ਸ਼ਿਵ ਸੈਨਾ ਆਗੂ ਹਮਲੇ ਦੀ ਝੂਠੀ ਕਹਾਣੀ ਘੜ੍ਹਨ ਦੇ ਦੋਸ਼ 'ਚ ਗ੍ਰਿਫਤਾਰ

ਸ਼ਿਵ ਸੈਨਾ ਆਗੂ ਹਮਲੇ ਦੀ ਝੂਠੀ ਕਹਾਣੀ ਘੜ੍ਹਨ ਦੇ ਦੋਸ਼ 'ਚ ਗ੍ਰਿਫਤਾਰ

ਲੁਧਿਆਣਾ: ਪੰਜਾਬ ਵਿਚ ਸ਼ਿਵ ਸੈਨਾ ਦੇ ਨਾਂ 'ਤੇ ਬਣੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੇ 'ਤੇ ਝੂਠੇ ਹਮਲੇ ਕਰਵਾ ਕੇ ਪੁਲਸ ਸੁਰੱਖਿਆ ਲੈਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿਚ ਸਾਹਮਣੇ ਆਇਆ ਹੈ ਜਿੱਥੇ ਯੂਪੀ ਦੇ ਆਜ਼ਮਗੜ੍ਹ ਤੋਂ ਪੰਜਾਬ ਆ ਕੇ ਵਸੇ ਪ੍ਰਵਾਸੀ ਮਜ਼ਦੂਰ ਨਰਿੰਦਰ ਭਾਰਦਵਾਜ ਨੂੰ ਪੁਲਸ ਨੇ ਅਜਿਹਾ ਹੀ ਝੂਠਾ ਹਮਲਾ ਕਰਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।

ਨਰਿੰਦਰ ਭਾਰਦਵਾਜ ਸ਼ਿਵ ਸੈਨਾ ਹਿੰਦੋਸਤਾਨ ਲੁਧਿਆਣਾ ਦਾ ਆਗੂ ਹੈ। ਉਸਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਕਿ ਉਸ ਉੱਤੇ ਦੋ ਮੋਟਰਸਾਈਕਲ ਸਵਾਰ ਜਿਹਨਾਂ ਵਿੱਚੋ ਇੱਕ ਸਿੱਖ ਸੀ ਨੇ ਰਾਡ ਨਾਲ ਹਮਲਾ ਕੀਤਾ। ਪਰ ਜਦੋ ਪੁਲਸ ਨੇ ਉਸਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਖੁੱਦ ਉੱਤੇ ਹਮਲਾ ਹੋਣ ਦਾ ਨਾਟਕ ਕੀਤਾ ਤਾਂ ਕਿ ਉਸਨੂੰ ਸੁਰੱਖਿਆ ਮਿਲ ਸਕੇ। 

ਜ਼ਿਕਰਯੋਗ ਹੈ ਕਿ ਅਜਿਹੇ ਕਈ ਲੋਕ ਪੰਜਾਬ ਵਿਚ ਸ਼ਿਵ ਸੈਨਾ ਅਤੇ ਹੋਰ ਹਿੰਦੂ ਜਥੇਬੰਦੀਆਂ ਦੇ ਨਾਵਾਂ 'ਤੇ ਸਰਗਰਮ ਹਨ ਜਿਹਨਾਂ ਰਾਹੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਹਿੰਦੂਆਂ ਨੂੰ ਖਤਰਾ ਹੈ, ਜਦਕਿ ਜ਼ਮੀਨੀ ਪੱਧਰ 'ਤੇ ਅਜਿਹਾ ਕੁੱਝ ਵੀ ਨਹੀਂ ਵਾਪਰ ਰਿਹਾ ਹੁੰਦਾ। ਸ਼ਿਵ ਸੈਨਾ ਦੇ ਕਈ ਆਗੂਆਂ ਨੂੰ ਪੰਜਾਬ ਪੁਲਸ ਦੀ ਸੁਰੱਖਿਆ ਮਿਲੀ ਹੋਈ ਹੈ।

2017 ਵਿੱਚ ਸੰਚਿਤ ਮਲੌਹਤਰਾ ਨਾਮ ਦੇ ਲੁਧਿਆਣਾ ਦੇ ਇੱਕ ਸ਼ਿਵ ਸੈਨਾ ਆਗੂ ਨੇ ਕਿਹਾ ਸੀ ਕਿ ਉਸਦੀ ਕਾਰ ਦੇ ਬੋਨਟ ਉੱਤੇ ਦੋ ਸਿੱਖਾਂ ਨੇ ਪੈਫਲੇਟ ਸੁੱਟੇ, ਅਤੇ ਉਸਨੂੰ ਫੋਨ ਉੱਤੇ ਧਮਕੀਆਂ ਮਿਲੀਆਂ। ਪੁਲਸ ਨੂੰ ਬਾਅਦ ਵਿੱਚ ਸੰਚਿਤ ਨੇ ਦੱਸਿਆ ਕਿ ਉਸਨੇ ਹਮਲਾ ਹੋਣ ਦੀ ਸਾਜਿਸ਼ ਰਚੀ ਸੀ, ਤਾਂਕਿ ਉਸਨੂੰ ਬਾਡੀਗਾਰਡ ਮਿਲ ਸਕਣ ਜਿਸ ਨਾਲ ਉਹ ਆਪਣਾ ਹਾਈ ਸਟੇਟਸ ਲੋਕਾਂ ਨੂੰ ਦਿਖਾ ਸਕੇ।