ਹਾਸਿਆਂ ਦਾ ਬਾਦਸ਼ਾਹ  ਡਾ. ਸੁਰਿੰਦਰ ਸ਼ਰਮਾ

ਹਾਸਿਆਂ ਦਾ ਬਾਦਸ਼ਾਹ  ਡਾ. ਸੁਰਿੰਦਰ ਸ਼ਰਮਾ
 

ਡਾ. ਸੁਰਿੰਦਰ ਸ਼ਰਮਾ ਉਰਫ਼ ਡਾ. ਸੁਰਿੰਦਰ ਕੁਮਾਰ ਸ਼ਰਮਾ ਦੀ ਪੈਦਾਇਸ਼ 2 ਜਨਵਰੀ 1945 ਨੂੰ ਨਾਨਕੇ ਪਿੰਡ ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਜਾਬੀ ਪੰਡਤ ਪਰਿਵਾਰ ਵਿੱਚ ਹੋਈ। ਵੈਸੇ ਇਨ੍ਹਾਂ ਦਾ ਆਬਾਈ ਤਾਲੁਕ ਪਿੰਡ ਗੋਰੇ ਨੰਗਲ, ਤਹਿਸੀਲ ਅਜਨਾਲਾ (ਅੰਮ੍ਰਿਤਸਰ) ਨਾਲ ਸੀ ਤੇ ਬਚਪਨ ਅੰਮ੍ਰਿਤਸਰ ਸ਼ਹਿਰ ਵਿੱਚ ਬੀਤਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੈਮਿਸਟਰੀ ਵਿਭਾਗ ਵਿੱਚੋਂ ਸੇਵਾ ਮੁਕਤ ਡਾ. ਸ਼ਰਮਾ ਨੇ ਪੰਜਾਬੀ ਫਿਲਮਾਂ ਵਿੱਚ ਮਜ਼ਾਹੀਆ ਅਦਾਕਾਰ, ਚਰਿੱਤਰ ਅਦਾਕਾਰ, ਮੁਕਾਲਮਾਨਿਗ਼ਾਰ ਤੋਂ ਇਲਾਵਾ ਡਰਾਮਾ ਹਿਦਾਇਤਕਾਰ, ਟੈਲੀਵਿਜ਼ਨ ਅਦਾਕਾਰ ਤੇ ਸਟੇਜ ਸੰਚਾਲਕ ਦੇ ਫਰਜ਼ ਨਿਭਾਏ।

ਡਾ. ਸੁਰਿੰਦਰ ਸ਼ਰਮਾ ਨੇ ਆਪਣੇ ਫ਼ਨੀ ਸਫ਼ਰ ਦੀ ਇਬਤਿਦਾ ਰੰਗਮੰਚ ਤੋਂ ਕੀਤੀ ਤੇ ਫਿਰ ਫਿਲਮਾਂ ਨੂੰ ਸਮਰਪਿਤ ਹੋ ਗਏ। ਇਨ੍ਹਾਂ ਨੂੰ ਪੰਜਾਬੀ ਫਿਲਮਾਂ ਵਿੱਚ ਲਿਆਉਣ ਦਾ ਸਿਹਰਾ ਅਦਾਕਾਰ ਪ੍ਰੇਮ ਨਾਥ ਨੂੰ ਹਾਸਿਲ ਹੈ। ਜਦੋਂ ਪ੍ਰੇਮ ਨਾਥ ਨੇ ਆਪਣੇ ਫਿਲਮਸਾਜ਼ ਅਦਾਰੇ ਪੀ. ਐੱਨ. ਫਿਲਮਜ਼, ਬੰਬੇ ਦੇ ਬੈਨਰ ਹੇਠ ਚਮਨ ਨੀਲੇ ਦੀ ਹਿਦਾਇਤਕਾਰੀ ਵਿੱਚ ਧਾਰਮਿਕ ਪੰਜਾਬੀ ਫਿਲਮ ‘ਸਤਿ ਸ੍ਰੀ ਅਕਾਲ’ (1977) ਬਣਾਈ ਤਾਂ ਡਾ. ਸੁਰਿੰਦਰ ਸ਼ਰਮਾ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਉਨ੍ਹਾਂ ਨੇ ਇਸ ਫਿਲਮ ਵਿੱਚ ਚਰਿੱਤਰ ਅਦਾਕਾਰ ਦਾ ਰੋਲ ਨਿਭਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਪ੍ਰੇਮ ਨਾਥ (ਗਿਆਨੀ ਜੀ), ਕਾਮਿਨੀ ਕੌਸ਼ਲ (ਮਾਂ) ਤੇ ਦੀਗ਼ਰ ਫ਼ਨਕਾਰਾਂ ਵਿੱਚ ਸੁਨੀਲ ਦੱਤ, ਰੀਨੇ ਰਾਏ, ਪ੍ਰੀਕਸ਼ਤ ਸਾਹਨੀ, ਜ਼ਾਹਿਰਾ, ਸ਼ਤਰੂਘਣ ਸਿਨਹਾ, ਰਾਜਿੰਦਰ ਨਾਥ, ਨਾਜ਼, ਅਮਰੀਸ਼ ਪੁਰੀ, ਗੌਤਮ ਸਰੀਨ ਵਗੈਰਾ ਨੁਮਾਇਆ ਸਨ। 8 ਦਸੰਬਰ 1978 ਨੂੰ ਸੰਗਮ ਸਿਨਮਾ, ਅੰਮ੍ਰਿਤਸਰ ’ਚ ਨੁਮਾਇਸ਼ ਹੋਈ ਇਹ ਫਿਲਮ ਹਿੰਦੀ ਵਿੱਚ ‘ਗਿਆਨੀ ਜੀ’ (8 ਦਸੰਬਰ 1978 ਸੈਂਸਰ) ਦੇ ਨਾਮ ਨਾਲ ਸੈਂਸਰ ਹੋਈ।

ਜਦੋਂ ਦਾਰਾ ਸਿੰਘ ਨੇ ਆਪਣੇ ਫਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਭਗਤੀ ਪ੍ਰਧਾਨ ਪੰਜਾਬੀ ਫਿਲਮ ‘ਧਿਆਨੂੰ ਭਗਤ’ (1978) ਬਣਾਈ ਤਾਂ ਡਾ. ਸੁਰਿੰਦਰ ਸ਼ਰਮਾ ਨੂੰ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਜਦੋਂਕਿ ‘ਧਿਆਨੂੰ ਭਗਤ’ ਦਾ ਮਰਕਜ਼ੀ ਕਿਰਦਾਰ ਦਾਰਾ ਸਿੰਘ ਨਿਭਾ ਰਿਹਾ ਸੀ। 16 ਜੂਨ 1978 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਹ ਫਿਲਮ ਹਿੰਦੀ ਵਿੱਚ ‘ਭਗਤੀ ਮੇਂ ਸ਼ਕਤੀ’ (1978) ਸਿਰਲੇਖ ਹੇਠ ਡੱਬ ਹੋਈ। ਜਦੋਂ ਸਤਿੰਦਰਜੀਤ ਸਰਕਾਰੀਆ ਤੇ ਅਮਰਜੀਤ ਸਰਕਾਰੀਆ ਨੇ ਆਪਣੇ ਫਿਲਮਸਾਜ਼ ਅਦਾਰੇ ਪਰਨੀਤ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਸਤੀਸ਼ ਭਾਖੜੀ ਦੀ ਹਿਦਾਇਤਕਾਰੀ ਵਿੱਚ ਦੇਸ਼ ਭਗਤੀ ਦੀ ਪੰਜਾਬੀ ਫਿਲਮ ‘ਸਰਦਾਰ-ਏ-ਆਜ਼ਮ’ (1979) ਸ਼ੁਰੂ ਕੀਤੀ ਤਾਂ ਡਾ. ਸੁਰਿੰਦਰ ਸ਼ਰਮਾ ਨੂੰ ‘ਸੋਹਨ ਲਾਲ’ ਦਾ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਪਰ ਇਨ੍ਹਾਂ ਪੰਜਾਬੀ ਫਿਲਮਾਂ ਵਿੱਚ ਨਿਭਾਏ ਛੋਟੇ-ਛੋਟੇ ਕਿਰਦਾਰਾਂ ਨਾਲ ਉਸ ਨੂੰ ਪੁਖਤਾ ਪਛਾਣ ਨਹੀਂ ਮਿਲੀ।

