ਮਹਿੰਗੇ ਵਿਆਹਾਂ ਦੇ ਵਿਖਾਵਾਕਾਰੀ ਪ੍ਰਭਾਵਾਂ ਨੂੰ ਨੱਥ ਕਿਵੇਂ ਪਾਈ ਜਾਵੇ?
21ਵੀਂ ਸਦੀ ਦੇ ਲਗਭਗ ਢਾਈ ਦਹਾਕਿਆਂ ਦੇ ਮਾਨਵੀ ਸਫ਼ਰ 'ਚ ਭਾਰਤੀ ਸਮਾਜ 'ਚ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਦਾ ਵਿਆਹ ਸਭ ਤੋਂ ਮਹਿੰਗਾ ਵਿਆਹ ਮੰਨਿਆ ਗਿਆ ਹੈ, ਜਿਸ 'ਤੇ ਮੋਟੇ ਅੰਦਾਜ਼ਿਆਂ ਮੁਤਾਬਿਕ ਪੰਜ ਹਜ਼ਾਰ ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ।
ਕਈ ਮਹੀਨਿਆਂ ਤੋਂ ਵਿਆਹ ਸੰਬੰਧਿਤ ਚੱਲ ਰਹੀਆਂ ਰਸਮਾਂ, ਇਟਲੀ 'ਚ ਪ੍ਰੀ-ਵੈਡਿੰਗ ਅਤੇ 12 ਜੁਲਾਈ ਨੂੰ ਵਿਆਹ ਅਤੇ ਇਸ ਉਪਰੰਤ ਚੱਲੀਆਂ ਰਿਸੈਪਸ਼ਨ ਪਾਰਟੀਆਂ ਆਦਿ ਦੇ ਸਮੇਂ ਤੋਂ ਪਤਾ ਚਲਦਾ ਹੈ ਕਿ ਖਰਚੇ ਤੋਂ ਬਿਨਾਂ ਇਹ ਲੰਬਾ ਸਮਾਂ ਚਲਣ ਵਾਲਾ ਵਿਆਹ ਵੀ ਹੋ ਨਿਬੜਿਆ ਹੈ। ਇਸ ਵਿਆਹ 'ਚ ਰਾਸ਼ਟਰੀ, ਅੰਤਰਰਾਸ਼ਟਰੀ ਮਹਿਮਾਨਾਂ ਤੋਂ ਇਲਾਵਾ ਦੇਸ਼ ਦੇ ਰਾਜਨੀਤੀਵਾਨਾਂ ਅਤੇ ਵੱਖ-ਵੱਖ ਧਾਰਮਿਕ ਸੰਪਰਦਾਇਕ ਦੇ ਮੁਖੀਆਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਦੀ ਆਓਭਗਤ 'ਤੇ ਅੱਤ ਮਹਿੰਗੇ ਤੋਹਫ਼ਿਆਂ ਦੇ ਅਦਾਨ-ਪ੍ਰਦਾਨ ਨੇ ਤਕਰੀਬਨ ਹਰ ਬਾਸ਼ਿੰਦੇ ਦਾ ਕਿਸੇ ਨਾ ਕਿਸੇ ਰੂਪ 'ਚ ਧਿਆਨ ਖਿੱਚਿਆ ਹੈ। ਇਸ ਵਿਆਹ ਸੰਬੰਧੀ ਜਿੱਥੇ ਕੁਝ ਕੁ ਲੋਕ ਪਦਾਰਥਿਕ ਵਿਖਾਵਿਆਂ 'ਚ ਦਿਲਚਸਪੀ ਤੇ ਮਨੋਰੰਜਨ ਵਜੋਂ ਦੇਖ ਰਹੇ ਹਨ, ਉੱਥੇ ਦੇਸ਼ ਦੀ ਵੱਡੀ ਗਿਣਤੀ ਚਿੰਤਨਸ਼ੀਲ ਲੋਕ ਇਸ ਸਮਾਜ ਦੇ ਮੱਧ ਵਰਗ ਤੇ ਹੇਠਲੇ ਵਰਗ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਤ ਹਨ।
ਸੰਸਾਰ ਦੇ ਸਾਰੇ ਦੇਸ਼ਾਂ ਤੇ ਧਰਮਾਂ 'ਚ ਵਿਆਹ ਸੰਸਥਾ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਭਾਵੇਂ ਵਿਆਹ ਰਸਮਾਂ ਦਾ ਸਮਾਂ, ਵਿਆਹ ਦੀ ਉਮਰ ਅਤੇ ਦਹੇਜ ਪੱਖੋਂ ਬਹੁਤ ਵਖਰੇਵੇਂ ਹਨ। ਹਿੰਦੂ ਧਰਮ 'ਚ ਵਿਆਹ ਨੂੰ ਵਿਸ਼ੇਸ਼ 'ਤੇ ਪਵਿੱਤਰਤਾ ਵਾਲਾ ਸਮਾਜਿਕ ਬੰਧਨ ਮੰਨਿਆ ਗਿਆ ਹੈ। ਹਿੰਦੂ ਆਸ਼ਰਮ ਵਿਵਸਥਾ ਤਹਿਤ ਮਨੁੱਖੀ ਜੀਵਨ ਦੇ ਚਾਰ ਆਸ਼ਰਮਾਂ 'ਚੋਂ ਦੂਜੇ ਪੜਾਅ ਭਾਵ ਗ੍ਰਹਿਸਤ ਆਸ਼ਰਮ ਨੂੰ ਉੱਤਮ ਦਰਜਾ ਹਾਸਿਲ ਹੈ, ਕਿਉਂਕਿ ਇਸ ਆਸ਼ਰਮ ਦੀ ਸੰਪੂਰਨਤਾ ਤੋਂ ਬਿਨਾਂ ਅਗਲੇ ਆਸ਼ਰਮਾਂ ਦੇ ਪੜਾਵਾਂ 'ਚ ਵਿਗਾੜ ਆ ਜਾਂਦੇ ਹਨ। ਕੁਦਰਤੀ ਨਿਯਮਾਂ ਅਨੁਸਾਰ ਪਰਿਵਾਰ 'ਚ ਵਾਧਾ ਤੇ ਸੰਤਾਨ ਉਤਪਤੀ ਇਸ ਸੰਸਥਾ ਦੇ ਮੂਲ ਆਧਾਰ ਹਨ। ਰਵਾਇਤੀ ਸਮਾਜ 'ਚ ਵਿਆਹ ਦੀ ਰਸਮ ਧਾਰਮਿਕ ਬੰਧਨਾਂ 'ਚ ਬੰਨ੍ਹੀ ਪਰ ਸਾਦੀ ਹੁੰਦੀ ਸੀ ਅਤੇ ਸੰਬੰਧਿਤ ਪਰਿਵਾਰਾਂ ਨੂੰ ਕੋਈ ਬਹੁਤਾ ਆਰਥਿਕ ਬੋਝ ਨਹੀਂ ਸੀ ਪੈਂਦਾ। ਨਵੇਂ ਜੋੜੇ ਨੂੰ ਜੀਵਨ ਸ਼ੁਰੂ ਕਰਨ ਲਈ ਜੀਵਨ ਨਿਰਬਾਹਕ ਕੁਝ ਸੀਮਿਤ ਸਾਮਾਨ ਦੇ ਦਿੰਦੇ ਸਨ। ਅੱਧੀ ਸਦੀ ਪਹਿਲਾਂ ਤੱਕ ਵਿਆਹ ਆਮ ਧਾਰਮਿਕ ਸਥਾਨਾਂ, ਧਰਮਸ਼ਲਾਵਾਂ, ਸਾਂਝੇ ਜੰਞ ਘਰਾਂ ਜਾਂ ਨਿੱਜੀ ਸਥਾਨਾਂ ਅਤੇ ਗਲੀ-ਮੁਹੱਲਿਆਂ 'ਚ ਹੀ ਨਿਭਾਅ ਲਏ ਜਾਂਦੇ ਸਨ। ਸਮੇਂ ਦੇ ਬਦਲਾਅ, ਤਕਨੀਕੀ ਗਿਆਨ ਅਤੇ ਪਦਾਰਥਵਾਦ ਦੀ ਆਮਦ ਨੇ ਮਨੱਖੀ ਜੀਵਨ 'ਚ ਕਈ ਹੋਰ ਬਦਲਾਵਾਂ ਦੇ ਨਾਲ-ਨਾਲ ਸਮਾਜਿਕ-ਸੱਭਿਆਚਾਰਕ ਰਸਮਾਂ-ਰਿਵਾਜਾਂ 'ਚ ਵੀ ਢੇਰ ਸਾਰੀ ਤਬਦੀਲੀ ਲਿਆਂਦੀ ਹੈ। ਵਿਆਹ-ਸ਼ਾਦੀਆਂ ਤੇ ਹੋਰ ਰਸਮਾਂ 'ਤੇ ਵੱਧ ਰਹੇ ਖਰਚੇ ਅਤੇ ਦਿਖਾਵੇ, ਜਿੱਥੇ ਸਰਦੇ-ਪੁਜਦੇ ਲੋਕਾਂ ਲਈ ਸਮਾਜਿਕ ਰੁਤਬੇ ਹਾਸਿਲ ਕਰਨ ਵਾਲੀ ਗੱਲ ਹੈ, ਉੱਥੇ ਇਸ ਨਾਲ ਸਧਾਰਨ ਤੇ ਗ਼ਰੀਬ ਤਬਕਿਆਂ ਉੱਪਰ ਆਰਥਿਕ ਬੋਝ ਬਹੁਤ ਵਧ ਗਿਆ ਹੈ, ਜਿਸ ਦੇ ਅੱਗੋਂ ਮਾਰੂ ਆਰਥਿਕ ਤੇ ਮਨੋਵਿਗਿਆਨਕ ਨਤੀਜੇ ਨਿਕਲਦੇ ਹਨ ਅਤੇ ਕਈ ਲੋਕ ਰਸਮਾਂ ਨਿਭਾੳੇਣ ਉਪਰੰਤ ਤੰਗੀਆਂ-ਤੁਰਸ਼ੀਆਂ ਦੇ ਚੱਕਰ 'ਚ ਫਸੇ ਰਹਿੰਦੇ ਹਨ।
ਭਾਰਤ ਇਕ ਵਿਕਾਸਸ਼ੀਲ ਤੇ ਗ਼ਰੀਬ ਮੁਲਕਾਂ ਦੀ ਸ਼੍ਰੇਣੀ 'ਚ ਆਉਂਦਾ ਹੈ। ਭਾਵੇਂ ਸਾਡੇ ਕੁਝ ਅਰਥ ਸ਼ਾਸਤਰੀ ਗ਼ਰੀਬੀ ਰੇਖਾ ਤੋਂ ਥੱਲੇ ਲੋਕਾਂ ਦੀ ਗਿਣਤੀ ਕੁਲ ਆਬਾਦੀ ਦਾ 22 ਪ੍ਰਤੀਸ਼ਤ ਦੇ ਕਰੀਬ ਜਾਂ ਇਸ ਤੋਂ ਵੀ ਘੱਟ ਦੱਸਦੇ ਹਨ, ਪ੍ਰੰਤੂ ਅੰਤਰਰਾਸ਼ਟਰੀ ਰਿਪੋਰਟਾਂ 'ਤੇ ਹੋਰ ਅਰਥ ਸ਼ਾਸਤਰੀਆਂ ਮੁਤਾਬਿਕ ਭਾਰਤ 'ਚ ਗ਼ਰੀਬਾਂ ਦੀ ਗਿਣਤੀ ਵਧੇਰੇ ਹੈ। ਸਵਿਟਰਜ਼ਰਲੈਂਡ ਦੇ ਸਮਾਜ ਵਿਗਿਆਨੀ ਜਾਨ ਬਰੀਮੈਨ ਮੁਤਾਬਿਕ ਭਾਰਤ ਦੀ 76 ਪ੍ਰਤੀਸ਼ਤ ਆਬਾਦੀ ਗ਼ਰੀਬ ਹੈ ਅਤੇ ਇਨ੍ਹਾਂ 'ਚੋਂ 25 ਫ਼ੀਸਦੀ ਕੰਗਾਲੀ ਦੇ ਕੰਢੇ ਜੀਵਨ ਬਸਰ ਕਰ ਰਹੇ ਹਨ। ਗ਼ਰੀਬੀ ਤੇ ਕੰਗਾਲੀ ਬਾਰੇ ਫ਼ਰਕ ਦੱਸਦਿਆਂ ਉਹ ਸਾਫ ਕਰਦਾ ਹੈ ਕਿ ਗ਼ਰੀਬੀ 'ਚ ਕੋਈ ਮਨੁੱਖ ਜਾਂ ਪਰਿਵਾਰ ਆਪਣੇ ਸਾਧਨਾਂ ਤੇ ਲੇਬਰ ਜੁਗਾੜਾਂ ਰਾਹੀਂ ਪਰਿਵਾਰ ਦੀ ਗੱਡੀ ਨੂੰ ਤੋਰੀ ਜਾਂਦਾ ਹੈ, ਪ੍ਰੰਤੂ ਕੰਗਾਲੀ ਦੀ ਦਸ਼ਾ ਸਾਧਨਹੀਣਤਾ ਹੈ ਅਤੇ ਜੀਵਨ ਬਸਰ ਲਈ ਦੂਜਿਆਂ ਅੱਗੇ ਹੱਥ ਅੱਡਣਾ ਪੈਂਦਾ ਹੈ। ਇਸ ਤੋਂ ਬਿਨਾਂ ਅਜੋਕੇ ਸਮੇਂ ਸਮਾਜ 'ਚ ਵੱਧ ਰਹੇ ਆਰਥਿਕ ਪਾੜੇ ਵੀ ਕਿਸੇ ਕੋਲੋਂ ਛੁਪੇ ਨਹੀਂ। ਵੱਖ-ਵੱਖ ਖੋਜੀ ਰਿਪੋਰਟਾਂ, ਅਰਥ ਸ਼ਾਸਤਰੀਆਂ ਦੇ ਕਿਤਾਬਾਂ 'ਚ ਦਰਸਾਏ ਵਿਸ਼ਲੇਸ਼ਣ ਇਸ਼ਾਰਾ ਕਰਦੇ ਹਨ ਕਿ ਅੱਜ ਸਾਡੇ ਦੇਸ਼ ਦੀ ਸੰਪਤੀ ਤੇ ਆਰਥਿਕ ਵਸੀਲਿਆਂ ਉੱਪਰ ਮੁੱਠੀ ਭਰ ਲੋਕਾਂ ਦਾ ਕਬਜ਼ਾ ਹੈ। 1980 ਤੋਂ ਪਹਿਲਾਂ ਭਾਰਤ 'ਚ ਜਿੱਥੇ 2-4 ਅਰਬਪਤੀ ਸਨ, ਅੱਜ ਉਨ੍ਹਾਂ ਦੀ ਗਿਣਤੀ 200 ਤੋਂ ਉੱਪਰ ਚਲੀ ਗਈ ਹੈ। ਇਸ ਆਰਥਿਕ ਵਿਕਾਸ ਪ੍ਰਕਿਰਿਆ ਤਹਿਤ ਜਿੱਥੇ ਕੁਝ ਲੋਕ ਅਮੀਰ ਹੋ ਰਹੇ ਹਨ, ਉੱਥੇ ਦੇਸ਼ ਦੀ ਆਬਾਦੀ ਦਾ ਵੱਡਾ ਭਾਗ ਗ਼ਰੀਬੀ, ਅੱਤ ਗ਼ਰੀਬੀ ਤੇ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਦੂਜੇ ਪਾਸੇ ਜੇ ਟੈਕਸਾਂ ਦੀ ਗੱਲ ਕਰੀਏ ਤਾਂ ਆਕਸਫੌਮ ਦੀ ਹੁਣੇ ਆਈ ਰਿਪੋਰਟ ਮੁਤਾਬਿਕ 50 ਫ਼ੀਸਦੀ ਹੇਠਲੇ ਤਬਕੇ ਤੇ ਗ਼ਰੀਬਾਂ ਕੋਲੋਂ ਜੀ.