ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ ਤੇ ਮਨਾਇਆ ਕਸ਼ਮੀਰ ਇੱਕਮੁਠਤਾ ਦਿਹਾੜਾ

ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ ਤੇ ਮਨਾਇਆ ਕਸ਼ਮੀਰ ਇੱਕਮੁਠਤਾ ਦਿਹਾੜਾ

ਨਿਊਯਾਰਕ (ਹੁਸਨ ਲੜੋਆ ਬੰਗਾ): ਨਿਊਯਾਰਕ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਮਿਲ ਕੇ ਕਸ਼ਮੀਰ ਇੱਕਮੁਠਤਾ ਦਿਹਾੜਾ ਮਨਾਇਆ ਗਿਆ। ਮੋਦੀ ਸਰਕਾਰ ਵੱਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਅਮਲਾਂ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਕਸ਼ਮੀਰ ਵੱਲ ਲੱਗੀਆਂ ਹੋਈਆਂ ਹਨ। ਇਸ ਸਬੰਧੀ ਪਾਕਿਸਤਾਨ, ਅਜ਼ਾਦ ਕਸ਼ਮੀਰ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸਮਾਗਮ ਹੋਏ। 

ਪਾਕਿਸਤਾਨੀ ਅਮੈਰੀਕਨ ਥਿੰਕ ਟੈਂਕ ਵੱਲੋਂ ਇਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਨਿਊਯਾਰਕ ਦੇ ਪ੍ਰਸਿੱਧ ਰੈਸਤੋਰਾਂ ਟੇਸਟ ਆਫ ਲਾਹੌਰ ਵਿੱਚ ਕਰਾਇਆ ਗਿਆ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਅਤੇ ਪਾਕਿਸਤਾਨ ਦੀ ਕੌਂਸਲ ਜਨਰਲ ਆਇਸ਼ਾ ਅਲੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ। 

ਡਾ.ਅਮਰਜੀਤ ਸਿੰਘ ਨੇ ਕਿਹਾ, "ਮੋਦੀ ਸਰਕਾਰ ਹੁਣ ਨਾਜ਼ੀ ਹੁਕੂਮਤ ਦੀ ਤਰਜ ਤੇ ਚੱਲ ਰਹੀ ਹੈ ਅਤੇ ਸਾਮ, ਦਾਮ, ਦੰਡ, ਭੇਦ ਦੀ ਨੀਤੀ ਤੇ ਚੱਲਦਿਆਂ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਬਣਾਇਆ ਹੋਇਆ ਹੈ। ਘੱਟਗਿਣਤੀਆਂ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ।" ਡਾ.ਅਮਰਜੀਤ ਸਿੰਘ ਨੇ ਪਾਕਿਸਤਾਨ ਦੀ ਸਰਕਾਰ ਵੱਲ ਵੀ ਇਸ਼ਾਰਾ ਕਰਦਿਆਂ ਮੋਦੀ ਸਰਕਾਰ ਦੇ ਇਸ ਚੱਕਰਵਿਊ ਨੂੰ ਰੋਕਣ ਲਈ ਕੋਈ ਠੋਸ ਨੀਤੀ ਤੇ ਕੰਮ ਕਰਨ ਦੀ ਸਲਾਹ ਦਿੱਤੀ। ਪਾਕਿਸਤਾਨ ਦੀ ਕੌਸਲ ਜਨਰਲ ਅਇਸ਼ਾ ਅਲੀ ਨੇ ਸੰਬੋਧਨ ਕਰਦਿਆਂ ਕਿਹਾ, "ਅਸੀਂ ਇਸ ਮੌਕੇ ਕਸ਼ਮੀਰੀਆਂ ਨਾਲ ਖਲੋਤੇ ਹਾਂ ਅਤੇ ਕਸ਼ਮੀਰ ਮਸਲੇ ਦੇ ਹੱਲ ਲਈ ਹਰ ਸੰਭਵ ਯਤਨ ਕਰ ਰਹੇ ਹਾਂ, ਯੂ.ਐਨ ਤੋਂ ਲੈ ਯੂਰੋਪੀਅਨ ਯੁਨੀਅਨ ਤੱਕ ਅਤੇ ਹੋਰ ਮੁਲਕਾਂ ਨਾਲ ਇਸ ਮਸਲੇ ਦੇ ਹੱਲ ਲਈ ਅਸੀਂ ਹਰ ਪੱਧਰ ਤੇ ਲਾਮਬੰਦੀ ਕਰ ਰਹੇ ਹਾਂ। 5 ਅਗਸਤ ਤੋਂ ਬਾਅਦ ਭਾਰਤ ਦੀ ਮਾਰੂ ਨੀਤੀ ਦੁਨੀਆ ਸਾਹਮਣੇ ਨੰਗੀ ਹੋਈ ਹੈ ਅਤੇ ਦੁਨੀਆ ਭਰ ਦੇ ਮੀਡੀਏ ਵਿੱਚ ਭਾਰਤ ਤੇ ਸਵਾਲ ਉਠਾਏ ਜਾ ਰਹੇ ਹਨ।"

ਨਿਊਯਾਰਕ ਵਿੱਚ ਸਿੱਖ-ਮੁਸਲਮਾਨ ਸਾਂਝ ਦੇ ਅਲੰਬਰਦਾਰ ਸਲੀਮ ਮਲਿਕ ਸਾਹਿਬ ਦੇ ਪਰਿਵਾਰ ਦਾ ਵੀ ਇਸ ਸਮਾਗਮ ਵਿੱਚ ਸਨਮਾਨ ਕੀਤਾ ਗਿਆ। ਮਲਿਕ ਸਾਹਿਬ ਨੇ ਪਿਛਲੇ ਕਈ ਸਾਲਾਂ ਤੋਂ ਦੋਹਾਂ ਭਾਈਚਾਰਿਆਂ ਦਰਮਿਆਨ ਏਕਤਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਹ ਸਨਮਾਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਦੁਆਬਾ ਸਿੱਖ ਅਸੋਸੀਏਸ਼ਨ ਵੱਲੋਂ ਕੀਤਾ ਗਿਆ। ਸਟੇਜ ਦੀ ਕਾਰਵਾਈ ਰਾਜਾ ਰਜ਼ਾਕ, ਫਰੀਦਾ ਖਾਨ ਜੀ ਵੱਲੋਂ ਨਿਭਾਈ ਗਈ ।