ਘੱਲੂਘਾਰਾ ਜੂਨ 1984: ਆਤਮ ਸਮਰਪਣ ਨਹੀਂ ਹੋਇਆ

ਘੱਲੂਘਾਰਾ ਜੂਨ 1984: ਆਤਮ ਸਮਰਪਣ ਨਹੀਂ ਹੋਇਆ

(ਨੋਟ: ਇਹ ਲੇਖ ਭਾਰਤੀ ਪ੍ਰਬੰਧ ਵਿਚ ਪੁਲਸ, ਫੌਜ ਅਤੇ ਪ੍ਰਸ਼ਾਸਨਕ ਅਹਿਮ ਅਹੁਦਿਆਂ 'ਤੇ ਰਹੇ ਵਿਅਕਤੀ ਵੱਲੋਂ ਲਿਖਿਆ ਗਿਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਅਤੇ ਆਪਰੇਸ਼ਨ ਬਲੂ ਸਟਾਰ (ਜੂਨ 1984 ਘੱਲੂਘਾਰੇ) ਬਾਰੇ ਲੇਖਕ ਦੇ ਵਿਚਾਰ ਨਿਜੀ ਹਨ, ਜੋ ਹਿੰਦੁਸਤਾਨ ਟਾਈਜ਼ਮ ਅਖਬਾਰ ਵਿਚ ਛਪੇ ਸਨ। ਇਹਨਾਂ ਵਿਚਾਰਾਂ ਦਾ ਪੰਜਾਬੀ ਤਰਜ਼ਮਾ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਲਈ ਛਾਪਿਆ ਜਾ ਰਿਹਾ ਹੈ।) 

*ਗੁਰਬਚਨ ਜਗਤ
ਆਪਰੇਸ਼ਨ ਬਲਿਊਸਟਾਰ ਦੇ 30 ਸਾਲ ਲੰਘਣ ਮਗਰੋਂ ਵੀ, ਇਸ ਸਵਾਲ ਦਾ ਜਵਾਬ ਅੱਜ ਤਕ ਨਹੀਂ ਦਿੱਤਾ ਗਿਆ ਕਿ 1984 ਦੀਆਂ ਗਰਮੀਆਂ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਹਥਿਆਰਬੰਦ ਜੁਝਾਰੂ ਸਿੰਘਾਂ ਦੀ ਮਜ਼ਬੂਤ ਕਿਲੇਬੰਦੀ ਵਾਲੇ 'ਗੋਲਡਨ ਟੈਂਪਲ' (ਦਰਬਾਰ ਸਾਹਿਬ) 'ਤੇ ਭਾਰਤੀ ਫੌਜ ਨੇ ਹਮਲਾ ਕਿਵੇਂ ਅਤੇ ਕਿਉਂ ਕੀਤਾ। 

