ਭਾਰਤੀ ਅਜੈਂਸੀਆਂ ਦੇ ਨਿਸ਼ਾਨੇ 'ਤੇ ਜਗਮੀਤ ਸਿੰਘ

ਭਾਰਤੀ ਅਜੈਂਸੀਆਂ ਦੇ ਨਿਸ਼ਾਨੇ 'ਤੇ ਜਗਮੀਤ ਸਿੰਘ

ਸੁਖਵਿੰਦਰ ਸਿੰਘ
ਕਨੇਡਾ ਦੀ ਰਾਜਨੀਤੀ ਵਿੱਚ ਆਪਣੀ ਸਿਆਣਪ ਅਤੇ ਕਾਬਲੀਅਤ ਨਾਲ ਸਿਖਰਲਾ ਸਥਾਨ ਹਾਸਿਲ ਕਰਨ ਵਾਲੇ ਜਗਮੀਤ ਸਿੰਘ ਦੀ ਪ੍ਰਸਿੱਧੀ ਭਾਰਤੀ ਸਟੇਟ ਨੂੰ ਪਚਾਉਣੀ ਔਖੀ ਹੋ ਰਹੀ ਹੈ ਅਤੇ ਹੁਣ ਭਾਰਤੀ ਰਾਸ਼ਟਰਵਾਦੀ ਮੀਡੀਆ ਅਦਾਰਿਆਂ ਰਾਹੀਂ ਭਾਰਤੀ ਅਜੈਂਸੀਆਂ ਜਗਮੀਤ ਸਿੰਘ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੀਤੇ ਦਿਨ ਕਨੇਡਾ ਦੀ ਪਾਰਲੀਮੈਂਟ ਲਈ ਪਈਆਂ ਵੋਟਾਂ ਦੇ ਚੋਣ ਨਤੀਜੇ ਆਉਣ ਨਾਲ ਸਾਫ ਹੋ ਗਿਆ ਕਿ ਭਾਵੇਂ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦੀ ਦਾਅਵੇਦਾਰ ਹੈ ਪਰ ਪੂਰਣ ਬਹੁਮਤ ਨਾ ਮਿਲਣ ਕਰਕੇ ਉਸ ਨੂੰ ਸਰਕਾਰ ਚਲਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਪਾਰਟੀ ਦੀ ਪੈਰ-ਪੈਰ 'ਤੇ ਮਦਦ ਦੀ ਲੋੜ ਪਵੇਗੀ।

ਇਹਨਾਂ ਨਤੀਜਿਆਂ ਤੋਂ ਕੌਮਾਂਤਰੀ ਮੀਡੀਆ ਨੇ ਜਿੱਥੇ ਜਸਟਿਨ ਟਰੂਡੋ ਨੂੰ "ਕਿੰਗ" ਦਾ ਲਕਫ ਦਿੱਤਾ ਉੱਥੇ ਹੀ ਜਗਮੀਤ ਸਿੰਘ ਨੂੰ "ਕਿੰਗ ਮੇਕਰ" ਦੱਸਿਆ।

ਭਾਰਤੀ ਮੀਡੀਆ ਦਾ ਭੰਡੀ ਪ੍ਰਚਾਰ
ਇਹ ਚੋਣ ਨਤੀਜੇ ਆਉਂਦਿਆਂ ਹੀ ਭਾਰਤੀ ਮੀਡੀਆ ਨੇ ਜਗਮੀਤ ਸਿੰਘ ਬਾਰੇ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਨਾਮਵਰ ਅਖਬਾਰਾਂ ਵਿੱਚ 'ਬਿਨ੍ਹਾਂ ਕਿਸੇ ਪੱਤਰਕਾਰ ਦੇ ਨਾਂ ਤੋਂ' ਖਬਰਾਂ ਛਾਪੀਆਂ ਗਈਆਂ ਹਨ ਜਿਹਨਾਂ ਵਿੱਚ ਲਿਖਿਆ ਗਿਆ ਹੈ ਕਿ ਜਗਮੀਤ ਸਿੰਘ 'ਅੱਤਵਾਦੀ' ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਇਹਨਾਂ ਲਿਖਤਾਂ ਵਿੱਚ ਕਿਹਾ ਗਿਆ ਹੈ ਕਿ ਜਗਮੀਤ ਸਿੰਘ ਪਾਕਿਸਤਾਨ ਰਹਿੰਦੇ 'ਖਾਲਿਸਤਾਨੀ ਅੱਤਵਾਦੀਆਂ' (ਸਿੱਖ ਨਜ਼ਰਾਂ ਵਿੱਚ ਖਾੜਕੂ) ਨੂੰ ਫੰਡ ਮੁਹੱਈਆ ਕਰਵਾਉਂਦਾ ਹੈ, ਇਸ ਲਈ ਉਹ ਭਾਰਤੀ ਖੂਫੀਆਂ ਅਜੈਂਸੀ ਰਾਅ ਦੇ ਨਿਸ਼ਾਨੇ 'ਤੇ ਹੈ। 

