ਜੂਨ 84 ਦੀ ਚੀਸ ਤੇ ਖਾਲਸਾ ਪੰਥ ਦਾ ਭਵਿੱਖ

ਜੂਨ 84 ਦੀ ਚੀਸ ਤੇ ਖਾਲਸਾ ਪੰਥ ਦਾ ਭਵਿੱਖ

ਘੱਲੂਘਾਰਾ ਵਿਸ਼ੇਸ਼


ਪਰਮਿੰਦਰਪਾਲ ਸਿੰਘ ਖਾਲਸਾ
1984 ਜੂਨ ਮਹੀਨੇ ਦੌਰਾਨ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਦੇ ਕੇਂਦਰ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਜੀ ਉੱਤੇ ਕੀਤੇ ਫੌਜੀ ਹਮਲੇ ਵਿਚ ਅਕਾਲ ਤਖ਼ਤ ਸਾਹਿਬ ਜੀ, ਨੂੰ ਤਹਿਤ ਨਹਿਸ ਕਰ ਦਿੱਤਾ ਗਿਆ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਤੋਪ, ਟੈਕਾਂ ਦੇ ਗੋਲਿਆਂ ਨਾਲ ਭੁੰਨ ਸੁਟਿਆ। ਇਸ ਹਮਲੇ ਦੌਰਾਨ  ਵੱਡੀ ਗਿਣਤੀ ਸੰਗਤਾਂ ਭੁੱਖ-ਪਿਆਸ ਨਾਲ ਤੜਫਦੀਆਂ ਫ਼ੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਈਆਂ। ਭਾਰਤ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਜੇ ਤੱਕ ਸਪਸ਼ੱਟ ਸ਼ਬਦਾਂ ਵਿੱਚ ਇਹ ਗਿਣਤੀ ਨਹੀਂ ਦੱਸੀ ਗਈ। ਇਸ ਘੱਲੂਘਾਰੇ ਨੂੰ ਸਿੱਖ ਧਰਮ ਵਿਚ ਤੀਸਰੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਤੇ ਹਰ ਸਾਲ ਇਹ ਘੱਲੂਘਾਰਾ ਦਿਵਸ ਜੂਨ ਮਹੀਨੇ ਦੀ ਛੇ ਤਰੀਕ ਨੂੰ ਪੰਜਾਬ, ਦੇਸ਼, ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਮਨਾਇਆ ਜਾਂਦਾ ਹੈ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। 

ਕੌਣ ਜ਼ਿੰਮੇਵਾਰ ਸਿੱਖ ਸੰਤਾਪ ਲਈ