ਦਰਬਾਰ ਸਾਹਿਬ ਦੀ ਦੁਖਦਾਈ ਬੇਅਦਬੀ ਤੋਂ ਪਹਿਲਾਂ ਅਤੇ ਬਾਅਦ ਵਿਚ ਵਾਪਰੀਆਂ ਘਟਨਾਵਾਂ ਨਾਲ ਬਤੌਰ ਇਕ ਪੁਲਸ ਅਫਸਰ ਨੇੜਿਓਂ ਜੁੜਿਆ ਹੋਣ ਕਾਰਨ, ਅਪਰੇਸ਼ਨ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਆਰਮੀ ਦੇ ਕਮਾਂਡ ਲੈਵਲ 'ਤੇ ਚੱਲ ਰਹੀ ਸੋਚ ਬਾਰੇ ਮੈਂ ਆਪਣੀ ਸਮਝ ਸਾਂਝੀ ਕਰਨੀ ਚਾਹੁੰਦਾ ਹਾਂ। ਉਸ ਦਿਨ ਪੱਛਮੀ ਕਮਾਂਡ ਦੇ ਚੀਫ ਆਫ ਸਟਾਫ ਲੈਫਟਿਨੇਂਟ ਜਨਰਲ ਰਣਜੀਤ ਸਿੰਘ ਦਿਆਲ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿਚ ਉਹਨਾਂ ਇਸ਼ਾਰਾ ਦੇ ਦਿੱਤਾ ਸੀ ਕਿ ਸਾਰਾ ਆਪਰੇਸ਼ਨ ਫੌਜ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਫੌਜ ਇਸ ਨੂੰ ਬੜਾ ਸੌਖਿਆ ਮੁਕੰਮਲ ਕਰ ਲਵੇਗੀ। ਮੈਂ ਉਸ ਪੱਤਰਕਾਰ ਮਿਲਣੀ ਵਿਚ ਹਾਜ਼ਰ ਸੀ ਅਤੇ ਦਿੱਲੀ ਪੁਲਸ ਤੋਂ ਉਸੇ ਸਮੇਂ ਡੈਪੁਟੇਸ਼ਨ 'ਤੇ ਆਏ ਆਈਜੀ ਪੰਜਾਬ ਪੁਲਸ (ਲਾਅ ਐਂਡ ਆਰਡਰ) ਪ੍ਰੀਤਮ ਸਿੰਘ ਭਿੰਡਰ ਵੀ ਮੇਰੇ ਨਾਲ ਹਾਜ਼ਰ ਸਨ। ਇਸ ਤੋਂ ਬਾਅਦ ਮੈਂ ਸਕੱਤਰੇਤ ਦੀ ਚੌਥੀ ਮੰਜ਼ਿਲ 'ਤੇ ਆਪਣੇ ਦਫਤਰ ਚਲੇ ਗਿਆ। ਮੈਂ ਉੱਥੇ ਬਤੌਰ ਵਧੀਕ ਡੀਆਈਜੀ (ਸੀਆਈਡੀ) ਤੈਨਾਤ ਸਾਂ।

ਕੁੱਝ ਸਮੇਂ ਬਾਅਦ ਮੈਨੂੰ ਭਿੰਡਰ ਦੇ ਦਫਤਰ ਤੋਂ ਸੁਨੇਹਾ ਆਇਆ, ਜਿਹਨਾਂ ਮੈਨੂੰ ਲੈਫ. ਜਨਰਲ ਦਿਆਲ ਨਾਲ ਮਿਲਵਾਇਆ ਜੋ ਉੱਥੇ ਮੋਜੂਦ ਸਨ। ਆਈਜੀ ਨੂੰ ਇਕ ਬੇਝਿਜਕ ਅਤੇ ਸਪਸ਼ਟ ਅਫਸਰ ਵਜੋਂ ਜਾਣਿਆ ਜਾਂਦਾ ਸੀ ਅਤੇ ਉਹਨਾਂ ਮੈਨੂੰ ਕਿਹਾ ਕਿ ਜਨਰਲ ਮੈਨੂੰ ਕੁੱਝ ਸਵਾਲ ਪੁੱਛਣਾ ਚਾਹੁੰਦੇ ਹਨ ਜਿਹਨਾਂ ਦੇ ਮੈਨੂੰ ਸਾਫ ਸਪਸ਼ਟ ਸਿੱਧੇ ਜਵਾਬ ਦੇਣ ਲਈ ਕਿਹਾ ਗਿਆ। ਜਨਰਲ ਦਿਆਲ ਨੇ ਪਹਿਲੀ ਗੱਲ ਕਹੀ ਕਿ ਫੌਜ ਦੇ ਹਿਸਾਬ ਮੁਤਾਬਕ, ਭਿੰਡਰਾਂਵਾਲੇ ਅਤੇ ਉਸਦੇ ਨਾਲ ਦੇ ਖਾੜਕੂ ਦਰਬਾਰ ਸਾਹਿਬ 'ਤੇ ਮੁੱਢਲੀ ਭਾਰੀ ਗੋਲਾਬਾਰੀ ਨਾਲ ਹੀ ਹੱਥ ਖੜ੍ਹੇ (ਆਤਮ-ਸਮਰਪਣ) ਕਰ ਜਾਣਗੇ।

