ਭਾਈ ਹਵਾਰਾ ਨਾਲ ਜੇਲ੍ਹ ਤੋੜਨ ਦੇ ਕੇਸ ਵਿੱਚ ਸਜ਼ਾਯਾਫਤਾ ਭਾਈ ਨੰਦ ਸਿੰਘ ਹੋਣਗੇ ਰਿਹਾਅ

ਭਾਈ ਹਵਾਰਾ ਨਾਲ ਜੇਲ੍ਹ ਤੋੜਨ ਦੇ ਕੇਸ ਵਿੱਚ ਸਜ਼ਾਯਾਫਤਾ ਭਾਈ ਨੰਦ ਸਿੰਘ ਹੋਣਗੇ ਰਿਹਾਅ

ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਬੁੜੈਲ ਜੇਲ੍ਹ ਤੋੜ ਕੇ ਫਰਾਰ ਹੋਣ ਦੇ ਮਾਮਲੇ 'ਚ ਸਜਾਯਾਫਤਾ ਭਾਈ ਨੰਦ ਸਿੰਘ ਦੀ ਰਿਹਾਈ ਦੇ ਹੁਕਮ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਰਿਲੀਫ ਦੇ ਕਾਰਕੁੰਨ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਾਈ ਨੰਦ ਸਿੰਘ ਦੀ ਰਿਹਾਈ ਦੇ ਆਰਡਰ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਉਹ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਪਣੇ ਪਰਿਵਾਰ ਵਿੱਚ ਜਾ ਸਕਣਗੇ । 

ਉਹਨਾਂ ਕਿਹਾ ਕਿ ਭਾਈ ਨੰਦ ਸਿੰਘ ਲੰਮੇਂ ਸਮੇਂ ਤੋਂ ਵੱਖ ਵੱਖ ਕੇਸਾਂ ਵਿੱਚ ਉਮਰ ਕੈਦ ਕੱਟ ਰਹੇ ਹਨ। ਉਹ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਜੇਲ੍ਹ ਬਰੇਕ ਕੇਸ ਵਿਚ ਵੀ ਸ਼ਾਮਿਲ ਸਨ । 

ਉਹਨਾਂ ਕਿਹਾ, "ਭਾਈ ਨੰਦ ਸਿੰਘ ਦੀ ਰਿਹਾਈ ਵਾਸਤੇ 2014 ਤੋਂ ਸਿੱਖ ਰਿਲੀਫ਼ ਵੱਲੋਂ ਪੰਜਾਬ ਹਰਿਆਣਾ ਹਾਈਕੋਟ ਵਿਚ ਵਕੀਲ ਰਾਜਵਿੰਦਰ ਸਿੰਘ ਬੈਂਸ ਰਾਹੀਂ ਪੱਕੀ ਰਿਹਾਈ ਦੀ ਰਿੱਟ ਪਾਈ ਗਈ ਸੀ। ਕੋਰਟ ਵਲੋਂ ਪੰਜਾਬ ਸਰਕਾਰ ਨੂੰ ਵਾਰ ਵਾਰ ਤਾਕੀਦ ਕੀਤਾ ਜਾ ਰਿਹਾ ਸੀ ਕਿ ਭਾਈ ਨੰਦ ਸਿੰਘ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਬੀਤੇ ਕੱਲ੍ਹ 30 ਅਕਤੂਬਰ ਨੂੰ ਹਾਈਕੋਰਟ ਵਿੱਚ ਕੇਸ ਦੀ ਤਾਰੀਖ਼ ਦੌਰਾਨ ਸਟੇਟ ਵੱਲੋਂ ਜਵਾਬ ਦਿਤਾ ਗਿਆ ਕਿ ਅਸੀਂ ਭਾਈ ਨੰਦ ਸਿੰਘ ਨੂੰ ਰਿਹਾਅ ਕਰ ਰਹੇ ਹਾਂ ਅਤੇ ਅੱਜ ਇਸ ਵੇਲੇ ਪਟਿਆਲਾ ਜੇਲ੍ਹ ਵਿਚ ਉਹਨਾਂ ਦੀ ਰਿਹਾਈ ਦੇ ਆਰਡਰ ਵੀ ਪਹੁੰਚ ਗਏ ਹਨ।"

ਉਹਨਾਂ ਦੱਸਿਆ ਕਿ ਸਿੱਖ ਰਿਲੀਫ ਵੱਲੋਂ ਭਾਈ ਨੰਦ ਸਿੰਘ ਦੀ ਰਿਹਾਈ ਲਈ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਦੀ ਰਿਹਾਈ ਲਈ 15000 ਦੇ ਦੋ ਬਾਂਡ ਭਰੇ ਜਾਣਗੇ। ਕਾਗਜੀ ਕਾਰਵਾਈ ਉਪਰੰਤ ਉਹਨਾਂ ਦੀ ਅਗਲੇ ਇੱਕ ਦੋ ਦਿਨਾਂ ਵਿੱਚ ਰਿਹਾਈ ਹੋ ਜਾਵੇਗੀ । 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।