ਭਾਵੇਂ ਭਾਰਤੀ  ਹਾਕਮ ਤੇ ਸਿਆਸਤਦਾਨ ਸਿੱਖ ਕੌਮ ਨੂੰ ਇਹ ਸਾਕਾ ਭੁੱਲ ਜਾਣ ਦੀਆਂ ਨਸੀਹਤਾਂ ਦਿੰਦੇ ਹਨ, ਪਰ ਉਹਨਾਂ ਨੇ ਅੱਜ ਤੱਕ ਇਸ ਗੁਨਾਹ ਦੀ ਕਦੇ ਮੁਆਫੀ ਨਹੀਂ ਮੰਗੀ ਨਾ ਹੀ ਸਪੱਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਨੇ ਅਜ਼ਾਦ ਦੇਸ ਦੀ ਸਿੱਖ ਕੌਮ ਜਿਸ ਦੀ ਅਜ਼ਾਦੀ ਦੇ ਲਈ ਮਹਾਨ ਕੁਰਬਾਨੀਆਂ ਹਨ, ਨੂੰ ਦੁਸ਼ਮਣ ਸਮਝ ਕੇ ਇਹ ਵਰਤਾਰਾ ਕਿਉਂ ਕੀਤਾ ਹੈ? ਗਿਣਤੀ ਦੇ ਸਿੰਘਾਂ ਨੂੰ ਫੜਨ ਵਾਸਤੇ ਰਚਿਆ ਗਿਆ, ਇਹ ਖ਼ੂਨੀ ਚੱਕਰਵਿਊ ਭਾਰਤ ਦੇ ਇਤਿਹਾਸ 'ਤੇ ਕਲੰਕ ਹੈ। ਇਹ ਝੂਠਾ ਸਰਕਾਰੀ ਪ੍ਰਚਾਰ ਹੈ ਕਿ ਇਹ ਹਮਲਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਕਰਕੇ ਹੋਇਆ, ਜਾਂ ਇਹ ਗੱਲ ਕਹਿੰਦੇ ਹਨ ਕਿ ਸੰਤ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ।

ਸਵਾਲ ਤਾਂ ਇਹ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਇਸ ਕਰਕੇ ਭੇਜਣੀ ਪਈ, ਕਿਉਂਕਿ ਉਥੇ ਸੰਤ ਭਿੰਡਰਾਂਵਾਲਿਆਂ ਦੀ ਕਮਾਨ ਹੇਠ ਹਥਿਆਰਬੰਦ ਬਾਗ਼ੀਆਂ ਨੇ ਕਬਜ਼ਾ ਕਰ ਲਿਆ ਸੀ, ਉਸ ਨੂੰ ਮੁਕਤ ਕਰਵਾਉਣਾ ਸੀ' ਪਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਦੇ ਹੋਰ 38 ਗੁਰਦੁਆਰਿਆਂ ਵਿਚ ਕਿਉਂ ਇਕੋ ਸਮੇਂ ਫ਼ੌਜ ਦਾ ਹਮਲਾ ਹੋਇਆ? ਇਹ ਪ੍ਰਕਿਰਿਆ ਕਿਸੇ ਵੱਡੀ ਸਿਆਸੀ ਸਾਜ਼ਿਸ਼ ਵੱਲ ਸੰਕੇਤ ਕਰਦੀ ਹੈ।

ਜੇਕਰ ਗੰਭੀਰਤਾ ਨਾਲ ਸੋਚਿਆ ਜਾਵੇ ਤੇ ਆਪਣੇ ਇਤਿਹਾਸਕ, ਪਿਛੋਕੜ ਵਲ ਝਾਤੀ ਮਾਰੀ ਜਾਵੇ ਤਾਂ ਇਸ ਨਸਲਵਾਦੀ ਵਰਤਾਰੇ ਦੀ ਸਾਨੂੰ ਸਾਫ਼ ਸਮਝ ਪਵੇਗੀ ਕਿ ਭਾਰਤ ਦੀ ਅਜ਼ਾਦੀ ਤੋਂ ਬਾਅਦ, ਭਾਰਤ ਵਿੱਚ ਸਾਰੀਆਂ ਕੌਮਾਂ ਨੂੰ ਬੋਲੀਆਂ ਦੇ ਆਧਾਰ ਤੇ ਵੱਖ ਵੱਖ ਸੂਬੇ ਮਿਲੇ, ਪਰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸੂਬਾ ਨਹੀਂ ਮਿਲਿਆ, ਜਿਸ ਤੋਂ ਬਾਅਦ ਸਿੱਖ ਕੌਮ ਨੇ ਸੰਘਰਸ਼ ਆਰੰਭ ਕਰ ਦਿੱਤਾ। ਇਸ ਸੰਘਰਸ਼ ਵਿੱਚ ਸਾਡੇ ਵੱਡੇ ਵਡੇਰਿਆਂ 'ਤੇ ਫਿਰਕਾਪ੍ਰਸਤ ਤੇ ਗੱਦਾਰ ਹੋਣ ਦੇ ਠੱਪੇ ਲੱਗੇ, ਲੱਗਭੱਗ ਭਾਰਤ ਦੀ ਅਜ਼ਾਦੀ ਤੋਂ ਅੱਠ ਕੁ ਸਾਲ ਬਾਅਦ ਭਾਰਤੀ ਹਕੂਮਤ ਨੇ ਪੰਜਾਬੀ ਸੂਬਾ ਮੋਰਚਾ ਠੱਪ ਕਰਨ ਵਾਸਤੇ ਦਰਬਾਰ ਸਾਹਿਬ ਉਪਰ ਸੁਰੱਖਿਆ ਫੋਰਸਾਂ ਚਾੜੀਆਂ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਮੋਰਚਾ ਤਾਂ ਸ਼ਾਂਤਮਈ ਸੀ, ਫਿਰ ਹਥਿਆਰਬੰਦ ਫੌਜਾਂ ਕਿਉਂ ਚਾੜ੍ਹੀਆਂ ਗਈਆਂ?  ਇਸ ਗੱਲ ਦਾ ਕੇਂਦਰ ਸਰਕਾਰ ਜਾਂ ਰਾਸ਼ਟਰਵਾਦੀ ਨੇਤਾਵਾਂ ਕੋਲ ਕੋਈ ਜੁਆਬ ਨਹੀਂ। ਇਹ ਗੱਲ ਸੱਚ ਹੈ ਕਿ ਸਿੱਖ ਧਰਮ ਦੀ ਫਿਲਾਸਫੀ ਤੇ ਸਿੱਖ ਕੌਮ ਦੀ ਵਿਲੱਖਣਤਾ ਸਨਾਤਨਵਾਦੀਆਂ ਨੂੰ ਰੜਕਦੀ ਆਈ ਹੈ। ਇਹ ਵਿਚਾਰਧਾਰਕ ਟਕਰਾਅ ਹੀ ਇਸ ਹਮਲੇ ਦਾ ਕਾਰਨ ਬਣਿਆ ਹੈ। ਅਸਲ ਵਿਚ ਪ੍ਰਾਈਵੇਟ ਟੀ. ਵੀ. ਚੈਨਲ ਉਸ ਸਮੇਂ ਨਹੀਂ ਸਨ ਤੇ ਮੀਡੀਆ ਏਨਾ ਵਿਕਸਤ ਨਹੀਂ ਸੀ ਤੇ ਨਾ ਹੀ ਸ਼ੋਸ਼ਲ ਮੀਡੀਆ ਮੌਜੂਦ ਸੀ। ਇਸ ਲਈ ਉਸ ਸਮੇਂ ਸਰਕਾਰ ਨੂੰ ਅਖ਼ਬਾਰਾਂ ਤੇ ਸਰਕਾਰੀ ਟੈਲੀਵਿਜ਼ਨ ਅਤੇ ਰੇਡੀਓ ਨੂੰ ਕੰਟਰੋਲ ਕਰਕੇ ਸਾਰੇ ਦੇਸ਼ ਵਿਚ ਸਿੱਖ ਪੰਥ ਨੂੰ ਬਦਨਾਮ ਕਰਨਾ ਸੌਖਾ ਸੀ। ਇਸੇ ਤਹਿਤ ਹੀ ਸੱਤਾ ਹਾਸਲ ਕਰਨ ਦਾ ਪ੍ਰੋਗਰਾਮ ਰਚਿਆ ਗਿਆ ਸੀ ਤੇ ਸ੍ਰੀ ਦਰਬਾਰ ਸਾਹਿਬ ਨੂੰ ਅੱਤਵਾਦ ਦੇ ਕੇਂਦਰ ਵਜੋਂ ਪੇਸ਼ ਕੀਤਾ ਗਿਆ ਸੀ। ਅਕਾਲੀ ਲੀਡਰਾਂ ਨੂੰ 'ਸ਼ੈਤਾਨ  ਅਤੇ ਖਲਨਾਇਕਾਂ' ਵਜੋਂ ਉਭਾਰਿਆ ਗਿਆ ਸੀ। ਹਿੰਦੂ-ਸਿੱਖ ਨੂੰ ਫਿਰਕੂਵਾਦ ਦੇ ਤਹਿਤ ਵੰਡਿਆ ਗਿਆ ਸੀ, ਜੋ ਪਾੜਾ ਹੁਣ ਤੱਕ ਨਹੀਂ ਮਿਟ ਸਕਿਆ। ਇੰਦਰਾ ਨੂੰ ਦੁਰਗਾ ਬਣਾਉਣ ਵਾਲੇ ਭਾਜਪਾ ਵਾਲੇ ਹੀ ਸਨ, ਜਿਨ੍ਹਾਂ ਨੇ ਪੰਜਾਬ ਦੇ ਮਸਲਿਆਂ, ਪੰਜਾਬੀ ਭਾਸ਼ਾ ਬਾਰੇ ਸਿੱਖ ਧਰਮ ਬਾਰੇ ਜ਼ਹਿਰੀਲਾ ਪ੍ਰਦੂਸ਼ਿਤ ਵਾਤਾਵਰਨ ਬਣਾਇਆ ਤੇ ਪੰਜਾਬ ਦਾ ਅਮਨ ਤਬਾਹ ਕੀਤਾ। 

ਘੱਲੂਘਾਰਾ ਇਕ ਸਾਜ਼ਿਸ਼
ਇਹ ਘੱਲੂਘਾਰਾ ''ਖ਼ਾਲਸਾ ਪੰਥ ਦੀ ਸੁਤੰਤਰ, ਅੱਡਰੀ, ਵਿਲੱਖਣ ਹੋਂਦ” ਨੂੰ ਜਿਸਮਾਨੀ ਤੋਂ ਲੈ ਕੇ ਬੌਧਿਕ ਪੱਧਰ ਤੱਕ ਅਤੇ ਸਭਿਅਤਾ ਤੋਂ ਲੈ ਕੇ ਧਰਮ ਤੱਕ ਦਾ ਮੂਲ ਨਾਸ਼ ਕਰਨਾ ਮਿਥਿਆ ਗਿਆ ਸੀ। ਇਸ ਦੀ ਤਰਜਮਾਨੀ ਭਾਰਤ ਦੀ ਫੌਜ ਨੇ ਆਪਣੇ ਰਸਾਲੇ 'ਬਾਤਚੀਤ' ਵਿੱਚ ਭਾਰਤ ਅੰਦਰਲੇ ਦੇਸ਼ ਧਰੋਹੀ, ਅੱਤਵਾਦੀ ਅਤੇ ਵੱਖਵਾਦੀਆਂ ਦੀ ਸ਼ਨਾਖ਼ਤ ਨਿਮਿਤ ਇਸ ਪਹਿਚਾਣ ਨੂੰ ਪ੍ਰਸਾਰਿਤ ਕੀਤਾ 'ਜਿਨ੍ਹਾਂ ਦੀ ਲੰਮੀ ਦਾੜ੍ਹੀ, ਮੁੱਛਾਂ ਅਤੇ ਸਿਰ ਦੇ ਵਾਲ ਹੁੰਦੇ ਹਨ, ਗਲੇ ਵਿੱਚ ਛੋਟੀ ਕਟਾਰ, ਹੱਥ ਵਿੱਚ ਕੜਾ, ਸਿਰ ਤੇ ਜ਼ਿਆਦਾਤਰ ਕੇਸਰੀ ਜਾਂ ਕਦੇ ਕਦੇ ਨੀਲੀ ਪਗੜੀ, ਹੁੰਦੀ ਹੈ; ਅਜਿਹਾ ਕੋਈ ਵੀ ਵਿਅਕਤੀ ਕਿਤੇ ਵੀ ਦਿਖਾਈ ਦੇਵੇ ਫੌਜ ਦੇ ਨੇੜਲੀ ਚੌਂਕੀ, ਜਾਂ ਪੁਲਿਸ ਠਾਣੇ ਜਾਂ ਨੀਮ ਫੌਜੀ ਦਸਤਿਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਅਤੇ ਜੇਕਰ ਅਜਿਹਾ ਕਰਨਾ ਸੰਭਵ ਨਹੀਂ ਤਾਂ ਉਸ ਨੂੰ ਸਮੂਹਿਕ ਤੌਰ 'ਤੇ ਪਕੜ ਲਿਆ ਜਾਵੇ। ਜੇ ਭੱਜੇ ਤਾਂ ਮਾਰ ਦਿੱਤਾ ਜਾਵੇ।'

ਨਸਲਘਾਤੀ ਦੌਰ
