ਪੰਜਾਬ ਵਿਚ ਇਸ ਵਾਰ ਲੰਗੜੀ ਸਰਕਾਰ ਬਣਨ ਦੀ ਸੰਭਾਵਨਾ   

ਪੰਜਾਬ ਵਿਚ ਇਸ ਵਾਰ ਲੰਗੜੀ ਸਰਕਾਰ ਬਣਨ ਦੀ ਸੰਭਾਵਨਾ   

          * ਕਿਸੇ ਨੂੰ ਵੀ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਘੱਟ, 'ਸਮਝੌਤੇ' ਨਾਲ ਬਣੇਗੀ ਸਰਕਾਰ

*ਭਾਜਪਾ ਸਰਕਾਰ ਬਣਾਉਣ ਲਈ ਬਾਦਲ ਦਲ ਨਾਲ ਗਠਜੋੜ ਕਰਨ ਲਗੀ

*ਭਾਜਪਾ ਦੇ ਕੌਮੀ ਸਕੱਤਰ ਪ੍ਰਦੁਮਨ ਕੁਮਾਰ  ਨੇ ਕਿਹਾ, 'ਪੰਜਾਬ ਵਿਚ ਸਰਕਾਰ ਬਣਾਉਣ ਲਈ ਭਾਜਪਾ ਦੇ ਦਰਵਾਜ਼ੇ ਹਰ ਪਾਰਟੀ ਲਈ ਖੁੱਲ੍ਹੇ

