ਇੰਗਲੈਂਡ 'ਚ ਸਿੱਖ ਫ਼ੌਜੀਆਂ ਦੀ ਚੜ੍ਹਦੀ ਕਲਾ; ਸੁਰੱਖਿਆ ਦੇ ਨਾਲ ਕਰ ਰਹੇ ਹਨ ਕੀਰਤਨ
ਵਿਸ਼ਵ ਯੁੱਧ ਦੌਰਾਨ ਫਰਾਂਸ ਦੀਆਂ ਖਾਈਆਂ ਵਿਚ ਸਿੱਖਾਂ ਦੇ ਕੀਰਤਨ ਕਰਨ ਤੋਂ ਪ੍ਰਭਾਵਿਤ ਸਿੱਖ ਫ਼ੌਜੀ
ਲੰਡਨ: ਤੁਸੀਂ ਫ਼ੌਜ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈਸ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਫ਼ੌਜੀਆਂ ਨੂੰ ਕੀਰਤਨ ਕਰਦੇ ਹੋਏ ਦੇਖਿਆ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਹੀ ਦਿਖਾਉਣ ਜਾ ਰਹੇ ਹਾਂ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੰਗਲੈਂਡ ਦੀ ਫ਼ੌਜ ਦਾ ਉਹ ਨਜ਼ਾਰਾ ਜੋ ਦੁਨੀਆ ਭਰ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਰਸਾਉਂਦਾ ਹੈ।
ਇਹ ਯੂਨਾਈਟਿਡ ਕਿੰਗਡਮ ਦੀ ਫ਼ੌਜ ਦਾ ਸਿੱਖ ਰੱਖਿਆ ਕੀਰਤਨ ਜਥਾ ਹੈ, ਜਿਸ ਵਿਚ ਸਿੱਖ ਮਰਦ ਅਤੇ ਬੀਬੀਆਂ ਆਪਣੇ ਫ਼ੌਜੀ ਕਰਤੱਬਾਂ ਦੇ ਨਾਲ-ਨਾਲ ਸਿੱਖੀ ਪ੍ਰਤੀ ਵੀ ਪੂਰੀ ਤਰ੍ਹਾਂ ਪ੍ਰਤੀਬੱਧ ਹਨ। ਇਹ ਸਿੱਖ ਰੱਖਿਆ ਜਥਾ ਆਪਣੀ ਫ਼ੌਜੀ ਡਿਊਟੀ ਦੇ ਨਾਲ-ਨਾਲ ਫ਼ੌਜੀਆਂ ਨੂੰ ਗੁਰਬਾਣੀ ਕੀਰਤਨ ਨਾਲ ਵੀ ਨਿਹਾਲ ਕਰਦਾ ਹੈ।
ਇਨ੍ਹਾਂ ਸਿੱਖ ਫ਼ੌਜੀਆਂ ਦਾ ਕਹਿਣਾ ਹੈ ਕਿ ਯੂਨਾਈਟਿਡ ਸਟੇਟਸ ਮਿਲਟਰੀ ਯੂਨਾਈਟਿਡ ਕਿੰਗਡਮ ਮਿਲਟਰੀ ਤੋਂ ਕਾਫ਼ੀ ਕੁੱਝ ਸਿੱਖਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਆਸ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਫ਼ੌਜ ਤੁਰੰਤ ਅਮਰੀਕੀ ਸਿੱਖ ਫ਼ੌਜੀਆਂ ਨੂੰ ਵੀ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਦੀ ਮਨਜ਼ੂਰੀ ਅਤੇ ਸਿੱਖਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਆਪਣੀ ਪਛਾਣ ਬਣਾਈ ਰੱਖਣ ਦੀ ਇਜਾਜ਼ਤ ਦੇਵੇਗੀ।
ਯੂਕੇ ਦੇ ਇਨ੍ਹਾਂ ਸਿੱਖ ਫ਼ੌਜੀਆਂ ਨੇ ਕਿਹਾ ਕਿ ਸਾਡਾ ਡਿਫੈਂਸ ਕੀਰਤਨ ਜਥਾ ਹੈ ਜੋ ਸਿੱਖ ਨੈੱਟਵਰਕ ਦਾ ਹਿੱਸਾ ਹੈ। ਅਸੀਂ ਸਾਰੇ ਯੂਕੇ ਡਿਫੈਂਸ ਦਾ ਹਿੱਸਾ ਹਾਂ। ਕੀਰਤਨ ਸਾਡੀ ਭਾਵਨਾ ਹੈ ਜੋ ਸਿੱਖ ਧਰਮ ਦਾ ਸੰਗੀਤ ਹੈ। ਅਸੀਂ ਰੱਖਿਆ ਖੇਤਰ ਵਿਚ ਸਿੱਖਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ, ਕੀਰਤਨ ਸਿੱਖਦੇ ਹਾਂ ਅਤੇ ਸਰਗਰਮ ਰੂਪ ਨਾਲ ਪ੍ਰਦਰਸ਼ਨ ਕਰਦੇ ਹਾਂ।
ਉਹਨਾਂ ਕਿਹਾ ਕਿ ਅਸੀਂ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੀਆਂ ਖਾਈਆਂ ਵਿਚ ਸਿੱਖਾਂ ਦੇ ਕੀਰਤਨ ਕਰਨ ਦੇ ਅਕਸ ਤੋਂ ਪ੍ਰਭਾਵਿਤ ਹਾਂ। ਸਾਨੂੰ ਆਸ ਹੈ ਕਿ ਅਸੀਂ ਉਸ ਵਿਰਾਸਤ ਅਤੇ ਪਰੰਪਰਾ ਨੂੰ ਵਰਤਮਾਨ ਸਮੇਂ ਵਿਚ ਅੱਗੇ ਲਿਜਾ ਸਕਦੇ ਹਾਂ। ਇੱਥੇ ਦੱਸ ਦਈਏ ਕਿ ਬ੍ਰਿਟਿਸ਼ ਫ਼ੌਜ ਵਿਚ ਬਹੁਤ ਸਾਰੇ ਸਿੱਖ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਉਥੇ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਹੈ।
Comments (0)