ਸੁੱਖਾ-ਜਿੰਦਾ ਨਾਲ ਮੇਰੀ ਮੁਲਾਕਾਤ

ਸੁੱਖਾ-ਜਿੰਦਾ ਨਾਲ ਮੇਰੀ ਮੁਲਾਕਾਤ
ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਨਿਰਮਲ ਸਿੰਘ ਨਿੰਮਾ ਦੀ ਤਸਵੀਰ

ਮੁੰਬਈ ਦੇ ਮੇਰੇ ਫਲੈਟ ਦੇ ਉੱਪਰ ਉਹ ਰਹੇ ਅਤੇ ਬਚ ਕੇ ਨਿਕਲ ਗਏ। ਮਿਤੀ 3 ਮਈ 1986 ਸੀ। ਸ਼ਨਿਚਰਵਾਰ ਦਾ ਦਿਨ ਸੀ। ਮੈਂ ਆਪਣੇ ਅਖ਼ਬਾਰ ਵਿਚ ਇਕ ਮਹੀਨੇ ਨਾਈਟ ਸ਼ਿਫਟ 'ਤੇ ਸੀ। ਸਵੇਰੇ ਜਲਦੀ ਘਰ ਆਇਆ ਅਤੇ ਸੌਂ ਰਿਹਾ ਸਾਂ। ਮੇਰੀ ਪਤਨੀ ਨੇ ਮੈਨੂੰ ਤਕਰੀਬਨ ਸਵੇਰੇ ਸਾਢੇ ਦਸ ਵਜੇ ਜਗਾਇਆ ਅਤੇ ਦੱਸਿਆ ਕਿ ਕੋਈ ਗੰਭੀਰ ਘਟਨਾ ਵਾਪਰੀ ਜਾਪਦੀ ਹੈ ਕਿਉਂਕਿ ਇੱਥੇ ਸਭ ਜਗ੍ਹਾ ਪੁਲਿਸ ਹੀ ਪੁਲਿਸ ਹੈ। ਜਦ ਮੈਂ ਬਾਹਰ ਆਇਆ ਤਾਂ ਉੱਥੇ ਐਂਟਾਪ ਹਿੱਲ ਅਤੇ ਮਾਟੂੰਗਾ ਪੁਲਿਸ ਸਟੇਸ਼ਨਾਂ ਦੇ ਦਰਜਨਾਂ ਅਫ਼ਸਰਾਂ ਨੂੰ ਦੇਖਿਆ। ਇਸ ਦੇ ਇਲਾਵਾ ਕੁਝ ਕ੍ਰਾਈਮ ਬ੍ਰਾਂਚ ਦੇ ਸੂਹੀਏ ਝੁੰਡਾਂ ਵਿਚ ਮੇਰੀ ਬਿਲਡਿੰਗ ਵਿਚ ਤਾਇਨਾਤ ਸਨ। ਜਲਦੀ ਹੀ ਸਥਾਨਕ ਡੀਐੱਸਪੀ, ਐਡੀਸ਼ਨਲ ਸੀਪੀ ਅਤੇ ਪੁਲਿਸ ਕਮਿਸ਼ਨਰ ਡੀਐੱਸ ਸੋਮਨ ਵੀ ਉੱਥੇ ਪੁੱਜ ਗਏ। ਮੈਨੂੰ ਪਤਾ ਲੱਗਾ ਕਿ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਨਿਰਮਲ ਸਿੰਘ ਨਿੰਮਾ ਨਾਂ ਦੇ ਤਿੰਨ ਹਾਰਡ-ਕੋਰ ਖਾੜਕੂ ਪਹਿਲੀ ਮੰਜ਼ਿਲ 'ਤੇ ਆਪਣੇ ਫਲੈਟ ਦੇ ਅੰਦਰ ਇਕ ਹੌਲਦਾਰ ਨੂੰ ਲਾਕ ਕਰਨ ਤੋਂ ਬਾਅਦ ਭੱਜ ਗਏ ਸਨ। ਮੈਨੂੰ ਇਹ ਵੀ ਪਤਾ ਲੱਗਾ ਕਿ ਮੁੰਬਈ ਆਉਣ ਤੋਂ ਪਹਿਲਾਂ ਤਿੰਨਾਂ ਨੇ ਰਾਜਸਥਾਨ ਦੇ ਇਕ ਚੈੱਕ ਪੋਸਟ 'ਤੇ ਸੂਬੇ ਦੇ ਇਕ ਪੁਲਿਸ ਅਫ਼ਸਰ ਦੀ ਹੱਤਿਆ ਕਰ ਦਿੱਤੀ ਸੀ।

ਇੰਸਪੈਕਟਰ ਰਤਨ ਸਿੰਘ ਦੀ ਅਗਵਾਈ ਹੇਠ ਰਾਜਸਥਾਨ ਪੁਲਿਸ ਦੀ ਇਕ ਟੁਕੜੀ ਉਨ੍ਹਾਂ ਦੀ ਪੈੜ ਨੱਪਦੀ ਹੋਈ ਇਸ ਬਿਲਡਿੰਗ ਨੰਬਰ 84, ਸੈਕਟਰ 7, ਐਂਟਾਪ ਹਿੱਲ, ਮੁੰਬਈ ਵਿਚ ਆ ਪੁੱਜੀ ਜਿੱਥੇ ਮੈਂ ਗਰਾਊਂਡ ਫਲੋਰ 'ਤੇ ਰਹਿੰਦਾ ਸਾਂ। ਨਵੰਬਰ 1985 ਵਿਚ ਰਾਜਸਥਾਨ ਤੋਂ ਭੱਜਣ ਤੋਂ ਬਾਅਦ ਉਹ ਮੁੰਬਈ ਪੁੱਜੇ ਅਤੇ ਕੁਝ ਦਿਨਾਂ ਤਕ ਖ਼ਾਲਸਾ ਕਾਲਜ ਦੇ ਹੋਸਟਲ ਵਿਚ ਰਹੇ ਜਿੱਥੇ ਉਨ੍ਹਾਂ ਦਾ ਦੋਸਤ ਗੁਰਚਰਨ ਸਿੰਘ ਭੁੱਲਰ ਵਿਦਿਆਰਥੀ ਸੀ। ਉਹ ਅਤੇ ਸੁੱਖਾ ਦੋਵੇਂ ਹੀ ਸ੍ਰੀਗੰਗਾਨਗਰ ਦੇ ਰਹਿਣ ਵਾਲੇ ਸਨ। ਇਕ ਪੰਜਾਬੀ ਥਿਏਟਰ ਗਰੁੱਪ ਆਪਣੇ ਨਾਟਕ ਦੀ ਰਿਹਰਸਲ ਲਈ ਕਾਲਜ ਦੇ ਇਕ ਕਮਰੇ ਦਾ ਇਸਤੇਮਾਲ ਕਰਦਾ ਸੀ। ਰਵਿੰਦਰ ਰਵੀ ਨਾਟਕ ਦਾ ਨਿਰਦੇਸ਼ਨ ਕਰ ਰਹੇ ਸਨ ਜਦਕਿ ਸੁਰਿੰਦਰ ਵਾਲੀਆ ਨਿਰਮਾਤਾ ਸਨ। ਤਿੰਨੇ ਗਰਮ-ਖ਼ਿਆਲੀ ਅਕਸਰ ਰਿਹਰਸਲ ਦੇਖਣ ਆਉਂਦੇ ਸਨ ਅਤੇ ਇਸ ਦੌਰਾਨ ਵਾਲੀਆ ਦੇ ਦੋਸਤ ਬਣ ਗਏ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਵਾਲੀਆ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਲਈ ਕਿਰਾਏ 'ਤੇ ਇਕ ਫਲੈਟ ਦਾ ਬੰਦੋਬਸਤ ਕਰਨ। ਵਾਲੀਆ ਨੇ ਉਨ੍ਹਾਂ ਨੂੰ ਮੱਖਣੀ ਮਾਸੀ ਨਾਂ ਦੀ ਇਕ ਅਸਟੇਟ ਏਜੰਟ ਨੂੰ ਮਿਲਵਾਇਆ ਅਤੇ ਉਸ ਨੇ ਮੇਰੀ ਬਿਲਡਿੰਗ ਵਿਚ ਇਸ ਫਲੈਟ ਦੀ ਵਿਵਸਥਾ ਕੀਤੀ ਜਿੱਥੇ ਇਹ ਦਸੰਬਰ 1985 ਦੇ ਅੱਧ ਵਿਚ ਸ਼ਿਫਟ ਹੋਏ। ਸ਼ਹਿਰ ਦੀ ਪੁਲਿਸ, ਕ੍ਰਾਈਮ ਬਰਾਂਚ ਅਤੇ ਇੱਥੋਂ ਤਕ ਕਿ ਖ਼ੁਫ਼ੀਆ ਏਜੰਸੀਆਂ ਨੂੰ ਇਸ ਗੱਲ ਦਾ ਅਨੁਮਾਨ ਤਕ ਨਹੀਂ ਸੀ ਕਿ ਬਹੁਤ ਪ੍ਰੇਰਿਤ ਗਰਮ-ਖ਼ਿਆਲੀ ਮੁੰਬਈ ਵਿਚ ਵਿਦਿਆਰਥੀਆਂ ਦੇ ਤੌਰ 'ਤੇ ਰਹਿ ਰਹੇ ਹਨ।

