾ?

ਨਮੋਸ਼ ਭਾਰਤੀਆਂ ਨੂੰ ਚੀਨੀ ਬਾਈਕਾਟ ਦਾ ਨਾਅਰਾ ਕਿਉਂ ਨਹੀਂ ਦੇਣਾ ਚਾਹੀਦਾ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਵੱਲੋਂ ਲੱਦਾਖ ਦੀ ਗਲਵਾਨ ਵੈਲੀ ਵਿਚ ਝੜਪ ਦੌਰਾਨ ਭਾਰਤ ਦੇ 20 ਫੌਜੀਆਂ ਨੂੰ ਮਾਰਨ ਤੋਂ ਬਾਅਦ ਚੀਨ ਨੇ ਪ੍ਰਾਪੇਗੰਢੇ ਦੇ ਪੱਧਰ 'ਤੇ ਵੀ ਭਾਰਤ ਨੂੰ ਚਿੱਤ ਕਰ ਦਿੱਤਾ ਹੈ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹਿਣਾ ਕਿ ਚੀਨ ਭਾਰਤ ਦੀ ਹੱਦ ਵਿਚ ਦਾਖਲ ਨਹੀਂ ਹੋਇਆ ਅਤੇ ਚੀਨ ਵੱਲੋਂ ਗਲਵਾਨ ਵੈਲੀ ਨੂੰ ਆਪਣਾ ਇਲਾਕਾ ਐਲਾਨ ਦੇਣਾ, ਕੂਟਨੀਤਕ ਪੱਧਰ 'ਤੇ ਵੀ ਭਾਰਤ ਲਈ ਵੱਡੀ ਨਮੋਸ਼ੀ ਦਾ ਕਾਰਨ ਬਣ ਗਿਆ ਹੈ। ਅਜਿਹੇ ਸਮੇਂ ਹਮਲਾਵਰ ਰਾਸ਼ਟਰਵਾਦ ਦਾ ਰੁੱਖ ਧਾਰੀ ਚੱਲ ਰਹੀ ਭਾਰਤ ਦੀ ਹਿੰਦੁਤਵ ਬ੍ਰਿਗੇਡ ਨਮੋਸ਼ੀ ਵਿਚ ਆ ਕੇ ਚੀਨ ਤੋਂ ਬਣ ਕੇ ਆਇਆ ਸਮਾਨ ਭੰਨਣ ਲੱਗੀ ਹੈ। ਜਦੋਂ ਕਿਸੇ ਹੋਰ ਪਾਸੇ ਜ਼ੋਰ ਨਹੀਂ ਚੱਲ ਰਿਹਾ ਤਾਂ ਭਾਜਪਾ ਦੇ ਸਮਰਥਕ ਇਸ ਹਿੰਦੁਤਵੀ ਧੜੇ ਵੱਲੋਂ ਘਰੇਲੂ ਰਾਜਨੀਤੀ ਵਿਚ '56 ਇੰਚ ਚੌੜੀ ਛਾਤੀ' ਦੀ ਸਾਖ ਬਚਾਉਣ ਲਈ ਚੀਨੀ ਸਮਾਨ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਅਮਲੀ ਰੂਪ ਧਾਰਨ ਦੀ ਉਮੀਦ ਤਾਂ ਹੈ ਹੀ ਬਹੁਤ ਘੱਟ ਪਰ ਅਜਿਹਾ ਕਰਨ ਨਾਲ ਵੀ ਚੀਨ ਤੋਂ ਵੱਡਾ ਨੁਕਸਾਨ ਭਾਰਤ ਦਾ ਹੀ ਹੈ। 

