ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਿੰਘ ਮਜ਼ਦੂਰੀ ਕਰਕੇ ਕਰਦੇ ਸਨ ਘਰ ਦਾ ਗੁਜ਼ਾਰਾ

ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਿੰਘ ਮਜ਼ਦੂਰੀ ਕਰਕੇ ਕਰਦੇ ਸਨ ਘਰ ਦਾ ਗੁਜ਼ਾਰਾ

ਰਾਏਕੋਟ: ਦੱਖਣੀ-ਪੱਛਮੀ ਦਿੱਲੀ 'ਚ ਦਿੱਲੀ ਪੁਲਿਸ ਵੱਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧ ਦਸ ਕੇ ਗ੍ਰਿਫਤਾਰ ਕੀਤੇ ਗਏ ਦੋ ਸਿੱਖਾਂ ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਇਹਨਾਂ ਦਾ ਸਬੰਧ ਰਾਏਕੋਟ ਦੇ ਪਿੰਡ ਤਾਜਪੁਰ ਤੇ ਬਿੰਜਲ ਨਾਲ ਹੈ। 

ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਪੁੱਤਰ ਸੌਦਾਗਰ ਸਿੰਘ ਪਿੰਡ ਤਾਜਪੁਰ ਜਿਸ ਨੂੰ ਖਾੜਕੂ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਕਰੀਬ ਇਕ ਸਾਲ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਹੁਣ ਫਿਰ ਦਿੱਲੀ ਪੁਲਿਸ ਵੱਲੋਂ ਅਸਲੇ ਨਾਲ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਭੁਪਿੰਦਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਅੱਜ-ਕੱਲ੍ਹ ਤਾਜਪੁਰ-ਰਾਏਕੋਟ ਰੋਡ 'ਤੇ ਗੰਨੇ ਦੇ ਜੂਸ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ, ਪਰ ਬਰਸਾਤੀ ਮੌਸਮ ਕਾਰਨ ਕੰਮ ਬੰਦ ਹੋਣ ਕਾਰਨ ਘਰ 'ਚ ਹੀ ਹੁੰਦਾ ਸੀ। 

ਬਲਜਿੰਦਰ ਕੌਰ ਨੇ ਦੱਸਿਆ ਕਿ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਭੁਪਿੰਦਰ ਸਿੰਘ ਨੂੰ ਕੁਲਵੰਤ ਸਿੰਘ ਬਿੰਜਲ ਦਾ ਫੋਨ ਆਇਆ ਤਾਂ ਭੁਪਿੰਦਰ ਸਿੰਘ, ਕੁਲਵੰਤ ਸਿੰਘ ਨਾਲ ਦਿੱਲੀ ਜਾਣ ਲਈ ਕਹਿ ਕੇ ਘਰੋਂ ਚਲੇ ਗਿਆ। ਐਤਵਾਰ ਨੂੰ ਦਿੱਲੀ ਤੋਂ ਕਿਸੇ ਪੁਲਿਸ ਮੁਲਾਜ਼ਮ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਦਿੱਲੀ ਪੁਲਿਸ ਵੱਲੋਂ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਨਾਜਾਇਜ਼ ਤੌਰ 'ਤੇ ਫਸਾਇਆ ਜਾ ਰਿਹਾ ਹੈ। 

ਉਧਰ ਜਦ ਪਿੰਡ ਬਿੰਜਲ ਵਿਖੇ ਕੁਲਵੰਤ ਸਿੰਘ ਦੀ ਪਤਨੀ ਅਮਨਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਸਿਮਰਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਤਿੰਨ ਬੱਚੇ ਹਨ ਤੇ ਆਪਣੇ ਪਰਿਵਾਰ ਦੇ ਗੁਜਾਰੇ ਲਈ ਉਸ ਦਾ ਪਤੀ ਰੰਗ-ਰੋਗਨ ਦਾ ਕੰਮ ਕਰਦਾ ਸੀ। 

ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਰੋਜ਼ਾਨਾ ਦੀ ਤਰ੍ਹਾਂ 4 ਸਤੰਬਰ ਨੂੰ ਵੀ ਸਵੇਰੇ ਕਰੀਬ 9 ਵਜੇ ਘਰੋਂ ਕੰਮ 'ਤੇ ਗਿਆ ਸੀ, ਪ੍ਰੰਤੂ ਉਸ ਸਮੇਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦ ਉਸ ਨੂੰ ਖਬਰਾਂ ਤੋਂ ਪਤਾ ਲੱਗਿਆ ਉਸ ਦੇ ਪਤੀ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਬੇਕਸੂਰ ਹੈ ਤੇ ਉਸ ਨੂੰ ਫਸਾਇਆ ਜਾ ਰਿਹਾ ਹੈ।