ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ’ਤੇ ਯੂਪੀ ਵਿੱਚ ਸਿਆਸੀ ਹਲਚਲ 

ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ’ਤੇ ਯੂਪੀ ਵਿੱਚ ਸਿਆਸੀ ਹਲਚਲ 

*ਬਸਪਾ ਤੇ ਭਾਜਪਾ ਵਲੋਂ ਕਾਂਗਰਸ ਉਪਰ ਤਿਖੇ ਹਮਲੇ 

 * ਕਾਂਗਰਸ ਵੱਲੋਂ ਸੁਰਜੇਵਾਲਾ ਨੇ ਮਾਇਆਵਤੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, " ਮਾਇਆਵਤੀ ਬਾਦਲ ਦਲ ਤੋਂ  ਮੁਖ ਮੰਤਰੀ ਅਹੁਦਾ ਦਲਿਤ ਲਈ ਐਲਾਨ ਕਰਵਾਉਣ

*ਆਜ਼ਾਦੀ ਦੇ 74 ਸਾਲ ਬਾਅਦ ਸੂਬੇ ਵਿੱਚ ਦਲਿਤ ਭਾਈਚਾਰੇ 'ਚੋਂ ਪਹਿਲਾ ਮੁੱਖ ਮੰਤਰੀ ਬਣਿਆ ਚੰਨੀ

ਵਿਸ਼ੇਸ਼ ਰਿਪੋਟ

ਬਘੇਲ ਸਿੰਘ ਧਾਲੀਵਾਲ         

  ਚਰਨਜੀਤ ਸਿੰਘ ਚੰਨੀ ਨੇ ਬੀਤੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਨੂੰ ਕੁਝ ਹੀ ਮਿੰਟ ਹੋਏ ਸਨ ਕਿ ਬਸਪਾ ਹੁਜਨ  ਪ੍ਰਮੁਖ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਚੰਨੀ ਨੂੰ ਵਧਾਈ ਦੇ ਕੇ  ਕਾਂਗਰਸ 'ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ।ਮਾਇਆਵਤੀ ਨੇ ਕਿਹਾ, "ਇਹ ਬਿਹਤਰ ਹੁੰਦਾ ਹੈ ਕਿ ਕਾਂਗਰਸ ਇਨ੍ਹਾਂ ਨੂੰ ਪਹਿਲਾਂ ਹੀ ਪੂਰੇ ਪੰਜ ਸਾਲ ਲਈ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੀ।ਪਰ ਕੁਝ ਹੀ ਸਮੇਂ ਲਈ ਇਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨਾਲ ਇਹ ਲਗਦਾ ਹੈ ਕਿ ਇਹ ਇਨ੍ਹਾਂ ਦਾ  ਚੋਣਾਵੀਂ ਹਥਕੰਡਾ ਹੈ। ਯਾਦ ਰਹੇ ਕਿ ਮਾਇਆਵਤੀ ਦੀ ਬਸਪਾ ਦੀ ਨਜ਼ਰ ਪੰਜਾਬ ਦੇ ਦਲਿਤ ਵੋਟ ਬੈਂਕ 'ਤੇ ਵੀ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਦੀ ਬਸਪਾ ਨੇ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਕੀਤਾ ਹੋਇਆ ਹੈ।ਮਾਇਆਵਤੀ ਦੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਸਪਾ ਅਤੇ ਅਕਾਲੀ ਦਲ ਦੇ ਗਠਜੋੜ ਕਰਕੇ ਹੋਈ ਚਿੰਤਾ ਕਾਰਨ ਬਣਾਇਆ ਹੈ।ਉਸਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਦਲਿਤ ਵਰਗ ਦੇ ਲੋਕ ਵੀ ਇਨ੍ਹਾਂ ਦੇ ਹਥਕੰਡੇ ਦੇ ਬਹਿਕਾਵੇ ਵਿੱਚ ਬਿਲਕੁਲ ਨਹੀਂ ਆਉਣਗੇ।" 

