ਸਟਾਕਟਨ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਨੇ ਕੀਤੀ ਸ਼ਿਰਕਤ

ਸਟਾਕਟਨ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਨੇ ਕੀਤੀ ਸ਼ਿਰਕਤ

ਸਟਾਕਟਨ: ਗਦਰੀ ਬਾਬਿਆਂ ਦੀ ਯਾਦ ਵਿਚ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਲਗਭਗ ਮਹੀਨਾ ਭਰ ਚੱਲੇ ਧਾਰਮਿਕ ਦੀਵਾਨਾਂ ਅਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪਾਕਿਸਤਾਨ ਦੇ ਪ੍ਰਬੰਧ ਹੇਠਲੇ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਅਮਰੀਕਾ ਵਸਦੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਉਤਸਵ ਦਾ ਸੱਦਾ ਦੇਣ ਲਈ ਇਥੇ ਪਹੁੰਚੇ। ਉਨਾਂ ਕਿਹਾ ਕਿ ਉਹ ਅਮਰੀਕਾ ਭਰ ਦੇ ਸਿੱਖਾਂ ਨੂੰ ਇਹ ਸੱਦਾ ਦੇਣ ਖਾਸ ਤੌਰ ‘ਤੇ ਇਥੇ ਆਏ ਹਨ ਕਿ ਸਿੱਖ ਆਪ ਆਪਣੇ ਹੱਥੀਂ ਬਾਬਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਅਤੇ ਇਸ ਸਬੰਧੀ ਪਾਕਿਸਤਾਨ ਵਿਚ ਹੋ ਰਹੇ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ। 

ਉਹਨਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਨਨਕਾਣਾ ਸਾਹਿਬ ਵਿਖੇ ਬਣਨ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਵੀ ਦੱਸਿਆ। ਜਨਾਬ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਇਨ੍ਹਾਂ ਵੱਡੇ ਤਿੰਨ ਕਾਰਜਾਂ ਬਾਰੇ ਸਿੱਖ ਆਪ ਜਾ ਕੇ ਪਾਕਿਸਤਾਨ ਸਰਕਾਰ ਦੇ ਨੇਕ ਇਰਾਦਿਆਂ ਅਤੇ ਹੋ ਰਹੇ ਕੰਮਾਂ ਨੂੰ ਵੇਖਣ ਤੇ ਮਹਿਸੂਸ ਕਰਨ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਮਰਾਨ ਸਰਕਾਰ ਦੇ ਤਾਜ਼ਾ ਯਤਨਾਂ ਕਾਰਨ ਹੁਣ ਸਿੱਖਾਂ ਨੂੰ ਪਾਕਿਸਤਾਨ ਆਪਣੇ ਘਰ ਵਾਂਗ ਲੱਗੇਗਾ। 


ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ

ਵਿਸਾਖੀ ਮੌਕੇ ਧਾਰਮਿਕ ਸਮਾਗਮਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਹੈਡ ਗ੍ਰੰਥੀ ਭਾਈ ਗੁਰਸੇਵਕ ਸਿੰਘ, ਸਕੱਤਰ ਸ. ਦਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਮਿੱਠੂ, ਭਾਈ ਜਸਵਿੰਦਰ ਸਿੰਘ ਤੂਰ, ਬੀਬੀ ਸਰਬਜੀਤ ਕੌਰ, ਭਾਈ ਰਾਮ ਸਿੰਘ ਮੰਡੇਰ, ਭਾਈ ਗੁਰਪ੍ਰੀਤ ਸਿੰਘ ਗਿੱਲ, ਜਸਵਿੰਦਰ ਸਿੰਘ ਗੋਰਾਇਆ, ਭਾਈ ਅਮਰੀਕ ਸਿੰਘ ਵਿਰਦੀ ਤੇ ਸੇਵਾਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21ਵਾਂ ਮਹਾਨ ਨਗਰ ਕੀਰਤਨ 14 ਅਪ੍ਰੈਲ 2019, ਦਿਨ ਐਤਵਾਰ ਨੂੰ ਸਜਾਇਆ ਗਿਆ। 

ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਚਲੀ ਆ ਰਹੀ ਲੜੀ ਦੇ ਭੋਗ ਪਾਏ ਗਏ। ਇਸੇ ਤਰ੍ਹਾਂ ਹੀ 18 ਮਾਰਚ ਤੋਂ ਹਰ ਸ਼ਾਮ ਛੇ ਵਜੇ ਤੋਂ ਆਰੰਭ ਹੋ ਕੇ ਲਗਾਤਾਰ 14 ਅਪ੍ਰੈਲ 2019 ਤੱਕ ਲਗਾਤਾਰ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਭਾਈ ਇੰਦਰਜੀਤ ਸਿੰਘ ਬੰਬੇਵਾਲੇ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਲਖਵਿੰਦਰ ਸਿੰਘ ਸੋਹਲ ਜੀ ਦਾ ਢਾਡੀ ਜਥਾ ਲਗਾਤਾਰ ਗੁਰਬਾਣੀ ਕੀਰਤਨ ਤੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਇਸ ਦੌਰਾਨ ਭਾਈ ਜਗਮੋਹਣ ਸਿੰਘ ਜੀ ਅਤੇ ਭਾਈ ਗੁਰਸੇਵਕ ਸਿੰਘ ਜੀ ਦੇ ਹਜ਼ੂਰੀ ਜਥੇ ਨੇ ਵੀ ਹਾਜ਼ਰੀ ਲੁਆਈ। ਆਖਰੀ ਦਿਨ ਦੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹੁੰਮ-ਹੁਮਾ ਕੇ ਭਾਗ ਲਿਆ।

ਇਸ ਮੌਕੇ ਸਿੰਘਾਂ ਤੇ ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ ਤੇ ਦਸਤਾਰ-ਦਿਹਾੜੇ ਨੂੰ ਸਮਰਪਿਤ ਦਸਤਾਰ ਤੇ ਦੁਮਾਲੇ ਸਜਾਉਣ ਦੀ ਮੁਫਤ ਸਿਖਲਾਈ ਦਿੱਤੀ ਗਈ। ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮੀਂ ਛੇ ਵਜੇ ਤਕ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ। ਪਾਰਕਿੰਗ ਦੀ ਸਹੂਲਤ ਏਅਰਪੋਰਟ ਵੇਅ ਵਿਖੇ ਕੀਤੀ ਗਈ ਸੀ। ਉਥੋਂ ਗੁਰਦੁਆਰਾ ਸਾਹਿਬ ਆਉਣ ਜਾਣ ਲਈ ਫਰੀ ਬੱਸ ਸਰਵਿਸ ਮੁਹੱਈਆ ਕਰਵਾਈ ਗਈ।

ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਵਾਰ ਅੰਮ੍ਰਿਤ ਸੰਚਾਰ 30 ਮਾਰਚ ਅਤੇ 13 ਅਪ੍ਰੈਲ 2019 ਨੂੰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖਾਲਸਾ ਸਜਣ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਖਰੀ ਦਿਨ ਸਮੁੱਚੇ ਕੈਲੀਫੋਰਨੀਆ ਸਟੇਟ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਲਗਾਏ ਗਏ ਤਰ੍ਹਾਂ-ਤਰ੍ਹਾਂ ਦੇ ਗੁਰੂ ਕੇ ਲੰਗਰ ਅਤੁੱਟ ਵਰਤੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