ਆਤਮ ਸਮਰਪਣ ਦਾ ਸਵਾਲ ਹੀ ਨਹੀਂ 
ਜਦੋਂ ਉਹਨਾਂ ਮੇਰੀ ਰਾਏ ਪੁੱਛੀ ਤਾਂ ਮੈਂ ਦੱਸਿਆ ਕਿ ਭਿੰਡਰਾਂਵਾਲੇ ਅਤੇ ਉਹਨਾਂ ਦੇ 130 ਦੇ ਕਰੀਬ ਸਿੰਘ ਆਤਮ ਸਮਰਪਣ ਨਹੀਂ ਕਰਨਗੇ, ਬਲਕਿ ਫੌਜ ਨੂੰ ਤਕੜਾ ਮੁਕਾਬਲਾ ਦੇਣਗੇ ਅਤੇ ਸ਼ਹੀਦ ਵਜੋਂ ਮਰਨਾ ਪ੍ਰਵਾਨ ਕਰਨਗੇ। ਇਸ ਜਵਾਬ 'ਤੇ ਜਨਰਲ ਖੁਸ਼ ਨਹੀਂ ਸੀ ਅਤੇ ਉਹਨਾਂ ਮੈਨੂੰ ਸਵਾਲ ਕੀਤਾ ਕਿ ਮੈਂ ਇਹ ਗੱਲ ਕਿਸ ਅਧਾਰ 'ਤੇ ਕਹਿ ਰਿਹਾ ਹਾਂ। ਮੈਂ ਦੱਸਿਆ ਕਿ ਮੈਂ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿਚ ਹੋਏ ਟਕਰਾਅ ਤੋਂ ਭਿੰਡਰਾਂਵਾਲੇ ਨੂੰ ਨੇੜਿਓਂ ਦੇਖ ਰਿਹਾ ਹਾਂ (ਮੈਂ ਅਪ੍ਰੈਲ 1978 ਤੋਂ ਸਤੰਬਰ 1978 ਤੱਕ ਬਤੌਰ ਐਸਐਸਪੀ ਅੰਮ੍ਰਿਤਸਰ ਤੈਨਾਤ ਸਾਂ)। ਨਿਰੰਕਾਰੀ ਵਿਰੋਧੀ ਮਾਰਚ ਨੂੰ ਅਖੰਡ ਕੀਰਤਨੀ ਜਥੇ ਦੇ ਫੌਜਾ ਸਿੰਘ ਅਤੇ ਦਮਦਮੀ ਟਕਸਾਲ ਦੇ ਭਿੰਡਰਾਂਵਾਲੇ ਅਗਵਾਈ ਦੇ ਰਹੇ ਸਨ। 

ਅਗਲੇ ਛੇ ਸਾਲ ਪੰਜਾਬ ਵਿਚ ਬੇਰੋਕ ਖੂੰਨ ਡੁੱਲ੍ਹਿਆ ਅਤੇ ਭਿੰਡਰਾਂਵਾਲਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਗਿਆ। ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਹਿੰਸਾ ਨੂੰ ਜਾਇਜ਼ ਪ੍ਰਚਾਰਦੇ ਸੀ। ਉਸ ਤੋਂ ਬਾਅਦ, ਵੱਖ-ਵੱਖ ਰਾਜਨੀਤਕ ਪਾਰਟੀਆਂ 'ਚ ਬਹੁਤ ਤਬਦੀਲੀਆਂ ਆਈਆਂ ਅਤੇ ਉਹਨਾਂ ਵਿਚ ਅੰਦਰੂਨੀ ਦੂਰੀਆਂ ਵਧੀਆਂ। ਇਸੇ ਦੌਰਾਨ, ਗੋਲਡ ਟੈਂਪਲ ਕੰਪਲੈਕਸ ਵਿਚ ਹਥਿਆਰ ਵੀ ਜਾਣ ਲੱਗੇ ਅਤੇ ਉੱਥੇ ਖਾੜਕੂ ਸਿੰਘ ਰਹਿਣ ਲੱਗ ਪਏ।

