ਲੋਕਤੰਤਰੀ ਦੇਸ਼ ਵਿਚ ਹੱਕਾਂ ਦੀ ਜੰਗ ਜਾਰੀ

ਲੋਕਤੰਤਰੀ ਦੇਸ਼ ਵਿਚ ਹੱਕਾਂ ਦੀ ਜੰਗ ਜਾਰੀ

ਸਰਬਜੀਤ ਕੌਰ 'ਸਰਬ'
ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹੋਏ ਵੀ ਸਾਨੂੰ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲਣਗੀਆਂ, ਇਹ ਕਦੇ ਵੀ ਸਾਡੀ ਸੋਚ ਦਾ ਭਾਗ ਨਹੀਂ ਸੀ। ਜਿਸ ਵਿੱਚ ਆਪਣਾ ਹੱਕ ਮੰਗਦਾ ਹੋਇਆ ਆਮ ਇਨਸਾਨ ਇਸ ਤਰ੍ਹਾਂ ਸੜਕਾਂ ਤੇ ਰੁਲੇਂਗਾ , ਇਵੇਂ ਦਾ ਕਦੇ ਅਸੀਂ ਆਪਣੇ ਇਤਿਹਾਸ ਵਿੱਚ ਵੀ ਨਹੀਂ ਪੜ੍ਹਿਆ ਸੀ, ਮੰਨਦੇ ਅੰਦੋਲਨ ਹੋਏ, ਵੱਡੇ ਮੋਰਚੇ ਵੀ ਲੱਗੇ ਪਰ ਘਰੋਂ ਬਾਹਰ ਸਾਰਾ ਪਰਿਵਾਰ ਸਾਰੀ ਕੌਮ ਇਸ ਤਰ੍ਹਾਂ ਸੜਕਾਂ 'ਤੇ ਬੈਠੇ ਗੀ ਇਸ ਪੱਖੋਂ ਅਨਜਾਣ ਸੀ। ਕਿਹਾ ਜਾਂਦਾ ਹੈ ਕਿ, ਸਮੇਂ ਦੇ ਹਾਲਾਤ ਹੀ ਇਤਿਹਾਸ ਬਣਦੇ ਹਨ, ਅਜੋਕੇ ਸਮੇਂ ਵਿੱਚ ਜੋ ਇਤਿਹਾਸ ਬਣ ਰਿਹਾ ਹੈ ਇਸ ਵਿਚ ਤਾਨਾਸ਼ਾਹੀ ਦੀ ਤਸਵੀਰ ਸਾਡੇ ਸਾਹਮਣੇ ਬਣ ਰਹੀ ਹੈ । ਜਿਸ ਵਿੱਚ ਆਮ ਲੋਕਾਂ ਨੂੰ ਇਕ ਦੂਜੇ ਨਾਲ ਸਿਆਸਤੀ ਢੰਗ ਦੇ ਰਾਹੀਂ ਭੜਕਾਇਆ ਜਾ ਰਿਹਾ ਹੈ, ਪਰ ਫਿਰ ਵੀ ਇਸ ਦੇ ਬਾਵਜੂਦ ਆਮ ਇਨਸਾਨ ਦਾ ਇਕੱਠ ਕਿਸਾਨੀ ਸੰਘਰਸ਼ ਨੂੰ ਸਿਖਰ ਉੱਤੇ ਲੈ ਕੇ ਜਾ ਰਿਹਾ ਹੈ। ਸਰਕਾਰੀ ਮੀਡੀਆ ਬੇਸ਼ਕ ਇਸ ਅੰਦੋਲਨ ਨੂੰ ਠੰਡਾ ਦੱਸ ਰਿਹਾ ਹੈ, ਪਰ ਅਸਲੀਅਤ  ਇਸ ਤੋਂ ਉਲਟ ਹੈ। ਦਿਨ ਪ੍ਰਤੀ ਦਿਨ  ਕਿਸਾਨੀ ਮੋਰਚੇ ਦੇ ਆਗੂ  ਇਸ ਅੰਦੋਲਨ ਨੂੰ ਚੜ੍ਹਦੀ ਕਲਾ ਵਿੱਚ ਰੱਖ ਰਹੇ ਹਨ। ਨੌਜਵਾਨਾਂ ਦਾ ਸਾਥ ਇਸ ਮੋਰਚੇ ਨੂੰ ਫਤਿਹ ਕਰਨ ਵਿੱਚ ਦਿਨ ਰਾਤ ਇੱਕ ਕਰ ਰਿਹਾ ਹੈ, ਔਰਤਾਂ ਅਤੇ ਬੱਚੇ  26 ਜਨਵਰੀ ਦੀ ਘਟਨਾ ਤੋਂ ਬਾਅਦ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੀ ਇਹ ਤਸਵੀਰ  ਸਮੇਂ ਦੇ ਹਾਲਾਤ ਵੀ ਬਿਆਨ ਕਰ ਰਹੀ ਹੈ। ਸੰਸਾਰ ਭਰ ਵਿੱਚ  ਕਿਸਾਨੀ ਅੰਦੋਲਨ ਨੂੰ  ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਦੱਸਿਆ ਜਾ ਰਿਹਾ ਹੈ  ਬੇਸ਼ੱਕ ਸਾਡੇ ਸਿਆਸਤੀ ਲੀਡਰਾਂ ਦੀ ਰਾਇ ਕਿਸਾਨੀ ਪੱਖ ਵਿੱਚ ਨਹੀਂ ਹੈ ਪਰ ਪੂਰੀ ਦੁਨੀਆਂ  ਇਸ ਕਿਸਾਨੀ ਮੋਰਚੇ ਦਾ ਸਮਰਥਨ ਕਰ ਰਹੀ ਹੈ। ਅਜੋਕੇ ਸਮੇਂ ਵਿਚ ਪ੍ਰਚਾਰ ਦਾ ਤੇ ਆਪਣੀ ਗੱਲ ਰੱਖਣ ਦਾ ਸੱਭ ਤੋਂ ਵੱਡਾ  ਸ਼ੋਸਲ ਮੀਡੀਆ ਦਾ ਕੇਦਰ ਬਿੰਦੂ ਟਵੀਟਰ 'ਤੇ ਨਿੱਤ ਨਵੇਂ ਦਿਨ ਦੁਨੀਆਂ ਵਿਚ ਵਿਲੱਖਣ ਸਥਾਨ ਪ੍ਰਾਪਤ ਕਰ ਚੁੱਕੇ ਚਿਹਰੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਟਵੀਟ ਕਰ ਕੇ ਹਕੂਮਤ ਨੂੰ ਲਾਹਣਤਾਂ ਤੇ ਕਿਸਾਨੀ ਹੱਕ ਵਿਚ ਗੱਲ ਕਰ ਰਹੇ ਹਨ।