ਸੰਸਦੀ ਚੋਣਾਂ ’ਚ ਤੀਜੀ ਵਾਰ ਜਿਤਿਆ ਟਰੂਡੋ  * ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’

ਸੰਸਦੀ ਚੋਣਾਂ ’ਚ ਤੀਜੀ ਵਾਰ ਜਿਤਿਆ ਟਰੂਡੋ  * ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’

*ਬਹੁਮਤ ਨਾ ਮਿਲਣ ਦੇ ਬਾਵਜੂਦ ਕੈਨੇਡਾ ’ਚ ਟਰੂਡੋ ਮੁੜ ਬਣਾਉਣਗੇ ਸਰਕਾਰ, ਜਗਮੀਤ ਸਿੰਘ ਬਣਨਗੇ ‘ਕਿੰਗ ਮੇਕਰ’

 *ਕੈਨੇਡਾ ਚੋਣਾਂ ’ਚ 17 ਇੰਡੋ ਕੈਨੇਡੀਅਨਾਂ ਨੇ ਜਿੱਤ ਦਰਜ ਕੀਤੀ, ਬਹੁਤੇ ਪੰਜਾਬੀ 

ਅੰਮ੍ਰਿਤਸਰ ਟਾਈਮਜ਼

ਟੋਰਾਂਟੋ  : ਕੈਨੇਡਾ ਦੇ ਲੋਕਾਂ ਨੇ ਬੀਤੇ  ਸੋਮਵਾਰ ਨੂੰ ਸੰਸਦੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਦਿਵਾਈ ਹੈ ਪਰ ਜ਼ਿਆਦਾ ਸੀਟਾਂ ’ਤੇ ਵੱਡੀ ਜਿੱਤ ਦੀ ਉਨ੍ਹਾਂ ਦੀ ਮੰਸ਼ਾ ਪੂਰੀ ਨਹੀਂ ਹੋ ਸਕੀ ਹੈ। ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ।ਟਰੂਡੋ ਨੇ ਇਕ ਟਵੀਟ ਕੀਤਾ, ‘ਥੈਂਕ ਯੂ ਕੈਨੇਡਾ, ਆਪਣੀ ਵੋਟ ਪਾਉਣ ਲਈ, ਲਿਬਰਲ ਪਾਰਟੀ ’ਤੇ ਭਰੋਸਾ ਰੱਖਣ ਲਈ, ਇਕ ਉਜਵਲ ਭਵਿੱਖ ਦੀ ਚੋਣ ਲਈ। ਅਸੀਂ ਕੋਵਿਡ ਖ਼ਿਲਾਫ਼ ਲੜਾਈ ਖ਼ਤਮ ਕਰਨ ਜਾ ਰਹੇ ਹਾਂ ਅਤੇ ਕੈਨੇਡਾ ਨੂੰ ਅੱਗੇ ਵਧਾਉਣ ਜਾ ਰਹੇ ਹਾਂ।’ਦੱਸ ਦੇਈਏ ਕਿ ਟਰੂਡੋ ਨੇ 2015 ਦੀਆਂ ਚੋਣਾਂ ਵਿਚ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਪ੍ਰਸਿੱਧੀ ਦਾ ਸਹਾਰਾ ਲਿਆ ਅਤੇ ਚੋਣਾ ਵਿਚ ਜਿੱਤ ਹਾਸਲ ਕੀਤੀ ਸੀ। ਫਿਰ ਪਾਰਟੀ ਦੀ ਅਗਵਾਈ ਕਰਦੇ ਹੋਏ ਪਿਛਲੇ 2 ਵਾਰ ਦੀਆਂ ਚੋਣਾਂ ਵਿਚ ਉਨ੍ਹਾਂ ਨੇ ਆਪਣੇ ਦਮ ’ਤੇ ਪਾਰਟੀ ਨੂੰ ਜਿੱਤ ਦਿਵਾਈ। 

 ਜਗਮੀਤ ਸਿੰਘ ਬਣਨਗੇ ‘ਕਿੰਗ ਮੇਕਰ’

ਕੈਨੇਡਾ ’ਚ ਜਸਟਿਨ ਟਰੂਡੋ ਦੀ ਦੁਬਾਰਾ ਸਰਕਾਰ ਬਣੇਗੀ ਪਰ ਇਹ ਘੱਟਗਿਣਤੀ ਹੋਵੇਗੀ,ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ’ਚ ਲਿਬਰਲ ਪਾਰਟੀ ਨੂੰ ਕੁੱਲ 338 ਵਿਚੋਂ 156 ਸੀਟਾਂ ਮਿਲੀਆਂ ਹਨ| ਚੋਣਾਂ ਦਾ ਨਤੀਜਾ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਹੈ| ਸਾਲ 2019 ਵਿਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਮਿਲੀਆਂ ਸਨ| ਹਾਊਸ ਆਫ਼ ਕਾਮਨਜ਼ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੈ। ਟਰੁਡੋ ਬਹੁਮਤ ਤੋਂ 14 ਸੀਟਾਂ ਪਛੜ ਗਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਮੁੜ ਕਿੰਗ ਮੇਕਰ ਬਣੇਗੀ। ਇਸ ਪਾਰਟੀ ਨੇ ਇਸ ਵਾਰ ਆਪਣੀਆਂ ਸੀਟਾਂ 24 ਤੋਂ ਵਧਾ ਕੇ 27 ਕਰ ਲਈਆਂ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਤੇ ਪਿਛਲੀ ਵਾਰ ਵੀ ਐਨੀਆਂ ਹੀ ਸੀਟਾਂ ਜਿੱਤੀਆਂ ਸਨ