ਵੱਖ-ਵੱਖ ਖਬਰੀ ਅਦਾਰਿਆਂ ਵੱਲੋਂ ਛਾਪੀ ਲਗਭਗ ਇੱਕੋ ਜਿਹੀ ਰਿਪੋਰਟ ਵਿੱਚ ਮੁੱਖ ਤੱਥ ਇਹ ਹਨ ਕਿ ਜਗਮੀਤ ਸਿੰਘ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਕਨੇਡਾ ਵਿੱਚ ਖਾਲਿਸਤਾਨੀ ਅਤੇ ਕਸ਼ਮੀਰੀ ਅਜ਼ਾਦੀ ਪਸੰਦ ਲੋਕਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 

ਜਦੋਂ ਸਾਰੀ ਦੁਨੀਆ ਦੇ ਸਿਆਣੇ ਲੋਕ ਭਾਰਤ ਵੱਲੋਂ ਕਸ਼ਮੀਰ ਵਿੱਚ ਧਾਰਾ 370 ਹਟਾ ਕੇ ਫੌਜੀ ਤਾਕਤ ਨਾਲ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਬੋਲ ਰਹੇ ਹਨ ਤਾਂ ਜਗਮੀਤ ਸਿੰਘ ਵੱਲੋਂ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਚੁੱਕੀ ਅਵਾਜ਼ ਨੂੰ ਵੀ ਇਹਨਾਂ ਰਿਪੋਰਟਾਂ ਵਿੱਚ ਉਸ ਦਾ ਦੋਸ਼ ਬਣਾ ਕੇ ਪੇਸ਼ ਕੀਤਾ ਗਿਆ ਹੈ। 

ਭਾਰਤੀ ਸਟੇਟ ਜਗਮੀਤ ਸਿੰਘ ਤੋਂ ਕਿਉਂ ਘਬਰਾਉਂਦੀ ਹੈ?
ਜਦੋਂ ਇੱਕ ਪਾਸੇ ਭਾਰਤੀ ਸਟੇਟ ਨੇ 1984 ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕਰਕੇ ਅਤੇ ਇਸ ਨਸਲਕੁਸ਼ੀ ਖਿਲਾਫ ਸਿੱਖ ਕੌਮ ਵੱਲੋਂ ਲੜੇ ਸੰਘਰਸ਼ ਨੂੰ ਅੱਤਵਾਦ ਦਾ ਨਾਂ ਦੇ ਕੇ ਸਿੱਖਾਂ ਨੂੰ ਕੁੱਲ ਦੁਨੀਆ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਕੌਮੀ ਘਰ ਤੋਂ ਦੂਰ ਤੰਗੀਆਂ ਦੁਸ਼ਵਾਰੀਆਂ ਨੂੰ ਝੱਲਦੀ ਹੋਈ ਸਿੱਖ ਕੌਮ ਨੇ ਪੱਛਮੀ ਮੁਲਕਾਂ ਵਿੱਚ ਆਪਣੀ ਮਿਹਨਤ, ਲਿਆਕਤ, ਸਿਆਣਪ ਅਤੇ ਸਰਬੱਤ ਦੇ ਭਲੇ ਦੇ ਇਲਾਹੀ ਫਲਸਫੇ ਰਾਹੀਂ ਉੱਚ ਥਾਂ ਬਣਾਈ। 

ਸਿੱਖਾਂ ਦੀਆਂ ਅਨੇਕਾਂ ਪ੍ਰਾਪਤੀਆਂ ਵਿੱਚੋਂ ਜਗਮੀਤ ਸਿੰਘ ਨੇ ਵੱਡੀ ਪ੍ਰਾਪਤੀ ਕਰਦਿਆਂ ਕਨੇਡਾ ਦੀ ਸਿਆਸਤ ਵਿੱਚ ਪ੍ਰਮੁੱਖ ਪਾਰਟੀ ਐਨਡੀਪੀ ਦੀ ਪ੍ਰਧਾਨਗੀ ਹਾਸਲ ਕੀਤੀ। ਐਨਡੀਪੀ ਦੀ ਪ੍ਰਧਾਨਗੀ ਲਈ ਜਦੋਂ ਜਗਮੀਤ ਸਿੰਘ ਚੋਣ ਲੜ ਰਿਹਾ ਸੀ ਉਸ ਸਮੇਂ ਵੀ ਭਾਰਤੀ ਅਜੈਂਸੀਆਂ ਵੱਲੋਂ ਉਸ ਨੂੰ ਹਰਾਉਣ ਦੀਆਂ ਸਿਰਤੋੜ ਕੋਸ਼ਿਸ਼ ਕੀਤੀਆਂ ਗਈਆਂ ਪਰ ਜਗਮੀਤ ਸਿੰਘ ਭਾਰਤੀ ਅਜੈਂਸੀਆਂ ਨੂੰ ਹਰਾ ਕੇ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਹੋਇਆ।

ਦਰਅਸਲ ਉੱਚ ਪੱਧਰ ਦਾ ਵਕੀਲ ਜਗਮੀਤ ਸਿੰਘ ਮੁੱਢ ਤੋਂ ਹੀ ਸਿੱਖਾਂ ਦੀ ਅਤੇ ਭਾਰਤ ਦੀ ਰਾਜਨੀਤਕ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਜਿਸ ਦੇ ਚਲਦਿਆਂ ਉਸ ਨੇ ਆਪਣੇ ਸਿਆਸੀ ਜੀਵਨ ਦੇ ਮੁੱਢਲੇ ਦੌਰ ਵਿੱਚ ਹੀ ਭਾਰਤ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਬਾਰੇ ਖੁੱਲ੍ਹ ਕੇ ਬੋਲਣਾ ਸ਼ੁਰੂ ਕੀਤਾ ਅਤੇ ਭਾਰਤ ਦੇ ਮਨੁੱਖੀ ਹੱਕਾਂ ਦੇ ਘਾਣ ਕਰਨ ਵਾਲੇ ਵਤੀਰੇ ਨੂੰ ਆਪਣੇ ਭਾਸ਼ਣਾਂ ਦਾ ਹਿੱਸਾ ਬਣਾਇਆ। ਇਸ ਸੱਚ ਤੋਂ ਤੰਗ ਆ ਕੇ ਭਾਰਤੀ ਅਜੈਂਸੀਆਂ ਦੇ ਇਸ਼ਾਰਿਆਂ 'ਤੇ ਅੰਗਰੇਜ਼ਾਂ ਖਿਲਾਫ ਅਜ਼ਾਦੀ ਲਈ ਜੂਝਣ ਵਾਲੇ ਸੇਵਾ ਸਿੰਘ ਠੀਕਰੀਵਾਲਾ ਦੇ ਪੜ੍ਹਪੋਤਰੇ ਜਗਮੀਤ ਸਿੰਘ ਨੂੰ ਕਨੇਡਾ ਦੀ ਸੂਬਾਈ ਅਸੈਂਬਲੀ ਦਾ ਮੈਂਬਰ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਪੰਜਾਬ ਆਉਣ ਲਈ ਵੀਜ਼ਾ ਦੇਣ ਤੋਂ ਨਾਹ ਕਰ ਦਿੱਤੀ। 2013 ਵਿੱਚ ਜਦੋਂ ਭਾਰਤ ਸਰਕਾਰ ਨੇ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਨਾਹ ਕੀਤੀ ਤਾਂ ਉਸ ਦਾ ਅਧਾਰ ਇਹ ਬਣਾਇਆ ਗਿਆ ਕਿ ਜਗਮੀਤ ਸਿੰਘ ਮਨੁੱਖੀ ਹੱਕਾਂ ਦੀ ਆੜ ਹੇਠ ਭਾਰਤ ਨੂੰ ਬਦਨਾਮ ਕਰਦਾ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਪੱਛਮੀ ਮੁਲਕ ਦੇ ਲੋਕ ਨੁਮਾਂਇੰਦੇ ਨੂੰ ਭਾਰਤ ਨੇ ਵੀਜ਼ਾ ਨਾ ਦਿੱਤਾ ਹੋਵੇ।

