ਸਿੱਖ ਖਾੜਕੂ ਸੰਘਰਸ਼ ਦਾ ਹਿੱਸਾ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਨਾਲ ਖਾਸ ਮੁਲਾਕਾਤ

ਸਿੱਖ ਖਾੜਕੂ ਸੰਘਰਸ਼ ਦਾ ਹਿੱਸਾ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਨਾਲ ਖਾਸ ਮੁਲਾਕਾਤ
ਰਣਜੀਤ ਸਿੰਘ ਕੁੱਕੀ ਗਿੱਲ

ਅੰਮ੍ਰਿਤਸਰ ਟਾਈਮਜ਼ ਬਿਉਰੋ
ਜੂਨ 84 ਘੱਲੂਘਾਰੇ ਕਾਰਨ ਨਾਲ ਸਿੱਖਾਂ ਦੇ ਮਨਾਂ ਵਿੱਚ ਬੇ-ਭਰੋਸਗੀ ਅਤੇ ਬੇਗਾਨਗੀ ਦਾ ਆਲਮ ਸਿਖ਼ਰਾਂ ਉ¤ਤੇ ਪਹੁੰਚ ਗਿਆ ਸੀ। ਭਾਰਤ ਵਿੱਚ ਕਈ ਥਾਂਵਾਂ ’ਤੇ ਸਿੱਖ ਫੌਜੀ ਬਗਾਵਤ ਉਤੇ ਉਤਰ ਆਏ। ਪੰਜਾਬ ਨੇ ਕਰੀਬ ਇੱਕ ਦਹਾਕਾ ਹਿੰਸਾ ਦੀ ਭੱਠੀ ਵਿੱਚ ਤਪਣ ਦਾ ਸੰਤਾਪ ਝੱਲਿਆ। ਅਜੇ ਤੱਕ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਜਖ਼ਮਾਂ ਉਪਰ ਮਲ੍ਹਮ ਨਹੀਂ ਲਗਾਈ ਗਈ। ਜਦ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਸੰਬੰਧ ਵਿਚ ਕਮਿਸ਼ਨ ਬਿਠਾਉਂਦੀ ਕਿ ਭਾਰਤੀ ਫੌਜ ਵਲੋਂ ਆਪਣੇ ਲੋਕਾਂ ਉਪਰ ਫੌਜ ਦੀ ਵਰਤੋਂ ਕਿਉਂ ਕੀਤੀ ਗਈ?

ਇਸ ਫੌਜੀ ਅਪਰੇਸ਼ਨ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਗਾਵਤ ਦੇ ਰਾਹ ਪਾਇਆ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਇਨ੍ਹਾਂ ਵਿਚੋਂ ਇਕ ਪੜ੍ਹਿਆ ਲਿਖਿਆ ਖਾੜਕੂ ਰਣਜੀਤ ਸਿੰਘ ਕੁੱਕੀ ਵੀ ਸੀ, ਜੋ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਸਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐਮਐਸੀ ਕਰ ਰਿਹਾ ਸੀ ਅਤੇ ਪੀਐਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਜੂਨ ਚੁਰਾਸੀ ਦੌਰਾਨ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਨੇ ਕੁੱਕੀ ਦੀ ਜ਼ਿੰਦਗੀ ਹੀ ਬਦਲ ਗਈ। ਫੌਜੀ ਅਪਰੇਸ਼ਨ ਕਾਰਨ ਢੱਠੇ ਅਕਾਲ ਤਖ਼ਤ ਸਾਹਿਬ ਦਾ ਦ੍ਰਿਸ਼ ਦੇਖ ਕੇ ਉਸ ਨੇ ਖਾੜਕੂਵਾਦ ਦਾ ਰਾਹ ਚੁਣ ਲਿਆ। ਅਵਿੰਕਤਾ ਮਾਕਨ ਕਾਰਨ ਮਾਕਨ ਕਤਲ ਕਾਂਡ ਵਿਚ ਉਨ੍ਹਾਂ ਦੀ ਰਿਹਾਈ ਹੋਈ। ਅੱਜ-ਕੱਲ ਰਣਜੀਤ ਸਿੰਘ ਕੁੱਕੀ ਲੁਧਿਆਣਾ ਵਿੱਚ ਆਪਣੀ ਪਤਨੀ ਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਤੇ ਸਿਆਸੀ ਮੁੱਦਿਆਂ ਉਤੇ ਲਿਖਦੇ ਹਨ। ਪੇਸ਼ ਹੈ ਇਸ ਬਾਰੇ ਰਣਜੀਤ ਸਿੰਘ ਕੁੱਕੀ ਦੀ ਦਾਸਤਾਨ ਉਨ੍ਹਾਂ ਦੀ ਜ਼ੁਬਾਨੀ।

ਸੁਆਲ-ਤੁਸੀਂ ਦਰਬਾਰ ਸਾਹਿਬ ਦੇ ਫੌਜੀ ਹਮਲੇ ਬਾਰੇ ਕੀ ਮਹਿਸੂਸ ਕੀਤਾ ਤੇ ਖਾੜਕੂਵਾਦ ਦਾ ਰਾਹ ਕਿਉਂ ਚੁਣਿਆ?
ਜੁਆਬ-ਜਦੋਂ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਹੋਇਆ ਉਸ ਸਮੇਂ ਮੈਂ ਕੀਲੋਂਗ ਹਿਮਾਚਲ ਵਿਚ ਜੈਨੇਟਿਕਸ ਦੀ ਹਾਇਰ ਸਟੱਡੀ ਕਰਨ ਗਿਆ ਹੋਇਆ ਸੀ। ਮੈਨੂੰ ਇਸ ਬਾਰੇ ਰੇਡੀਓ ਦੀ ਖਬਰਾਂ ਤੋਂ ਪਤਾ ਲੱਗਾ। ਮੈਂ 7 ਜੂਨ ਨੂੰ ਮਨਾਲੀ ਆ ਗਿਆ। ਹਿੰਦੂ ਭਾਈਚਾਰੇ ਵਿਚ ਇਹ ਨਰੇਟਿਵ ਸਿਰਜਿਆ ਗਿਆ ਕਿ ਸਿੱਖ ਹਿੰਦੂਆਂ ਦੇ ਲਈ ਖਤਰਾ ਹਨ ਤੇ ਦੇਸ ਲਈ ਖਤਰਾ ਹਨ। ਇਹ ਭੜਕਾਊ ਪ੍ਰਚਾਰ ਫੈਲਾਇਆ ਗਿਆ। ਦਰਬਾਰ ਸਾਹਿਬ ਉਪਰ ਫੌਜੀ ਹਮਲੇ ਤੋਂ ਬਾਅਦ ਜੂਨ ਦੇ ਆਖਰੀ ਦਿਨਾਂ ਵਿੱਚ ਮੈਂ ਆਪਣੇ ਯੂਨੀਵਰਸਿਟੀ ਦੇ ਦੋ ਦੋਸਤਾਂ ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਸੁੱਖੀ ਨਾਲ ਦਰਬਾਰ ਸਾਹਿਬ ਗਿਆ। ਇੰਜ ਲੱਗਿਆ ਇਹ ਹਮਲਾ ਸਿੱਧਾ ਮੇਰੀ ਕੌਮ ਉ¤ਤੇ ਕੀਤਾ ਹੋਵੇ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਤਾਂ ਪਹਿਲੇ ਵੀ ਜਾਂਦੇ ਸੀ, ਪਰ ਉਸ ਦਿਨ ਅਕਾਲ ਤਖਤ ਸਾਹਿਬ ਉਤੇ ਜੋ ਮੰਜ਼ਰ ਦੇਖਿਆ ਅਤੇ ਸੰਗਤਾਂ ਦੀ ਮਾਯੂਸੀ ਤੇ ਦੁੱਖ ਦੇਖ ਕੇ ਜ਼ਿੰਦਗੀ ਦਾ ਰਾਹ ਹੀ ਬਦਲ ਗਿਆ। ਉਦੋਂ ਨਾ ਮੇਰੀ ਕੋਈ ਸਿਆਸਤ ਵਿੱਚ ਰੁਚੀ ਸੀ ਅਤੇ ਨਾ ਮੈਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਦੇ ਮਿਲਿਆ ਸੀ। ਨਾ ਹੀ ਮੈਂ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ ਸੀ। ਮੇਰਾ ਮਨ ਪੜ੍ਹਾਈ ਦੇ ਵਿਚ ਲੱਗਿਆ ਹੋਇਆ ਸੀ ਕਿ ਕੁਝ ਬਣਨਾ ਹੈ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨਾ ਹੈ। ਪਰ ਦਰਬਾਰ ਸਾਹਿਬ ਤੇ ਅਕਾਲ
ਤਖ਼ਤ ਸਾਹਿਬ ਦਾ ਇਹ ਦ੍ਰਿਸ਼ ਦੇਖ ਕੇ ਤੇ ਸੰਗਤਾਂ ਦਾ ਰੋਸ ਦੇਖ ਕੇ ਮਨ ਗੁੱਸੇ ਨਾਲ ਭਰ ਗਿਆ ਕਿ ਸੋਚਿਆ ਕਿ ਕੁਝ ਕਰਨਾ ਚਾਹੀਦਾ ਹੈ।

ਸੁਆਲ-ਤੁਸੀਂ ਖਾੜਕੂਵਾਦ ਦੇ ਸੰਪਰਕ ਵਿਚ ਕਿਵੇਂ ਆਏ?
ਜੁਆਬ- ਜੂਨ 84 ਤੋਂ ਬਾਅਦ ਯੂਨੀਵਰਸਿਟੀਆਂ, ਕਾਲਜਾਂ ਵਿਚ ਮਾਹੌਲ ਬਦਲ ਚੁੱਕਿਆ ਸੀ। ਸਾਰੇ ਪਾਸੇ ਧਾਰਮਿਕ ਵਾਤਾਵਰਨ ਸੀ। ਸਿੱਖ ਗੱਭਰੂਆਂ ਨੇ ਆਪਣੇ ਸਿਰ ’ਤੇ ਕੇਸਰੀ ਦਸਤਾਰਾਂ ਸਜ਼ਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਯੂਨੀਵਰਸਿਟੀ ਵਿਚ ਕੀਰਤਨ ਦਰਬਾਰ ਹੋਣੇ ਸ਼ੁਰੂ ਹੋ ਗਏ ਸਨ। ਉਸ ਦਿਨ ਗਵਰਨਰ ਨੇ ਝੰਡਾ ਝੁਲਾਉਣਾ ਸੀ। ਇਸ ਕਰਕੇ ਯੂਨੀਵਰਸਿਟੀ ਵਿਚ ਪੁਲੀਸ ਦੇ ਪਹਿਰੇ ਲੱਗੇ ਸਨ। ਮੈਂ ਕੇਸਰੀ ਦਸਤਾਰ ਬੰਨ੍ਹ ਕੇ ਆਪਣੀ ਲੈਬ ਵਲ ਜਾ ਰਿਹਾ ਸੀ ਤਾਂ ਇੰਸਪੈਕਟਰ ਅਜੀਤ ਸਿੰਘ ਸੰਧੂ ਨੇ ਮੈਨੂੰ ਰੋਕਿਆ ਤੇ ਕਿਹਾ ਕਿ ਤੇਰੀ ਸ਼ਿਕਾਇਤ ਆਈ ਹੈ, ਤੈਨੂੰ ਥਾਣੇ ਚਲਣਾ ਪੈਣਾ। ਮੈਨੂੰ ਥਾਣੇ ਸਰਾਭਾ ਨਗਰ ਲੁਧਿਆਣਾ ਲਿਜਾ ਕੇ ਮੇਰੀ ਪੱਗ ਲੁਹਾ ਦਿੱਤੀ ਤੇ ਮੈਨੂੰ ਹਵਾਲਾਤ ਵਿਚ ਡੱਕ ਦਿੱਤਾ। ਉਥੇ 50 ਦੇ ਕਰੀਬ ਹੋਰ ਸਿੱਖ ਨੌਜਵਾਨ ਸਨ, ਜੋ ਕੇਸਰੀ ਦਸਤਾਰਾਂ ਕਰਕੇ ਹਿਰਾਸਤ ਵਿਚ ਲਏ ਹੋਏ ਸਨ। ਅਜੀਤ ਸਿੰਘ ਸੰਧੂ ਉਹੀ ਪੁਲੀਸ ਅਫਸਰ ਸੀ, ਜਿਸ ਨੇ ਸਿੱਖ ਨੌਜਵਾਨਾਂ ’ਤੇ ਬਹੁਤ ਤਸ਼ੱਦਦ ਕੀਤਾ। ਪਰ ਮੇਰੇ ਪਿਤਾ ਖੇਮ ਸਿੰਘ ਗਿੱਲ ਨੇ ਆਪਣੇ ਦੋਸਤ ਡੀਜੀਪੀ ਕਿਰਪਾਲ ਸਿੰਘ ਢਿੱਲੋਂ ਰਾਹੀਂ ਸਿਫਾਰਸ਼ ਕੀਤੀ। ਪਰ ਮੈਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਸਾਡੇ ਪ੍ਰੋਫੈਸਰ ਤੇ ਪੰਜਾਹ ਦੇ ਕਰੀਬ ਸਿੱਖ ਨੌਜਵਾਨ ਛੱਡੇ ਜਾਣ ਜੋ ਕੇਸਰੀ ਦਸਤਾਰਾਂ ਕਰਕੇ ਹਿਰਾਸਤ ਵਿਚ ਰੱਖੇ ਹਨ। ਆਖਿਰ ਮੇਰੀ ਗੱਲ ਮੰਨ ਲਈ ਗਈ। ਅਜੀਤ ਸਿੰਘ ਸੰਧੂ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਤੂੰ ਬਾਜ ਆ ਜਾ। ਮੈਂ ਉਸ ਨੂੰ ਸੁਆਲ ਕੀਤਾ ਕਿ ਮੇਰਾ ਕਸੂਰ ਕੀ ਹੈ? ਸੰਨ 1985 ਦੌਰਾਨ ਲੁਧਿਆਣੇ ਵਿਚ ਇਕ ਪੁਲੀਸ ਅਫ਼ਸਰ ਨੂੰ ਮਾਰ ਦਿੱਤਾ ਗਿਆ।

ਸੁਆਲ- ਤੁਸੀਂ ਕਿਵੇਂ ਖਾੜਕੂ ਲਹਿਰ ਵਿਚ ਸ਼ਾਮਲ ਹੋਏ?
