ਨਿਹੰਗ ਸਿੰਘਾਂ ਨੇ ਢੱਠੇ ਮੰਗੂ ਮੱਠ 'ਤੇ ਝੁਲਾਇਆ ਖਾਲਸਾਈ ਨਿਸ਼ਾਨ ਸਾਹਿਬ

ਨਿਹੰਗ ਸਿੰਘਾਂ ਨੇ ਢੱਠੇ ਮੰਗੂ ਮੱਠ 'ਤੇ ਝੁਲਾਇਆ ਖਾਲਸਾਈ ਨਿਸ਼ਾਨ ਸਾਹਿਬ

ਪੂਰੀ: ਉੜੀਸਾ ਵਿੱਚ ਸਰਕਾਰ ਵੱਲੋਂ ਢਾਹੇ ਗਏ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸਕ ਅਸਥਾਨ ਮੰਗੂ ਮੱਠ ਦੀ ਢੱਠੀ ਇਮਾਰਤ ਵਿਖੇ ਪਹੁੰਚ ਕੇ ਤਿੰਨ ਨਿਹੰਗ ਸਿੰਘਾਂ ਨੇ ਖੰਡਾ ਗੱਡ ਕੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ। ਇਹਨਾਂ ਤਿੰਨ ਸਿੰਘਾਂ ਦੀ ਪਛਾਣ ਜਬਰਜੰਗ ਸਿੰਘ, ਰਮਨਦੀਪ ਸਿੰਘ ਅਤੇ ਤੇਜਾ ਸਿੰਘ ਵਜੋਂ ਹੋਈ ਹੈ। 

ਸਿੰਘਾਂ ਵੱਲੋਂ ਨਿਸ਼ਾਨ ਝੁਲਾਉਣ ਮਗਰੋਂ ਵੱਡੀ ਗਿਣਤੀ 'ਚ ਪੁਲਿਸ ਵੱਲੋਂ ਇਮਾਰਤ ਨੂੰ ਘੇਰਾ ਪਾ ਲਿਆ ਗਿਆ ਤੇ ਸਿੰਘਾਂ ਵੱਲੋਂ ਉੱਥੇ ਬੈਠ ਕੇ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਇਹ ਅਸਥਾਨ ਉਢੀਸਾ ਦੇ ਜਗਨਨਾਥ ਪੁਰੀ ਮੰਦਿਰ (ਸ਼੍ਰੀਮੰਦਿਰ) ਦੇ ਬਿਲਕੁਲ ਸਾਹਮਣੇ ਹੈ। ਦੱਸ ਦਈਏ ਕਿ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਉਦਾਸੀਆਂ ਦੌਰਾਨ ਇਸ ਅਸਥਾਨ 'ਤੇ ਆਏ ਸਨ ਤੇ ਉਹਨਾਂ ਇੱਥੇ ਬਾਣੀ ਉਚਾਰੀ ਸੀ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਕਾਲ ਪੁਰਖ ਦੀ ਆਰਤੀ ਦੀ ਸਿੱਖਿਆ ਦਿੱਤੀ ਸੀ। 

ਪਰ ਪਿਛਲੇ ਸਮੇਂ 'ਚ ਇੱਥੇ ਜਗਨਨਾਥ ਪੁਰੀ ਮੰਦਿਰ ਦੀ ਸੁਰੱਖਿਆ ਅਤੇ ਸੁੰਦਰੀਕਰਨ ਲਈ ਬਣਾਏ ਜਾ ਰਹੇ ਗਲਿਆਰੇ ਲਈ ਮੰਗੂ ਮੱਠ ਨੂੰ ਢਾਹ ਦਿੱਤਾ ਗਿਆ ਸੀ। 

ਪੁਲਿਸ ਵੱਲੋਂ ਪਾਏ ਘੇਰੇ ਤੋਂ ਬੇਪਰਵਾਹ ਸਿੰਘਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਬਾਣੀ ਦਾ ਜਾਪ ਪੂਰਾ ਹੋਣ 'ਤੇ ਹੇਠ ਉੱਤਰ ਆਉਣਗੇ ਤੇ ਉਹਨਾਂ ਨੂੰ ਜਬਰਨ ਉਤਾਰਨ ਦੀ ਗਲਤੀ ਨਾ ਕੀਤੀ ਜਾਵੇ। ਪੁਲਿਸ ਵੱਲੋਂ ਹਥਿਆਰਬੰਦ ਸਿੰਘਾਂ ਦੇ ਜਾਪ ਸਮਾਪਤ ਕਰਨ ਦੀ ਉਡੀਕ ਕੀਤੀ ਗਈ ਤੇ ਸਿੰਘਾਂ ਦੇ ਹੇਠ ਆਉਣ 'ਤੇ ਉਹਨਾਂ ਨੂੰ ਸਥਾਨਕ ਪੁਲਿਸ ਥਾਣੇ ਲਿਜਾਇਆ ਗਿਆ। ਉੜੀਸਾ ਪੋਸਟ ਦੀ ਖਬਰ ਮੁਤਾਬਿਕ ਜਿੱਥੇ ਕੁੱਝ ਦੇਰ ਦੀ ਪੁੱਛਗਿੱਛ ਮਗਰੋਂ ਇਹਨਾਂ ਸਿੰਘਾਂ ਨੂੰ ਛੱਡ ਦਿੱਤਾ ਗਿਆ।

ਜਬਰਜੰਗ ਸਿੰਘ ਨੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਆਪਣੇ ਇਸ ਇਤਿਹਾਸਕ ਅਸਥਾਨ ਉੱਤੇ ਨਤਮਸਤਕ ਹੋਣ ਅਤੇ ਬਾਣੀ ਦਾ ਜਾਪ ਕਰਨ ਆਏ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।