ਅਮਰੀਕਾ ਨੇ ਹਮਲਾ ਕਰਕੇ ਇਰਾਨ ਦੀ ਫੌਜ ਦਾ ਮੁਖੀ ਮਾਰਿਆ; ਜੰਗ ਲੱਗਣ ਦੇ ਅਸਾਰ

ਅਮਰੀਕਾ ਨੇ ਹਮਲਾ ਕਰਕੇ ਇਰਾਨ ਦੀ ਫੌਜ ਦਾ ਮੁਖੀ ਮਾਰਿਆ; ਜੰਗ ਲੱਗਣ ਦੇ ਅਸਾਰ
ਜਨਰਲ ਕਾਸਿਮ ਸੋਲੇਮਾਨੀ

ਬਗਦਾਦ: ਅਮਰੀਕਾ ਵੱਲੋਂ ਕੀਤੇ ਹਵਾਈ ਹਮਲੇ 'ਚ ਇਰਾਨ ਦੇ ਫੌਜ ਮੁਖੀ ਜਨਰਲ ਕਾਸਿਮ ਸੋਲੇਮਾਨੀ ਦੀ ਮੌਤ ਹੋ ਗਈ ਹੈ। ਉਹ ਇਰਾਨ ਦੀ ਇਲੀਟ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਮੁਖੀ ਸਨ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਆਪਣੇ ਕਾਫਲੇ ਨਾਲ ਇਰਾਕ ਦੀ ਰਾਜਧਾਨੀ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾ ਰਹੇ ਸਨ। ਇਸ ਹਮਲੇ 'ਚ ਉਹਨਾਂ ਨਾਲ ਇਰਾਕ ਦੀ ਫੌਜ ਦੇ ਉੱਚ ਕਮਾਂਡਰ ਅਬੂ ਮਹਿਦੀ ਅਲ- ਮੁਹੰਦੀਸ ਦੀ ਵੀ ਮੌਤ ਹੋਈ ਹੈ।

ਇਸ ਹਮਲੇ ਦੀ ਪੁਸ਼ਟੀ ਕਰਦਿਆਂ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਨਾਲ ਕੀਤਾ ਗਿਆ ਹੈ। ਇਸ ਹਮਲੇ ਮਗਰੋਂ ਹੁਣ ਅਮਰੀਕਾ ਅਤੇ ਇਰਾਨ ਦਰਮਿਆਨ ਜੰਗ ਲੱਗਣ ਦੇ ਅਸਾਰ ਬਣ ਗਏ ਹਨ। 
ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਾਰਿਫ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ "ਅੰਤਰਰਾਸ਼ਟਰੀ ਅੱਤਵਾਦ" ਦੀ ਕਾਰਵਾਈ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਨਿੱਕਲਣ ਵਾਲੇ ਨਤੀਜਿਆਂ ਲਈ ਅਮਰੀਕਾ ਜ਼ਿੰਮੇਵਾਰ ਹੋਵੇਗਾ।