  ਕਾਂਗਰਸ ਦੇ ਇਸ ਫ਼ੈਸਲੇ ਨੂੰ ਲੈ ਕੇ ਭਾਜਪਾ  ਕਹਿ ਚੁੱਕੀ ਹੈ ਕਿ ਦਲਿਤ ਕਾਂਗਰਸ ਲਈ 'ਸਿਆਸੀ ਮੋਹਰਾ' ਹੈ।  ਕਾਂਗਰਸ ਵਲੋਂ ਪੰਜਾਬ ਦੇ ਇਸ ਸਿਆਸੀ ਧਮਾਕੇ ਕਾਰਣ   ਉੱਤਰ ਪ੍ਰਦੇਸ਼ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਨੇ ਪਏ ਜਿਨ੍ਹਾਂ ਵਿੱਚ ਕੇਂਦਰ ਅਤੇ ਪ੍ਰਦੇਸ਼ ਦੀ ਭਾਜਪਾ ਸਰਕਾਰਾਂ ਦੇ 'ਦਲਿਤਾਂ ਦੇ ਹਿਤ' ਵਿੱਚ ਕੀਤੇ ਕੰਮ ਗਿਣਵਾਏ ਗਏ।

ਪੰਜਾਬ ਦੇ ਪਹਿਲੇ ਦਲਿਤ ਭਾਈਚਾਰੇ ’ਚੋਂ ਮੁੱਖ ਮੰਤਰੀ

ਚੰਨੀ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ। ਕਾਂਗਰਸ ਦੇ ਆਗੂਆਂ ਮੁਤਾਬਕ ਉਨ੍ਹਾਂ ਦਾ 'ਦਲਿਤ ਹੋਣਾ, ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਕਾਰਨ ਸਾਬਿਤ ਹੋਇਆ।'ਪੰਜਾਬ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿੱਚ ਚੰਨੀ ਦਾ ਮੌਜੂਦਾ ਕਾਰਜ ਕਾਲ ਕੁਝ ਹੀ ਮਹੀਨਿਆਂ ਦਾ ਰਹੇਗਾ। ਕਾਂਗਰਸ ਦੇ ਇਸ ਰਾਜਨੀਤਕ ਕਦਮ ਨਾਲ ਪੂਰੇ ਭਾਰਤ ਵਿਚ ਸਿਆਸੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ।ਇਹੀ ਕਾਰਣ ਹੈ ਕਿ ਇਹ ਸਿਆਸੀ ਹਲਚਲ ਮਚੀ ਹੋਈ ਹੈ।ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂਂ ਅਸਤੀਫਾ ਦਿੱਤਾ, ਉਦੋਂ ਜਿਨ੍ਹਾਂ ਕਾਂਗਰਸੀ ਨੇਤਾਵਾਂ ਦੇ ਨਾਮ ਸੰਭਾਵੀ ਮੁੱਖ ਮੰਤਰੀ ਵਜੋਂ ਚਰਚਾ ਵਿੱਚ ਸਨ, ਉਨ੍ਹਾਂ ਵਿੱਚ ਚੰਨੀ ਦਾ ਨਾਮ ਸ਼ਾਮਿਲ ਨਹੀਂ ਸੀ। ਐਤਵਾਰ ਦੁਪਹਿਰ ਤੱਕ ਉਨ੍ਹਾਂ ਦੇ ਨੇਤਾ ਚੁਣੇ ਜਾਣ ਬਾਰੇ ਕੋਈ ਚਰਚਾ ਨਹੀਂ ਸੀ।ਪਰ, ਚੰਨੀ ਦੇ ਨਾਮ ਦਾ ਐਲਾਨ ਹੋਇਆ ਤਾਂ ਕਾਂਗਰਸ ਦੇ ਨੇਤਾ ਹਾਈਕਮਾਂਡ ਦੀ ਸਿਆਸੀ ਪਾਲਿਸੀ ਅਨੁਸਾਰ ਜ਼ੋਰ-ਸ਼ੋਰ ਨਾਲ ਇਹ ਦੱਸਣ ਲੱਗੇ ਕਿ ਉਹ ਪੰਜਾਬ ਦੇ ਪਹਿਲੇ 'ਦਲਿਤ ਭਾਈਚਾਰੇ ’ਚੋਂ ਮੁੱਖ ਮੰਤਰੀ' ਹੋਣਗੇ।ਕਾਂਗਰਸ ਦੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨੂੰ ਕਿਹਾ, "ਪੰਜਾਬ ਵਿੱਚ ਐੱਸਸੀ ਦਲਿਤ ਆਬਾਦੀ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਹੈ।  ਕਰੀਬ 33 ਫੀਸਦ, ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਹੈ, ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਅੱਜ ਤੱਕ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਹੈ। ਕਾਂਗਰਸ ਦੇ ਇਸ ਕਦਮ ਨਾਲ ਬਾਦਲ ਦਲ, ਭਾਜਪਾ ਤੇ ਬਸਪਾ ਨੂੰ ਵਡਾ ਸਿਆਸੀ ਨੁਕਸਾਨ ਹੋਵੇਗਾ।     

               ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬੀ ਦਲਿਤ ਮੂਲ ਦੇ ਸਿਖ ਹੋਣ ਕਾਰਣ ਚੰਨੀ ਸਿਆਸਤ ਦਾ ਸਰਵ ਪ੍ਰਵਾਨਿਤ ਨੇਤਾ ਬਣ ਸਕਦਾ ਹੈ।ਇਹ ਤਾਂ ਹੀ ਸੰਭਵ ਹੈ ਕਿ ਕਾਗਰਸ ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਨਸ਼ਿਆਂ ਤੇ ਪੰਜਾਬ ਦੇ ਚੋਣ ਮੁਦੇ ਹਲ ਕਰੇ।ਦਲਿਤ ਆਧਾਰ ਕਾਂਗਰਸ ਲਈ ਸੱਤਾ ਦਾ ਰਸਤਾ ਤਿਆਰ ਕਰਦਾ ਸੀ, ਇਸ ਵਾਰ ਵੀ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਅੱਗੇ ਕਰਦਿਆਂ ਹੋਇਆਂ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਪੁਰਾਣੇ ਫਾਰਮੂਲੇ ਨੂੰ ਅਜਮਾਉਣ ਦੀ ਕੋਸ਼ਿਸ਼ ਵਿੱਚ ਹੈ। ਪ੍ਰਿਅੰਕਾ ਗਾਂਧੀ ਵਾਡਰਾ ਨੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਵੀ ਇਹ ਸਮੀਕਰਨ ਸਾਧਣ ਦੀ ਕੋਸ਼ਿਸ਼ ਕੀਤੀ ਸੀ। ਬਸਪਾ ਤੇ ਭਾਜਪਾ ਨੂੰ ਚੁਣੋਤੀ ਦੇਣ ਲਈ ਭੀਮ ਆਰਮੀ ਦੇ ਚੰਦਰਸ਼ੇਖ਼ਰ ਆਜ਼ਾਦ ਰਾਵਣ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਇਸੇ ਕੋਸ਼ਿਸ਼ ਦਾ ਹਿੱਸਾ ਮੰਨਿਆ ਗਿਆ ਸੀ। ਹਾਲਾਕਿ, ਉਦੋਂ ਕਾਂਗਰਸ ਕੋਈ ਕਮਾਲ ਕਰਨ ਵਿੱਚ ਸਫ਼ਲ ਨਹੀਂ ਰਹੀ ਸੀ।ਉੱਤਰ ਪ੍ਰਦੇਸ਼ ਵਿੱਚ ਵਿਰੋਧੀ ਦਲ ਕਾਂਗਰਸ ਨੂੰ ਹੁਣ ਤੱਕ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ ਪਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਸਰਕਾਰ ਦਾ ਮੁਖੀ ਬਣਾ ਕੇ ਕਾਂਗਰਸ ਨੇ ਦੋਵਾਂ ਪ੍ਰਦੇਸ਼ਾਂ (ਪੰਜਾਬ ਅਤੇ ਉੱਤਰ ਪ੍ਰਦੇਸ਼) ਵਿੱਚ ਸਿਆਸੀ ਬਹਿਸ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਜਾਣਕਾਰਾਂ ਦੀ ਰਾਇ ਵਿੱਚ ਆਂਤਰਿਕ ਗੁਟਬਾਜ਼ੀ ਤੋਂ ਬਾਅਦ ਵੀ ਕਾਂਗਰਸ ਫਿਲਹਾਲ ਪੰਜਾਬ ਵਿੱਚ ਸਭ ਤੋਂ ਵੱਡੀ ਤਾਕਤ ਵਜੋਂ ਦੇਖੀ ਜਾ ਰਹੀ ਹੈ।ਜੇਕਰ ਚੰਨੀ ਦੇ ਹਿੱਸੇ ਥੋੜ੍ਹੀ ਵੀ ਸਫ਼ਲਤਾ ਆਈ ਤਾਂ ਉਹ ਦਲਿਤ ਜਿਹਰੇ ਵਜੋਂ ਦੂਜੇ ਸੂਬਿਆਂ ਵਿੱਚ ਵੀ ਪਾਰਟੀ ਦਾ ਗਰਾਫ ਉੱਚਾ ਕਰ ਸਕਦੇ ਹਨ।ਕਾਂਗਰਸ ਨੇਤਾ ਤੇ ਮੀਡੀਆ ਜਿਵੇਂ ਐਤਵਾਰ ਸ਼ਾਮੀਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਤੋਂ ਜ਼ਿਆਦਾ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦਲਿਤ ਭਾਈਚਾਰੇ ਨਾਲ ਜੁੜੀਆਂ ਹੋਣ ਦੀਆਂ ਚਰਚਾਵਾਂ ਕਰ ਰਹੇ ਹਨ, ਉਸ ਤੋਂ ਇਹੀ ਸੰਕੇਤ ਮਿਲ ਰਿਹਾ ਹੈ।