ਵਿਸ਼ੇਸ਼ ਰਿਪੋਰਟ

 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਪਤ ਹੋਏ ਮਤਦਾਨ ਪਿੱਛੋਂ ਹੁਣ ਵੋਟਰਾਂ ਦਾ ਫ਼ੈਸਲਾ 10 ਮਾਰਚ ਨੂੰ ਸਾਹਮਣੇ ਆਵੇਗਾ। ਸੂਬੇ ਵਿਚ ਭਾਵੇਂ ਹੀ ਸਾਰੀਆਂ ਪਾਰਟੀਆਂ ਨੇ ਜਿੱਤ ਦੇ ਦਾਅਵੇ ਕਰ ਦਿੱਤੇ ਹਨ ਪਰ 2017 ਦੇ ਮੁਕਾਬਲੇ ਮਤਦਾਨ ਵਿਚ ਫ਼ੀਸਦੀ ਵਿਚ ਆਈ ਗਿਰਾਵਟ ਨੇ ਦਰਸਾ ਦਿਤਾ ਹੈ ਕਿ ਕਿਸੇ ਵੀ ਪਾਰਟੀ ਤੋਂ ਪੰਜਾਬੀ ਸੰਤੁਸ਼ਟ ਨਹੀਂ।ਸੂਬੇ ਵਿਚ ਮਤਦਾਨ ਵਿਚ ਕਮੀ ਤੇ ਚਾਰ ਤੋਂ ਪੰਜ ਕੋਣੀ ਮੁਕਾਬਲਿਆਂ ਨਾਲ ਸਾਰੇ ਸਿਆਸੀ ਸਮੀਕਰਨ ਵਿਗਡ਼ੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਦਾ ਮੰਨਣਾ ਹੈ ਕਿ ਜੇ 60 ਫ਼ੀਸਦੀ ਐੱਸਸੀ ਵੋਟਰਾਂ ਨੇ ਵੀ ਉਨ੍ਹਾਂ ਦੇ ਹੱਕ ਵਿਚ ਮਤਦਾਨ ਕੀਤਾ ਹੋਵੇਗਾ ਤਾਂ ਉਹ ਪੰਜਾਬ ਵਿਚ ਦੁਬਾਰਾ ਸਰਕਾਰ ਬਣਾ ਕੇ ਇਤਿਹਾਸ ਬਣਾ ਦੇਵੇਗੀ। ਉਧਰ ਮਤਦਾਨ ਦੋ ਦੋ ਦਿਨ ਪਹਿਲਾਂ ਤਕ ਆਮ ਆਦਮੀ ਪਾਰਟੀ ਦਾ ਭਰੋਸਾ ਵੀ ਡਗਮਗਾਇਆ ਹੋਇਆ ਨਜ਼ਰ ਆਇਆ। ਸਰਕਾਰ ਬਣਾਉਣ ਲਈ 59 ਦਾ ਜਾਦੂਈ ਅੰਕਡ਼ਾ ਛੂਹੇਗੀ ਜਾਂ ਨਹੀਂ, ਇਸ ਨੂੰ ਲੈ ਕੇ ਆਪਦੇ ਆਗੂ ਵੀ ਪੂਰੀ ਤਰ੍ਹਾਂ ਭਰੋਸੇ ਵਿਚ ਨਜ਼ਰ ਨਹੀਂ ਆ ਰਹੇ ਹਨ। ਉਂਝ ਦਾਅਵਾ ਕਰ ਰਹੇ ਹਨ ਕਿ 70 ਸੀਟਾਂ ਜਿੱਤ ਜਾਣਗੇ ਤੇ ਸਰਕਾਰ ਬਣਾਉਣ ਵਿਚ ਕਾਮਯਾਬ ਹੋਣਗੇ। ਉਧਰ ਬਹੁਤੇ ਤਾਜ਼ਾ ਸਮੀਕਰਨਾਂ  ਅਨੁਸਾਰ ਕਿਸੇ ਵੀ ਪਾਰਟੀ ਦੀ  ਸਰਕਾਰ ਬਣਦੀ ਦਿਖਾਈ ਨਹੀਂ ਦੇ ਰਹੀ।  ਇਹ  ਗਲ ਸਾਹਮਣੇ ਆ ਰਹੀ  ਹੈ ਕਿ  ਚੋਣ ਸਰਵੇਖਣਾਂ ਨੂੰ ਦੇਖਦਿਆਂ ਭਾਜਪਾ ਤੇ ਸ੍ਰੋਮਣੀ ਅਕਾਲੀ ਦਲ ਸੰਭਾਵੀ ਸਰਕਾਰ ਬਣਾਉਣ ਲਈ ਸਮਝੌਤਾ ਕਰਨ ਦੇ ਮੂਡ ਵਿੱਚ ਹਨ। ਮਤਦਾਨ ਤੋਂ ਪਹਿਲਾਂ ਹੀ ਵੋਟਰਾਂ ਵਿਚ ਵੀ ਇਹ ਚਰਚਾ ਰਹੀ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਸਰਕਾਰ ਬਣਾ ਸਕਦੇ ਹਨ। ਭਾਜਪਾ ਚੋਣਾਂ ਬਾਅਦ  ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਕਮਜੋਰ ਸਥਿਤੀ ਨੂੰ ਦੇਖਦਿਆਂ ਪਹਿਲਾਂ ਅਕਾਲੀ ਦਲ ਬਾਦਲ ਨਾਲ ਗਠਜੋੜ ਦੇ ਮੂਡ ਵਿਚ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਸੋਦਾ ਸਾਧ ਉਪਰ ਦਬਾਅ ਪਾਕੇ ਬਾਦਲ ਦਲ ਨੂੰ ਹਮਾਇਤ ਦਿਵਾਈ ਹੈ ਤਾਂ ਬਾਦਲ ਦਲ ਵਧ ਸੀਟਾਂ ਜਿਤ ਸਕੇ।ਕਿਸੇ ਨੂੰ ਬਹੁਮਤ ਨਾ ਮਿਲਣ ਦੀ ਸਥਿਤੀ ਵਿਚ ਭਾਜਪਾ ਬਾਦਲ ਦਲ ਨਾਲ ਗਠਜੋੜ  ਕਰਕੇ ਪੰਜਾਬ ਵਿਚ ਸਰਕਾਰ ਬਣਾ ਸਕੇ। ਸਵਾਲ ਇਹ ਵੀ ਹੈ ਕਿ ਕੀ ਅਜਿਹੀ ਸੂਰਤ ਵਿਚ ਭਾਜਪਾ ਕੀ ਬਸਪਾ ਨਾਲ ਸਮਝੌਤਾ ਕਰੇਗੀ

