ਅਮਰੀਕਾ ਦੇ ਕੇਨਸਸ ਰਾਜ ਦੇ ਸਕੂਲੀ ਸਲੇਬਸ ਵਿਚ ਸਿੱਖ ਇਤਿਹਾਸ ਹੋਵੇਗਾ ਸ਼ਾਮਿਲ

ਅਮਰੀਕਾ ਦੇ ਕੇਨਸਸ ਰਾਜ ਦੇ ਸਕੂਲੀ ਸਲੇਬਸ ਵਿਚ ਸਿੱਖ ਇਤਿਹਾਸ ਹੋਵੇਗਾ ਸ਼ਾਮਿਲ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕੇਨਸਸ ਰਾਜ ਵੱਲੋਂ ਸਿੱਖ ਇਤਿਹਾਸ ਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਕੂਲਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨ ਦਾ ਇਤਿਹਾਸਕ ਫੈਂਸਲਾ ਲਿਆ ਗਿਆ ਹੈ। ਕੇਨਸਸ ਰਾਜ ਅਮਰੀਕਾ ਦਾ 14ਵਾਂ ਅਜਿਹਾ ਸੂਬਾ ਬਣ ਗਿਆ ਹੈ ਜਿਸ ਨੇ ਸਮਾਜਕ ਸਿੱਖਿਆ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਤੇ ਸਿੱਖਿਆਵਾਂ ਨੂੰ ਸ਼ਾਮਿਲ ਕੀਤਾ ਹੈ। ਇਸ ਤੋਂ ਹਫਤਾ ਪਹਿਲਾਂ ਅਜਿਹਾ ਹੀ ਮਤਾ ਇੰਡਿਆਨਾ ਸਿੱਖਿਆ ਬੋਰਡ ਨੇ ਪਾਸ ਕੀਤਾ ਸੀ। 

ਕੇਨਸਸ ਤੇ ਇੰਡਿਆਨਾ ਵੱਲੋਂ ਲਏ ਗਏ ਫੈਸਲਿਆਂ ਉਪਰੰਤ 23,028,547 ਵਿਦਿਆਰਥੀਆਂ, ਜੋ ਅਮਰੀਕਾ ਦੇ ਪਬਲਿਕ ਸਕੂਲਾਂ ਦੇ ਕੁਲ ਵਿਦਿਆਰਥੀਆਂ ਦਾ 45% ਹਿੱਸਾ ਬਣਦੇ ਹਨ, ਨੂੰ ਸਿੱਖ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲੇਗਾ। ਇਸ ਫੈਸਲੇ ਉਪਰੰਤ ਸਿੱਖ ਹਲਕਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ। 

ਸਿੱਖ ਕੁਲੀਸ਼ਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਇਸ ਉਪਰ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਹ ਵਰ੍ਹਿਆਂ ਤੋਂ ਚਲੀ ਆਉਂਦੀ ਸਿੱਖ ਧਰਮ ਬਾਰੇ ਜਾਗਰੂਕਤਾ ਮੁਹਿੰਮ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਅਜੇ ਪਹਿਲਾ ਕਦਮ ਹੈ ਸਾਨੂੰ ਇਸ ਗੱਲ ਨੂੰ ਪੱਕਾ
ਬਣਾਉਣਾ ਪਵੇਗਾ ਕਿ ਅਧਿਆਪਕ ਤੇ ਵਿਦਿਆਰਥੀ ਸਿੱਖ ਧਰਮ ਬਾਰੇ ਸਹੀ ਤੇ ਯੋਗ ਜਾਣਕਾਰੀ ਪ੍ਰਾਪਤ ਕਰਨ।

ਇਸ ਤੋਂ ਪਹਿਲਾਂ ਜਿਨ੍ਹਾਂ ਰਾਜਾਂ ਦੇ ਸਲੇਬਸ ਵਿਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਜਾ ਚੁੱਕਾ ਹੈ, ਉਨਾਂ ਵਿਚ ਨਿਊ ਜਰਸੀ, ਟੈਕਸਸ, ਨਿਊਯਾਰਕ, ਕੈਲੀਫੋਰਨੀਆ, ਲਦਾਹੋ, ਟੈਨੇਸੀ, ਕੋਲੋਰਾਡੋ, ਐਰੀਜ਼ੋਨਾ, ਓਕਲਾਹੋਮਾ, ਮਿਸ਼ੀਗਨ, ਉਤਰੀ ਡਕੋਟਾ ਤੇ ਨੈਰਸਕਾ ਸ਼ਾਮਿਲ ਹਨ। ਇਥੇ ਇਹ ਜਿਕਰਯੋਗ ਹੈ ਕਿ ਕੇਨਸਸ ਦੀ ਸਿੱਖਿਆ ਨੀਤੀ ਅਨੁਸਾਰ ਸਲੇਬਸ ਉਪਰ ਸਕੂਲ ਜ਼ਿਲ੍ਹਿਆਂ ਦਾ ਪ੍ਰਬੰਧ ਹੈ।