ਕਾਂਗਰਸ ਵਿਚ ਰਾਵਤ ਦੇ ਬਿਆਨ ਉਪਰ ਹਲਚਲ

 ਮੀਡੀਆ ਰਿਪੋਰਟਾਂ ਮੁਤਾਬਕ ਚੰਨੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ, ਅਗਲੀਆਂ ਵਿਧਾਨ ਸਭਾ ਚੋਣਾਂ "ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ, ਸਿੱਧੂ ਬੇਹੱਦ ਲੋਕਪ੍ਰਿਯ ਹਨ।"ਇਸ ਬਿਆਨ 'ਤੇ ਕਾਂਗਰਸ ਵਿੱਚ ਵੀ ਸਵਾਲ ਉੱਠੇ। ਮੁੱਖ ਮੰਤਰੀ ਅਹੁਦੇ ਦੀ ਰੇਸ ਵਿੱਚ ਸ਼ਾਮਿਲ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਬਿਆਨ 'ਸੀਐੱਮ ਦੀ ਤਾਕਤ ਨੂੰ ਘੱਟ ਦਰਸਾਉਣ ਵਾਲਾ ਹੈ।'ਮਾਇਆਵਤੀ ਨੇ ਵੀ ਸਵਾਲ ਚੁੱਕਣ ਵਿੱਚ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ, "ਮੀਡੀਆ ਰਾਹੀਂ ਅੱਜ ਹੀ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਇਨ੍ਹਾਂ ਦੀ ਅਗਵਾਈ ਵਿੱਚ ਨਹੀਂ ਬਲਕਿ ਗ਼ੈਰ-ਦਲਿਤ ਆਗੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਦਾ ਦਲਿਤਾਂ 'ਤੇ ਅਜੇ ਤੱਕ ਪੂਰਾ ਭਰੋਸਾ ਨਹੀਂ ਬਣਿਆ ਹੈ।"ਉੱਥੇ ਭਾਜਪਾ ਨੇਤਾ ਭਾਜਪਾ ਆਈਟੀ ਸੈੱਲ ਦੇ ਕੌਮੀ ਇੰਚਾਰਜ ਅਮਿਤ ਮਾਲਵੀਆ ਨੇ ਚੰਨੀ ਦੀ ਚੋਣ ਦਾ ਜ਼ਿਕਰ ਕਰਦਿਆਂ ਕਾਂਗਰਸ 'ਤੇ ਨਿਸ਼ਾਨਾ ਲਾਇਆ। ਮਾਲਵੀਆ ਨੇ ਟਵਿੱਟਰ 'ਤੇ ਲਿਖਿਆ, "ਕਾਂਗਰਸ ਦੀ ਚਲਾਕੀ ਵਾਲੀ ਸਿਆਸਤ ਵਿੱਚ ਦਲਿਤ ਹੁਣ ਸਿਰਫ਼ ਸਿਆਸੀ ਮੋਹਰੇ ਹਨ। ਉਹ ਦਾਅਵਾ ਕਰਦੇ ਹਨ ਉਨ੍ਹਾਂ ਨੇ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਨੂੰ ਸਿਰਫ਼ ਨਾਈਟ ਵਾਚਮੈਨ ਵਾਂਗ ਉਤਾਰਿਆ ਗਿਆ ਹੈ, ਜਦੋਂ ਤੱਕ ਗਾਂਧੀ ਪਰਿਵਾਰ ਦੇ ਵਫ਼ਾਦਾਰ ਸਿੱਧੂ ਸੱਤਾ ਨਾ ਸਾਂਭ ਲੈਣ। "