ਭਾਰਤ ਦੇ ਕੇਂਦਰੀ ਮੰਤਰੀ ਰਾਮਦਾਸ ਅੱਥਾਵਲੇ ਨੇ ਚੀਨ ਖਿਲਾਫ ਗੁੱਸੇ ਵਿਚ ਆ ਕੇ ਇਹ ਕਹਿ ਦਿੱਤਾ ਕਿ ਜਿਹੜੇ ਵੀ ਰੈਸਟੋਰੈਂਟ, ਹੋਟਲ ਚੀਨੀ ਭੋਜਨ ਵੇਚਦੇ ਹਨ ਉਹਨਾਂ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਮੰਤਰੀ ਨੂੰ ਪਰ ਇਹ ਸਮਝ ਨਹੀਂ ਕਿ ਇਹ ਸਾਰੇ ਰੈਸਟੋਰੈਂਟ, ਹੋਟਲ ਭਾਰਤੀ ਮਾਲਕਾਂ ਦੇ ਹਨ, ਜਿਹਨਾਂ ਵਿਚ ਭਾਰਤੀ ਰਸੋਈਏ ਇਹ ਚੀਜ਼ਾਂ ਬਣਾਉਂਦੇ ਹਨ ਤੇ ਇਹਨਾਂ ਨੂੰ ਬਚਾਉਣ ਲਈ ਵਰਤੇ ਜਾਂਦੇ ਬਹੁਤਾਤ ਪਦਾਰਥ ਭਾਰਤ ਵਿਚ ਹੀ ਉਪਜਦੇ ਹਨ।

ਮੋਦੀ ਦੀ ਅਗਵਾਈ ਵਿਚ ਤਿਆਰ ਹੋਈ ਹਿੰਦੁਤਵ ਬ੍ਰਿਗੇਡ ਗਿਆਨ ਪੱਖੋਂ ਬਹੁਤ ਅਵੇਸਲੀ ਹੈ, ਕਿ ਉਹਨਾਂ ਨੂੰ ਸਿਰਫ ਇਹ ਪਤਾ ਕਿ ਚੀਨ ਨਾਲ ਭਾਰਤ ਦਾ ਵੱਡਾ ਵਪਾਰਕ ਘਾਟਾ ਹੈ। ਪਰ ਵਪਾਰਕ ਘਾਟਾ (Trade Deficit) ਹੁੰਦਾ ਕੀ ਹੈ ਜਾਂ ਇਸ ਦਾ ਆਰਥਿਕਤਾ 'ਤੇ ਕੀ ਪ੍ਰਭਾਵ ਹੁੰਦਾ ਹੈ, ਇਸ ਦੀ ਇਹਨਾਂ ਨੂੰ ਭੋਰਾ ਸਮਝ ਨਹੀਂ। ਦਰਅਸਲ ਵਪਾਰਕ ਘਾਟਾ ਮਹਿਜ਼ ਵਪਾਰਕ ਵਸਤਾਂ ਦੇ ਲੈਣ-ਦੇਣ ਨੂੰ ਦਰਸਾਉਂਦਾ ਅੰਕੜਾ ਹੈ। ਇਸ ਅੰਕੜੇ ਦੇ ਲਾਭ-ਹਾਨੀਆਂ ਸਿਰਫ ਇਸ ਅੰਕੜੇ ਨਾਲ ਤੈਅ ਨਹੀਂ ਹੁੰਦੇ। 

ਜਿਵੇਂ ਕਿ ਭਾਰਤ ਦੇ ਸਭ ਤੋਂ ਸਿਖਰਲੇ 25 ਵਪਾਰਕ ਭਾਈਵਾਲ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਵਪਾਰ ਅਮਰੀਕਾ, ਬਰਤਾਨੀਆ ਅਤੇ ਨੀਦਰਲੈਂਡ ਨਾਲ ਹੀ ਵਾਧੇ ਵਿਚ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਦੀ ਆਰਥਿਕਤਾ ਇਹਨਾਂ ਦੇਸ਼ਾਂ ਤੋਂ ਤਕੜੀ ਹੋ ਗਈ ਹੈ। ਦੂਜੇ ਪਾਸੇ ਚੀਨ ਸਮੇਤ ਬਾਕੀ 22 ਦੇਸ਼ਾਂ ਨਾਲ ਭਾਰਤ ਦਾ ਵਪਾਰਕ ਘਾਟਾ ਹੈ ਜਿਹਨਾਂ ਵਿਚ ਵੀਅਤਨਾਮ, ਇੰਡੋਨੇਸ਼ੀਆ, ਕਤਰ, ਫਰਾਂਸ, ਜਰਮਨੀ, ਨਾਈਜੀਰੀਆ, ਸਾਊਥ ਕੋਰੀਆ, ਯੂਏਈ, ਸਾਊਥ ਅਫਰੀਕਾ, ਜਪਾਨ ਆਦਿ ਹਨ। ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਦੀ ਆਰਥਿਕਤਾ ਇਹਨਾਂ ਦੇਸ਼ਾਂ ਨਾਲੋਂ ਮਾੜੀ ਹੈ। 

ਚੀਨ ਨਾਲ ਭਾਰਤ ਦੇ ਵਪਾਰਕ ਘਾਟੇ ਦਾ ਮਤਲਬ ਹੈ ਕਿ ਭਾਰਤੀ ਲੋਕ ਚੀਨੀਆਂ ਦਾ ਵੱਧ ਸਮਾਨ ਖਰੀਦਦੇ ਹਨ, ਚੀਨੀਆਂ ਵੱਲੋਂ ਖਰੀਦੇ ਜਾਂਦੇ ਭਾਰਤੀ ਸਮਾਨ ਦੇ ਮੁਕਾਬਲੇ। ਇਸ ਦਾ ਪ੍ਰਮੁੱਖ ਕਾਰਨ ਚੀਨ ਦਾ ਸਮਾਨ ਸਸਤਾ ਹੈ ਅਤੇ ਉਸ ਵੱਲੋਂ ਲੋੜ ਦੀਆਂ ਵੱਧ ਚੀਜ਼ਾਂ ਬਣਾਈਆਂ ਜਾਂਦੀਆਂ ਹਨ। 

ਚੀਨ ਨਾਲ ਵਪਾਰ ਬੰਦ ਕਰਨ ਦਾ ਸਭ ਤੋਂ ਮਾੜਾ ਅਸਰ ਭਾਰਤ ਦੇ ਗਰੀਬ ਵਰਗ 'ਤੇ ਪਵੇਗਾ। ਜੇ ਚੀਨ ਦਾ ਬਣਾਇਆ ਸਮਾਨ ਭਾਰਤ ਨਹੀਂ ਆਉਂਦਾ ਹੈ ਤਾਂ ਭਾਰਤ ਦੇ ਗਰੀਬ ਲੋਕਾਂ ਨੂੰ ਯੂਰਪ, ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਬਣਿਆ ਸਮਾਨ ਖਰੀਦਣਾ ਪਵੇਗਾ ਜੋ ਭਾਰਤ ਦੇ 90 ਫੀਸਦੀ ਲੋਕਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੋ ਜਾਵੇਗਾ। ਮਸਲਾ ਇਹ ਵੀ ਹੈ ਕਿ ਭਾਰਤ ਵਿਚ ਬਣਿਆ ਸਮਾਨ ਜੇ ਚੀਨ ਦੇ ਸਮਾਨ ਬਰਾਬਰ ਮਿਲ ਵੀ ਜਾਵੇ ਤਾਂ ਉਸਦੀ ਕੁਆਲਟੀ ਬਹੁਤ ਹੇਠਲੇ ਪੱਧਰ ਦੀ ਹੁੰਦੀ ਹੈ। ਦੂਜਾ ਭਾਰਤ ਕੋਲ ਆਪਣੇ ਲੋਕਾਂ ਦੀਆਂ ਲੋੜਾਂ ਮੁਤਾਬਕ ਸਮਾਨ ਬਣਾਉਣ ਦੀ ਸਮਰੱਥਾ ਵੀ ਨਹੀਂ ਹੈ।