ਅਖੀਰ, ਭਿੰਡਰਾਂਵਾਲੇ ਵੀ ਕੰਪਲੈਕਸ ਵਿਚ ਚਲੇ ਗਏ ਜਿੱਥੇ ਉਹਨਾਂ ਨੂੰ ਮਿਲਣ ਲਈ ਸੰਗਤਾਂ ਦੇ ਇਕੱਠ ਜੁੜਦੇ ਤੇ ਉਹ ਸਾਰਿਆਂ ਨਾਲ ਗੱਲਬਾਤ ਕਰਦੇ। ਉਹ ਆਪਣੇ ਹਰ ਭਾਸ਼ਣ ਵਿਚ ਕਹਿੰਦੇ ਕਿ ਭਾਰਤੀ ਫੌਜ ਦਰਬਾਰ ਸਾਹਿਬ 'ਤੇ ਹਮਲਾ ਕਰੇਗੀ ਅਤੇ ਉਹ (ਭਿੰਡਰਾਂਵਾਲੇ ਤੇ ਸਿੰਘ) ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹਾਦਤਾਂ ਪਾਉਣਗੇ। ਉਹਨਾਂ ਦਰਜਨਾਂ ਬਾਰ ਇਹ ਗੱਲ ਕਹੀ। ਇਸ ਸਮੇਂ ਵਿਚ ਮੈਂ ਉਹਨਾਂ ਦੇ ਇਹਨਾਂ ਭਾਸ਼ਣਾਂ ਨੂੰ ਰੋਜ਼ ਪੜ੍ਹਦਾ ਸੀ ਅਤੇ ਮੈਨੂੰ ਤੇ ਸਾਡੇ ਬਾਕੀ ਸਾਰੇ ਅਫਸਰਾਂ ਨੂੰ ਯਕੀਨ ਸੀ ਕਿ ਉਹ ਕੰਪਲੈਕਸ ਦੇ ਅੰਦਰ ਜੂਝਦਿਆਂ ਸ਼ਹੀਦੀ ਪਾਉਣਗੇ। ਹੋਰ ਸਰੋਤਾਂ ਤੋਂ ਮਿਲਦੀ ਜਾਣਕਾਰੀ ਵੀ ਸਾਡੀ ਇਸ ਗੱਲ 'ਤੇ ਹੀ ਮੋਹਰ ਲਾਉਂਦੀ ਸੀ। 

ਇਸ ਅੰਦਾਜ਼ੇ ਤੋਂ ਜਨਰਲ ਨਰਾਜ਼ ਹੋ ਗਿਆ
ਦਿਆਲ ਮੇਰੇ ਇਸ ਅੰਦਾਜ਼ੇ ਤੋਂ ਥੋੜਾ ਨਰਾਜ਼ ਹੋ ਗਿਆ ਅਤੇ ਮੈਨੂੰ ਹੰਕਾਰ ਵਿਚ ਆ ਕੇ ਪੁੱਛਿਆ ਕਿ ਫੌਜ ਦੇ ਵੱਡੇ ਹਥਿਆਰਾਂ ਸਾਹਮਣੇ ਖਾੜਕੂ ਆਪਣੀਆਂ ਛੋਟੀਆਂ ਬੰਦੂਕਾਂ ਨਾਲ ਕੀ ਲੜ੍ਹਾਈ ਲੜਨਗੇ। ਮੈਂ ਉਹਨਾਂ ਨੂੰ ਦੱਸਿਆ ਕਿ ਇੰਟੈਲੀਜੈਂਸ ਅਜੈਂਸੀਆਂ ਵੱਲੋਂ ਫੌਜ ਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅੰਦਰ ਕਿਹੋ ਜਿਹਾ ਅਸਲਾ ਬਰੂਦ ਹੈ ਅਤੇ ਇਹ ਜੰਗ ਦੀ ਨੀਤੀ ਫੌਜ ਵੀ ਜਨਰਲ ਰਹਿ ਚੁੱਕੇ ਅਤੇ ਗੁਰੀਲਾ ਜੰਗ ਦੇ ਮਾਹਰ ਸ਼ਬੇਗ ਸਿੰਘ ਵੱਲੋਂ ਬਣਾਈ ਗਈ ਹੈ। ਇੰਟੈਲੀਜੈਂਸ ਅਜੈਂਸੀਆਂ ਨੂੰ ਵੀ ਛੱਡੋ, ਹਰ ਆਮ ਬੰਦੇ ਨੂੰ ਵੀ ਪਤਾ ਸੀ ਕਿ ਭਿੰਡਰਾਂਵਾਲਿਆਂ ਕੋਲ ਕਿਹੋ ਜਿਹੇ ਹਥਿਆਰ ਅਤੇ ਬੰਦੇ ਹਨ।