 ਇਸ ਪੂਰੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਇਕ ਸੀਨੀਅਰ ਆਗੂ ਬਲਰਾਮ ਜਾਖੜ ਨੇ ਕਿਹਾ ਕਿ ਜੇ ਐੱਸਸੀ ਵਰਗ ਨੇ ਸਾਥ ਦਿੱਤਾ ਹੈ ਤਾਂ ਕਾਂਗਰਸ 60 ਤੋੋੋਂ ਜ਼ਿਆਦਾ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਏਗੀ। ਪਰ ਸਿਆਸੀ ਮਾਹਿਰਾਂ ਤੇ ਸਰਵੇਖਣਾਂ ਦਾ ਮੰਨਣਾ ਹੈ ਕਿ ਕਾਂਗਰਸ ਨੂੰ 50 ਸੀਟਾਂ ਮਿਲਣ ਦੀ ਸੰਭਾਵਨਾ ਹੈ। ਉਧਰ ਆਪ ਪਾਰਟੀ ਬਾਰੇ  ਸਰਵੇਖਣਾਂ ਤੇ ਸਿਆਸੀ ਮਾਹਿਰਾਂ ਦਾ  ਅਨੁਮਾਨ ਹੈ ਕਿ ਪਾਰਟੀ 40 ਤੋਂ 50 ਵਿਚਕਾਰ ਸੀਟਾਂ ਜਿੱਤ ਸਕਦੀ ਹੈ। ਇਸ ਸਥਿਤੀ ਵਿਚ ਆਪ ਦਾ ਸਮਝੌਤਾ ਨਾ ਤਾਂ ਕਾਂਗਰਸ ਨਾਲ ਹੋ ਸਕਦਾ ਹੈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ। ਅਜਿਹੀ ਹੀ ਸਥਿਤੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦੀ ਹੈ। ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪ ਤੇ ਨਾ ਹੀ ਕਾਂਗਰਸ ਨਾਲ ਸਮਝੌਤਾ ਕਰ ਸਕਦਾ ਹੈ। ਇਸ ਸੂਰਤ ਵਿਚ ਸੂਬੇ ਵਿਚ ਸਿਰਫ਼ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਦਾ ਬਦਲ ਹੀ ਬਾਕੀ ਰਹਿ ਜਾਂਦਾ ਹੈ।ਡੇਰੇ ਸੌਦਾ ਸਾਧ ਦੀ ਹਮਾਇਤ ਮਿਲਣ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦੇ ਕਦੇ ਵੀ ਇਕ-ਦੂਜੇ ਤੇ ਸਿੱਧੇ ਹਮਲੇ ਨਹੀਂ ਕੀਤੇ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੌਰਾਨ  ਕਿਹਾ ਸੀ ਕਿ ਦੋਵਾਂ ਪਾਰਟੀਆਂ ਦਾ ਸਮਝੌਤਾ ਨੀਤੀਆਂ ਤੇ ਟੁਟਿਆ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਸਮਝੌਤਾ ਨਹੀਂ ਹੋ ਸਕਦਾ। ਬਾਦਲ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਸਾਫ ਆਖ ਦਿਤਾ ਹੈ ਕਿ ਬਾਦਲ ਦਲ ਸਰਕਾਰ ਬਣਾਉਣ ਲਈ  ਭਾਜਪਾ ਨਾਲ ਗਠਜੋੜ ਕਰੇਗਾ। 

ਸ੍ਰੀ ਗੰਗਾਨਗਰ ਵਿੱਚ ਭਾਜਪਾ ਦੇ ਕੌਮੀ ਸਕੱਤਰ ਪ੍ਰਦੁਮਨ ਕੁਮਾਰ ਨੇ  ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਉਨ੍ਹਾਂ ਦੇ ਦਰਵਾਜ਼ੇ ਹਰ ਪਾਰਟੀ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ, ''ਭਾਜਪਾ ਨੇ ਪੰਜਾਬ ਨਾਲ ਜੁੜੇ ਮੁੱਦੇ ਚੁੱਕੇ ਹਨ ਅਤੇ ਇਨ੍ਹਾਂ ਮੁੱਦਿਆਂ ਉੱਤੇ ਦੂਜੀਆਂ ਪਾਰਟੀਆਂ ਉੱਤੇ ਨਿਸ਼ਾਨਾ ਸਾਧਿਆ ਹੈ। ਹੁਣ, ਲੋਕਾਂ ਨੂੰ ਲਗਦਾ ਹੈ ਕਿ ਭਾਜਪਾ ਪੰਜਾਬ ਨੂੰ ਵਿਕਾਸ ਦੇ ਰਾਹ ਉੱਤੇ ਅੱਗੇ ਲੈ ਕੇ ਜਾ ਸਕਦੀ ਹੈ। ਪੀਐੱਮ ਮੋਦੀ ਦੀਆਂ ਰੈਲੀਆਂ ਚੰਗਾ ਨਤੀਜਾ ਦੇਣਗੀਆਂ।'' ਕੌਮੀ ਪੱਧਰ ਉੱਤੇ ਚੱਲੇ ਕਿਸਾਨ ਅੰਦੋਲਨ ਬਾਰੇ ਪ੍ਰਦੁਮਨ ਨੇ ਕਿਹਾ, ''ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਦੇ ਲੋਕਾਂ ਨੂੰ ਹੁਣ ਪਤਾ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਪਿੱਛੇ ਕੌਣ ਸੀ।''