ਜੁਆਬ- ਇਸ ਤੋਂ ਬਾਅਦ ਅਸੀਂ ਕੁਝ ਸਾਥੀਆਂ ਨਾਲ ਮਿਲ ਕੇ ਸੋਚਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਟੇਪਾਂ ਸੁਣਦੇ ਰਹੇ। ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਤੇ ਭਾਈ ਸੰਤ ਸਿੰਘ ਮਸਕੀਨ ਦੇ ਲੈਕਚਰ ਸੁਣਦੇ ਰਹੇ। ਉਨ੍ਹਾਂ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਕਿਹਾ ਕਰਦੇ ਸਨ ਕਿ ਸਿੱਖਾਂ ਨੂੰ ਉਠਣਾ ਚਾਹੀਦਾ ਹੈ, ਡੋਲਣਾ ਨਹੀਂ ਚਾਹੀਦਾ। ਮੈਂ ਸੰਤ ਭਿੰਡਰਾਂਵਾਲਿਆਂ ਨਾਲੋਂ ਜ਼ਿਆਦਾ ਇਨ੍ਹਾਂ ਦੋਹਾਂ ਸਖਸ਼ੀਅਤਾਂ ਨੂੰ ਜ਼ਿਆਦਾ ਸੁਣਦਾ ਸੀ। ਨਵੰਬਰ 84 ਦੌਰਾਨ ਇੰਦਰਾ ਗਾਂਧੀ ਦੀ ਮੌਤ ਹੋ ਗਈ ਤਾਂ ਸਾਨੂੰ ਬਹੁਤ ਖੁਸ਼ੀ ਹੋਈ। ਇੰਦਰਾ ਦੀ ਮੌਤ ਤੋਂ ਬਾਅਦ ਸਿੱਖ ਕਤਲੇਆਮ ਹੋ ਗਿਆ। ਜਿਨ੍ਹਾਂ ਨੇ ਕਤਲ ਕੀਤਾ ਉਨ੍ਹਾਂ ਨੂੰ ਸਜ਼ਾਵਾਂ ਨਹੀਂ ਹੋਈਆਂ। ‘ਹੂ ਆਰ ਗਿਲਟੀ’ ਇਕ ਪੁਸਤਕ ਆਈ, ਉਹ ਦਿੱਲੀ ਸਿੱਖ ਕਤਲੇਆਮ ਬਾਰੇ ਸੀ, ਸਿੱਖਾਂ ਨਾਲ ਹੋਈ ਬੇਇਨਸਾਫੀ ਬਾਰੇ ਸੀ, ਉਹ ਮੈਂ ਪੜ੍ਹੀ ਤਾਂ ਮਨ ਵਿਚ ਗੁੱਸਾ ਹੋਰ ਵਧ ਗਿਆ।ਇਸ ਤੋਂ ਬਾਅਦ ਸਾਡੀ ਮੀਟਿੰਗ ਕੁਝ ਕੁ ਖਾੜਕੂਆਂ ਨਾਲ ਹੋਈ। ਭਾਈ ਦਲਜੀਤ ਸਿੰਘ ਬਿੱਟੂ ਇਸ ਵਿਚ ਸ਼ਾਮਲ ਸਨ। ਸਾਨੂੰ ਬੱਬਰ ਖਾਲਸਾ ਦੇ ਅਨੋਖ ਸਿੰਘ ਬੱਬਰ, ਸੁਲਖਣ ਸਿੰਘ ਬੱਬਰ ਮਿਲਦੇ ਰਹੇ। ਪਰ ਅਸੀਂ ਕਿਸੇ ਵੀ ਜਥੇਬੰਦੀ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ। ਆਖਿਰ ਉਨ੍ਹਾਂ ਨੇ ਸਾਨੂੰ ਹਥਿਆਰਾਂ ਪੱਖੋ ਮਦਦ ਕੀਤੀ, ਪਰ ਅਸੀਂ ਆਪਣਾ ਅਲੱਗ ਜੁੱਟ ਬਣਾਇਆ। ਅਖੀਰ ਤੱਕ ਸਾਡੇ ਬੱਬਰਾਂ ਨਾਲ ਵਧੀਆ ਸੰਬੰਧ ਰਹੇ। ਅਸੀਂ ਘਰੋਂ ਮਕਸਦ ਲੈ ਕੇ ਨਿਕਲੇ, ਕਿ ਜਿਨ੍ਹਾਂ ਨੇ ਸਿੱਖ ਕੌਮ ਨੂੰ ਦਰਦ ਦਿੱਤਾ ਹੈ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਕੇ ਸਾਰੀ ਕੌਮ ਨੂੰ ਜ਼ਲੀਲ ਕੀਤਾ ਹੈ, ਉਨ੍ਹਾਂ ਨੂੰ ਬਖ਼ਸ਼ਣਾ ਨਹੀਂ, ਫਿਰ ਸਿੱਖ ਕਤਲੇਆਮ ਨਵੰਬਰ 84 ਦੇ ਦੋਸ਼ੀ ਵੀ ਇਸੇ ਲੜੀ ਵਿੱਚ ਸ਼ਾਮਲ ਹੋ ਗਏ।ਦਰਬਾਰ ਸਾਹਿਬ ਉਪਰ ਹਮਲਾ ਕਰਨ ਵਾਲੇ ਕੁਝ ਫੌਜੀ ਜਨਰਲ ਤੇ ਸਿੱਖ ਕਤਲੇਆਮ ਲਈ ਦੋਸ਼ੀ ਆਗੂਆਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਗਿਆ।’ ਅਸੀਂ ਇਸ ਬਾਰੇ ਆਪਣਾ ਜੱਥਾ ਬਣਾਇਆ। ਇਸ ਜੱਥੇ ਵਿਚ ਦਲਜੀਤ ਸਿੰਘ ਬਿੱਟੂ ਤੋਂ ਇਲਾਵਾ ਸੁਖਵਿੰਦਰ ਸਿੰਘ ਸੰਧੂ, ਭਾਈ ਮਥਰਾ ਸਿੰਘ, ਸੁਖਵਿੰਦਰ ਸਿੰਘ ਛਿੰਦਾ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸਨ। ਇਸ ਤੋਂ ਪਹਿਲਾਂ ਮੈਂ ਕਤਲੇਆਮ 84 ਤੋਂ ਬਾਅਦ ਦਿੱਲੀ ਗਿਆ ਸਾਂ। ਉਥੇ ਸਿੱਖਾਂ ਦੇ ਮੁਰਝਾਏ ਚਿਹਰੇ ਦੇਖੇ, ਬਲੀਆਂ ਦੁਕਾਨਾਂ ਦੇਖੀਆਂ, ਸਿੱਖਾਂ ਦੇ ਕੈਂਪ ਦੇਖੇ ਮਨ ਵਿਚ ਬਹੁਤ ਰੋਸ ਉਠਿਆ। ਪਤਾ ਲੱਗਿਆ ਸੀ ਕਿ ਸਿੱਖ ਉਥੇ ਜ਼ਲੀਲ ਹੁੰਦੇ ਰਹੇ। ਸਾਡੇ ਲੁਧਿਆਣੇ ਵਿਚ ਵੀ ਕਈ ਗੱਡੀਆਂ ਭਰ ਕੇ ਦਿੱਲੀ ਤੇ ਹੋਰ ਸਟੇਟਾਂ ਤੋਂ ਸਿੱਖਾਂ ਦੀਆਂ ਆਈਆਂ ਤਾਂ ਜੋ ਇੱਥੇ ਵਸ ਸਕੀਏ, ਕਿਉਂਕਿ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਖਤਰਾ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਦਿੱਲੀ ਕਤਲੇਆਮ ਦੇ ਮੁਜ਼ਰਮਾਂ ਨੂੰ ਸੋਧਣ ਦਾ ਫੈਸਲਾ ਕਰ ਲਿਆ।

ਜੁਲਾਈ 1985 ਨੂੰ ਲਲਿਤ ਮਾਕਨ ਉਪਰ ਹਮਲਾ ਕੀਤਾ ਗਿਆ। ਪਰ ਲਲਿਤ ਮਾਕਨ ਜਖ਼ਮੀ ਹਾਲਤ ਵਿਚ ਆਪਣੇ ਘਰ ਵਲ ਭੱਜ ਗਿਆ, ਉਸ ਦੀ ਪਤਨੀ ਗੀਤਾਂਜਲੀ ਮਾਕਨ ਉਸ ਦੇ ਨਾਲ ਲਿਪਟ ਗਈ। ਅਸੀਂ ਬਹੁਤ ਕੋਸ਼ਿਸ ਕੀਤੀ ਕਿ ਉਸ ਦੀ ਪਤਨੀ ਨੂੰ ਅਲੱਗ ਕੀਤਾ ਜਾਵੇ, ਪਰ ਸੰਭਵ ਨਾ ਹੋ ਸਕਿਆ, ਜਿਸ ਕਰਕੇ ਉਹ ਵੀ ਮਾਰੀ ਗਈ। ਸਾਡੇ ਕੋਲ ਸਮਾਂ ਥੋੜ੍ਹਾ ਸੀ ਤੇ ਅਸੀਂ ਬਚ ਕੇ ਵੀ ਨਿਕਲਣਾ ਸੀ। ਜਦੋਂ ਦਿੱਲੀ ਵਿਚ ਲਲਿਤ ਮਾਕਨ, ਅਰਜਨ ਦਾਸ ਨੂੰ ਮਾਰ ਦਿੱਤਾ ਗਿਆ ਤਾਂ ਸਾਨੂੰ ਵੱਡੇ ਪੰਥਕ ਲੀਡਰਾਂ ਤੇ ਦਿੱਲੀ ਦੇ ਸਿੱਖ ਬਿਜਨਸਮੈਨਾਂ ਨੇ ਕਿਹਾ ਕਿ ਤੁਸੀਂ ਸਿੱਖਾਂ ਦੀ ਪੱਗ ਸਿਰ ’ਤੇ ਰੱਖੀ ਹੈ। ਅਸੀਂ ਫਿਰ ਬਾਹਰ ਨਿਕਲਣ ਜੋਗੇ ਹੋ ਗਏ ਹਾਂ।

ਸੁਆਲ-ਤੁਹਾਡੀ ਰਿਹਾਈ ਕਿਵੇਂ ਹੋਈ?
ਜੁਆਬ-ਇਸ ਦੌਰਾਨ ਕਾਂਗਰਸੀ ਆਗੂ ਲਲਿਤ ਮਾਕਨ, ਜਰਨਲ ਵੈਦਿਆ ਸਣੇ ਕਈ ਕਤਲ ਹੋਏ। ਫਿਰ ਘਰ ਤਾਂ ਮੁੜ ਨਹੀਂ ਸਕਦੇ ਸਾਂ ਅਤੇ ਸੋਚਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਲਹਿਰ ਨੂੰ ਅੱਗੇ ਵਧਾਉਣ ਲਈ ਮਦਦ ਜੁਟਾਈਏ ਤੇ ਕੌਮਾਂਤਰੀ ਮੁਹਿੰਮਾਂ ਦਾ ਅਧਿਐਨ ਕਰੀਏ। 1986 ਵਿੱਚ ਮੈਂ ਅਮਰੀਕਾ ਚਲਾ ਗਿਆ। ਇਸ ਦੌਰਾਨ ਇੰਟਰਪੋਲ ਦੀ ਮਦਦ ਨਾਲ ਭਾਰਤ ਤੋਂ ਮੇਰੇ ਵਾਰੰਟ ਜਾਰੀ ਹੋ ਗਏ ਤੇ ਮੈਨੂੰ ਲਲਿਤ ਮਾਕਨ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅਮਰੀਕਾ ਦੇ ਵਿਚ 14 ਸਾਲ ਜੇਲ੍ਹ ਕੱਟੀ। ਇਸ ਤੋਂ ਪਹਿਲਾਂ ਵੱਖ-ਵੱਖ ਸਿੱਖ ਲੀਡਰਾਂ ਨੂੰ ਮਿਲਿਆ, ਪਰ ਭੜਕੇ ਨੌਜਵਾਨਾਂ ਨੂੰ ਮਿਲਣ ਤੋਂ ਗੁਰੇਜ਼ ਕੀਤਾ। ਮੈਂ ਜਾਣਦਾ ਸੀ ਕਿ ਅਜਿਹਾ ਕਰਨ ਨਾਲ ਮੇਰਾ ਮਿਸ਼ਨ ਅਧੂਰਾ ਰਹਿ ਸਕਦਾ ਹੈ। ਗੱਲ ਬਾਹਰ ਜਾ ਸਕਦੀ ਹੈ। ਮੈਂ ਇਸ ਬਾਰੇ ਉਥੇ ਪੂਰੀ ਸਟੱਡੀ ਕੀਤੀ ਕਿ ਕੋਈ ਵਿਦੇਸ਼ੀ ਏਜੰਸੀ ਸਿੱਖਾਂ ਦੀ ਮਦਦ ਕਰਨ ਨੂੰ ਤਿਆਰ ਨਹੀਂ ਸੀ। ਭਾਰਤ ਵਿਚ ਇਸ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਸਿੱਖਾਂ ਦੀ ਮਦਦ ਕਰ ਰਹੇ ਹਨ। ਪਾਕਿਸਤਾਨ ਬਾਰੇ ਵੀ ਝੂਠਾ ਰੌਲਾ ਪਾਇਆ ਗਿਆ ਕਿ ਉਹ ਸਿੱਖਾਂ ਦੀ ਮਦਦ ਕਰਨ ਲਈ ਸੁਹਿਰਦ ਹੈ। ਪਰ ਅਜਿਹਾ ਨਹੀਂ ਸੀ। ਮੈਂ ਪਾਕਿਸਤਾਨ ਜਾਣ ਦਾ ਰਾਹ ਕਦੇ ਵੀ ਨਹੀਂ ਚੁਣਿਆ। ਅਮਰੀਕਾ ਦੀ ਵੀ ਕੋਈ ਵੀ ਏਜੰਸੀ ਸਿੱਖਾਂ ਦੀ ਮਦਦ ਨਹੀਂ ਕਰ ਰਹੀ ਸੀ। ਅਮਰੀਕਾ ਵਿਚ ਭਾਰਤ ਹਵਾਲਗੀ ਦਾ 13 ਸਾਲ ਕੇਸ ਚੱਲਿਆ। ਮੈਂ ਕੇਸ ਤਾਂ ਜਿੱਤ ਗਿਆ ਅਖੀਰ ਅਮਰੀਕਾ ਵਿਚ ਜੇਲ੍ਹ ਕੱਟਣ ਤੋਂ ਬਾਅਦ ਮੈਂ ਭਾਰਤ ਜਾਣ ਦਾ ਫੈਸਲਾ ਆਪਣੀ ਮਰਜ਼ੀ ਅਨੁਸਾਰ ਕੀਤਾ। ਜੇ ਚਾਹੁੰਦਾ ਤਾਂ ਮੈਂ ਅਮਰੀਕਾ ਦੇ ਵਿਚ ਸ਼ਰਨ ਲੈ ਸਕਦਾ ਸੀ। ਮੈਨੂੰ ਭਾਰਤ ਵਿੱਚ ਵੀ 5 ਸਾਲ ਜੇਲ੍ਹ ਕੱਟਣੀ ਪਈ।

ਸੁਆਲ-ਤੁਹਾਡੀ ਰਿਹਾਈ ਵਿਚ ਲਲਿਤ ਮਾਕਨ ਦੀ ਬੇਟੀ ਅਵੰਤਿਕਾ ਕਿਵੇਂ ਸਹਿਯੋਗੀ ਬਣੀ?