ਪੰਜਾਬੀਆਂ ਦੀ ਬਲੇ ਬਲੇ

ਕੈਨੇਡਾ ਸੰਸਦ ਚੋਣਾਂ ਵਿੱਚ 17 ਇੰਡੋ-ਕੈਨੇਡੀਅਨਾਂ ਨੂੰ ਜਿੱਤ ਮਿਲੀ ਹੈ।17 ਇੰਡੋ-ਕੈਨੇਡੀਅਨ ਜੇਤੂਆਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਨੀਤਾ ਆਨੰਦ ਸ਼ਾਮਲ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾ ਕੇ ਮੁੜ ਜਿੱਤ ਪ੍ਰਾਪਤ ਕੀਤੀ। ਚੱਗ ਨੇ ਆਪਣੀ ਵਾਟਰਲੂ ਸੀਟ ਵੀ ਬਰਕਰਾਰ ਰੱਖੀ ਤੇ ਆਨੰਦ ਨੇ ਓਕਵਿਲੇ ਸੀਟ ਹੱਥੋਂ ਨਹੀਂ ਜਾਣ ਦਿੱਤੀ।ਐੱਨਡੀਪੀ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬਰਨਬੀ ਸਾਊਥ ਸੀਟ ਆਪਣੇ ਕੋਲ ਰੱਖੀ। ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮਪੀ ਸੁਖ ਧਾਲੀਵਾਲ ਨੇ ਐੱਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ।ਦੋ ਵਾਰ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਐੱਨਡੀਪੀ ਦੀ ਸੋਨੀਆ ਅੰਧੀ ਨੂੰ ਹਰਾ ਕੇ ਸਰੀ ਸੈਂਟਰ ਸੀਟ ਜਿੱਤੀ। ਕਿਊਬੈਕ ਵਿੱਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਆਪਣੀ ਡੋਰਵਾਲ-ਲੈਚਿਨ-ਲਾਸਲੇ ਸੀਟ ਬਰਕਰਾਰ ਰੱਖੀ। ਉੱਪਲ ਕੰਜ਼ਰਵੇਟਿਵ ਪਾਰਟੀ ਲਈ ਐਡਮੰਟਨ ਮਿੱਲ ਵੁਡਸ ਸੀਟ ਤੋਂ ਮੁੜ ਜਿੱਤ ਗਏ। ਓਂਟਾਰੀਓ ਵਿੱਚ ਬਰੈਂਪਟਨ ਵਿੱਚੋਂ ਚਾਰ ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖੇੜਾ ਜਿੱਤ ਗਏ।ਇਸ ਸਾਰੇ ਲਿਬਰਲ ਪਾਰਟੀ ਨਾਲ ਸਬੰਧਤ ਹਨ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿੱਚ ਨੇਪੀਅਨ ਸੀਟ ਬਰਕਰਾਰ ਰੱਖੀ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਹੋਣਗੇ।ਜਲੰਧਰ ਜ਼ਿਲ੍ਹੇ ਦੇ ਕਸਬੇ ਮਲਸੀਆ ਦੇ ਨਰਿੰਦਰ ਸਿੰਘ ਸਿੱਧੂ ਦਾ ਪੁੱਤਰ ਮਨਿੰਦਰ ਸਿੱਧੂ ਬਰੈਂਪਟਨ ਈਸਟ ਤੋਂ ਦੂਜੀ ਵਾਰ ਐੱਮਪੀ ਬਣਿਆ ਹੈ। ਮਲਸੀਆ ਪਿੰਡ ਦੇ ਲੋਕਾਂ ਨੇ ਇਸ ਨੂੰ ਬਹੁਤ ਮਾਣ ਵਾਲੀ ਗੱਲ ਦੱਸਿਆ ਹੈ ਤੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਅਲਬਰਟਾ ਸੂਬੇ ਦੇ ਸੰਸਦੀ ਹਲਕੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਉਮੀਦਵਾਰ ਜਾਰਜ ਚਾਹਲ ਜਿੱਤ ਗਿਆ ਹੈ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