ਐੱਸ.ਟੀ. ਦੀ ਵਸੂਲੀ 64 ਪ੍ਰਤੀਸ਼ਤ ਹੈ, ਜਦਕਿ ਮੱਧ-ਵਰਗ 33 ਪ੍ਰਤੀਸ਼ਤ ਤੇ ਅਮੀਰ ਤੇ ਅੱਤ ਅਮੀਰ ਸਿਰਫ 3 ਤੋਂ 4 ਪ੍ਰਤੀਸ਼ਤ ਜੀ.ਐੱਸ.ਟੀ. ਟੈਕਸ ਭਰਦੇ ਹਨ ਅਤੇ ਅਮੀਰਾਂ ਨੂੰ ਬੈਂਕਾਂ ਦੇ ਕਰਜ਼ੇ ਲੈ ਕੇ ਵੀ ਮੁਆਫ਼ੀ ਦਾ ਪ੍ਰਬੰਧ ਹੈ, ਭਾਵੇਂ ਗ਼ਰੀਬ ਤੇ ਕਿਸਾਨ ਭਾਵੇਂ ਸੜਦੇ ਰਹਿਣ। ਜ਼ਮੀਨੀ ਹਕੀਕਤ ਹੈ ਕਿ ਜਦੋਂ ਅਮਰੀਕਾ ਦਾ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਆਇਆ ਤਾਂ ਗੁਜਰਾਤ 'ਚ ਹਵਾਈ ਅੱਡੇ ਤੋਂ ਲੈ ਕੇ ਪ੍ਰੋਗਰਾਮ ਵਾਲੀ ਥਾਂ ਤੱਕ ਗ਼ਰੀਬੀ ਨਾ ਦਿਖਾਉਣ ਖ਼ਾਤਰ ਸੜਕ ਦੇ ਨਾਲ-ਨਾਲ ਕੰਧ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਦਿੱਲੀ 'ਚ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਦੌਰਾਨ ਗ਼ਰੀਬੀ ਛੁਪਾਉਣ ਲਈ ਰਾਹ 'ਚ ਪੈਂਦੀਆਂ ਝੁੱਗੀਆਂ ਨੂੰ ਚਾਦਰਾਂ ਨਾਲ ਢਕ ਦਿੱਤਾ ਗਿਆ ਸੀ। ਭਾਰਤੀ ਅਮੀਰਾਂ ਕੋਲ ਪਿਛਲੇ ਦੋ-ਤਿੰਨ ਦਹਾਕਿਆਂ 'ਚ ਹੀ ਅੰਤਾਂ ਦਾ ਪੈਸਾ ਇਕੱਠਾ ਹੋ ਜਾਣਾ ਬਹੁਤ ਸਵਾਲ ਖੜ੍ਹੇ ਕਰਦਾ ਹੈ। ਹੁਣੇ ਹੀ ਅੰਬਾਨੀ ਦੀ ਜੀਓ ਕੰਪਨੀ ਸਮੇਤ ਹੋਰਾਂ ਵਲੋਂ ਵੀ ਮੋਬਾਈਲ ਪੈਕਜਾਂ ਦੀਆਂ ਕੀਮਤਾਂ ਵਧਾਉਣੀਆਂ ਇਕ ਪ੍ਰਤੱਖ ਉਦਾਹਰਨ ਹੈ ਅਤੇ ਇਕੱਲੇ ਅੰਬਾਨੀ ਗਰੁੱਪ ਨੂੰ ਵਿਆਹ ਖਰਚੇ ਤੋਂ ਵੱਧ ਹਜ਼ਾਰਾਂ ਕਰੋੜਾਂ ਦਾ ਫਾਇਦਾ ਹੋ ਗਿਆ ਹੈ। ਲੋਹੜਾ ਰੱਬ ਦਾ। ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਇਕ ਦਿਲ-ਕੰਬਾਊ ਹਾਲਾਤ ਸਾਹਮਣੇ ਆਉਂਦੇ ਹਨ। ਅੱਜ ਦੇਸ਼ ਦੀ ਬੇਰੁਜ਼ਗਾਰੀ 40 ਫ਼ੀਸਦੀ ਹੈ, ਜੋ ਕਿ ਆਜ਼ਾਦੀ ਤੋਂ ਬਾਅਦ ਵਾਲੇ ਸਮੇਂ 'ਚ ਸਭ ਤੋਂ ਵੱਧ ਦੱਸੀ ਜਾਂਦੀ ਹੈ। ਚਪੜਾਸੀ ਦੀਆਂ ਅਸਾਮੀਆਂ ਵਾਸਤੇ ਪੀ.ਐੱਚ.ਡੀ ਤੱਕ ਪੜ੍ਹੇ ਬੱਚਿਆਂ ਦਾ ਅਪਲਾਈ ਕਰਨਾ ਅੱਤ ਹੀ ਹੈ। ਹੁਣੇ ਹੀ ਗੁਜਰਾਤ ਤੇ ਮਹਾਰਾਸ਼ਟਰ 'ਚ ਥੋੜ੍ਹੀਆਂ ਜਿਹੀਆਂ ਅਸਾਮੀਆਂ ਲਈ ਹਜ਼ਾਰਾਂ ਟਰੇਡ ਇੰਜੀਨੀਅਰ ਬੱਚਿਆਂ ਦੀ ਭੀੜ ਦਾ ਦ੍ਰਿਸ਼ ਇਸ ਤੱਥ ਨੂੰ ਹੋਰ ਪੱਕਾ ਕਰਦਾ ਹੈ। ਅਜਿਹੇ ਹਾਲਾਤ ਵਿਚ ਸਮਾਜਿਕ ਰਸਮਾਂ 'ਤੇ ਵੱਡਾ ਖਰਚ ਨਹੀਂ ਸ਼ੋਭਦਾ?
ਸਾਡਾ ਦੇਸ਼ ਅੱਜ ਵੀ ਖੇਤੀ ਪ੍ਰਧਾਨ ਮੁਲਕ ਹੈ ਅਤੇ ਤਿੰਨ-ਚੌਥਾਈ ਕਿਸਾਨਾਂ ਦੀਆਂ ਖੇਤੀ ਜੋਤਾਂ ਦਾ ਆਕਾਰ ਇੰਨਾ ਛੋਟਾ ਹੈ, ਜਿਸ 'ਚੋਂ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਇਕ ਆਮ ਮੁਲਾਜ਼ਮ ਵੀ 30-35 ਸਾਲਾਂ ਦੀ ਨੌਕਰੀ ਉਪਰੰਤ 30-35 ਲੱਖ ਤੱਕ ਹੀ ਬਚਾਅ ਸਕਦਾ ਹੈ। ਪਿਛਲੇ ਕੁਝ ਦਹਾਕਿਆਂ 'ਚ ਕਾਰੋਬਾਰੀ ਤਬਦੀਲੀਆਂ, ਸਾਕਾਦਾਰੀ ਦੀ ਟੁੱਟ-ਭੱਜ, ਪੜ੍ਹਾਈ-ਲਿਖਾਈ ਦੇ ਖ਼ਰਚ ਵਿਚ ਵਾਧਾ, ਬੱਚਿਆਂ ਵਲੋਂ ਚੰਗੇ ਸਾਜ਼ੋ-ਸਾਮਾਨ ਦੀ ਮੰਗ, ਮੰਡੀ ਸ਼ਕਤੀਆਂ ਦੁਆਰਾ ਉਪਜਾਏ ਭਰਮ-ਜਾਲ ਨੇ ਲੋਕਾਂ 'ਚ ਮਾਨਿਸਕ ਤਬਦੀਲੀ ਲਿਆਦੀਂ ਹੈ ਅਤੇ ਹੁਣ ਬਹੁਤੇ ਲੋਕ ਬੱਚਿਆਂ ਦੇ ਵਿਆਹ ਮੈਰਿਜ ਪੈਲੇਸਾਂ 'ਚ ਕਰਨ ਲੱਗ ਪਏ ਹਨ ਅਤੇ ਦਿਖਾਵੇਕਾਰੀ ਦਾ ਯੁੱਗ ਆ ਗਿਆ ਹੈ, ਜਿਸ ਨੂੰ ਰੋਕਣਾ ਮੁਸ਼ਕਿਲ ਹੈ। ਜੇਕਰ ਲੋਕ ਆਪਣੀ ਵਿੱਤ ਮੁਤਾਬਿਕ ਖਰਚਾ ਕਰਨ ਤਾਂ ਠੀਕ ਲਗਦਾ ਹੈ, ਪ੍ਰੰਤੂ ਮੈਰਿਜ ਪੈਲੇਸਾਂ ਦੇ ਖਰਚ ਅਕਸਰ ਵੱਧ ਹੁੰਦੇ ਹਨ ਅਤੇ ਦੇਖਾ-ਦੇਖੀ ਹੋਰ ਨਵੇਂ ਸਾਜ਼ੋ-ਸਾਮਾਨ ਅਤੇ ਖਾਣ-ਪੀਣ ਦੇ ਢੱਬਾਂ ਕਾਰਨ ਖਰਚੇ ਬਹੁਤ ਵੱਧ ਜਾਂਦੇ ਹਨ। ਮਿਲਣੀ, ਫੇਰੇ, ਡੋਲੀ ਤੋਰਨਾ ਵੀ ਹੁਣ ਮਕਾਨਕੀ ਜਿਹੀਆਂ ਰਸਮਾਂ ਲਗਦੀਆਂ ਹਨ ਭਾਵ ਸ਼ਾਦੀ ਦੀ ਪਵਿੱਤਰਤਾ ਵੇਲਾ ਵਿਹਾਅ ਚੁੱਕੀ ਹੈ। ਸਮਾਜਿਕ ਰਸਮਾਂ 'ਤੇ ਵੱਧ ਰਹੇ ਖਰਚਿਆਂ ਸੰਬੰਧੀ ਖੋਜਾਂ ਤੇ ਹੋਰ ਰਿਪੋਰਟਾਂ ਇਸ਼ਾਰਾ ਕਰਦੀਆਂ ਹਨ ਕਿ ਹੋਰ ਪਰਪੰਚਾਂ ਤੋਂ ਇਲਾਵਾ ਅਜੋਕੇ ਵਿਆਹ ਖਰਚਿਆਂ ਕਾਰਨ ਆਮ ਪਰਿਵਾਰ ਬਹੁਤ ਆਰਥਿਕ ਤੰਗੀ 'ਚ ਜਕੜੇ ਜਾਂਦੇ ਹਨ। ਭਰੂਣ ਹੱਤਿਆ ਅਤੇ ਕਈ ਲੋਕਾਂ ਵਲੋਂ ਬੱਚਿਆਂ ਤੋਂ ਬਿਨਾਂ ਹੀ ਜੀਵਨ ਬਤੀਤ ਕਰਨ ਦਾ ਰੁਝਾਨ ਵੀ ਸੁਣਨ ਨੂੰ ਮਿਲਦਾ ਹੈ। ਮਹਿੰਗੇ ਪੈਲੇਸਾਂ 'ਚ ਵਿਆਹ 'ਤੇ ਵੱਧ ਦਾਜ ਦੇ ਕੇ ਵੀ ਕੋਈ ਵਿਆਹ ਦੇ ਸਦੀਵੀ ਬੰਧਨ ਬਾਰੇ ਹਾਮੀ ਨਹੀਂ ਭਰ ਸਕਦਾ। ਜੇਕਰ ਤਲਾਕਾਂ ਦੇ ਅੰਕੜਿਆਂ, ਤਲਾਕਾਂ ਦੇ ਕਾਰਨਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਹਾਲਾਤ ਬਹੁਤ ਨਿਰਾਸ਼ਾਜਨਕ ਨਜ਼ਰ ਆਉਂਦੇ ਹਨ। ਅਜਿਹੇ ਸਮਾਜਿਕ ਖਰਚਿਆਂ ਉੱਪਰ ਕੋਈ ਰੈਗੂਲੇਟਰੀ ਪ੍ਰਬੰਧਾਂ ਦੀ ਘਾਟ ਤੇ ਮੰਡੀ ਸ਼ਕਤੀਆਂ ਦੀ ਪਕੜ ਕਾਰਨ ਲੋਕਾਂ 'ਚ ਵਿਖਾਵਾਕਾਰੀ ਵਧ ਰਹੀ। ਇਸ ਤੋਂ ਛੁਟ ਅੰਬਾਨੀ ਵਰਗੇ ਵਿਆਹਾਂ ਦੇ ਰੋਲ ਮਾਡਲ ਉਪਜਣ ਕਰਕੇ ਲੋਕ ਹੋਰ ਵੀ ਇਸ ਪ੍ਰਕਿਰਿਆ ਵੱਲ ਖਿੱਚੇ ਜਾ ਸਕਦੇ ਹਨ, ਜੋ ਕਿਸੇ ਵਿਅਕਤੀ, ਪਰਿਵਾਰ ਜਾਂ ਸਮਾਜ ਦੀ ਆਰਥਿਕ ਤਰੱਕੀ ਲਈ ਮਾਰੂ ਸਿੱਧ ਹੁੰਦੇ ਹਨ। ਮਹਿੰਗੇ ਵਿਆਹਾਂ ਦੇ ਵਿਖਾਵਾਕਾਰੀ ਪ੍ਰਭਾਵਾਂ ਨੂੰ ਤਦ ਹੀ ਨੱਥ ਪਾਈ ਜਾ ਸਕਦੀ ਹੈ, ਜੇਕਰ ਅਜਿਹੀ ਫਜ਼ੂਲਖਰਚੀ ਨੂੰ ਮਾਨਤਾ ਦੀ ਬਜਾਏ ਇਸ ਦਾ ਵਿਰੋਧ ਕੀਤਾ ਜਾਵੇ। ਤਰੱਕੀਯਾਫ਼ਤਾ ਮੁਲਕ ਸ਼ਾਇਦ ਇਸ ਲਈ ਹੀ ਉੱਨਤ ਹੋਣ ਦੇ ਨਾਲ-ਨਾਲ ਮਨੁੱਖੀ ਜੀਵਨ ਮਿਆਰ ਦੇ ਵੱਖ-ਵੱਖ ਕਾਰਕਾਂ ਦੀ ਦਰਜਾਬੰਦੀ 'ਚ ਮੋਹਰੀ ਹਨ, ਕਿਉਂਕਿ ਉਹ ਅਜਿਹੀ ਫਜ਼ੂਲ ਖਰਚੀ 'ਤੇ ਸਮੇਂ ਦੀ ਬਰਬਾਦੀ ਤੋਂ ਬਚੇ ਹੋਏ ਹਨ। ਰੱਬ ਸਾਨੂੰ ਵੀ ਸੁਮੱਤ ਬਖਸ਼ੇ ਕਿ ਅਸੀਂ ਸਮਾਜਿਕ ਸੱਭਿਆਚਾਰਕ ਖਰਚਿਆਂ ਨੂੰ ਘਟਾ ਕੇ ਪਰਿਵਾਰ ਤੇ ਸਮਾਜ ਦੀ ਆਰਥਿਕ ਤਰੱਕੀ ਵੱਲ ਵਧ ਸਕੀਏ।
ਡਾਕਟਰ ਸੁਖਦੇਵ ਸਿੰਘ
-ਸਾਬਕਾ ਪ੍ਰੋਫ਼ੈਸਰ ਸਮਾਜ ਵਿਗਿਆਨ
ਪੀ.ਏ.ਯੂ. ਲੁਧਿਆਣਾ।
Comments (0)