ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ

ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ
ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ, ਲਾਹੌਰ ਦੀ ਇਮਾਰਤ

ਧਰਮਿੰਦਰ ਸਿੰਘ ਵੜੈਚ (ਚੱਬਾ)

ਭਾਈ ਮਨੀ ਸਿੰਘ ਦੀ ਸ਼ਹਾਦਤ ਸਿੱਖ ਧਰਮ ਵਿਚ ਬੜਾ ਅਹਿਮ ਸਥਾਨ ਰੱਖਦੀ ਹੈ। ਆਪ ਬੜੇ ਹਠੀ, ਤਪੱਸਵੀ ਤੇ ਸਿੱਖੀ ਸਿਦਕ ਵਿਚ ਯਕੀਨ ਰੱਖਣ ਵਾਲੇ ਮਹਾਨ ਯੋਧੇ ਸਨ।  ਆਪ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ, ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿਚ ਰਹੇ। ਭਾਈ ਸਾਹਿਬ ਦੇ ਵਡੇਰੇ ਵੀ ਗੁਰੂ ਘਰ ਦੇ ਪ੍ਰੇਮੀ ਸਨ। ਆਪ ਦੇ ਦਾਦੇ ਦਾ ਨਾਂ ਬਲੂ ਰਾਊ ਸੀ। ਬਲੂ ਰਾਊ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਤੇ ਮਹਾਨ ਜਰਨੈਲ ਸਨ। ਬਲੂ ਰਾਊ ਦੇ ਬਾਰ੍ਹਾਂ ਪੁੱਤਰ ਸਨ। ਜਿਨ੍ਹਾਂ ਦੇ ਨਾਂ- ਮਲੂਕਾ, ਮਾਈ ਦਾਸ, ਜੈਮਲ, ਰੂਪੀਆ, ਬੀਰੀਆ, ਰੁੜੀਆ, ਸੁੰਦਰ, ਨੇਤਾ, ਸਾਹੂ, ਮਾਧੋ, ਰਈਆ ਤੇ ਸੁਹੇਲਾ ਆਦਿ ਸਨ। ਇਨ੍ਹਾਂ ਵਿੱਚੋਂ ਮਾਈ ਦਾਸ ਨੇ ਦੋ ਵਿਆਹ ਕੀਤੇ। ਪਹਿਲੀ ਪਤਨੀ ਦਾ ਨਾਂ ਬੀਬੀ ਮੱਧਰੀ ਬਾਈ ਤੇ ਦੂਜੀ ਪਤਨੀ ਦਾ ਨਾਂ ਬੀਬੀ ਲਡਿਕੀ ਬਾਈ ਸੀ। ਪਹਿਲੀ ਪਤਨੀ ਤੋਂ ਸੱਤ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ- ਜੇਠਾ, ਦਿਆਲ ਦਾਸ, ਮਨੀ ਰਾਮ, ਦੁਨੀਆ, ਮਾਨਾ, ਅਮਰ ਚੰਦ ਤੇ ਰੂਪਾ ਸੀ। ਦੂਜੀ ਪਤਨੀ ਬੀਬੀ ਲਡਿਕੀ ਬਾਈ ਤੋਂ ਪੰਜ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਂ- ਜਗਤੂ, ਸੋਹਣਾ, ਲਹਿਣਾ, ਰਾਇ ਤੇ ਹਰੀ ਚੰਦ ਆਦਿ ਸਨ। ਇਹ ਸਾਰੇ ਵੀ ਗੁਰੂ ਘਰ ਦੇ ਅਨਿੰਨ ਸੇਵਕ ਰਹੇ। ਪਹਿਲੀ ਪਤਨੀ ਤੋਂ ਮਨੀ ਰਾਮ ( ਜੋ ਬਾਅਦ ਵਿਚ 30 ਮਾਰਚ 1699 ਈ. ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣ ਗਏ) ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈ. ਦਿਨ ਐਤਵਾਰ ਚੇਤਰ ਸੁਦੀ ਬਾਰ੍ਹਵੀਂ ਸੰਮਤ 1701 ਬਿ. ਨੂੰ ਪਿਤਾ ਮਾਈ ਦਾਸ ਤੇ ਮਾਤਾ ਮੱਧਰੀ ਬਾਈ ਜੀ ਦੇ ਗ੍ਰਹਿ  ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਮੁਲਤਾਨ ਪਾਕਿਸਤਾਨ ਵਿਚ ਹੋਇਆ।