''ਸਾਨੂੰ ਨਹੀਂ ਲੱਗਦਾ ਕਿ ਕਿਸਾਨ ਅੰਦੋਲਨ ਦਾ ਕੋਈ ਮਾੜਾ ਪ੍ਰਭਾਵ ਚੋਣ ਨਤੀਜਿਆਂ ਉੱਤੇ ਹੋਵੇਗਾ।''

ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਹਲਕੇ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਨੇ ਇਸ਼ਾਰਾ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਆਉਣ ਮਗਰੋਂ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਵੀ ਗੱਠਜੋੜ ਸੰਭਵ ਹੈ। ਉਨ੍ਹਾਂ ਕਿਹਾ ਕਿ ਜਨਤਾ 'ਤੇ ਵਾਰ ਵਾਰ ਚੋਣਾਂ ਦਾ ਬੋਝ ਪਾਉਣ ਤੋਂ ਬਿਹਤਰ ਹੈ ਕਿ ਮਜ਼ਬੂਤ ਸਰਕਾਰ ਉਸਾਰੀ ਜਾਵੇ।ਕਾਲੀਆ ਦਾਅਵਾ ਕਰ ਰਹੇ ਹਨ ਕਿ ਵੋਟਾਂ ਦੀ ਗਿਣਤੀ ਪਿੱਛੋਂ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਤਬਦੀਲੀ ਤੇ ਸੂਬੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਹਨ, ਤੋਂ ਸਪੱਸ਼ਟ ਹੈ ਕਿ ਉਹ ਭਾਜਪਾ ਦੇ ਨਾਲ ਸਨ।

