ਰਾਹੁਲ ਦੀ ਪਾਰਟੀ ਪ੍ਰਧਾਂਨ ਵਜੋਂ ਤਾਜਪੋਸ਼ੀ ਨੂੰ ਪ੍ਰਵਾਨਗੀ

ਰਾਹੁਲ ਦੀ ਪਾਰਟੀ ਪ੍ਰਧਾਂਨ ਵਜੋਂ ਤਾਜਪੋਸ਼ੀ ਨੂੰ ਪ੍ਰਵਾਨਗੀ

ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਤਰੀਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰਾਹੁਲ ਗਾਂਧੀ (47 ਸਾਲ) ਦੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਚੋਣ ਅਮਲ ਪਹਿਲੀ ਦਸੰਬਰ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਨਾਲ ਸ਼ੁਰੂ ਹੋਵੇਗਾ ਅਤੇ 4 ਦਸੰਬਰ ਨੂੰ ਦੁਪਹਿਰ ਬਾਅਦ 3 ਵਜੇ ਤਕ ਪਰਚੇ ਭਰੇ ਜਾ ਸਕਦੇ ਹਨ। ਨਾਮਜ਼ਦਗੀਆਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ ਅਤੇ ਉਸੇ ਦਿਨ ਸਾਢੇ 3 ਵਜੇ ਜਾਇਜ਼ ਉਮੀਦਵਾਰਾਂ ਦੀ ਸੂਚੀ ਨਸ਼ਰ ਕਰ ਦਿੱਤੀ ਜਾਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਅੰਤਮ ਤਰੀਕ 11 ਦਸੰਬਰ ਅਤੇ ਜੇਕਰ ਲੋੜ ਪਈ ਤਾਂ 16 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜਾ 19 ਦਸੰਬਰ ਨੂੰ ਐਲਾਨਿਆ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਮੀਤ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਇਕੱਲੇ ਉਮੀਦਵਾਰ ਹੋ ਸਕਦੇ ਹਨ ਅਤੇ ਉਨ੍ਹਾਂ ਦੇ 5 ਦਸੰਬਰ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਬਣਨਾ ਲਗਭਗ ਯਕੀਨੀ ਹੈ। ਜ਼ਿਕਰਯੋਗ ਹੈ ਕਿ 1998 ਤੋਂ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਵੋਟ ਪਾਉਣ ਦੇ ਯੋਗ ਹੋਣਗੇ। ਬੈਠਕ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੋਟਬੰਦੀ, ਜੀਐਸਟੀ ਅਤੇ ਬੇਰੁਜ਼ਗਾਰੀ ਸਮੇਤ ਕਈ ਮੁੱਦਿਆਂ ‘ਤੇ ਸਰਕਾਰ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਘਮੰਡ ਕਰਕੇ ਸੰਸਦ ਦੇ ਸਰਤ ਰੁੱਤ ਇਜਲਾਸ ਨੂੰ ਛੋਟਾ ਰੱਖ ਕੇ ਜਮਹੂਰੀਅਤ ‘ਤੇ ਧੱਬਾ ਲਾ ਦਿੱਤਾ ਹੈ।
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਹਰੇਕ ਕਾਂਗਰਸੀ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਡੱਟ ਜਾਣ ਦਾ ਸੱਦਾ ਦਿੱਤਾ। ਸੀਡਬਲਿਊਸੀ ਬੈਠਕ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਰਟੀ ਜਨਰਲ ਸਕੱਤਰ ਵੀ ਹਾਜ਼ਰ ਸਨ। ਸੋਨੀਆ ਗਾਂਧੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਵੀ ਬੀਤੇ ਸਮੇਂ ‘ਚ ਅਜਿਹਾ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਸੰਸਦੀ ਇਜਲਾਸ ‘ਚ ਫੇਰਬਦਲ ਕਈ ਵਾਰ ਹੋਇਆ ਹੈ।