ਪਰਿਵਾਰ ਗੁਰਸਿੱਖ ਹੋਣ ਕਰਕੇ ਗੁਰੂ ਦਰਸ਼ਨਾਂ ਨੂੰ ਜਾਂਦੇ ਰਹਿੰਦੇ ਸਨ। ਜਦ ਆਪ ਤੇਰ੍ਹਾਂ ਸਾਲ ਦੇ ਹੋਏ ਤਾਂ ਪਿਤਾ ਨਾਲ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾਂ ਨੂੰ ਗਏ ਤਾਂ ਉੱਥੇ ਵੇਖਦਿਆਂ ਹੀ ਗੁਰੂ ਹਰਿਰਾਏ ਸਾਹਿਬ ਜੀ ਨੇ ਫੁਰਮਾਇਆ ਕਿ 'ਮਨੀਆ ਇਹ ਗੁਨੀਆ ਹੋਵੇਗਾ ਬੀਚ ਜਗ ਸਾਰੇ।' ਆਪ ਉੱਥੇ ਹੀ ਲੰਗਰ ਵਿਚ ਸੇਵਾ ਕਰਦੇ ਰਹੇ। ਜਦ ਆਪ ਦੀ ਉਮਰ ਪੰਦਰਾਂ ਸਾਲ ਦੀ ਹੋਈ ਤਾਂ ਆਪ ਦੇ ਪਿਤਾ ਨੇ ਗੁਰੂ ਹਰਿਰਾਏ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਆਪ ਦਾ ਵਿਆਹ ਪਿੰਡ ਖੈਰਪੁਰ ਦੇ ਲੱਖੀ ਵਣਜਾਰਾ ਦੀ ਲੜਕੀ ਸੀਤੋ ਬਾਈ ਨਾਲ ਕਰ ਦਿੱਤਾ। ਜਿਨ੍ਹਾਂ ਦੀ ਕੁੱਖੋਂ ਸੱਤ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ- ਚਿਤਰ ਸਿੰਘ, ਬਚਿੱਤਰ ਸਿੰਘ (ਜਿਨ੍ਹਾਂ ਨੇ ਹਾਥੀ ਨਾਲ ਯੁੱਧ ਕੀਤਾ ਸੀ) ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ ਅਤੇ ਗੁਰਬਖਸ਼ ਸਿੰਘ ਸਨ। ਭਾਈ ਸਾਹਿਬ ਜੀ ਦੀ ਦੂਜੀ ਪਤਨੀ ਖੇਮੀ ਬਾਈ ਦੀ ਕੁੱਖੋਂ ਤਿੰਨ ਪੁੱਤਰ ਜਨਮੇ ਜਿਨ੍ਹਾਂ ਦੇ ਨਾਂ- ਭਗਵਾਨ ਸਿੰਘ, ਬਲਰਾਮ ਸਿੰਘ ਅਤੇ ਦੇਸਾ ਸਿੰਘ ਸਨ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ 6.10.1661 ਈ. ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਦਿੱਲੀ ਵਿਚ ਰਹੇ। ਫਿਰ 30 ਮਾਰਚ 1664 ਈ. ਬੁੱਧਵਾਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿੱਚ ਜੋਤੀ-ਜੋਤ ਸਮਾਉਣ ਤੋਂ ਬਾਅਦ ਅਗਲੇ ਗੁਰੂ ਦਾ ਬਾਬਾ ਬਕਾਲੇ ਵੱਲ ਇਸ਼ਾਰਾ ਕਰਨ 'ਤੇ ਆਪ ਬਾਬੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਚਲੇ ਗਏ। ਜਦ ਨੌਵੇਂ ਪਾਤਸ਼ਾਹ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਗਏ ਤੇ 11.11.1675 ਵੀਰਵਾਰ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਆਪਣਾ ਬਲੀਦਾਨ ਦਿੱਤਾ ਤਾਂ ਆਪ ਬਾਲ ਗੋਬਿੰਦ ਰਾਏ ਜੀ ਕੋਲ ਅਨੰਦਪੁਰ ਸਾਹਿਬ ਵਿੱਚ ਹੀ ਰਹੇ। ਜਦ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਗਏ ਤਾਂ ਆਪ ਵੀ ਨਾਲ ਸਨ। ਆਪ ਦੀ ਸਾਹਿਤ ਪ੍ਰਤੀ ਰੁਚੀ ਬਾਕਮਾਲ ਸੀ।