ਫੌਜੀ ਹਮਲੇ ਦੇ ਕਾਰਨ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨਵੰਬਰ 84 ਦੌਰਾਨ ਆਪਣੇ ਸਿੱਖ ਬਾਡੀਗਰਡ ਹੱਥੋਂ ਮਾਰੀ ਗਈ। ਪ੍ਰਤੀਕਰਮ ਵਜੋਂ ਦੂਸਰਾ ਘੱਲੂਘਾਰਾ ਨਵੰਬਰ 84 ਸਿੱਖ ਕਤਲੇਆਮ ਦੇ ਰੂਪ ਵਿਚ ਲਿਆਂਦਾ ਗਿਆ। ਇਸ ਨੂੰ ਸਿੱਖ ਕੌਮ ਦਾ ਦੂਜਾ ਨਸਲ ਘਾਤੀ ਦੌਰ ਕਿਹਾ ਜਾਂਦਾ ਹੈ।

ਅਪਰੇਸ਼ਨ ''ਬਲਿਉ ਸਟਾਰ” ਤੋਂ ਬਾਅਦ ਆਰੰਭੇ ਗਏ ਅਪਰੇਸ਼ਨ 'ਸਰਚ' ਦਾ ਇਹੋ ਭਾਰਤੀ ਮੰਤਰ ਸੀ। ਫਿਰ ਅਪਰੇਸ਼ਨ 'ਮੰਡ' ਚਲਿਆ। ਇਸ ਤੋਂ ਬਾਅਦ ਅਪਰੇਸ਼ਨ 'ਵੂਡ ਰੋਜ਼' ਚਲਿਆ। ਅਪਰੇਸ਼ਨ 'ਬਲੈਕ ਥੰਡਰ' 'ਇਕ' ਅਤੇ 'ਦੋ' ਹੋਏ। ਜਿਸ ਨੇ ਅਨੇਕਾਂ ਸਿੱਖਾਂ ਦੀਆਂ ਜਾਨਾਂ ਲੈ ਲਈਆਂ। ਫਿਰ ਗੈਰ ਪੁਲਿਸ ਫੋਰਸ 'ਕੈਟ ਸੈਨਾ' ਦੇ ਰੂਪ ਵਿਚ ਆਲਮ ਸੈਨਾ', 'ਗੋਵਿੰਦ ਸੈਨਾ', 'ਪੂਹਲਾ ਸੈਨਾ' ਬਣਾਈ ਗਈ। ਸ਼ਨਾਖ਼ਤੀ ਕਾਰਡ ਦਿੱਤੇ ਗਏ। ਪੰਜਾਬ ਦੇ ਪਿੰਡਾਂ ਵਿੱਚ ਗਲਤ ਕਾਰਵਾਈਆਂ ਕਰਵਾਉਣ ਲਈ ਆਦੇਸ਼ ਦਿੱਤੇ ਗਏ ਤਾਂ ਜੋ ਖਾੜਕੂ ਲਹਿਰ ਨੂੰ ਬਦਨਾਮ ਕੀਤਾ ਜਾ ਸਕੇ। ਕੇਂਦਰ ਸਰਕਾਰ ਕਦੇ ਵੀ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ। ਸਾਡੇ ਦਰਿਆਈ ਪਾਣੀ, ਰਾਜਧਾਨੀ, ਆਰਥਿਕਤਾ ਸਭ ਖੋਹੇ ਗਏ। ਇਸ ਮਾਮਲੇ ਵਿਚ ਭਾਜਪਾ, ਕਾਂਗਰਸ, ਕਾਮਰੇਡ ਸਭ  ਇਕੱਠੇ ਸਨ। 

ਪੰਜਾਬ ਸੰਤਾਪ ਦੌਰਾਨ ਪੰਥ ਪ੍ਰਸਤੀ ਦੀ ਗੱਲ ਕਰਨ ਵਾਲਿਆਂ ਨੂੰ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਹੋਣਾ ਪਿਆ, ਜਿਸ ਦੀਆਂ ਕਈ ਮਿਸਾਲਾਂ ਹਨ। ਕੌਮੀ ਜਜ਼ਬਾਤਾਂ ਦਾ ਪੱਖ ਪੂਰਨ ਵਾਲੇ ਜਸਵੰਤ ਸਿੰਘ ਖਾਲੜਾ ਵਰਗੇ ਵਿਦਵਾਨਾਂ ਨੂੰ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਸਰਕਾਰੀ ਅਸ਼ੀਰਵਾਦ ਪ੍ਰਾਪਤ ਕਾਰਸੇਵਾ ਦੇ ਬਾਬਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਅਧੀਨ ਘੱਲੂਘਾਰੇ ਦੀ ਯਾਦ ਦੇ ਨਿਸ਼ਾਨ ਵੀ ਮਿਟਾ ਦਿੱਤੇ ਗਏ।