ਉਸ ਤੋਂ ਬਾਅਦ ਜਗਮੀਤ ਸਿੰਘ ਦੀ ਅਤੇ ਭਾਰਤੀ ਸਟੇਟ ਦੀ ਲੜਾਈ ਹੋਰ ਤਿੱਖੀ ਹੁੰਦੀ ਗਈ। ਭਾਰਤੀ ਸਟੇਟ ਨੇ ਜਗਮੀਤ ਸਿੰਘ ਨੂੰ ਆਪਣੀਆਂ ਅਜੈਂਸੀਆਂ ਰਾਹੀਂ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਗਮੀਤ ਸਿੰਘ ਗੁਰੂ ਆਸਰੇ ਜਿੱਤਦਾ ਗਿਆ। 

ਭਾਰਤੀ ਸਟੇਟ ਨੂੰ ਜਗਮੀਤ ਸਿੰਘ ਨੇ ਸਭ ਤੋਂ ਵੱਡੀ ਹਾਰ ਉਸ ਸਮੇਂ ਦਿੱਤੀ ਜਦੋਂ 2016 ਵਿੱਚ ਉਸ ਵੱਲੋਂ ਓਂਟਾਰੀਓ ਦੀ ਅਸੈਂਬਲੀ ਵਿੱਚ 1984 ਦੇ ਸਿੱਖ ਕਤਲੇਆਮ ਨੂੰ 'ਸਿੱਖ ਨਸਲਕੁਸ਼ੀ' ਮੰਨਣ ਦਾ ਮਤਾ ਪੇਸ਼ ਕੀਤਾ ਗਿਆ। ਹਲਾਂਕਿ 2016 ਵਿੱਚ ਇਹ ਮਤਾ ਪਾਸ ਨਾ ਹੋ ਸਕਿਆ, ਪਰ ਅਗਲੇ ਸਾਲ ਇੱਕ ਹੋਰ ਸਿੱਖ ਮੈਂਬਰ ਬੀਬੀ ਹਰਿੰਦਰ ਕੌਰ ਮੱਲ੍ਹੀ ਵੱਲੋਂ ਇਹ ਮਤਾ ਜਦੋਂ ਦੁਬਾਰਾ ਪੇਸ਼ ਕੀਤਾ ਗਿਆ ਤਾਂ ਇਹ ਪਾਸ ਹੋ ਗਿਆ। ਇਸ ਮਤੇ ਦੇ ਪਾਸ ਹੋਣ 'ਤੇ ਭਾਰਤ ਸਰਕਾਰ ਨੇ ਬਹੁਤ ਰੌਲਾ ਪਾਇਆ ਸੀ।

ਜਗਮੀਤ ਸਿੰਘ ਭਾਰਤ ਵੱਲੋਂ ਸਿੱਖ ਸਰੂਪ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਇੱਕ ਠੋਕਵਾਂ ਜਵਾਬ ਹੈ ਜਿਸ ਨੇ ਸਾਬਤ ਸੂਰਤ ਸਿੱਖ ਸਰੂਪ ਦੀ ਪਛਾਣ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਭਾਰਤ ਦੇ ਉਸ ਵਿਚਾਰ ਨੂੰ ਤੋੜਿਆ ਜਿਸ ਰਾਹੀਂ ਇਸ ਸਰੂਪ ਨੂੰ 'ਅੱਤਵਾਦ' ਨਾਲ ਜੋੜਨ ਦੀਆਂ ਅਣਥੱਕ ਕੋਸ਼ਿਸ਼ ਕੀਤੀਆਂ ਗਈਆਂ ਸਨ ਜੋ ਅਜੇ ਵੀ ਜਾਰੀ ਹਨ। ਇਹ ਸਾਰੀਆਂ ਖਬਰਾਂ ਜੋ ਭਾਰਤੀ ਮੀਡੀਆ ਜਗਮੀਤ ਸਿੰਘ ਬਾਰੇ ਛਾਪ ਰਿਹਾ ਹੈ, ਉਹਨਾਂ ਕੋਸ਼ਿਸ਼ਾਂ ਦਾ ਹੀ ਹਿੱਸਾ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।