ਆਪ ਗੁਰੂ ਦਰਬਾਰ ਦੇ ਬਵ੍ਹੰਜਾ ਕਵੀਆਂ ਵਿਚ ਅਹਿਮ ਸਥਾਨ ਰੱਖਦੇ ਸਨ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਾਕਾਰ ਤੇ ਕਰਤਾ ਰਹੇ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਦੀ ਵਿਸਾਖੀ ਨੂੰ ਖਾਲਸਾ ਸਾਜਿਆ ਤਾਂ ਆਪ ਆਪਣੇ ਪੁੱਤਰਾਂ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ  ਕਰਕੇ ਸਿੰਘ ਸਜ ਗਏ। ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਸਾਰੇ ਹੀ ਯੁੱਧਾਂ ਵਿੱਚ ਹਿੱਸਾ ਲੈਂਦੇ ਰਹੇ ਤੇ ਆਪਣੀ ਤੇਗ ਦੇ ਜੌਹਰ ਦਿਖਾਉਂਦੇ ਰਹੇ। ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੂਜੇ ਹੈੱਡ ਗ੍ਰੰਥੀ ਭਾਈ ਗੁਰਦਾਸ ਜੀ ਸਨ। ਆਪ ਨੇ ਸ੍ਰੀ ਹਰਿਮੰਦਰ ਸਾਹਬ ਦੇ ਤੀਜੇ ਹੈੱਡ ਗ੍ਰੰਥੀ ਵਜੋਂ ਸੇਵਾ ਸੰਭਾਲੀ। ਆਪ 33 ਸਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਅਕਤੂਬਰ 1708 ਈ. ਨੂੰ ਜੋਤੀ-ਜੋਤ ਸਮਾਉਣ ਤੋਂ ਬਾਅਦ ਪੰਥਕ ਏਕਤਾ ਬਣਾਈ ਰੱਖਣ 'ਤੇ ਜ਼ੋਰ ਦੇ ਕੇ ਆਪ ਅੰਮ੍ਰਿਤਸਰ ਵਿਚ ਹੀ ਡੇਰੇ ਲਾਈ ਬੈਠੇ ਰਹੇ। ਹਰ ਸਾਲ ਦੀ ਤਰ੍ਹਾਂ ਜਦ ਸੰਨ 1733 ਈ. ਨੂੰ ਦੀਵਾਲੀ ਪੁਰਬ ਮਨਾਉਣ ਲਈ ਭਾਈ ਸਾਹਿਬ ਨੇ ਜ਼ਕਰੀਆ ਖਾਨ ਨਾਲ ਗੱਲ ਕੀਤੀ ਤਾਂ 5000 ਰੁਪਏ ਜ਼ਜੀਆ ਦੇ ਰੂਪ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਜੋ ਦੀਵਾਲੀ ਤੋਂ ਬਾਅਦ ਦਾ ਕਹਿ ਕੇ ਭਾਈ ਸਾਹਿਬ ਵਾਪਸ ਆ ਗਏ। ਉਧਰ ਵਿਰੋਧੀਆਂ ਦੇ ਉਕਸਾਉਣ 'ਤੇ ਜ਼ਕਰੀਆਂ ਖਾਨ ਨੇ ਦੀਵਾਲੀ ਪੁਰਬ 'ਤੇ ਅੰਮ੍ਰਿਤਸਰ 'ਤੇ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ। ਲਾਹੌਰ ਰਹਿੰਦੀ ਸੰਗਤ ਨੇ ਭਾਈ ਸਾਹਿਬ ਨੂੰ ਇਸ ਹਮਲੇ ਦੀ ਅਗਲੇਰੀ ਜਾਣਕਾਰੀ ਦੇ ਦਿੱਤੀ ਤਾਂ ਆਪ ਨੇ ਜੁਝਾਰੂ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ, ਜਿਸ ਨਾਲ ਸੰਗਤ ਘੱਟ ਆਈ ਤੇ ਚੜ੍ਹਾਵਾ ਵੀ ਘੱਟ ਹੋਇਆ ਤੇ ਜ਼ਜੀਆਂ ਨਾ ਦੇ ਹੋਇਆ। ਜ਼ਕਰੀਆਂ ਖਾਨ ਦੇ ਲਾਹੌਰ ਬੁਲਾਉਣ 'ਤੇ ਆਪ ਨੇ ਦੋ ਸਿੱਖਾਂ ਭਾਈ ਭੂਪਿਤ ਸਿੰਘ ਤੇ ਭਾਈ ਗੁਲਜਾਰਾ ਸਿੰਘ ਨੂੰ ਇਹ ਕਹਿ ਕੇ ਭੇਜਿਆ ਕਿ ਆਉਣ ਵਾਲੇ ਵਿਸਾਖੀ ਪੁਰਬ 'ਤੇ 10,000 ਰੁਪਏ ਇੱਕਠੇ ਜ਼ਜੀਆ ਦੇ ਦਿੱਤਾ ਜਾਵੇਗਾ, ਜਿਸ 'ਤੇ ਜ਼ਕਰੀਆ ਖਾਨ ਮੰਨ ਗਿਆ ਤੇ ਲਿਖਤੀ ਪ੍ਰਵਾਨਗੀ ਵੀ ਦੇ ਦਿੱਤੀ। ਪੰਜਾਂ ਮਹੀਨਿਆਂ ਬਾਅਦ ਵਿਸਾਖੀ ਪੁਰਬ ਆ ਗਿਆ। ਗੁਰੂ ਘਰ ਦੇ ਵਿਰੋਧੀਆਂ ਦੇ ਫਿਰ ਉਕਸਾਉਣ 'ਤੇ ਸੂਬੇ ਨੇ ਲਖਪਤਿ ਰਾਏ ਨੂੰ ਹਮਲੇ ਦੀ ਨੀਅਤ ਨਾਲ ਫੌਜ ਦੇ ਕੇ ਰਾਮ ਤੀਰਥ ਲਾਗੇ ਭੇਜ ਦਿੱਤਾ। ਭਾਈ ਸਾਹਿਬ ਨੂੰ ਖਬਰ ਮਿਲਣ 'ਤੇ ਫਿਰ ਦੀਵਾਲੀ ਵਾਲਾ ਫਾਰਮੂਲਾ ਅਪਣਾਇਆ ਗਿਆ। ਕੋਈ ਬਹੁਤ ਜ਼ਿਆਦਾ ਸੰਗਤ ਨਾ ਆਈ ਤੇ ਇਸ ਵਾਰ ਵੀ ਜੁਝਾਰੂ ਖਾਲਸਾ ਦੂਰ ਹੀ ਰਿਹਾ। ਵਿਰੋਧੀਆਂ ਦੇ ਜ਼ੋਰ ਪਾਉਣ 'ਤੇ ਸੂਬੇ ਨੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ।
ਖੂਬ ਲੁੱਟ ਮਾਰ ਤੇ ਖੂਨ-ਖਰਾਬਾ ਕੀਤਾ ਤੇ ਜ਼ਜੀਆ ਨਾ ਦੇਣ ਦਾ ਬਹਾਨਾ ਲਗਾ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਕਿਹਾ ਕਿ 'ਬਾਕੀ ਬਚੇ ਸਿੱਖਾਂ ਨੂੰ ਪਕੜਵਾਉਣ 'ਤੇ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ।' ਭਾਈ ਸਾਹਿਬ ਨੇ ਕਿਹਾ ਕਿ 'ਦਗ਼ਾ ਦੇਣਾ ਸਿੱਖ ਦਾ ਕੰਮ ਨਹੀਂ ਭਾਵੇਂ ਅੰਗ-ਅੰਗ ਕੱਟ ਜਾਏ।'

ਅੰਤ 93 ਸਾਲ ਦੀ ਉਮਰ ਵਿਚ 24 ਜੂਨ 1734 ਈ. ਨੂੰ ਲਾਹੌਰ ਦੇ ਨਖਾਸ ਚੌਕ ਵਿਚ ਭਾਈ ਸਾਹਿਬ ਨੂੰ ਬਹੁਤ ਤਸੀਹੇ ਦਿੱਤੇ ਗਏ ਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਅਡੋਲ ਚਿੱਤ ਵਾਹਿਗੁਰੂ ਦਾ ਭਾਣਾ ਮੰਨਣ ਵਿਚ ਕਾਮਯਾਬ ਰਹੇ। ਉਸ ਜਗ੍ਹਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ। ਮਸਤੀ ਦਰਵਾਜ਼ੇ  ਦੇ ਨਜ਼ਦੀਕ ਭਾਈ ਸਾਹਿਬ ਦਾ ਸੰਸਕਾਰ ਕੀਤਾ ਗਿਆ। ਇਸ ਸ਼ਹਾਦਤ ਵਿਚ ਭਾਈ ਸਾਹਿਬ ਨਾਲ ਭਾਈ ਗੁਲਜ਼ਾਰ ਸਿੰਘ, ਭਾਈ ਭੂਪਿਤ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਕਾਨ੍ਹ ਸਿੰਘ ਆਦਿ ਸਿੱਖਾਂ ਨੂੰ ਬਹੁਤ ਤਸੀਹੇ ਤੇ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਆਪ ਸਭ ਨਿਡਰ ਤੇ ਨਿਰਭੈ ਯੋਧੇ ਸਨ ਜੋ ਰੱਤੀ ਭਰ ਵੀ ਨਾ ਡੋਲੇ ਤੇ ਸਿੱਖੀ ਸਿਦਕ ਵਿਚ ਕਾਇਮ ਰਹੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