ਜੁਆਬ- 2004 ਵਿੱਚ ਜਦੋਂ ਭਾਰਤ ਵਿਚ ਮੈਂ ਲੁਧਿਆਣੇ ਵਿਖੇ ਪੈਰੋਲ ਉੱਤੇ ਘਰ ਆਇਆ ਸਾਂ ਤਾਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਲਈ ਆਈ ਲਲਿਤ ਮਾਕਨ ਦੀ ਧੀ ਅਵਿੰਕਤਾ ਮਾਕਨ ਲੁਧਿਆਣੇ ਆਈ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਦੇ ਕਹਿਣ ਉੱਤੇ ਉਹ ਉਹ ਮੈਨੂੰ ਮਿਲਣ ਲਈ ਤਿਆਰ ਹੋ ਗਈ। ਅਸੀਂ ਇਕ ਹੋਟਲ ਵਿਚ ਮਿਲੇ। ਮੈਂ ਅਵਿੰਕਤਾ ਨੂੰ ਦੱਸਿਆ ਕਿ ਉਸ ਸਮੇਂ ਹਾਲਾਤ ਅਜਿਹੇ ਸਨ। ਇਹ ਸਾਰਾ ਕੁਝ ਸਾਕਾ ਨੀਲਾ ਤਾਰਾ ਤੇ ਨਵੰਬਰ 84 ਦਾ ਨਤੀਜਾ ਸੀ। ਸਾਡੀ ਮਾਕਨ ਪਰਿਵਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਪਰ ਤੁਹਾਡੀ ਮਾਤਾ ਇਸ ਐਕਸ਼ਨ ਵਿਚ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਅਸੀਂ ਤੁਹਾਡੀ ਮਾਤਾ ਨੂੰ ਨਹੀਂ ਮਾਰਨਾ ਚਾਹੁੰਦੇ ਸਨ। ਇਸ ਗੱਲ 'ਤੇ ਮੈਨੂੰ ਅਫਸੋਸ ਹੈ। ਮੇਰੇ ਵਿਚਾਰ ਸੁਣ ਕੇ ਅਵਿੰਕਤਾ ਏਨੀ ਪ੍ਰਭਾਵਿਤ ਹੋਈ ਕਿ ਉਸ ਨੇ ਮੇਰੀ ਰਿਹਾਈ ਲਈ ਉਸ ਸਮੇਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਅਪੀਲ ਕੀਤੀ। ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ ਨੇ ਵੀ ਮੇਰੀ ਰਿਹਾਈ ਦੇ ਵਿਚ ਮਦਦ ਕੀਤੀ।ਮੇਰੀ ਰਿਹਾਈ ਅਦਾਲਤ ਦੇ ਹੁਕਮ ਕਾਰਣ ਹੋਈ।

ਸੁਆਲ-ਤੁਸੀਂ ਜੂਨ 84 ਤੋਂ ਬਾਅਦ ਹੁਣ ਤੱਕ ਸਿੱਖ ਮਨੋਦਸ਼ਾ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜੁਆਬ-ਭਾਵੇਂ ਜੂਨ 84 ਤੇ ਨਵੰਬਰ 84 ਵਰਗੇ ਮਹਾਂ ਦੁਖਾਂਤ ਨੂੰ ਵਾਪਰਿਆਂ 36 ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ ਪਰ ਫਿਰ ਵੀ ਜਦੋਂ ਹਰ ਸਾਲ ਇਸ ਦੀ ਬਰਸੀ ਆਉਂਦੀ ਹੈ ਤਾਂ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਇਕ ਡੂੰਘੀ ਪੀੜ ਦਾ ਅਹਿਸਾਸ ਹੁੰਦਾ ਹੈ ਅਤੇ ਉਨ੍ਹਾਂ ਦੇ ਮਨ ਵਿਚੋਂ ਇਹ ਹੂਕ ਨਿਕਲਦੀ ਹੈ ਕਿ ਏਨੇ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਇਸ ਵੱਡੀ ਗ਼ਲਤੀ ਲਈ ਸਿੱਖ ਭਾਈਚਾਰੇ ਤੋਂ ਮੁਆਫ਼ੀ ਨਹੀਂ ਮੰਗੀ। ਸਰਕਾਰ ਨੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਲੰਮੇ ਸਮੇਂ ਤੱਕ ਆਪਣੇ ਇਸ ਪੱਖ ਨੂੰ ਬੜੇ ਜ਼ੋਰਦਾਰ ਢੰਗ ਨਾਲ ਲੋਕਾਂ ’ਤੇ ਠੋਸਣ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਜ਼ਿੰਮੇਵਾਰ ਸਿੱਖ ਹਨ। ਪਰ ਹੌਲੀ-ਹੌਲੀ ਹੁਣ ਦੂਜਾ ਪੱਖ ਵੀ ਸਾਹਮਣੇ ਆਉਣ ਲੱਗ ਪਿਆ ਹੈ ਕਿ ਹਰਿਮੰਦਰ ਸਾਹਿਬ ਵਿਚ ਜੋ ਹਾਲਾਤ ਪੈਦਾ ਹੋਏ ਸਨ, ਉਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਹੋਏ ਟਕਰਾਅ ਅਤੇ ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਦੇਸ਼ ਨੂੰ ਬੇਹੱਦ ਪਿਆਰ ਕਰਨ ਵਾਲੇ ਅਤੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਸਿੱਖ ਭਾਈਚਾਰੇ ਨੂੰ ਦੇਸ਼ ਦੀ ਸੱਤਾ ਦੇ ਖਿਲਾਫ਼ ਖੜ੍ਹਾ ਕਰ ਦਿੱਤਾ। ਇਸ ਸਮੇਂ ਦੌਰਾਨ ਅਨੇਕਾਂ ਮੌਕੇ ਆਏ ਜਦੋਂ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਗੱਲ ਕਰਕੇ ਵਧ ਰਹੇ ਇਸ ਟਕਰਾਅ ਨੂੰ ਰੋਕ ਸਕਦੀ ਸੀ। ਪਰ ਇੰਦਰਾ ਸਰਕਾਰ ਵਲੋਂ ਅਜਿਹਾ ਕੋਈ ਵੀ ਵੱਡਾ ਯਤਨ ਨਹੀਂ ਕੀਤਾ ਗਿਆ। ਉਸ ਦਾ ਨਿਸ਼ਾਨਾ ਤਾਂ ਸਿੱਖਾਂ ਨੂੰ ਬਦਨਾਮ ਕਰਕੇ ਸੱਤਾ ਹਾਸਲ ਕਰਨਾ ਸੀ। ਪਰ ਇਹ ਮਨੁੱਖਤਾ ਮਾਰੂ ਸਿਆਸਤ ਇਸ ਤਰ੍ਹਾਂ ਇਕ-ਇਕ ਘਟਨਾ ਅੱਗੇ ਵਧਦੀ ਹੋਈ ਵੱਡੇ ਟਕਰਾਅ ਦਾ ਰੂਪ ਲੈ ਗਈ।

