ਬੰਦੀ ਛੋੜ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਬਾਹਰ ਕੀਤੀ ਗਈ ਅਰਦਾਸ

ਬੰਦੀ ਛੋੜ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਬਾਹਰ ਕੀਤੀ ਗਈ ਅਰਦਾਸ
ਤਿਹਾੜ ਜੇਲ੍ਹ ਬਾਹਰ ਅਰਦਾਸ ਕਰਦੇ ਹੋਏ ਸਿੱਖ

ਨਵੀਂ ਦਿੱਲੀ: ਬੰਦੀ ਛੋੜ ਦਿਹਾੜੇ ਮੌਕੇ ਅੱਜ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਇਕੱਤਰ ਹੋ ਕੇ ਸਿੱਖਾਂ ਨੇ ਭਾਰਤ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਮੋਜੂਦ ਸਨ। 

ਦੱਸ ਦਈਏ ਕਿ ਤਿਹਾੜ ਜੇਲ੍ਹ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਸਮੇਤ ਕਈ ਸਿਆਸੀ ਸਿੱਖ ਕੈਦੀ ਨਜ਼ਰਬੰਦ ਹਨ। 

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹਨਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਹੈ। 

ਉਹਨਾਂ ਕਿਹਾ ਕਿ ਸਿਆਸੀ ਸਿੱਖ ਕੈਦੀ ਕੋਈ ਅਪਰਾਧੀ ਨਹੀਂ ਹਨ, ਬਲਕਿ ਉਹਨਾਂ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਕਾਰਵਾਈਆਂ ਕੀਤੀਆਂ ਸਨ ਇਸ ਲਈ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਹਨ। 

ਉਹਨਾਂ ਅਗਲੇ ਵਰ੍ਹੇ ਦੇ ਬੰਦੀ ਛੋੜ ਦਿਹਾੜੇ ਤੱਕ ਕਈ ਸਿੱਖ ਸਿਆਸੀ ਕੈਦੀਆਂ ਦੀਆਂ ਰਿਹਾਈਆਂ ਹੋਣ ਦੀ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਜਦੋਂ ਤੱਕ ਸਾਰੇ ਸਿੱਖ ਸਿਆਸੀ ਕੈਦੀ ਰਿਹਾਅ ਨਹੀਂ ਹੁੰਦੇ ਹਰ ਸਾਲ ਇਸ ਦਿਹਾੜੇ ਮੌਕੇ ਇੱਥੇ ਆ ਕੇ ਅਰਦਾਸ ਕਰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਬੰਦੀ ਛੋੜ ਦਿਹਾੜੇ ਨੂੰ ਉਸ ਘਟਨਾ ਲਈ ਯਾਦ ਕੀਤਾ ਜਾਂਦਾ ਹੈ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।