ਹੋਰ ਅਹਿਮ ਗੱਲ ਦੇਖੀਏ ਤਾਂ ਚੀਨ ਤੋਂ ਆਉਂਦੇ ਸਮਾਨ ਨਾਲ ਭਾਰਤ ਵਿਚ ਵੱਡਾ ਵਪਾਰੀ ਵਰਗ ਜੁੜਿਆ ਹੋਇਆ ਹੈ, ਜਿਹਨਾਂ ਨੂੰ ਇਹ ਸਮਾਨ ਬੰਦ ਹੋਣ ਨਾਲ ਸਿੱਧਾ ਘਾਟਾ ਪਵੇਗਾ। ਚੀਨੀ ਨਿਵੇਸ਼ਕ ਕਈ ਭਾਰਤੀ ਕੰਪਨੀਆਂ ਵਿਚ ਵੱਡਾ ਨਿਵੇਸ਼ ਕਰ ਚੁੱਕੇ ਹਨ ਉਹਨਾਂ ਨੂੰ ਇਸ ਵਿਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਉਂਝ ਵੀ ਦੁਨੀਆ ਭਰ ਦੀ ਸਪਲਾਈ ਚੇਨ ਦਾ ਧੁਰਾ ਅੱਜ ਚੀਨ ਬਣ ਚੁੱਕਿਆ ਹੈ ਕਿ ਭਾਰਤ ਸਮੇਤ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਬਣਦੇ ਸਮਾਨ ਵਾਸਤੇ ਵੀ ਜ਼ਰੂਰੀ ਪੁਰਜ਼ਿਆਂ ਅਤੇ ਜੁਜ਼ਾਂ ਦਾ ਬਹੁਤਾਤ ਹਿੱਸਾ ਚੀਨ ਤੋਂ ਹੀ ਬਣ ਕੇ ਆਉਂਦਾ ਹੈ। 

ਭਾਰਤ ਵਿਚ ਤਿਆਰ ਹੋਣ ਵਾਲੀਆਂ ਬਿਜਲਈ ਅਤੇ ਇਲੈਕਟ੍ਰਾਨਕੀ ਵਸਤਾਂ ਵਿਚ ਵਰਤੇ ਜਾਣ ਵਾਲੇ ਪੁਰਜ਼ਿਆਂ ਅਤੇ ਜੁਜ਼ਾਂ ਦਾ 50 ਪ੍ਰਤੀਸ਼ਤ ਤੋਂ ਵਧ ਹਿੱਸਾ ਚੀਨ ਤੋਂ ਦਰਾਮਦ ਹੁੰਦਾ ਹੈ। ਭਾਰਤ ਵਿਚ ਸਭ ਤੋਂ ਵਧ ਵਿਕਣ ਵਾਲੇ ਸਮਾਰਟ ਮੋਬਾਇਲ ਫੋਨਾਂ ਦੀਆਂ 5 ਕੰਪਨੀਆਂ ਵਿਚੋਂ ਚਾਰ ਚੀਨੀ ਹਨ: ਸ਼ਾਓਮੀ, ਵੀਵੋ, ਰੀਅਲਮੀ ਅਤੇ ਔਪੋ। 60 ਪ੍ਰਤੀਸ਼ਤ ਭਾਰਤੀਆਂ ਕੋਲ ਇਨ੍ਹਾਂ ਵਿਚੋਂ ਹੀ ਕਿਸੇ ਇਕ ਦਾ ਬਣਾਇਆ ਫੋਨ ਹੈ। ਇਹੋ ਹਾਲ ਕੰਪਿਊਟਰਾਂ ਅਤੇ ਲੈਪਟੌਪਾਂ ਦਾ ਹੈ। ਘਟ ਤੋਂ ਘਟ ਕੀਮਤ ਤਾਰ ਕੇ ਵਧ ਤੋਂ ਵਧ ਲਾਹਾ ਦੇਣ ਵਾਲੀ ਵਸਤ ਨੂੰ ਤਰਜੀਹ ਦੇਣਾ ਦਰਅਸਲ ਆਮ ਭਾਰਤੀ ਜਨਤਾ ਦੇ ਸੁਭਾਅ ਵਿਚ ਸ਼ਾਮਲ ਹੈ ਅਤੇ ਇਸ ਖੇਤਰ ਵਿਚ ਚੀਨੀ ਵਸਤਾਂ ਦਾ ਕੋਈ ਸਾਨੀ ਨਹੀਂ। ਇਹੋ ਕਾਰਨ ਹੈ ਕਿ ਐਪਲ ਵਰਗੇ ਮਹਿੰਗੇ ਫੋਨ ਜਾਂ ਕੰਪਿਊਟਰ (ਵੈਸੇ ਉਨ੍ਹਾਂ ਦਾ ਵੱਡਾ ਹਿੱਸਾ ਵੀ ਚੀਨ ਤੋਂ ਹੀ ਤਿਆਰ ਹੋ ਕੇ ਆਉਂਦਾ ਹੈ) ਸਿਰਫ਼ ਉਤਲੇ ਤਬਕੇ ਦੇ ਭਾਰਤੀਆਂ ਤਕ ਹੀ ਸੀਮਤ ਹਨ ਜਿਨ੍ਹਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ।