ਇਸ ਦਾ ਹੀ ਸਿੱਟਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਮਰਥਕ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਚਲੇ ਗਏ। ਪੰਜਾਬ ਵਿਚ ਹਿੰਸਕ ਮਾਹੌਲ ਪੈਦਾ ਹੋ ਗਿਆ। ਇਸ ਸਮੇਂ ਵੀ ਕੇਂਦਰ ਸਰਕਾਰ ਸਿੱਖ ਭਾਈਚਾਰੇ ਨਾਲ ਗੱਲਬਾਤ ਕਰਕੇ ਜਾਂ ਹੋਰ ਕੂਟਨੀਤਕ ਢੰਗ-ਤਰੀਕੇ ਵਰਤ ਕੇ ਸਮੁੱਚੇ ਮਸਲੇ ਦਾ ਕੋਈ ਸੁਖਾਵਾਂ ਹੱਲ ਕੱਢ ਸਕਦੀ ਸੀ ਪਰ ਉਸ ਲਈ ਸਿਆਸਤ ਤੇ ਸੱਤਾ ਜ਼ਰੂਰੀ ਸੀ। ਦਰਬਾਰ ਸਾਹਿਬ ਸਮੂਹ ਵਿਚ ਫ਼ੌਜੀ ਕਾਰਵਾਈ ਕਰ ਦਿੱਤੀ ਗਈ, ਜਿਸ ਨਾਲ ਸਿੱਖ ਭਾਈਚਾਰਾ ਨਿਰਾਸ਼ ਹੋਇਆ। ਇਸ ਤੋਂ ਬਾਅਦ ਹਥਿਆਰਬੰਦ ਸਿੱਖ ਨੌਜਵਾਨਾਂ ਦਾ ਹਥਿਆਰਬੰਦ ਟਕਰਾਅ ਲੰਮੇ ਸਮੇਂ ਤੱਕ ਚਲਿਆ। ਇਸੇ ਟਕਰਾਅ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਅਤੇ ਉਸ ਤੋਂ ਫੌਰੀ ਬਾਅਦ ਹੋਇਆ ਨਵੰਬਰ 1984 ਦਾ ਸਿੱਖ ਕਤਲੇਆਮ ਵੀ ਇਸੇ ਘਟਨਾਕ੍ਰਮ ਦਾ ਹਿੱਸਾ ਸੀ। ਇਸ ਤੋਂ ਬਾਅਦ ਵੀ ਕਿੰਨੇ ਹੀ ਸਾਲਾਂ ਤੱਕ ਇਹ ਖ਼ੂਨੀ ਟਕਰਾਅ ਚਲਦਾ ਰਿਹਾ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਬਿਨਾਂ ਸ਼ੱਕ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਥਾਹ ਸਾਧਨਾਂ ਨਾਲ ਇਸ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਵਿਚ ਸੱਤਾਧਾਰੀ ਧਿਰਾਂ ਨੂੰ ਸਫਲਤਾ ਮਿਲ ਗਈ ਪਰ ਇਸ ਸਾਰੇ ਘਟਨਾਕ੍ਰਮ ਦੌਰਾਨ ਜੋ ਕੁਝ ਸਿੱਖ ਭਾਈਚਾਰੇ ਨੂੰ ਅਤੇ ਸਮੁੱਚੇ ਪੰਜਾਬ ਨੂੰ ਸਹਿਣਾ ਪਿਆ ਅਤੇ ਜੋ ਕੁਝ ਸਿੱਖ ਭਾਈਚਾਰੇ ਨਾਲ ਵਾਪਰਿਆ, ਉਸ ਦੀ ਪੀੜ ਅਜੇ ਇਸ ਕਰਕੇ ਬਾਕੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਨਾ ਤਾਂ ਸਾਲਾਂ ਵਿਚ ਫੈਲੇ ਇਸ ਸਾਰੇ ਘਟਨਾਕ੍ਰਮ ਨਾਲ ਠੀਕ ਤਰ੍ਹਾਂ ਨਿਪਟਣ ਵਿਚ ਆਪਣੇ ਵਲੋਂ ਹੋਈਆਂ ਵੱਡੀਆਂ ਕੁਤਾਹੀਆਂ ਦਾ ਕੋਈ ਅਹਿਸਾਸ ਕੀਤਾ ਅਤੇ ਨਾ ਹੀ ਪੰਜਾਬ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਲੱਭਣ ਦਾ ਯਤਨ ਕੀਤਾ ਜਿਨ੍ਹਾਂ ਕਰਕੇ ਧਰਮ ਯੁੱਧ ਮੋਰਚਾ ਲੱਗਾ ਸੀ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸਿੱਖ ਕੌਮ ਨਾਲ ਸਬੰਧਿਤ ਲੋਕਾਂ ਨੂੰ ਕਾਫੀ ਸੰਤਾਪ ਅਤੇ ਜ਼ੁਲਮ ਜਮਹੂਰੀਅਤ ਦੇ ਹੇਠਾਂ ਝੱਲਣਾ ਪਿਆ ਹੈ, ਇੱਥੋਂ ਤੱਕ ਜਮਹੂਰੀ ਹੱਕਾਂ ਲਈ ਲੜਦੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਲਾਵਾਰਸ ਲਾਸ਼ ਬਣਾ ਦਿੱਤਾ ਗਿਆ।

ਸੁਆਲ-ਖਾਲਿਸਤਾਨ ਦੇ ਸੁਆਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜੁਆਬ-ਸਵਾਲਾਂ ਦਾ ਸਵਾਲ ਇਹ ਹੈ ਕਿ ਇਹ ਮੰਗ ਉਠੀ ਕਿਉਂ? ਕਸ਼ਮੀਰ, ਨਾਗਾਲੈਂਡ ਅਤੇ ਹੋਰ ਕਈ ਰਾਜਾਂ ਵਿਚ ਅਜਿਹੀਆਂ ਲਹਿਰਾਂ ਉਠ ਰਹੀਆਂ ਹਨ। ਖ਼ਾਲਿਸਤਾਨ ਦੀ ਮੰਗ ਨੂੰ ਸਿਰਫ਼ ਪਾਕਿਸਤਾਨ ਦੇ ਸਿਰ ਮੜ੍ਹ ਕੇ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ। ਜਿਥੇ ਕਿਤੇ ਸਾਡੀਆਂ ਆਪਣੀਆਂ ਗ਼ਲਤੀਆਂ ਹੋਈਆਂ ਹਨ ਉਸ ਪ੍ਰਤੀ ਸੁਚੇਤ ਹੋਣਾ ਹੀ ਪਵੇਗਾ। ਜਿਥੋਂ ਤਕ ਖ਼ਾਲਿਸਤਾਨ ਦੀ ਮੰਗ ਦਾ ਸਵਾਲ ਹੈ, ਉਸ ਸਬੰਧੀ ਕੁਝ ਕਾਰਨ ਸਪੱਸ਼ਟ ਹਨ। ਭਾਰਤੀ ਨੇਤਾਵਾਂ ਵਲੋਂ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰ ਜਾਣਾ। 1931 ਦੀ ਕਾਂਗਰਸ ਕਾਨਫ਼ਰੰਸ ਵਿਚ ਸਿੱਖਾਂ ਨਾਲ ਲਿਖਤੀ ਵਾਅਦਾ ਕੀਤਾ ਗਿਆ ਕਿ ਆਜ਼ਾਦੀ ਤੋਂ ਮਗਰੋਂ ਪੰਜਾਬ ਵਿਸ਼ੇਸ਼ ਅਧਿਕਾਰਾਂ ਦਾ ਹੱਕਦਾਰ ਹੋਵੇਗਾ। ਯਾਦ ਰਹੇ ਕਾਂਗਰਸ ਉਸ ਸਮੇਂ ਸਾਰੇ ਭਾਰਤੀਆਂ ਦੀ ਤਰਜਮਾਨੀ ਕਰਦੀ ਸੀ। ਪਰ ਆਜ਼ਾਦੀ ਮਗਰੋਂ ਹੁਣ ਤਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦੇਣਾ: ਅਗਸਤ ‘47 ਵਿਚ ਪੰਜਾਬ ਨੇ ਅਪਣਾ ਭਵਿੱਖ ਭਾਰਤ ਨਾਲ ਵਿਸ਼ਵਾਸ ਕਰ ਕੇ ਜੋੜਿਆ ਹੀ ਸੀ। ਸਿਰਫ਼ ਢਾਈ ਮਹੀਨੇ ਪਿਛੋਂ ਅਕਤੂਬਰ 1947 ਨੂੰ ਭਾਰਤੀ ਗ੍ਰਹਿ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਰਕੂਲਰ ਜਾਰੀ ਕਰ ਕੇ ਕਹਿ ਦਿਤਾ ਕਿ ਸਿੱਖ ਜਰਾਇਮ ਪੇਸ਼ਾ ਲੋਕ ਹਨ, ਇਨ੍ਹਾਂ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ। ਇਸ ਦਾ ਹਵਾਲਾ ਸ. ਕਪੂਰ ਸਿੰਘ ਨੇ ਆਪਣੀ ਪੁਸਤਕ ‘ਸਾਚੀ ਸਾਖੀ’ ਵਿਚ ਦਿੱਤਾ ਹੈ। ਇਹ ਕਿੰਨਾ ਕੁ ਸੱਚ ਹੈ, ਮੈਂ ਨਹੀਂ ਜਾਣਦਾ, ਪਰ ਸਰਕਾਰ ਨੇ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ। ਦੇਸ਼ ਨੂੰ ਭਾਸ਼ਾ ਆਧਾਰਿਤ ਰਾਜਾਂ ਵਿਚ ਵੰਡਿਆ ਗਿਆ। ਪਰ ਪੰਜਾਬ ਨਾਲ ਵਿਤਕਰਾ ਕਰਕੇ ਇਸ ਨੂੰ ਭਾਸ਼ਾ ਦੇ ਆਧਾਰ ਤੇ ਪੁਨਰਗਠਤ ਨਹੀਂ ਕੀਤਾ ਗਿਆ। ਹੋਰ ਸਭ ਰਾਜ ਉਸ ਸਮੇਂ ਤਕ 19 ਸਾਲ ਤਰੱਕੀ ਕਰ ਚੁੱਕੇ ਸਨ, ਜਦੋਂ ਪੰਜਾਬ ਦਾ ਪੁਨਰਗਠਨ 1966 ਵਿਚ ਹੋਇਆ। ਨਾ ਸਿਰਫ਼ ਪੰਜਾਬੀ ਬੋਲਦੇ ਇਲਾਕੇ ਹੀ ਬਾਹਰ ਰੱਖ ਲਏ ਗਏ ਬਲਕਿ ਇਸ ਦੀ ਰਾਜਧਾਨੀ ਵੀ ਖੋਹ ਲਈ ਗਈ। ਸੰਵਿਧਾਨ ਨੂੰ ਛਿੱਕੇ ਟੰਗ ਕੇ ਇਸ ਦੇ ਪਾਣੀਆਂ ’ਤੇ ਵੀ ਕੇਂਦਰ ਕਾਬਜ਼ ਹੋ ਗਿਆ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਨੇ 1981 ਵਿਚ ਪੰਜਾਬ ਦੇ ਪਹਿਲਾਂ ਹੀ ਥੋੜ੍ਹੇ ਪਾਣੀ ਵਿਚੋਂ ਹੋਰ ਹਿੱਸਾ ਹਰਿਆਣਾ ਨੂੰ ਦੇਣ ਲਈ ‘ਸਤਲੁਜ-ਯਮੁਨਾ ਲਿੰਕ ਨਹਿਰ’ ਦੀ ਸ਼ੁਰੂਆਤ ਕੀਤੀ ਸੀ। ਸਿੱਖਾਂ ਤੇ ਪੰਜਾਬ ਨਾਲ ਬੇਇਨਸਾਫ਼ੀ ਕੀਤੀ ਗਈ। ਅਖ਼ੀਰ ਪੰਜਾਬ ਦੀਆਂ ਮੰਗਾਂ ਲਈ ਧਰਮ ਯੁੱਧ ਮੋਰਚਾ ਲਗਾ ਕੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਜੇਲਾਂ ਵਿਚ ਡਕਿਆ ਗਿਆ। ਕੇਂਦਰ ਨੇ ਫ਼ੌਜੀ ਤਾਕਤ ਨਾਲ ਇਹ ਮੋਰਚਾ ਕੁਚਲ ਦਿਤਾ। ਇਸ ਦੇ ਪ੍ਰਤੀਕਰਮ ਵਜੋਂ ਖ਼ਾਲਿਸਤਾਨ ਦੀ ਲਹਿਰ ਪ੍ਰਚੰਡ ਰੂਪ ਵਿਚ ਸਾਹਮਣੇ ਆਈ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਕੇਂਦਰ ਸਰਕਾਰ ਨੇ ‘ਸਾਕਾ ਨੀਲਾ ਤਾਰਾ’ ਦੇ ਨਾਂ ਤੇ ਕਤਲ ਕੀਤਾ। ਸੈਂਕੜੇ ਹੀ ਜੇਲਾਂ ਵਿਚ ਭੇਜ ਦਿੱਤੇ ਗਏ। ਸ਼ਾਇਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਵੰਬਰ '84 ਵਿਚ ਆਪਣੀ ਮਾਂ ਇੰਦਰਾ ਦੇ ਬਦਲੇ ਹਜ਼ਾਰਾਂ ਸਿੱਖਾਂ ਦਾ ਕਤਲ ਕਰਵਾ ਕੇ ਸ਼ਾਂਤ ਹੋ ਚੁੱਕਾ ਸੀ। ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਲੰਗੜਾ ਲੂਲਾ ਸਮਝੌਤਾ ਕਰ ਲਿਆ। ਇਹ ਸਿੱਖਾਂ ਨੂੰ ਮਨਜ਼ੂਰ ਨਹੀਂ ਸੀ। ਇਸ ਦੀ ਕੋਈ ਪ੍ਰਾਪਤੀ ਨਹੀਂ ਹੋਈ। ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਸੰਸਦ ਵਿਚ ਰਾਜੀਵ-ਲੌਂਗੋਵਾਲ ਸਮਝੌਤਾ ਪਾਸ ਹੋ ਗਿਆ। ਪਰ ਇਸ ਸਮਝੌਤੇ ਦੀ ਇਕ ਵੀ ‘ਮਦ’ ਉਤੇ ਅਮਲ ਨਹੀਂ ਕੀਤਾ ਗਿਆ। ਪਰ ਉਸੇ ਸਮਝੌਤੇ ਦੀ ‘ਮਦ’ ਨੂੰ ਆਧਾਰ ਬਣਾ ਕੇ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਲਈ ਬਜਿਦ ਹੈ। ਸੰਤ ਭਿੰਡਰਾਂਵਾਲੇ ਇਹੀ ਕਹਿੰਦੇ ਸਨ ਕਿ ‘ਅਸੀ ਖਾਲਿਸਤਾਨ ਨਹੀਂ ਮੰਗਦੇ। ਸਾਡੀ ‘ਮੰਗ ਅਨੰਦਪੁਰ ਦਾ ਮਤਾ ਹੈ’ (ਇਹ ਮਤਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਬਾਰੇ ਹੈ)।’ ਭਾਰਤ ਸਰਕਾਰ ਨੇ ਅਨੰਦਪੁਰ ਦਾ ਮਤਾ ਇਸ ਤਰੀਕੇ ਨਾਲ ਬਦਨਾਮ ਕਰ ਦਿਤਾ ਕਿ ਹਿੰਦੂ ਲੋਕ ਇਸ ਨੂੰ ਖ਼ਾਲਿਸਤਾਨ ਦਾ ਮਤਾ ਹੀ ਸਮਝਣ ਲੱਗ ਪਏ। ਮੈਂ ਸਮਝਦਾ ਹਾਂ ਕਿ ਪੰਜਾਬ ਜਾਂ ਸਟੇਟਾਂ ਦੀ ਖੁਦਮੁਖਤਿਆਰੀ ਹੀ ਸਹੀ ਨਿਸ਼ਾਨਾ ਹੈ। ਸਾਨੂੰ ਆਪਣੀ ਹੋਂਦ, ਆਪਣੇ ਪੰਜਾਬ ਦੇ ਲਈ ਵੱਡੇ ਯਤਨ ਕਰਨੇ ਪੈਣਗੇ। ਖੁਦਮੁਖਤਿਆਰੀ ਦੀ ਲੜਾਈ ਹੀ ਪੰਜਾਬ ਦਾ ਭਵਿੱਖ ਬੁਣ ਸਕਦੀ ਹੈ। ਖਾਲਿਸਤਾਨ ਕੁਝ ਕੁ ਲੋਕਾਂ ਦਾ ਨਿਸ਼ਾਨਾ ਹੈ। ਪਰ ਸਾਨੂੰ ਪੰਜਾਬ ਦੀ ਅਜ਼ਾਦੀ, ਖੁਦਮੁਖਤਿਆਰੀ ਦੇ ਲਈ ਜਮਹੂਰੀ ਢੰਗ ਅਪਨਾਉਣੇ ਪੈਣਗੇ। ਸੰਤ ਭਿੰਡਰਾਂਵਾਲੇ ਨੇ ਕਦੇ ਵੀ ਨਹੀਂ ਕਿਹਾ ਸੀ ਕਿ ਉਹ ਖਾਲਿਸਤਾਨ ਦੀ ਮੰਗ ਦੇ ਹੱਕ ਵਿਚ ਹਨ। ਉਹ ਅਨੰਦਪੁਰ ਦੇ ਮਤੇ ਦੇ ਹੱਕ ਵਿਚ ਡਟੇ ਸਨ। ਉਨ੍ਹਾਂ ਐਨਾ ਕਿਹਾ ਸੀ ਕਿ ਜੇ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਪਰ ਅਖੀਰ ਤੱਕ ਫੌਜੀ ਹਮਲੇ ਦੌਰਾਨ ਵੀ ਉਨ੍ਹਾਂ ਨੇ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ। ਇਹ ਨਿਸ਼ਾਨਾ ਪੰਥਕ ਕਮੇਟੀ ਵਾਲਿਆਂ ਨੇ ਬੁਣਿਆ ਸੀ। 2020 ਬਾਰੇ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਨਾਲ ਕੋਈ ਲਹਿਰ ਨਹੀਂ ਉਠੇਗੀ, ਸਿੱਖਾਂ ਦਾ ਕੁਝ ਨਹੀਂ ਬਣੇਗਾ। ਨਾ ਯੂਐਨਓ ਨੇ ਸਿੱਖਾਂ ਦਾ ਕੁਝ ਸੰਵਾਰਿਆ, ਨਾ ਸੰਵਾਰਨਗੇ, ਸਿੱਖਾਂ ਨੂੰ ਆਪਣੇ ਪੈਰਾਂ ਸਿਰ ਆਪ ਖੜ੍ਹ ਕੇ ਕੁਝ ਕਰਨਾ ਪਵੇਗਾ।

ਸੁਆਲ-ਸੰਤ ਭਿੰਡਰਾਂਵਾਲਿਆਂ ਬਾਰੇ ਤੁਹਾਡੀ ਕੀ ਰਾਏ ਹੈ?