ਜਦੋਂ ਸ਼ਿਆਮ ਲਾਲ ਬੰਸੀਵਾਲ ਤੇ ਵਰਿੰਦਰ ਨੇ ਫਿਲਮਸਾਜ਼ ਅਦਾਰੇ ਜਿਓਤੀ ਫਿਲਮਜ਼, ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਵਰਿੰਦਰ (ਸਹਾਇਕ ਬਲਬੀਰ ਬੇਗਮਪੁਰੀ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਲੰਬੜਦਾਰਨੀ’ (1980) ਸ਼ੁਰੂ ਕੀਤੀ ਤਾਂ ਸੁਰਿੰਦਰ ਸ਼ਰਮਾ ਨੂੰ ‘ਖੋਤਾ ਰਾਮ’ ਦਾ ਮਜ਼ਾਹੀਆ ਪਾਰਟ ਦਿੱਤਾ। ਮਸ਼ਹੂਰ ਮਜ਼ਾਹੀਆ ਅਦਾਕਾਰ ਮਿਹਰ ਮਿੱਤਲ ਨਾਲ ਉਸ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 12 ਦਸੰਬਰ 1980 ਨੂੰ ਮਾਲਵਾ ਸਿਨਮਾ, ਪਟਿਆਲਾ ’ਚ ਨੁਮਾਇਸ਼ ਹੋਣ ਵਾਲੀ ਇਹ ਕਾਮਯਾਬ ਫਿਲਮ ਹਿੰਦੀ ਵਿੱਚ ‘ਖੇਲ ਮੁਕੱਦਰ ਕਾ’ (1981) ਦੇ ਸਿਰਲੇਖ ਹੇਠ ਡੱਬ ਹੋਈ। ਬੀ. ਐੱਚ. ਕੇ. ਜੀ ਪ੍ਰੋਡਕਸ਼ਨਜ਼, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਪੰਜਾਬੀ ਫਿਲਮ ‘ਬਲਬੀਰੋ ਭਾਬੀ’ (1981) ’ਚ ਅਦਾਕਾਰ ਵਰਿੰਦਰ ਨੇ ਮਿਹਰ ਮਿੱਤਲ (ਰੁਲਦੂ ਰਾਮ) ਨਾਲ ਡਾ. ਸੁਰਿੰਦਰ ਸ਼ਰਮਾ (ਮਾਮਾ) ਨੂੰ ਜੋੜੀਦਾਰ ਵਜੋਂ ਪੇਸ਼ ਕੀਤਾ। ਦੋਵਾਂ ਦੀ ਮਜ਼ਾਹੀਆ ਅਦਾਕਾਰੀ ਨੇ ਖ਼ੂਬ ਰੰਗ ਬੰਨ੍ਹੇ। ਫਿਲਮ ’ਵਿਚ ‘ਬਲਬੀਰੋ ਭਾਬੀ’ ਦਾ ਟਾਈਟਲ ਰੋਲ ਬੰਬੇ ਦੀ ਮੁਟਿਆਰ ਸ਼ੋਮਾ ਆਨੰਦ ਨੇ ਅਦਾ ਕੀਤਾ। ਇਹ ਸੁਪਰਹਿੱਟ ਫਿਲਮ 18 ਜੂਨ 1982 ’ਚ ਮਾਲਵਾ ਸਿਨਮਾ, ਪਟਿਆਲਾ ਵਿਖੇ ਰਿਲੀਜ਼ ਹੋਈ। ਬਲਬੀਰ ਸਿੰਘ ਦੇ ਫਿਲਮਸਾਜ਼ ਅਦਾਰੇ ਜਗਦੇਵਾ ਫਿਲਮਜ਼, ਬੰਬੇ ਦੀ ਭਗਤੀ ਪ੍ਰਧਾਨ ਪੰਜਾਬੀ ਫਿਲਮ ‘ਜੈ ਬਾਬਾ ਬਾਲਕ ਨਾਥ’ (1981) ’ਵਿਚ ਸੁਰਿੰਦਰ ਸ਼ਰਮਾ ਨੇ ‘ਚੀਕੂ ਰਾਮ’ ਦਾ ਪਾਰਟ ਨਿਭਾਇਆ ਜਦੋਂਕਿ ਆਸ਼ੂ ਭਾਰਤੀ ‘ਬਾਬਾ ਬਾਲਕ ਨਾਥ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਜਿਓਤੀ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਹੀ ਵਰਿੰਦਰ ਨਿਰਦੇਸ਼ਿਤ ਪੰਜਾਬੀ ਫਿਲਮ ‘ਸਰਪੰਚ’ (1981) ਵਿੱਚ ਅਦਾਕਾਰੀ ਕੀਤੀ। ਇਸ ਫਿਲਮ ’ਚ ਵਰਿੰਦਰ ਨੇ ਆਪਣੇ ਕਰੀਬੀ ਮਿੱਤਰ ਡਾ. ਸੁਰਿੰਦਰ ਸ਼ਰਮਾ ਨੂੰ ‘ਭੋਲਾ ਰਾਮ’ ਦਾ ਮਜ਼ਾਹੀਆ ਪਾਰਟ ਦਿੱਤਾ ਜਦੋਂ ਕਿ ਸਰਪੰਚ ਦਾ ਟਾਈਟਲ ਕਿਰਦਾਰ ਯਸ਼ ਸ਼ਰਮਾ ਅਦਾ ਕਰ ਰਿਹਾ ਸੀ। ਇਹ ਕਾਮਯਾਬ ਫਿਲਮ 5 ਮਾਰਚ 1982 ਨੂੰ ਮਾਲਵਾ ਸਿਨਮਾ, ਪਟਿਆਲਾ ਵਿਖੇ ਨੁਮਾਇਸ਼ ਹੋਈ। ਆਰ. ਐੱਲ. ਸ਼ਰਮਾ ਦੇ ਫਿਲਮਸਾਜ਼ ਅਦਾਰੇ ਚੇਤਨ ਫਿਲਮਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ (ਸਹਾਇਕ ਰਵੀ ਭਾਖੜੀ, ਗ਼ਰੀਬ ਦਾਸ) ਨਿਰਦੇਸ਼ਿਤ ਪੰਜਾਬੀ ਫਿਲਮ ‘ਛਮਕ ਛੱਲੋ’ (1982) ’ਚ ਡਾ. ਸੁਰਿੰਦਰ ਨੇ ਮਿਹਰ ਮਿੱਤਲ (ਹੁਸ਼ਿਆਰੀ ਲਾਲ) ਦੇ ਪਿਓ ‘ਸ਼ਾਹ ਜੀ’ ਦਾ ਕਿਰਦਾਰ ਅਦਾ ਕੀਤਾ। ਇਹ ਫਿਲਮ 31 ਦਸੰਬਰ 1982 ਨੂੰ ਨੀਲਮ ਥੀਏਟਰ, ਚੰਡੀਗੜ੍ਹ ਵਿਖੇ ਰਿਲੀਜ਼ ਹੋਈ। ਜਦੋਂ ਵਰਿੰਦਰ ਨੇ ਆਪਣੀ ਪਤਨੀ ਦੇ ਨਾਮ ’ਤੇ ਬਣਾਏ ਆਪਣੇ ਫਿਲਮਸਾਜ਼ ਅਦਾਰੇ ਪੰਮੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਬਟਵਾਰਾ’ (1983) ਬਣਾਈ ਤਾਂ ਡਾ. ਸੁਰਿੰਦਰ ਸ਼ਰਮਾ ਨੂੰ ਹਰਿਆਣਵੀ ਕਿਰਦਾਰ ’ਚ ਇੱਕ ਵਾਰ ਫਿਰ ਮਿਹਰ ਮਿੱਤਲ ਨਾਲ ਪੇਸ਼ ਕੀਤਾ। ਦੋਵਾਂ ਦੀ ਮਜ਼ਾਹੀਆ ਅਦਾਕਾਰੀ ਨੇ ਖ਼ੂਬ ਰੰਗ ਬੰਨ੍ਹੇ। ਪੂਜਾ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਪੰਜਾਬੀ ਫਿਲਮ ‘ਲਾਜੋ’ (1983) ’ਚ ਡਾ. ਸੁਰਿੰਦਰ ਨੇ ‘ਮੁਨੀਮ’ ਦਾ ਰੋਲ ਕੀਤਾ। ਦਾਰਾ ਸਿੰਘ ਦੇ ਫਿਲਮਸਾਜ਼ ਅਦਾਰੇ ਦਾਰਾ ਪਿਕਚਰਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਪੰਜਾਬੀ ਫਿਲਮ ‘ਅਣਖੀਲੀ ਮੁਟਿਆਰ’ (1983) ’ਚ ਡਾ. ਸ਼ਰਮਾ ਨੇ ਰਤਨ ਔਲਖ (ਚੌਧਰੀ ਬੱਗੜ) ਦੇ ਸਾਥੀ ਦਾ ਨਕਾਰਾਤਮਕ ਰੋਲ ਨਿਭਾਇਆ। ਇਹ ਫਿਲਮ 18 ਮਈ 1987 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਪ੍ਰੇਮ ਦਿਓਲ ਦੇ ਫਿਲਮਸਾਜ਼ ਅਦਾਰੇ ਪ੍ਰੇਮ ਫਿਲਮਜ਼, ਬੰਬੇ ਦੀ ਕੇ. ਪੱਪੂ ਨਿਰਦੇਸ਼ਿਤ ਫਿਲਮ ‘ਜਿਗਰੀ ਯਾਰ’ (1984) ’ਚ ਡਾ. ਸੁਰਿੰਦਰ ਸ਼ਰਮਾ ਨੇ ਖ਼ਲਨਾਇਕ ਯਸ਼ ਸ਼ਰਮਾ (ਚੌਧਰੀ ਹਰਨਾਮ/ਸ਼ਾਹ ਜੀ) ਦੇ ਸਾਥੀ ‘ਜੋਗਿੰਦਰ’ ਦਾ ਨਕਾਰਾਤਮਕ ਪਾਰਟ ਅਦਾ ਕੀਤਾ। ਡੈਡੀ ਸਿਆਲ (ਨਰਿੰਦਰਪਾਲ ਸਿਆਲ) ਦੇ ਫਿਲਮਸਾਜ਼ ਅਦਾਰੇ ਅਰਾਧਨਾ ਪ੍ਰੋਡਕਸ਼ਨਜ਼, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਫਿਲਮ ‘ਨਿੰਮੋ’ (1984) ਜਿਸ ਦਾ ਟਾਈਟਲ ਰੋਲ ਕਸ਼ਮੀਰੀ ਪੰਜਾਬਣ ਪ੍ਰੀਤੀ ਸਪਰੂ ਨੇ ਕੀਤਾ, ਇਸ ਫਿਲਮ ’ਚ ਡਾ. ਸ਼ਰਮਾ ਨੇ ਨਿੰਮੋ ਦੇ ਸਾਥੀ ਸਟੇਜ ਸੰਚਾਲਕ ਦਾ ਪਾਰਟ ਬਾਖ਼ੂਬੀ ਨਿਭਾਇਆ। ਕਮਲ ਕਾਂਤ ਦੇ ਸੰਗੀਤ ’ਚ ਇੱਕ ਅਖਾੜਾ ਗੀਤ ‘ਓ ਬੱਲੇ-ਬੱਲੇ ਕੋਠੇ ’ਤੇ ਲਵਾ ਦੇ ਛੱਤਰੀ’ (ਅਨੁਰਾਧਾ ਪੌਡਵਾਲ, ਮਹਿੰਦਰ ਕਪੂਰ) ਪ੍ਰੀਤੀ ਸਪਰੂ, ਸੁਰਿੰਦਰ ਸ਼ਰਮਾ ਤੇ ਵਰਿੰਦਰ ’ਤੇ ਫਿਲਮਾਇਆ ਗਿਆ ਸੀ। ਅਦਾਕਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਫਿਲਮ ਦੇ ਮੁਕਾਲਮੇ ਵੀ ਤਹਿਰੀਰ ਕੀਤੇ। ਇਹ ਫਿਲਮ 7 ਫਰਵਰੀ 1986 ਨੂੰ ਚੰਦਾ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਡੀ. ਆਈ. ਆਰਟਸ, ਬੰਬੇ ਦੀ ਇਕਬਾਲ ਢਿੱਲੋਂ ਨਿਰਦੇਸ਼ਿਤ ਫਿਲਮ ‘ਗੱਭਰੂ ਪੰਜਾਬ ਦਾ’ (1986) ’ਚ ਡਾ. ਸੁਰਿੰਦਰ ਨੇ ਗੁੱਗੂ ਗਿੱਲ ਦੇ ਸਾਥੀ ‘ਖੜਕੂ’ ਦਾ ਨੈਗੇਟਿਵ ਰੋਲ ਕੀਤਾ। ਹਰਿਆਣਵੀ ਭਾਸ਼ਾ ਵਿੱਚ ਇਹ ਫਿਲਮ ‘ਛੋਰਾ ਹਰਿਆਣੇ ਕਾ’ (20 ਅਪਰੈਲ 1987 ਸੈਂਸਰ) ਦੇ ਸਿਰਲੇਖ ਹੇਠ ਡੱਬ ਹੋਈ। ਪੁਖਰਾਜ ਪ੍ਰੋਡਕਸ਼ਨਜ਼, ਬੰਬੇ ਦੀ ਜਗਜੀਤ ਨਿਰਦੇਸ਼ਿਤ ਫਿਲਮ ‘ਕੀ ਬਣੂੰ ਦੁਨੀਆ ਦਾ’ (1987) ’ਚ ਡਾ. ਸੁਰਿੰਦਰ ਨੇ ‘ਨਾਈ’ ਦਾ ਰੋਲ ਕੀਤਾ। ਐੱਸ. ਐੱਚ. ਓ. ਆਰ. ਫ਼ਿਲਮਜ਼, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਫਿਲਮ ‘ਯਾਰੀ ਜੱਟ ਦੀ’ (1987) ’ਚ ਪ੍ਰੀਤੀ ਸਪਰੂ ਦੀ ਮਤਰੇਈ ਮਾਂ ਪੰਮੀ ਸੰਧੂ ਦੇ ਭਰਾ ਮਾਮੇ ‘ਲੱਲੂ ਰਾਮ’ ਦਾ ਪਾਰਟ ਅਦਾ ਕੀਤਾ।

1990ਵਿਆਂ ਦੇ ਦਹਾਕੇ ’ਚ ਡਾ. ਸੁਰਿੰਦਰ ਸ਼ਰਮਾ ਦੀ ਮਜ਼ਾਹੀਆ ਅਦਾਕਾਰੀ ਨੂੰ ਹੋਰ ਭਰਵਾਂ ਹੁਲਾਰਾ ਮਿਲਿਆ। ਦਵਿੰਦਰ ਗਿੱਲ (ਭਰਾ ਗੁੱਗੂ ਗਿੱਲ) ਤੇ ਇਕਬਾਲ ਸਿੰਘ ਨੇ ਆਪਣੇ ਫਿਲਮਸਾਜ਼ ਅਦਾਰੇ ਗਿੱਲ ਆਰਟਸ, ਬੰਬੇ ਦੇ ਬੈਨਰ ਹੇਠ ਰਵਿੰਦਰ ਰਵੀ ਨਿਰਦੇਸ਼ਿਤ ਐਕਸ਼ਨ ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ (1990) ’ਚ ਇੱਕ ਵਾਰ ਫਿਰ ਡਾ. ਸੁਰਿੰਦਰ ਸ਼ਰਮਾ ਤੇ ਮਿਹਰ ਮਿੱਤਲ (ਮੰਗਲ ਚੌਕੀਦਾਰ) ਨੂੰ ਜੋੜੀਦਾਰ ਬਣਾਇਆ। ਫਿਲਮ ’ਚ ਉਸ ਨੇ ‘ਰੱਖੀ’ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਜਤਿੰਦਰ ਜੀਤੂ ਦੇ ਪਿਓ ਦਾ ਮਜ਼ਾਹੀਆ ਰੋਲ ਕੀਤਾ। ਭਾਰਤ ਭੂਸ਼ਨ, ਸੁੱਖੀ ਅਕਲੀਆ, ਇਕਬਾਲ ਸਿੰਘ ਦੇ ਫਿਲਮਸਾਜ਼ ਅਦਾਰੇ ਨੇਹਾ ਮੂਵੀਜ਼, ਬੰਬੇ ਦੀ ਰਵਿੰਦਰ ਰਵੀ ਨਿਰਦੇਸ਼ਿਤ ਐਕਸ਼ਨ ਪੰਜਾਬੀ ਫਿਲਮ ‘ਬਦਲਾ ਜੱਟੀ ਦਾ’ (1991) ’ਚ ਡਾ. ਸੁਰਿੰਦਰ ਸ਼ਰਮਾ ਨੇ ਅਦਾਕਾਰ ਗੁੱਗੂ ਗਿੱਲ ਦੇ ਸਾਥੀ ‘ਟੁੰਡਾ’ ਦਾ ਪਾਰਟ ਅਦਾ ਕੀਤਾ। ਰੁਪਿੰਦਰ ਸਿੰਘ ਗਿੱਲ ਤੇ ਇਕਬਾਲ ਸਿੰਘ ਢਿੱਲੋਂ ਨੇ ਫਿਲਮਸਾਜ਼ ਅਦਾਰੇ ਸੁਰਜੀਤ ਮੂਵੀਜ਼, ਬੰਬੇ ਦੇ ਬੈਨਰ ਹੇਠ ਰਵਿੰਦਰ ਰਵੀ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਦਿਲ ਦਾ ਮਾਮਲਾ’ (1991) ਬਣਾਈ। ਫਿਲਮ ’ਚ ਡਾ. ਸੁਰਿੰਦਰ ਨੇ ‘ਮਹਿੰਗੇ’ ਦਾ ਪਾਤਰ ਨਿਭਾਇਆ। ਭੂਸ਼ਣ ਮਦਾਨ ਤੇ ਇਕਬਾਲ ਸਿੰਘ ਦੇ ਫਿਲਮਸਾਜ਼ ਅਦਾਰੇ ਨੇਹਾ ਮੂਵੀਜ਼, ਬੰਬੇ ਦੀ ਕ੍ਰਿਸ਼ਨ ਸਾਹਨੀ ਨਿਰਦੇਸ਼ਿਤ ਐਕਸ਼ਨ ਪੰਜਾਬੀ ਫਿਲਮ ‘ਲਲਕਾਰਾ ਜੱਟੀ ਦਾ’ (1992) ’ਚ ਡਾ. ਸੁਰਿੰਦਰ ਨੇ ‘ਫੰਨ੍ਹੇ ਖਾਂ’ ਦਾ ਮਜ਼ਾਹੀਆ ਰੋਲ ਕੀਤਾ ਤੇ ਮਸ਼ਹੂਰ ਮੁਕਾਲਮੇ ‘ਮੈਂ ਫੰਨ੍ਹੇ ਖਾਂ ਬਦਮਾਸ਼ ਢਸਾ ਢੱਸ...