ਅਖੀਰ, ਜਰਨਲ ਨੂੰ ਦੱਸਿਆ ਗਿਆ ਕਿ ਭਿੰਡਰਾਂਵਾਲਿਆਂ ਨੂੰ ਪਤਾ ਹੈ ਕਿ ਉਹ ਫੌਜ ਨੂੰ ਨਹੀਂ ਹਰਾ ਸਕਦੇ ਪਰ ਉਹ ਕੰਪਲੈਕਸ ਅੰਦਰ ਅਖੀਰੀ ਦਮ ਤਕ ਜੂਝਦਿਆਂ ਸ਼ਹੀਦ ਹੋਣਗੇ। ਮੈਂ ਜਨਰਲ ਨੂੰ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਤੈਨਾਤੀ ਦੌਰਾਨ ਮੈਂ ਕਈ ਵਾਰ ਭਿੰਡਰਾਂਵਾਲਿਆਂ ਨੂੰ ਖੁਦ ਵੀ ਮਿਲ ਚੁੱਕਿਆ ਹਾਂ ਅਤੇ ਜਿੰਨ੍ਹਾ ਮੈਂ ਉਹਨਾਂ ਨੂੰ ਜਾਣ ਸਕਿਆ ਹਾਂ ਉਹ ਆਪਣੀ ਜ਼ੁਬਾਨ 'ਤੇ ਪੱਕੇ ਰਹਿਣਗੇ।

ਜਨਰਲ ਨੇ ਮੇਰੇ ਅੰਦਾਜ਼ੇ ਨੂੰ ਰੱਦ ਕਰਦਿਆਂ ਪੁੱਛਿਆ ਕਿ ਸਵੇਰੇ ਪਾਲਕੀ ਸਾਹਿਬ ਕਿੰਨ੍ਹੇ ਵਜੇ ਦਰਬਾਰ ਸਾਹਿਬ ਲਿਜਾਈ ਜਾਂਦੀ ਹੈ। ਜੇ ਮੈਨੂੰ ਸਹੀ ਤਰ੍ਹਾਂ ਯਾਦ ਹੋਵੇ ਤਾਂ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਸਵੇਰੇ ਚਾਰ ਵਜੇ। ਉਹਨਾਂ ਸਾਨੂੰ ਕਿਹਾ ਕਿ ਰਾਤ ਦੇ ਆਪਰੇਸ਼ਨ ਮਗਰੋਂ ਪਾਲਕੀ ਸਾਹਿਬ ਨੂੰ ਉਸੇ ਸਮੇਂ ਲਿਜਾਇਆ ਜਾਵੇਗਾ ਅਤੇ ਮੈਨੂੰ ਪੁੱਛਿਆ ਕਿ ਕੀ ਕੁੱਝ ਗ੍ਰੰਥੀਆਂ ਦਾ ਇੰਤਜ਼ਾਮ ਹੋ ਸਕਦਾ ਹੈ ਜਿਹੜੇ ਦਰਬਾਰ ਸਾਹਿਬ ਦੀ ਸੇਵਾ ਨਿਭਾ ਸਕਣ ਕਿਉਂਕਿ ਸ਼ਾਇਦ ਪੱਕੇ ਗ੍ਰੰਥੀ ਉਸ ਸਮੇਂ ਉੱਥੇ ਮੋਜੂਦ ਨਾ ਹੋਣ। ਅਸੀਂ ਉਹਨਾਂ ਨੂੰ ਕਿਹਾ ਕਿ ਇਹ ਹੱਲ ਹੋ ਜਾਵੇਗਾ। ਜਨਰਲ ਨੇ ਕੁੱਝ ਮਿਸਤਰੀਆਂ ਦਾ ਵੀ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਉਸੇ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਮਾਰਤੀ ਨੁਕਸਾਨ ਨੂੰ ਸਹੀ ਕੀਤਾ ਜਾ ਸਕੇ। ਅਸੀਂ ਕਿਹਾ ਕਿ ਇਹ ਵੀ ਪ੍ਰਬੰਧ ਹੋ ਜਾਵੇਗਾ।