ਚੀਨ ਨੂੰ ਆਪਣੀਆਂ ਵਸਤਾਂ ਦੀ ਖਪਤ ਲਈ ਭਾਰਤੀ ਮੰਡੀ ਦੀ ਲੋੜ ਜ਼ਰੂਰ ਹੈ ਪਰ ਸਾਰੀ ਦੁਨੀਆਂ ਵਿਚ ਚੀਨ ਤੋਂ ਜਿੰਨਾ ਮਾਲ ਬਾਹਰ ਭੇਜਿਆ ਜਾਂਦਾ ਹੈ, ਇਸ ਵੇਲੇ ਉਸ ਦਾ ਸਿਰਫ਼ 2 ਪ੍ਰਤੀਸ਼ਤ ਹੀ ਭਾਰਤ ਵਿਚ ਖਪਦਾ ਹੈ। ਇਸ ਲਈ ਜੇਕਰ ਭਾਰਤ ਚੀਨ ਨਾਲ ਵਪਾਰ ਉਤੇ ਪੂਰੀ ਤਰ੍ਹਾਂ ਵੀ ਰੋਕ ਲਾ ਦਵੇ ਤਾਂ ਵੀ ਉਨ੍ਹਾਂ ਦੇ ਅਰਥਚਾਰੇ ਨੂੰ ਕੋਈ ਵੱਡਾ ਧੱਕਾ ਨਹੀਂ ਲਗਣ ਲਗਾ ਪਰ ਭਾਰਤ ਦਾ ਆਪਣਾ ਨੁਕਸਾਨ ਕਿਤੇ ਵਧ ਹੋਵੇਗਾ। ਇਸ ਸਮੇਂ ਚੀਨ ਨਾਲ ਵਪਾਰਕ ਜੰਗ ਦਾ ਹਥਿਆਰ ਵਰਤਣਾ ਜਜ਼ਬਾਤੀ ਭੜਾਸ ਕੱਢਣ ਤੋਂ ਵਧ ਕੁਝ ਹੋਰ ਸਾਬਤ ਨਹੀਂ ਕਰ ਸਕੇਗਾ ਸਗੋਂ ਭਾਰਤ ਇਕ ਫਾਲਤੂ ਮੁਹਾਜ਼ ਹੋਰ ਖੋਲ੍ਹ ਬੈਠੇਗਾ ਜਿਸ ਵਿਚ ਵੀ ਭਾਰਤ ਨੂੰ ਹਾਰ ਹੀ ਨਸੀਬ ਹੋਣ ਦੀ ਵਧੇਰੇ ਸੰਭਾਵਨਾ ਹੈ।