ਸੋਚਣ-ਸਮਝਣ ਵਾਲੀ ਗੱਲ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਥੋੜ੍ਹੀ ਦੂਰ ਜੱਲਿਆਂਵਾਲੇ ਬਾਗ ਵਿਚ ਜਦੋਂ ਜਨਰਲ ਡਾਇਰ ਨੇ 1919 ਵਿਚ ਫ਼ੌਜੀ ਜ਼ਾਲਮਾਨਾ ਨੰਗਾ ਨਾਚ ਨਚਾਇਆ, ਜਿਸ ਵਿਚ 400 ਦੇ ਨੇੜੇ-ਤੇੜੇ ਨਿਹੱਥੇ ਬੇਕਸੂਰ ਪੰਜਾਬੀ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ, ਉਸ ਉਤੇ ਵਿਦੇਸ਼ੀ ਸਾਮਰਾਜੀ ਅੰਗਰੇਜ਼ੀ ਸਰਕਾਰ ਨੇ ਸਿਰਫ਼ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਸੀ ਕੀਤਾ, ਬਲਕਿ ਇਕ ਪੜਤਾਲੀਆ ਕਮਿਸ਼ਨ ਹੰਟਰ ਪੈਨਲ ਬਣਾਇਆ ਗਿਆ ਸੀ। ਇਸ ਕਮਿਸ਼ਨ ਨੇ ਬਾਕਾਇਦਾ ਜਨਰਲ ਡਾਇਰ ਨੂੰ ਦੋਸ਼ੀ ਗਰਦਾਨਿਆ ਅਤੇ ਸਜ਼ਾ ਸੁਣਾਈ ਪਰ ਉਹ (ਡਾਇਰ) ਸਜ਼ਾ ਭੁਗਤਣ ਤੋਂ ਪਹਿਲਾਂ ਹੀ ਅਧਰੰਗ ਦਾ ਸ਼ਿਕਾਰ ਹੋ ਕੇ ਮਰ ਗਿਆ। ਪਰ ਇਸ ਦੇ ਉਲਟ ਦਿੱਲੀ ਵਿਚ ਜਦੋਂ ਵੀ ਕਦੇ ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਗੱਲ ਛਿੜਦੀ ਹੈ ਤਾਂ ਬਹੁਤੇ ਪੜ੍ਹੇ-ਲਿਖੇ ਗੈਰ-ਸਿੱਖ ਇਹ 'ਦੋਸਤਾਨਾ' ਸਲਾਹ ਦਿੰਦੇ ਹਨ, 'ਭੁੱਲ ਜਾਓ, ਛੱਡੋ ਪੁਰਾਣੀਆਂ ਗੱਲਾਂ ਨੂੰ, ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਦੀਆਂ।' ਕੁਝ ਪੀੜਤ ਸਿੱਖ ਇਸ ਉਤੇ ਪ੍ਰਤੀਕਰਮ ਵੀ ਕਰਦੇ ਹਨ, 'ਕੀ ਨਵੰਬਰ 84 ਦੁਬਾਰਾ ਗੁਜਰਾਤ ਵਿਚ ਨਹੀਂ ਵਾਪਰਿਆ... ਕੀ ਤੁਸੀਂ ਇਕ ਹਜ਼ਾਰ ਸਾਲ ਪਹਿਲਾਂ ਸੋਮਨਾਥ ਦੇ ਮੰਦਰ ਉੱਤੇ ਮਹਿਮੂਦ ਗਜ਼ਨਵੀ ਵੱਲੋਂ ਕੀਤੇ ਹਮਲੇ ਨੂੰ ਭੁੱਲ ਗਏ ਹੋ? ਕੀ ਤੁਸੀਂ ਰਾਮ-ਰਾਵਨ ਦੀ ਜੰਗ ਭੁੱਲ ਗਏ ਹੋ? ਕੀ ਤੁਸੀਂ ਬਾਬਰ ਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਭੁੱਲ ਗਏ ਹੋ? ਪਰ ਇਸ ਦਾ ਕੋਈ ਜੁਆਬ ਨਹੀਂ ਆਇਆ। ਇਹ ਗੱਲ ਸਪੱਸ਼ਟ ਹੈ ਕਿ ਸਿੱਖਾਂ ਦੀ ਮੌਜੂਦਾ ਸਿਆਸੀ ਲੀਡਰਸ਼ਿਪ ਕਮਜ਼ੋਰ ਤੇ ਕੇਂਦਰੀ ਸੱਤਾਧਾਰੀਆਂ ਦੀ ਪਿਛਲੱਗ ਹੈ।

ਫਿਰ ਸਿੱਖ ਕੌਮ ਨੂੰ ਇਨਸਾਫ਼ ਕਿਵੇਂ ਮਿਲ ਸਕਦਾ ਹੈ?
ਇਹ ਗੱਲ ਅੰਤਿਮ ਸੱਚ ਹੈ ਕਿ ਜੂਨ 84 ਘੱਲੂਘਾਰਾ ਭਾਰਤ ਵਿੱਚ ਸਾਨੂੰ ਹਮੇਸ਼ਾ ਬੇਗਾਨਗੀ ਤੇ ਗੁਲਾਮੀ ਦਾ ਅਹਿਸਾਸ ਕਰਵਾਉਦਾ ਰਹੇਗਾ। ਇਸ ਨੂੰ ਮਨਾਉਣਾ, ਯਾਦ ਰੱਖਣਾ ਹੀ ਸਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਹੁਣ ਸਿੱਖਾਂ ਦੀ ਕੋਈ ਸਿਆਸੀ ਜਮਾਤ ਹੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਭਾਜਪਾ ਤੱਕ ਸੀਮਤ ਹੈ। ਉਹ ਪੰਥ ਨੂੰ ਭੁੱਲ ਚੁੱਕਿਆ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਵੀ। ਇਸ ਲਈ ਸਮੁੱਚੇ ਖਾਲਸਾ ਪੰਥ ਨੂੰ ਕੌਮੀ ਪੱਧਰ ਤੇ ਸਖ਼ਤ ਆਤਮ ਪੜਚੋਲ ਮਗਰੋਂ ਸੁਤੰਤਰ ਨਿਰਣੇ ਲੈ ਕੇ ਆਪਣੀ ਰਾਜਨੀਤਕ ਸ਼ਕਤੀ ਸਿਰਜਣੀ ਚਾਹੀਦੀ ਹੈ ਤਾਂ ਜੋ ਪੰਜਾਬ ਤੇ ਪੰਥਕ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।  ਇਸ ਸੰਬੰਧ ਵਿਚ ਸੂਝ ਬੂਝ ਵਾਲੀ ਕੂਟਨੀਤਕ ਲੀਡਰਸ਼ਿਪ ਚੁਣਨ ਦੀ ਲੋੜ ਹੈ। ਇਸ ਤੋਂ ਬਗੈਰ ਸਿੱਖ ਕੌਮ ਦਾ ਭਵਿੱਖ ਨਹੀਂ ਸੰਵਰ ਸਕਦਾ।