ਖਚਾ ਖਚ...ਓਏ ਪੁਲੀਸ ਮੁਕਾਬਲੇ ਟੰਗਾਂ ਵਿੰਗੀਆਂ’ ਨੇ ਵੀ ਦਰਸ਼ਕ ਖ਼ੂਬ ਹਸਾਏ। ਰੁਪਿੰਦਰ ਗਿੱਲ ਤੇ ਸੁੱਖੀ ਅਕਲੀਆ ਨੇ ਫਿਲਮਸਾਜ਼ ਅਦਾਰੇ ਐੱਸ. ਆਰ. ਮੂਵੀਜ਼ ਇੰਟਰਨੈਸ਼ਨਲ, ਬੰਬੇ ਹੇਠ ਰੂਮਾਨੀ ਪੰਜਾਬੀ ਫਿਲਮ ‘ਮਿਰਜ਼ਾ ਸਾਹਿਬਾਂ’ (1992) ਬਣਾਈ, ਜਿਸ ਵਿੱਚ ਗੁੱਗੂ ਗਿੱਲ ਨੇ ‘ਮਿਰਜ਼ਾ’ ਦਾ ਤੇ ਮਨਜੀਤ ਕੁਲਾਰ ਨੇ ‘ਸਾਹਿਬਾਂ’ ਦਾ ਟਾਈਟਲ ਰੋਲ ਕੀਤਾ ਜਦੋਂਕਿ ਸ਼ਰਮਾ ਨੇ ‘ਕਰਮੂ’ ਦਾ ਮਜ਼ਾਹੀਆ ਪਾਰਟ ਨਿਭਾਇਆ। ਰੁਪਿੰਦਰ ਗਿੱਲ ਤੇ ਇਕਬਾਲ ਸਿੰਘ ਨੇ ਫਿਲਮਸਾਜ਼ ਅਦਾਰੇ ਸੁਰਜੀਤ ਮੂਵੀਜ਼, ਬੰਬੇ ਹੇਠ ਲੋਕ ਨਾਇਕ ਜਿਓਣਾ ਮੌੜ ’ਤੇ ਪੰਜਾਬੀ ਫਿਲਮ ‘ਜੱਟ ਜਿਓਣਾ ਮੌੜ’ (1992) ਬਣਾਈ। ਫਿਲਮ ਦੀ ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਹਿਦਾਇਤਕਾਰੀ ਦੇ ਫਰਜ਼ ਰਵਿੰਦਰ ਰਵੀ ਨੇ ਅੰਜਾਮ ਦਿੱਤੇ। ਫਿਲਮ ’ਚ ‘ਜਿਓਣਾ ਮੌੜ’ ਦਾ ਟਾਈਟਲ ਰੋਲ ਗੁੱਗੂ ਗਿੱਲ ਨੇ ਤੇ ਡਾ. ਸੁਰਿੰਦਰ ਸ਼ਰਮਾ ਨੇ ਉਸ ਦੇ ਸਾਥੀ ਮਜ਼ਾਹੀਆ ਸ਼ਾਇਰ ‘ਭੰਬੀਰੀ’ ਦਾ ਕਿਰਦਾਰ ਨਿਭਾਇਆ। ਸਾਧੂ ਸਿੰਘ ਬਨਵੈਤ ਦੇ ਫਿਲਮਸਾਜ਼ ਅਦਾਰੇ ਆਜ਼ਾਦ ਕਲਾ ਫਿਲਮਜ਼, ਬੰਬੇ ਦੀ ਇਕਬਾਲ ਚਾਨਾ ਨਿਰਦੇਸ਼ਿਤ ਫਿਲਮ ‘ਪੱਗੜੀ ਸੰਭਾਲ ਜੱਟਾ’ (1992) ’ਚ ਡਾ. ਸੁਰਿੰਦਰ ਸ਼ਰਮਾ ਨੇ ‘ਪੰਡਤ’ ਦਾ ਰੋਲ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਯੂਨਾਈਟਡ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸ਼ਸ਼ੀ ਰਾਜ ਨਿਰਦੇਸ਼ਿਤ ਪੰਜਾਬੀ ਫਿਲਮ ‘ਪੁੱਤ ਸਰਦਾਰਾਂ ਦੇ’ (1992), ਟਾਂਡਾ ਫਿਲਮਜ਼, ਬੰਬੇ ਦੀ ਬੀ. ਐੱਸ. ਸ਼ਾਦ ਨਿਰਦੇਸ਼ਿਤ ਫਿਲਮ ‘ਵੈਰੀ’ (1992), ਦਲਜੀਤ ਆਰਟਸ, ਬੰਬੇ ਦੀ ਫਿਲਮ ‘ਤਬਾਹੀ’ (1993), ਨੀਲਮ ਫਿਲਮਜ਼, ਬੰਬੇ ਦੀ ਫਿਲਮ ‘ਗਵਾਹੀ ਜੱਟ ਦੀ’ (1994), ਦਰਸ਼ਨ ਆਰਟਸ ਇੰਟਰਨੈਸ਼ਨਲ, ਬੰਬੇ ਦੀ ਫਿਲਮ ‘ਮੇਰਾ ਪੰਜਾਬ’ (1994), ਦਲਜੀਤ ਆਰਟਸ, ਬੰਬੇ ਦੀ ਹਰਿੰਦਰ ਗਿੱਲ ਨਿਰਦੇਸ਼ਿਤ ਫਿਲਮ ‘ਬਗਾਵਤ’ (1995), ਟਾਂਡਾ ਗਿੰਨੀ ਆਰਟਸ, ਬੰਬੇ ਭੂਸ਼ਣ ਮਦਾਨ ਨਿਰਦੇਸ਼ਿਤ ਫਿਲਮ ‘ਧੀ ਜੱਟ ਦੀ’ (1995), ਸਾਈਂ ਸਪਰੂ ਕ੍ਰਿਏਸ਼ਨ, ਬੰਬੇ ਦੀ ਰਵਿੰਦਰ ਰਵੀ ਨਿਰਦੇਸ਼ਿਤ ਫਿਲਮ ‘ਪ੍ਰਤਿੱਗਿਆ’ (1995), ਹਿਦਾਇਤਕਾਰ ਜਰਨੈਲ ਸਿੰਘ ਚੰਨੀ ਦੀ ਫਿਲਮ ‘ਹੱਕਦਾਰ’ (1995) ਆਦਿ। ਡਾ. ਸ਼ਰਮਾ ਦੀ ਆਖ਼ਰੀ ਪੰਜਾਬੀ ਫਿਲਮ ਬਲਬੀਰ ਬੇਗਮਪੁਰੀ ਨਿਰਦੇਸ਼ਿਤ ‘ਦਿੱਲੀ ਤੋਂ ਲਾਹੌਰ’ (2018) ਸੀ। ਇਸ ਤੋਂ ਬਾਅਦ ਤਬੀਅਤ ਦੇ ਨਾਸਾਜ਼ ਚੱਲਦਿਆਂ ਉਨ੍ਹਾਂ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ।

ਪੰਜਾਬੀ ਤੋਂ ਇਲਾਵਾ ਡਾ. ਸ਼ਰਮਾ ਨੇ ਕੁਝ ਹਿੰਦੀ ਫਿਲਮਾਂ, ਟੈਲੀ ਫਿਲਮਾਂ ਤੇ ਟੈਲੀਵਿਜ਼ਨ ਨਾਟਕਾਂ ਵਿੱਚ ਵੀ ਕਿਰਦਾਰਨਿਗ਼ਾਰੀ ਕੀਤੀ। ਉਨ੍ਹਾਂ ਦੇ ਖ਼ਿਆਲ ਮੁਤਾਬਿਕ ਕਾਮੇਡੀ ਕਰਨਾ ਜਾਂ ਹਸਾਉਣਾ ਸਭ ਤੋਂ ਔਖਾ ਕੰਮ ਹੈ। ਕਈ ਵਾਰ ਅੰਦਰੋਂ ਟੁੱਟਿਆ ਕਲਾਕਾਰ ਵੀ ਆਪਣੇ ਮਜ਼ਾਹੀਆ ਫ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ ਤੇ ਇਹੀ ਉਸ ਦਾ ਅਸਲ ਹੁਨਰ ਹੁੰਦਾ ਹੈ। ਡਾ. ਸ਼ਰਮਾ ਆਪਣੇ ਵੱਖਰੇ ਅੰਦਾਜ਼ ਨਾਲ ਫਿਲਮ ਦੀ ਕਹਾਣੀ ਅਨੁਸਾਰ ਆਪਣੇ ਮੁਕਾਲਮੇ ਆਪ ਲਿਖਦੇ ਸਨ, ਜਿਵੇਂ ਮਿਹਰ ਮਿੱਤਲ ਆਪਣੇ ਮੁਕਾਲਮੇ ਆਪ ਤਹਿਰੀਰ ਕਰਦੇ ਸਨ। ਫਿਲਮੀ ਅਦਾਕਾਰੀ ਤੋਂ ਇਲਾਵਾ ਬਹੁਤ ਸਾਰੇ ਸਟੇਜ ਸ਼ੋਅ’ਜ਼ ਦੀ ਐਂਕਰਿੰਗ ਕਰਨ ਵਾਲੇ ਡਾ. ਸੁਰਿੰਦਰ ਸ਼ਰਮਾ 27 ਜੂਨ 2022 ਨੂੰ 77 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੋ ਪੁੱਤਰ ਡਾ. ਮਨੂੰ ਸ਼ਰਮਾ ਤੇ ਦਿਨਕਰ ਸ਼ਰਮਾ ਹਨ।

 

ਮਨਦੀਪ ਸਿੰਘ ਸਿੱਧੂ