ਉਹ ਬਿਨਾਂ ਸ਼ੱਕ-ਓ-ਸ਼ੁਬ੍ਹਾ ਦੇ ਨਾਲ ਹੀ ਲੱਗਦੇ ਛੋਟੇ ਖੇਡ ਦੇ ਮੈਦਾਨ ਵਿਚ ਨੌਜਵਾਨਾਂ ਨਾਲ ਕ੍ਰਿਕਟ ਖੇਡਦੇ ਸਨ। ਪਰ ਰਾਜਸਥਾਨ ਪੁਲਿਸ ਲਗਾਤਾਰ ਆਪਣੇ ਸ਼ਿਕਾਰ ਦਾ ਪਿੱਛਾ ਕਰ ਰਹੀ ਸੀ। ਅੰਤ ਵਿਚ 2 ਮਈ ਦੀ ਸ਼ਾਮ ਨੂੰ ਉਨ੍ਹਾਂ ਤਿੰਨਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦੀ ਹੱਤਿਆ ਲਈ ਸਹੀ ਵਕਤ ਦੀ ਉਡੀਕ ਕਰਨ ਲੱਗੇ। ਤਿੰਨ ਦੀ ਸਵੇਰੇ ਉਹ ਐਂਟਾਪ ਹਿੱਲ ਪੁਲਿਸ ਸਟੇਸ਼ਨ ਗਏ ਅਤੇ ਨਾਲ ਲੈ ਕੇ ਜਾਣ ਲਈ ਸਥਾਨਕ ਪੁਲਿਸ ਵਾਲਿਆਂ ਦੀ ਮਦਦ ਮੰਗੀ। ਪਰ ਉਦੋਂ ਉਨ੍ਹਾਂ ਨੇ ਲੋੜੀਂਦੇ ਵਿਅਕਤੀਆਂ ਦੀ ਪਛਾਣ ਨੂੰ ਉਜਾਗਰ ਨਾ ਕਰ ਕੇ ਬਹੁਤ ਵੱਡੀ ਭੁੱਲ ਕਰ ਦਿੱਤੀ । ਇੰਸਪੈਕਟਰ ਰਤਨ ਸਿੰਘ ਅਤੇ ਉਨ੍ਹਾਂ ਦੀ ਟੀਮ ਜਾਣਦੀ ਸੀ ਕਿ ਤਿੰਨੇ ਭਾਰੀ ਹਥਿਆਰਾਂ ਨਾਲ ਲੈਸ ਸਨ । ਜਦ ਇਕ ਕਾਂਸਟੇਬਲ ਨੇ ਉਨ੍ਹਾਂ ਦਾ ਬੂਹਾ ਖੜਕਾਇਆ ਅਤੇ ਖ਼ੁਦ ਦੀ ਪਛਾਣ ਦੱਸੀ ਤਾਂ ਤਿੰਨਾਂ ਨੇ ਉਸ ਨੂੰ ਅੰਦਰ ਖਿੱਚ ਲਿਆ। ਉਨ੍ਹਾਂ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਉਸ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ। ਉਹ ਸੱਜੇ ਪਾਸਿਓਂ ਇਮਾਰਤ ਤੋਂ ਬਾਹਰ ਭੱਜ ਗਏ ਜਦਕਿ ਪੁਲਿਸ ਖੱਬੇ ਪਾਸੇ ਉਡੀਕ ਰਹੀ ਸੀ। ਜਦ ਕਾਂਸਟੇਬਲ ਲੰਬੇ ਸਮੇਂ ਤਕ ਨਾ ਆਇਆ ਤਾਂ ਉੱਥੇ ਜਾ ਕੇ ਪੁਲਿਸ ਨੇ ਉਸ ਨੂੰ ਬਾਹਰ ਕੱਢਿਆ। ਜਦ ਸਥਾਨਕ ਪੁਲਿਸ ਨੂੰ ਬਚ ਕੇ ਨਿਕਲ ਜਾਣ ਵਾਲਿਆਂ ਦੀ ਸਹੀ ਪਛਾਣ ਪਤਾ ਲੱਗੀ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੇਰੇ ਘਰ ਵਿਚ ਇਕ ਵੱਡੇ ਡਾਈਨਿੰਗ ਟੇਬਲ 'ਤੇ ਬੈਠ ਕੇ ਪੁਲਿਸ ਕਮਿਸ਼ਨਰ ਸੋਮਨ ਬਹੁਤ ਖ਼ਫ਼ਾ ਹੋਏ। ਸੀਪੀ ਨੇ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਲਈ ਮੇਰੀ ਪਤਨੀ ਦੁਆਰਾ ਬਣਾਈ ਗਈ ਚਾਹ ਪੀਣ ਤੋਂ ਵੀ ਨਾਂਹ ਕਰ ਦਿੱਤੀ ਸੀ। ਮੇਰਾ ਡਰਾਇੰਗ ਰੂਮ ਕਈ ਘੰਟਿਆਂ ਤਕ ਪੁਲਿਸ ਦੇ ਮੁੱਖ ਦਫ਼ਤਰ ਵਿਚ ਤਬਦੀਲ ਹੋ ਗਿਆ ਸੀ। ਮੇਰੇ ਕੋਲ ਘਰੇ ਦੋ ਲੈਂਡਲਾਈਨ ਟੈਲੀਫੋਨ ਕੁਨੈਕਸ਼ਨ ਸਨ ਜੋ ਉਸ ਦੌਰਾਨ ਵੱਖ-ਵੱਖ ਏਜੰਸੀਆਂ ਨਾਲ ਗੱਲ ਕਰਨ ਲਈ ਪੁਲਿਸ ਦੇ ਕੰਮ ਆਏ ਸਨ। ਸੋਮਨ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਮੇਰੇ ਅਖ਼ਬਾਰ ਵਿਚ ਅੰਦਰ ਦੀ ਕੋਈ ਜਾਣਕਾਰੀ ਪ੍ਰਕਾਸ਼ਿਤ ਨਾ ਹੋਵੇ। ਮੇਜ਼ 'ਤੇ ਪਈ ਇਕ ਅੰਗਰੇਜ਼ੀ ਦੀ ਪੁਸਤਕ ਨੇ ਮੇਰਾ ਧਿਆਨ ਖਿੱਚਿਆ। ਉਸ ਦਾ ਸਿਰਲੇਖ ਸੀ 'ਟਿੱਪਲ'।ਪਿਛਲੇ ਪੰਨੇ 'ਤੇ ਇਕ ਨਾਂ ਅਤੇ ਇਕ ਕਾਰ ਨੰਬਰ ਸੀ। ਸ੍ਰੀਮਤੀ ਵੈਦਿਆ। ਡੀਆਈਬੀ 1437! ਕਿਸੇ ਨੂੰ ਵੀ ਇਨ੍ਹਾਂ ਚਾਰ ਸ਼ਬਦਾਂ ਬਾਰੇ 10 ਅਗਸਤ 1986 ਤਕ ਪਤਾ ਨਹੀਂ ਲੱਗਾ ਸੀ ਜਦ ਤਕ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਅਰੁਣ ਵੈਦਿਆ ਨੂੰ ਪੁਣੇ ਵਿਚ ਇਸੇ ਨੰਬਰ ਦੀ ਮਾਰੂਤੀ ਕਾਰ ਵਿਚ ਗੋਲ਼ੀ ਮਾਰ ਦਿੱਤੀ ਗਈ ਸੀ।

-ਬਲਜੀਤ ਪਰਮਾਰ