ਦਿਆਲ ਦੇ ਇਹ ਸਾਰੇ ਬਿਆਨ ਅਤੇ ਜ਼ਰੂਰੀ ਇੰਤਜ਼ਾਮ ਸੁਣਨ ਮਗਰੋਂ ਸਾਨੂੰ ਪੱਕਾ ਹੋ ਗਿਆ ਸੀ ਕਿ ਉਹ ਮੰਨ ਚੁੱਕਿਆ ਹੈ ਕਿ ਦਰਬਾਰ ਸਾਹਿਬ 'ਤੇ ਮੁੱਢਲੀ ਭਾਰੀ ਗੋਲਾਬਾਰੀ ਤੋਂ ਬਾਅਦ ਭਿੰਡਰਾਂਵਾਲਾ ਅਤੇ ਉਸਦੇ ਸਹਿਯੋਗੀ ਆਤਮ ਸਮਰਪਣ ਕਰ ਦੇਣਗੇ ਤੇ ਉਸਨੇ ਸਾਡੀਆਂ ਸਲਾਹਾਂ 'ਤੇ ਕੋਈ ਗੌਰ ਨਹੀਂ ਕੀਤੀ। ਫੌਜ ਦੇ ਕਮਾਂਡਰਾਂ ਨੇ ਇਸ ਗੱਲ ਦਾ ਵੀ ਖਿਆਲ ਨਹੀਂ ਕੀਤਾ ਕਿ ਜਿਸ ਦਿਨ ਨੂੰ ਉਹ ਆਪਰੇਸ਼ਨ ਲਈ ਚੁਣ ਰਹੇ ਹਨ ਉਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਅਤੇ ਕੰਪਲੈਕਸ਼ ਵਿਚ ਹਜ਼ਾਰਾਂ ਸੰਗਤਾਂ ਆਈਆਂ ਹੋਈਆਂ ਸਨ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਵੱਲੋਂ ਲਾਏ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਲਈ ਅਕਾਲੀ ਦਲ ਦੇ ਜਥੇ ਵੀ ਪਹੁੰਚੇ ਹੋਏ ਸਨ। ਮੈਂ ਯੂਨਾਨੀ ਦੁਖਾਂਤ ਦੇ ਉਸ ਹਿੱਸੇ ਵਾਂਗ ਮਹਿਸੂਸ ਕਰ ਰਿਹਾ ਹਾਂ ਜੋ ਇਹ ਵੇਖ ਸਕਦਾ ਸੀ ਕਿ ਕੀ ਵਾਪਰਨ ਵਾਲਾ ਹੈ ਪਰ ਉਸ ਕੋਲ ਦਖਲ ਦੇ ਕੇ ਉਸਨੂੰ ਰੋਕਣ ਦੀ ਤਾਕਤ ਨਹੀਂ ਸੀ। ਉਸ ਤੋਂ ਬਾਅਦ ਮੈਂ ਆਪਣੇ ਦਫਤਰ ਵਾਪਸ ਆ ਗਿਆ ਅਤੇ ਜੋ ਬਾਅਦ ਵਿਚ ਹੋਇਆ ਉਹ ਇਤਿਹਾਸ ਹੈ- ਆਤਮ ਸਮਰਪਣ ਨਹੀਂ ਹੋਇਆ। 

*ਲੇਖਕ ਸਾਬਕਾ ਆਈਪੀਐਸ ਅਫਸਰ ਹੈ ਅਤੇ ਬਾਅਦ ਵਿਚ ਜੰਮੂ ਕਸ਼ਮੀਰ ਦਾ ਡੀਜੀਪੀ ਬਣਿਆ, ਬੀਐਸਐਫ ਦਾ ਨਿਰਦੇਸ਼ਕ ਬਣਿਆ, ਯੂਪੀਐਸਸੀ ਦਾ ਚੇਅਰਮੈਨ ਬਣਿਆ ਅਤੇ ਮਨੀਪੁਰ ਦਾ ਰਾਜਪਾਲ ਰਿਹਾ।