ਏਕਤਾ ਜਾਂ ਇਕਰੂਪਤਾ ਦਾ ਬੋਲਬਾਲਾ

ਏਕਤਾ ਜਾਂ ਇਕਰੂਪਤਾ ਦਾ  ਬੋਲਬਾਲਾ

ਏਕਤਾ ਵਿਚ ਪਿਰੌਣ ਦੀ ਕੋਸ਼ਿਸ਼

ਏਕਤਾ ਭਾਵ ਮਿਲਾਪ, ਆਪਸੀ ਭਾਈਚਾਰਾ, ਮਿਲਵਰਤਨ ਜਾਂ ਜਦੋਂ ਹਰ ਕੋਈ ਇਕ ਦੂਜੇ ਨਾਲ ਸਹਿਮਤ ਹੁੰਦਾ ਹੈ ਜਾਂ ਏਕਤਾ ਦੇ ਨਾਲ ਰਹਿਣਾ ਚਾਹੁੰਦਾ ਹੈ। ਏਕਤਾ ਅਤੇ ਇਕਰੂਪਤਾ ਵੇਖਣ ਵਿਚ ਇਹ ਦੋਵੇਂ ਸ਼ਬਦ ਇਕੋ ਜਿਹੇ ਹੀ ਲੱਗਦੇ ਹਨ ਪਰ ਅਸਲ ਵਿਚ ਇਹ ਇੱਕ ਦੂਜੇ ਨਾਲੋਂ ਬਹੁਤ ਵੱਖ ਹਨ। ਅੱਜ ਦੇ ਦੌਰ ਵਿਚ ਏਕਤਾ ਦਾ ਬਹੁਤ ਬੋਲਬਾਲਾ ਹੋ ਰਿਹਾ ਹੈ। ਹਰ ਇਕ ਨੂੰ ਏਕਤਾ ਵਿਚ ਪਿਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਇਹ ਕੋਸ਼ਿਸ਼ ਜ਼ੋਰ ਨਾਲ ਜ਼ਬਰਦਸਤੀ ਇਕ ਕਰਨ ਦੀ ਕਿਉਂ ਨਾ ਹੋਵੇ ਜੋ ਕਿ ਕੁਦਰਤ ਦੇ ਕਾਨੂੰਨ ਅਨੁਸਾਰ ਸੰਭਵ ਨਹੀਂ। ਅਸਲ ਵਿਚ ਇਹ ਏਕਤਾ ਨਹੀਂ ਸਗੋਂ ਇਕਰੂਪਤਾ ਹੈ। ਇਸ ਸੰਸਾਰ ਵਿਚ ਹਰ ਇਕ ਦਾ ਵੱਖਰਾ ਅਕੀਦਾ, ਵੱਖਰਾ ਧਰਮ, ਵੱਖਰੀ ਸੋਚ, ਵੱਖਰਾ ਪਹਿਰਾਵਾ, ਵੱਖਰੀ ਬੋਲੀ, ਵੱਖਰਾ ਰੰਗ ਅਤੇ ਵੱਖਰਾ ਧਰਾਤਲ ਹੈ। ਇਹ ਸਭ ਕੁਦਰਤ ਦੀ ਦੇਣ ਹੈ। ਅੱਜ ਦਾ ਯੁੱਗ ਅਤੇ ਨੌਜਵਾਨ ਪੀੜ੍ਹੀ ਏਕਤਾ ਅਤੇ ਇਕਰੂਪਤਾ ਵਿਚਲੇ ਫ਼ਰਕ ਨੂੰ ਸਮਝ ਰਹੇ ਹਨ। ਅੱਜ ਦੀ ਪੀੜ੍ਹੀ ਬਾਹਾਂ ਖਲ੍ਹਾਰ ਕੇ ਪਰਿਵਰਤਨ ਨੂੰ ਸਵੀਕਾਰ ਕਰ ਰਹੀ ਹੈ ਤੇ ਪੁਰਾਣੇ, ਖੋਖਲ੍ਹੇ ਵਿਚਾਰਾਂ ਦੀ ਧਾਰਨੀ ਨਹੀਂ ਹੈ। ਪਰ ਕਿਤੇ ਨਾ ਕਿਤੇ ਆਪਣੇ ਵਿਸ਼ਵਾਸ ਤੋਂ ਦੂਰ ਹੋਣਾ ਖ਼ਤਰਨਾਕ ਵੀ ਹੋ ਸਕਦਾ ਹੈ। ਅਸੀਂ ਆਪਣੀਆਂ ਜੜ੍ਹਾਂ ਨੂੰ ਭੁੱਲ ਕੇ ਜਾਂ ਛੱਡ ਕੇ ਵਿਕਾਸ ਨਹੀਂ ਕਰ ਸਕਦੇ ਹਾਂ ਪਰ ਦੂਜੇ ਪਾਸੇ ਆਪਣੀ ਵਿਚਾਰਧਾਰਾ ਕਿਸੇ ਦੂਜੇ ਤੇ ਜ਼ਬਰਦਸਤੀ ਥੋਪਣੀ ਵੀ ਸਹੀ ਨਹੀਂ। ਜੜ੍ਹਾਂ ਨਾਲ ਜੁੜੇ ਰਹਿ ਕੇ ਬਦਲਾਅ ਨੂੰ ਗਲਵੱਕੜੀ ਵਿਚ ਲੈਣ ਨਾਲ ਦੁਨੀਆਂ ਦੇ ਨਕਸ਼ੇ ਉੱਤੇ ਅਗਾਂਹਵਧੂ ਪਰਿਵਰਤਨ ਹੋਣੇ ਲਾਜ਼ਮੀ ਹਨ। ਪਰ ਮੌਜੂਦਾ ਸਮੇਂ ਇਕ ਬੋਲੀ, ਇਕ ਰੰਗ ਅਤੇ ਇਕ ਧਰਮ ਦਾ ਬਹੁਤ ਪ੍ਰਚਲਨ ਹੋ ਰਿਹਾ ਹੈ। ਧਰਮ ਦੇ ਨਾਂ ਤੇ ਇਕਰੂਪਤਾ ਸਿਰਫ਼ ਤੁਹਾਨੂੰ ਗ਼ਰਕ ਕਰ ਸਕਦੀ ਹੈ ਵਿਕਾਸ ਵੱਲ ਨਹੀਂ ਲਿਜਾ ਸਕਦੀ। ਅਜਿਹਾ ਸੰਭਵ ਹੈ ਕਿ ਤੁਸੀਂ ਪਾਖੰਡ ਦਾ ਵਿਰੋਧ ਕਰ ਸਕਦੇ ਹੋ ਪਰ ਕਿਸੇ ਦੇ ਵਿਸ਼ਵਾਸ ਨੂੰ ਹਾਨੀ ਪਹੁੰਚਾਉਣ ਦਾ ਹੱਕ ਤੁਹਾਨੂੰ ਨਹੀਂ ਹੈ। ਜਿਨ੍ਹਾਂ ਸੰਕੀਰਨ ਸੋਚਾਂ ਤੋਂ ਨਿਕਲਣ ਲਈ ਸਾਨੂੰ ਕਿੰਨੇ ਸੌ ਵਰ੍ਹੇ ਲੱਗ ਗਏ ਤੇ ਅੱਜ ਵੀ ਅਸੀਂ ਲਗਾਤਾਰ ਉਸ ਦਲਦਲ ਵਿਚੋਂ ਨਿਕਲਣ ਦੇ ਬਰਾਬਰ ਯਤਨ ਕਰ ਰਹੇ ਹਾਂ ਤਾਂ ਕੀ ਉਨ੍ਹਾਂ ਹੀ ਰਾਹਵਾਂ ਤੇ ਮੁੜ ਚੱਲ ਕੇ ਅਸੀਂ ਸਮੇਂ ਦੇ ਹਾਣੀ ਬਣ ਸਕਦੇ ਹਾਂ? ਇਹ ਸ਼ਾਇਦ ਸੰਭਵ ਹੀ ਨਹੀਂ ਹੈ। ਅਨੇਕਤਾ ਵਿਚ ਏਕਤਾ ਨੂੰ ਬਰਕਰਾਰ ਰੱਖਣ ਲਈ ਸਿੱਖ ਧਰਮ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ। ਜਿਸ ਏਕਤਾ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਅਨੇਕਤਾ ਵਿਚ ਏਕਤਾ ਸੀ ਨਾ ਕਿ ਇਕਰੂਪਤਾ। ਗੁਰੂ ਨਾਨਕ ਸਾਹਿਬ ਦਾ ਰੱਬ ਆਪ ਇਕ ਹੋ ਕੇ ਸਾਰਿਆਂ ਲਈ ਸੀ ਨਾ ਕਿ ਸਿਰਫ਼ ਕਿਸੇ ਇਕ ਖ਼ਾਸ ਖਿੱਤੇ, ਜਾਤ, ਧਰਮ, ਭਾਸ਼ਾ ਅਤੇ ਰੰਗ ਦੇ ਲੋਕਾਂ ਲਈ। ਗੁਰਬਾਣੀ ਅਨੁਸਾਰ ਜੋ ਸਿਰਫ਼ ਮੇਰਾ ਹੈ ਉਹ ਰੱਬ ਨਹੀਂ ਹੋ ਸਕਦਾ ਰੱਬ ਸਭਨਾਂ ਲਈ, ਸਾਰਿਆਂ ਦਾ, ਅਤੇ ਉਹ ਹੀ ਸਭ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਜਾਂ ਕਿਸੇ ਵੀ ਸਿੱਖ ਗੁਰੂ ਸਾਹਿਬਾਨ ਨੇ ਕਦੀ ਵੀ ਕਿਸੇ ਵੀ ਮਨੁੱਖ ਨੂੰ ਇਕਰੂਪਤਾ ਵਿਚ ਢਾਲਣ ਦਾ ਯਤਨ ਨਹੀਂ ਕੀਤਾ ਇਸ ਦੀ ਗਵਾਹੀ ਖੁਦ ਇਤਿਹਾਸ ਭਰਦਾ ਹੈ ਕਿ ਕਿਵੇਂ ਅਨੇਕਤਾ ਵਿਚ ਏਕਤਾ ਨੂੰ ਬਰਕਰਾਰ ਰੱਖਣ ਲਈ ਨੌਵੇਂ ਗੁਰੂ ਨਾਨਕ (ਗੁਰੂ ਤੇਗ਼ ਬਹਾਦਰ ਸਾਹਿਬ) ਨੇ ਚਾਂਦਨੀ ਚੌਂਕ ਵਿਖੇ ਸ਼ਹੀਦੀ ਦਿੱਤੀ। ਏਕਤਾ ਦੇ ਸਹੀ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਧ ਕੇ ਕਿਤੇ ਵੀ ਨਹੀਂ ਮਿਲਦੇ ਜਿੱਥੇ ਵੱਖ ਵੱਖ ਜਾਤਾਂ, ਧਰਮਾਂ, ਬੋਲੀਆਂ ਵਾਲੇ ਇਕ ਰੱਬ ਦੇ ਪਿਆਰਿਆਂ ਨੂੰ ਏਕਤਾ ਦੀ ਲੜੀ ਵਿਚ ਪਿਰੋ ਕੇ ਸੰਸਾਰ ਦੇ ਅੱਗੇ ਅਦਭੁਤ ਮਿਸਾਲ ਪੇਸ਼ ਕੀਤੀ ਹੈ, ਸੁਮੇਲ ਦਾ ਅਜਿਹਾ ਵਿਲੱਖਣ ਧਾਰਮਿਕ ਗ੍ਰੰਥ ਹੋਰ ਕਿਤੇ ਨਹੀਂ ਮਿਲਦਾ। ਏਕਤਾ, ਕਦੀ ਵੀ ਵਿਭਿੰਨਤਾ ਅਤੇ ਵਿਸ਼ੇਸ਼ਤਾ ਦੀ ਵਿਰੋਧੀ ਨਹੀਂ ਹੁੰਦੀ। ਇਹ ਕਦੀ ਵੀ ਥੋਪੀ ਨਹੀਂ ਜਾ ਸਕਦੀ ਜਦੋਂ ਵੀ ਅਜਿਹਾ ਹੁੰਦਾ ਹੈ ਉਦੋਂ ਏਕਤਾ ਭੰਗ ਹੁੰਦੀ ਹੈ ਅਤੇ ਇਹ ਆਪਣਾ ਅਸਲ ਸਰੂਪ ਗਵਾ ਕੇ ਉਨੀਂ ਵੀ ਨਹੀਂ ਰਹਿੰਦੀ ਜਿੰਨੀ ਕਿ ਥੋਪਣ ਤੋਂ ਪਹਿਲਾਂ ਸੀ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਏਕਤਾ ਸੰਤਰੇ ਵਰਗੀ ਨਹੀਂ, ਖਰਬੂਜੇ ਵਰਗੀ ਹੋਣੀ ਚਾਹੀਦੀ ਹੈ। ਅੱਜ ਦੇ ਸਮੇਂ ਏਕਤਾ ਦੀ ਲੋੜ ਸ਼ਾਇਦ ਪਿਛਲੇ ਸਮਿਆਂ ਤੋਂ ਵੀ ਕਿਤੇ ਵੱਧ ਹੈ। ਜਿੱਥੇ ਏਕਤਾ ਆਪਣੇ ਮੁੱਢਲੇ ਸਰੂਪ ਨੂੰ ਗਵਾ ਕੇ ਭਿਆਨਕ ਰੂਪ ਵਿਚ ਸਾਹਮਣੇ ਆ ਰਹੀ ਹੈ। ਇਸ ਦੇ ਸਿੱਟੇ ਅਜਿਹੇ ਰੂਪ ਵਿਚ ਆਉਣਗੇ ਜਿਹੜੇ ਕਿ ਮਨੁੱਖਤਾ ਨੂੰ ਤਬਾਹ ਕਰ ਦੇਣਗੇ। ਇਸ ਲਈ ਸਾਨੂੰ ਇਕ ਦੂਜੇ ਦੀ ਵਿਲੱਖਣਤਾ  ਨੂੰ ਸਵੀਕਾਰ ਕਰਨਾ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਇਨਸਾਨੀਅਤ ਨੂੰ ਸਹੀ ਅਰਥਾਂ ਵਿਚ ਬਚਾਇਆ ਜਾ ਸਕੇ। ਅੰਤ ਵਿਚ, “ਵਖਰੇਵੇਂ ਵਿਚ ਹੀ ਸਵਾਦ ਹੈ ਹਰ ਕੋਈ ਤੁਹਾਡੇ ਵਰਗਾ ਨਹੀਂ ਹੁੰਦਾ ਅਤੇ ਨਾ ਹੋ ਸਕਦਾ ਹੈ, ਕਿਸੇ ਨੂੰ ਆਪਣੇ ਮੁਤਾਬਿਕ ਢਾਲਣ ਦਾ ਯਤਨ ਨਾ ਕਰੋ।

Satinder Kaur 

Research scholar 

Punjabi University Patiala