 ਸਿਆਸੀ ਮਾਹਿਰਾਂ ਅਨੁਸਾਰ ਵੋਟ ਪ੍ਰਤੀਸ਼ਤ ਦਾ ਘਟਣਾ ਹਮੇਸ਼ਾ ਹੁਕਮਰਾਨ ਪਾਰਟੀ ਕਾਂਂਗਰਸ ਲਈ ਨੁਕਸਾਨਦੇਹ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਰਾਜ ਦੇ ਸ਼ਹਿਰੀ ਖੇਤਰਾਂ ਵਿਚ ਵੋਟਾਂ ਲਈ ਘੱਟ ਉਤਸ਼ਾਹ ਅਤੇ ਵੋਟ ਪ੍ਰਤੀਸ਼ਤ ਘੱਟ ਹੋਣਾ ਕਿਸ ਪਾਰਟੀ ਲਈ ਨੁਕਸਾਨਦੇਹ ਹੋਵੇਗਾ, ਇਹ ਵੀ ਬੁਝਾਰਤ ਬਣਿਆ ਹੋਇਆ ਹੈ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਕਾਡਰ ਆਧਾਰਿਤ ਪਾਰਟੀਆਂ ਦਾ ਵੋਟ ਆਮ ਤੌਰ 'ਤੇ ਭੁਗਤ ਜਾਂਦਾ ਹੈ ਪਰ ਵੋਟਾਂ ਲਈ ਉਤਸ਼ਾਹਿਤ ਨਾ ਹੋਣ ਵਾਲੇ ਵੋਟਰ ਆਮ ਤੌਰ 'ਤੇ ਉਹ ਜਜ਼ਬਾਤੀ ਲੋਕ ਹੁੰਦੇ ਹਨ, ਜੋ ਮੌਜੂਦਾ ਢਾਂਚੇ ਤੋਂ ਨਿਰਾਸ਼ ਹੋਣ ਪਰ ਸੂਬੇ ਦਾ ਮਾਲਵਾ ਖੇਤਰ, ਜਿਸ ਵਿਚ ਸਭ ਤੋਂ ਵੱਧ 69 ਸੀਟਾਂ ਹਨ, ਦੀਆਂ ਕਾਫ਼ੀ ਸੀਟਾਂ 'ਤੇ ਆਮ ਨਾਲੋਂ ਕਾਫ਼ੀ ਜ਼ਿਆਦਾ ਵੋਟ ਪਈ ਹੈ, ਜਿਥੇ ਕਿ ਆਮ ਆਦਮੀ ਪਾਰਟੀ ਦੀ ਲਹਿਰ ਸਮਝੀ ਜਾ ਰਹੀ ਸੀ ਅਤੇ ਡੇਰਿਆਂ ਦੀ ਵੋਟ ਦਾ ਵੀ ਜ਼ੋਰ ਸੀ। ਗਿੱਦੜਬਾਹਾ, ਜਿਥੇ ਸਭ ਤੋਂ ਵੱਧ 84.93 ਪ੍ਰਤੀਸ਼ਤ ਵੋਟ ਪਿਆ ਤੇ ਤਲਵੰਡੀ ਸਾਬੋ ਜਿਥੇ 83.70 ਪ੍ਰਤੀਸ਼ਤ ਤੇ ਸਰਦੂਲਗੜ ਜਿਥੇ 83.64 ਪ੍ਰਤੀਸ਼ਤ ਵੋਟ ਪਿਆ, ਸਾਰੇ ਮਾਲਵਾ ਖੇਤਰ ਤੋਂ ਹਨ ਕਿਉਂਕਿ ਇਸ ਖੇਤਰ ਵਿਚ ਆਪ ਪਾਰਟੀ ਦਾ ਵੀ ਜ਼ੋਰ ਸੀ ਤੇ ਡੇਰਾ ਵੋਟ ਕਾਰਨ ਵੀ ਪ੍ਰਤੀਸ਼ਤ ਵਧਿਆ ਹੋ ਸਕਦਾ ਹੈ, ਦੇ ਨਤੀਜੇ ਕਾਫ਼ੀ ਹੈਰਾਨੀਜਨਕ ਵੀ ਹੋ ਸਕਦੇ ਹਨ।ਅਕਾਲੀ ਦਲ, ਜਿਸ ਨੂੰ ਡੇਰਾ ਵੋਟ ਮਿਲਣ ਅਤੇ ਪਾਰਟੀ ਵਲੋਂ ਇਸ ਚੋਣ ਦੌਰਾਨ ਕਾਫ਼ੀ ਮਿਹਨਤ ਕੀਤੇ ਜਾਣ ਕਾਰਨ ਪਾਰਟੀ ਦੀਆਂ ਸੀਟਾਂ ਮਗਰਲੀ ਵਾਰ ਨਾਲੋਂ ਕਾਫ਼ੀ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਸੰਬੰਧੀ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਕੀ ਪਾਰਟੀ ਬਹੁਮਤ ਪ੍ਰਾਪਤ ਕਰਨ ਦੇ ਨੇੜੇ-ਤੇੜੇ ਪਹੁੰਚ ਸਕੇਗੀ। ਸਿਆਸੀ ਹਲਕਿਆਂ ਵਲੋਂ ਅਜਿਹੀ ਚਿੰਤਾ ਆਪ ਪਾਰਟੀ ਪ੍ਰਤੀ ਵੀ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਅਗਰ ਉਹ ਵੀ ਬਹੁਮਤ ਤੋਂ ਪਿੱਛੇ ਰਹਿੰਦੀ ਹੈ ਤਾਂ ਉਸ ਨਾਲ ਕਿਸੇ ਹੋਰ ਸਿਆਸੀ ਧਿਰ ਦਾ ਜੁੜਨਾ ਮੁਸ਼ਕਿਲ ਹੈ ਕਿਉਂਕਿ ਦੂਜੀਆਂ ਸਾਰੀਆਂ ਸਿਆਸੀ ਧਿਰਾਂ 'ਆਪ' ਨੂੰ ਅਛੂਤ ਸਮਝ ਰਹੀਆਂ ਹਨ। ਹੁਕਮਰਾਨ ਪਾਰਟੀ ਕਾਂਗਰਸ ਸੰਬੰਧੀ ਵੀ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਉਹ ਆਪਣੇ ਸਾਢੇ ਚਾਰ ਸਾਲ ਦੇ ਮਾੜੇ ਪ੍ਰਸ਼ਾਸਨ ਦੀ ਬਦਨਾਮੀ ਵਿਚੋਂ ਨਹੀਂ ਨਿਕਲ ਸਕੀ ਤੇ ਪਾਰਟੀ ਵਿਚਲੀ ਅਨੁਸ਼ਾਸਨਹੀਣਤਾ ਦਾ ਨੁਕਸਾਨ ਉਸ ਨੂੰ ਵੀ ਉਠਾਉਣਾ ਪਵੇਗਾ। ਇਸੇ ਤਰ੍ਹਾਂ ਭਾਜਪਾ, ਜਿਸ ਵਲੋਂ ਪਹਿਲੀ ਵਾਰ ਸੂਬੇ ਵਿਚ ਜ਼ੋਰਦਾਰ ਮੁਹਿੰਮ ਚਲਾਈ ਗਈ ਤੇ ਸੀਟਾਂ ਵੀ ਵੱਧ ਲੜੀਆਂ ਗਈਆਂ, ਨੂੰ ਇਸ ਵਾਰ ਸੀਟਾਂ ਵੀ ਵੱਧ ਮਿਲਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਤੇ ਪਾਰਟੀ ਗੱਠਜੋੜ ਦਰਜਨ ਸੀਟਾਂ ਦੇ ਅੰਕੜੇ ਤੱਕ ਪੁੱਜ ਸਕਦਾ ਹੈ ਪਰ ਸ਼ਹਿਰੀ ਖੇਤਰਾਂ ਵਿਚਲਾ ਘੱਟ ਵੋਟ ਪ੍ਰਤੀਸ਼ਤ, ਜਿਸ ਅਨੁਸਾਰ ਸਭ ਤੋਂ ਘੱਟ ਵੋਟ 55.40 ਪ੍ਰਤੀਸ਼ਤ ਅੰਮ੍ਰਿਤਸਰ (ਪੱਛਮੀ), 59.04 ਲੁਧਿਆਣਾ (ਪੂਰਬੀ) ਤੇ 59.19 ਅੰਮ੍ਰਿਤਸਰ (ਕੇਂਦਰੀ) ਤੋਂ ਰਿਪੋਰਟ ਹੋਇਆ, ਇਸ ਦਾ ਅਸਰ ਕਿਸ 'ਤੇ ਪਵੇਗਾ, ਇਹ ਕਿਸੇ ਨੂੰ ਵੀ ਸਪਸ਼ਟ ਨਹੀਂ ਹੋ ਸਕਿਆ। ਮਾਲਵਾ ਅਤੇ ਦੁਆਬਾ ਦੇ ਦਿਹਾਤੀ ਖੇਤਰਾਂ ਵਿਚ ਵੋਟ ਪ੍ਰਤੀਸ਼ਤ ਭਾਵੇਂ ਬਹੁਤਾ ਘੱਟ ਨਹੀਂ ਰਿਹਾ ਪਰ ਸਮਝਿਆ ਜਾ ਰਿਹਾ ਹੈ ਕਿ ਇਸ ਖੇਤਰ ਵਿਚ 'ਆਪ' ਵਲੋਂ ਕੁਝ ਚੋਣਵੀਆਂ ਸੀਟਾਂ 'ਤੇ ਜ਼ਿਆਦਾ ਜ਼ੋਰ ਲਗਾਇਆ ਗਿਆ, ਜਦੋਂ ਕਿ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਇਨ੍ਹਾਂ ਖੇਤਰਾਂ ਵਿਚੋਂ ਭਰਵਾਂ ਹੁੰਗਾਰਾ ਮਿਲਿਆ ਸੀ, ਜੋ ਇਸ ਵਾਰ ਮੱਠਾ ਸੀ ਤੇ ਅਕਾਲੀ ਦਲ ਕਾਫ਼ੀ ਸੀਟਾਂ 'ਤੇ ਜ਼ੋਰਦਾਰ ਟੱਕਰ ਵਿਚ ਸੀ।

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