ਜੁਆਬ-ਉਹ ਧਾਰਮਿਕ ਇਨਸਾਨ ਸਨ, ਜੇ ਉਹ ਸਿਆਸੀ ਹੁੰਦੇ ਤਾਂ ਅਕਾਲੀ ਦਲ ਵਿਚੋਂ ਕੋਈ ਵੀ ਵਿਅਕਤੀ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਦਾ, ਕਿਉਂਕਿ ਉਹ ਦ੍ਰਿੜ੍ਹ ਇਨਸਾਨ ਸਨ। ਸਿੱਖੀ ਪ੍ਰਤੀ ਉਹ ਭਾਵੁਕ ਤੇ ਦ੍ਰਿੜ੍ਹ ਨਿਸ਼ਾਨੇ ਵਾਲੇ ਸਨ। ਉਹ ਚਾਹੁੰਦੇ ਸਨ ਕਿ ਧਰਮ ਯੁੱਧ ਸਫਲ ਹੋਵੇ। ਉਨ੍ਹਾਂ ਦੇ ਇਸ ਪੰਥਕ ਜਜ਼ਬੇ ਕਾਰਨ ਯੂਥ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ ਤੇ ਹੁਣ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੈ।

ਸੁਆਲ-ਪੰਜਾਬ ਦੀ ਲੀਡਰਸ਼ਿਪ ਬਾਰੇ ਤੁਸੀਂ ਕਿੰਝ ਦੇਖਦੇ ਹੋ?
ਜੁਆਬ-ਪੰਜਾਬ ਵਿਚ ਯੋਗ ਲੀਡਰਸ਼ਿਪ ਨਹੀਂ, ਜੋ ਪੰਥ ਤੇ ਪੰਜਾਬ ਦੀ ਹੋਂਦ ਦੇ ਲਈ ਯੋਗ ਨੀਤੀ ਘੜ ਸਕੇ ਤੇ ਯੋਗ ਵਿਉਂਤਬੰਦੀ ਕਰ ਸਕੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਬਰਗਾੜੀ ਮੋਰਚਾ ਲਗਾਇਆ ਗਿਆ। ਇਸ ਸੰਬੰਧ ਵਿਚ ਭਾਈ ਧਿਆਨ ਸਿੰਘ ਮੰਡ ਨੇ ਮੈਨੂੰ ਵੀ ਸੱਦਿਆ ਸੀ, ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਡੱਟ ਕੇ ਸਟੈਂਡ ਲਵੋ ਤੇ ਰਾਜਨੀਤੀ ਪੰਜਾਬ ਦੇ ਹੱਕ ਵਿਚ ਸਿਰਜੋ ਤਾਂ ਹੀ ਇਸ ਮੋਰਚੇ ਵਿਚੋਂ ਕੁਝ ਨਿਕਲੇਗਾ, ਪਰ ਇਹ ਕੁਝ ਨਾ ਕਰ ਸਕੇ, ਨਾਕਾਮਯਾਬ ਰਹੇ। ਇਸ ਕਾਰਨ ਸਿੱਖਾਂ ਨੂੰ ਨਿਰਾਸ਼ਾ ਹੱਥ ਵਿਚ ਲੱਗੀ ਹੈ। ਸਾਡੇ ਸਾਹਮਣੇ ਕੋਈ ਬੋਧਿਕ ਕਲਾਸ ਨਹੀਂ ਜੋ ਪੰਥ ਤੇ ਪੰਜਾਬ ਦੀ ਅਗਵਾਈ ਕਰ ਸਕੇ। ਸੱਤਾ ਕਾਰਨ ਸਾਡੇ ਲੀਡਰਾਂ ਨੇ ਸਿੱਖਾਂ ਨੂੰ ਸਹੀ ਦਿਸ਼ਾ ਨਹੀਂ ਦਿੱਤੀ। ਇਹੀ ਕਾਰਨ ਹੈ ਕਿ ਅਕਾਲੀ ਦਲ ਸੰਕਟ ਵਿਚ ਆਇਆ ਹੈ। ਜੇਕਰ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅਕਾਲੀ ਦਲ ਦੇ ਬਰਾਬਰ ਮਜ਼ਬੂਤ ਕੀਤਾ ਜਾਂਦਾ ਤਾਂ ਅੱਜ ਅਕਾਲੀ ਦਲ ਦਾ ਸਾਡੇ ਕੋਲ ਬਦਲ ਹੁੰਦਾ। ਅਕਾਲੀ ਦਲ ਨੇ ਕਈ ਵਾਰ ਸਰਕਾਰ ਨਾਲ ਗੱਲਬਾਤ ਕੀਤੀ, ਪਰ ਆਪਣਾ ਠੋਸ ਸਟੈਂਡ ਕੇਂਦਰ ਅੱਗੇ ਨਾ ਰੱਖ ਸਕੇ, ਚਾਹੇ ਚੰਦਰ ਸ਼ੇਖਰ ਪ੍ਰਧਾਨ ਬਣੇ, ਚਾਹੇ ਦੇਵਗੌੜੇ ਬਣੇ, ਚਾਹੇ ਵੀਪੀ ਸਿੰਘ ਬਣੇ, ਚਾਹੇ ਆਈ. ਕੇ. ਗੁਜਰਾਲ ਬਣੇ, ਪਰ ਅਕਾਲੀ ਦਲ ਦਾ ਨਿਸ਼ਾਨਾ ਸਿਰਫ ਸੱਤਾ ਹੀ ਰਿਹਾ, ਜਿਸ ਕਰਕੇ ਪੰਜਾਬ ਨੂੰ ਕੁਝ ਨਾ ਮਿਲ ਸਕਿਆ। ਹੁਣ ਵੀ ਲੋੜ ਇਸ ਗੱਲ ਦੀ ਹੈ ਕਿ ਅਸੀਂ ਪੰਥਕ ਇਕੱਠ ਕਰੀਏ। ਸ਼ਾਂਤਮਈ ਸੰਘਰਸ਼ ਦਾ ਸੰਕਲਪ ਲਈਏ ਤੇ ਸਿਆਸੀ ਜਮਾਤ ਉਸਾਰ ਕੇ ਪੰਜਾਬ ਨੂੰ ਨਵੀਂ ਦਿਸ਼ਾ ਦੇਈਏ।