ਮਨੁੱਖ, ਸਿੱਖ ਅਤੇ ਖਾਲਸਾ

ਮਨੁੱਖ, ਸਿੱਖ ਅਤੇ ਖਾਲਸਾ

ਗੁਰਮੇਲ ਸਿੰਘ ਖਾਲਸਾ 

ਜੇ ਕੋਈ ਰੱਬ ਨੂੰ ਪੁੱਛੇ, 'ਰੱਬ ਜੀ ਤੁਸੀਂ ਸਭ ਤੋਂ ਵਧੀਆ ਚੀਜ਼ ਕਿਹੜੀ ਬਣਾਈ ਹੈ?' ਮੇਰੀ ਜਾਚੇ ਰੱਬ ਦਾ ਜੁਆਬ ਹੋਵੇਗਾ, ''ਮਨੁੱਖ!” ਸਾਡੇ ਦੇਖਦਿਆਂ ਦੇਖਦਿਆਂ ਮਨੁੱਖ ਨੇ ਉਹ ਚੀਜ਼ਾਂ ਬਣਾ ਲਈਆਂ ਜਿਹੜੀਆਂ ਸਾਡੀ ਸੋਚ ਤੋਂ ਵੀ ਪਰ੍ਹੇ ਹਨ । ਸਾਡੇ ਰੋਜ਼ਮਰ੍ਹਾ ਦੀ ਵਸਤੂ ਮੋਬਾਈਲ ਫੋਨ ਨੂੰ ਹੀ ਲੈ ਲਵੋ, ਇਸ ਵਿਚ ਮਨੁੱਖ ਨੇ ਪਤਾ ਨਹੀਂ ਕੀ-ਕੀ ਜੜ ਦਿੱਤਾ ਹੈ ਜਿਸ ਬਾਰੇ ਸਾਡੇ ਬਹੁਤੇ ਮਨੁੱਖ ਵੀ ਨਹੀਂ ਜਾਣਦੇ। ਇਸੇ ਤਰ੍ਹਾਂ ਸਾਰੇ ਪਾਸੇ ਏਵੇਂ ਹੀ ਹੈਰਾਨ ਕਰਨ ਵਾਲ਼ੀਆਂ ਖੋਜਾਂ ਮਨੁੱਖ ਨੇ ਖੋਜ ਲਈਆਂ ਹਨ । ਸਾਰੀਆਂ ਖੋਜਾਂ ਮਨੁੱਖ ਨੇ ਏਸ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਅਨੰਦਮਈ ਜੀਵਨ ਲਈ ਹੀ ਖੋਜੀਆਂ ਹਨ । ਮਕਸਦ ਤਾਂ ਏਹੀ ਸੀ ਕਿ ਏਸ ਧਰਤੀ 'ਤੇ ਰਹਿਣ ਵਾਲ਼ੇ ਸਾਰੇ ਜੀਅ-ਜੰਤ ਆਨੰਦ ਵਿਚ ਹੁੰਦੇ। ਅੱਜ ਦਾ ਮਨੁੱਖ ਬੇਸ਼ੱਕ ਸਾਰੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਿਹਾ ਹੈ ਪਰ ਅੰਦਰੋਂ ਉਹ ਡਰਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਵੱਡਾ ਤੇ ਵਧੀਆ ਦੇਸ਼ ਅਮਰੀਕਾ, ਨੂੰ ਹੈ ਲੈ ਲਵੋ, ਉਸ ਨੂੰ ਕੋਰੀਆ ਦੇਸ਼ ਵਾਲ਼ੇ ਧਰਤੀ ਤੋਂ ਮਿਟਾਉਣ ਦੀਆਂ ਧਮਕੀਆਂ ਦੇ ਰਹੇ ਹਨ । ਕੋਰੀਆ ਕਹਿੰਦਾ ਹੈ ਕਿ ਉਹ ਅਮਰੀਕਾ ਤੇ ਇਲੈਕਟਰੋਮਗਨੈਟਿਕ ਫੀਲਡ ਨਾਲ਼ ਹਮਲਾ ਕਰਕੇ ਉਸ ਨੂੰ ਤਬਾਹ ਕਰ ਦੇਵੇਗਾ । ਇਸਲਾਮਿਕ ਸਟੇਟ ਆਫ ਇਰਾਕ ਅਤੇ ਸੀਰੀਆ(ਆਈਐਸਆਈਐਸ) ਦੇ ਸ਼ੀਆ-ਸੁੰਨੀ ਮੁਸਲਮਾਨ ਆਪਸ ਵਿਚ ਮਰਨ-ਮਾਰਨ 'ਤੇ ਹੋਏ ਫਿਰਦੇ ਹਨ। ਇਹ ਮਨੁੱਖਾਂ ਨੂੰ ਹਲਾਲ ਕਰ ਕਰ ਕੇ ਸੋਸ਼ਲ ਮੀਡੀਆ 'ਤੇ ਦਿਖਾ ਕੇ ਡਰਾ ਰਹੇ ਹਨ। ਭਾਰਤ ਪਾਕਿਸਤਾਨ ਇੱਕ ਦੂਜੇ ਦੇ ਵੈਰੀ ਬਣੇ ਹੋਏ ਹਨ । ਚੀਨ ਭਾਰਤ 'ਤੇ ਹਮਲਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਆਪਣੇ ਆਪ ਨੂੰ ਸੱਭਿਅਕ ਅਖਵਾਉਣ ਵਾਲ਼ੇ ਦੇਸ਼ ਫਰਾਂਸ, ਇੰਗਲੈਂਡ ਵਿੱਚ ਮਨੁੱਖੀ ਬੰਬਾਂ ਨਾਲ਼ ਹਮਲੇ ਹੋ ਚੁੱਕੇ ਹਨ । ਦੁਨੀਆ ਦੇ ਚੰਗੇ ਪੜ੍ਹੇ ਲਿਖੇ ਮਨੁੱਖਾਂ ਨੇ ਰਲ਼ ਕੇ ਅਮਰੀਕਾ ਨੂੰ ਤਬਾਹ ਕਰਨ ਲਈ ਆਤਮਘਾਤੀ ਹਮਲਾ ਕੀਤਾ ਸੀ। ਉਹਨਾਂ ਦਾ ਨਿਸ਼ਾਨਾ ਤਾਂ ਸੀ ਕਿ ਅਮਰੀਕਾ ਦੇ ਦੁਨੀਆ ਨੂੰ ਡਰਾਉਣ ਲਈ ਬਣਾਏ ਬੰਬਾਂ ਨੂੰ ਅਮਰੀਕਾ ਵਿਚ ਹੀ ਚਲਾ ਕੇ ਅਮਰੀਕਾ ਨੂੰ ਹੀ ਤਬਾਹ ਕਰਨਾ। ਉਹਨਾਂ ਨੇ ਓਸਾਮਾ ਬਿਨ ਲਾਦੇਨ ਦੇ ਅਧੀਨ ਇੱਕ ਸੰਗਠਨ ਬਣਾਇਆ । 20-25 ਵਧੀਆ ਪੜ੍ਹੇ ਲਿਖੇ ਮਨੁੱਖਾਂ ਨੂੰ ਮਨੁੱਖੀ ਬੰਬ ਬਣਨ ਲਈ ਤਿਆਰ ਕਰ ਲਿਆ। ਉਹਨਾਂ ਨੂੰ ਉੱਚ ਕੋਟੀ ਦੀ ਟਰੇਨਿੰਗ ਦਿੱਤੀ ਗਈ ਕਿ ਕਿਵੇਂ ਅਮਰੀਕਾ ਨੂੰ ਤਬਾਹ ਕਰਨਾ ਹੈ। ਉਹ ਸਾਰੇ ਅਮਰੀਕਾ ਗਏ। ਉਹਨਾਂ ਅਮਰੀਕਾ ਦੇ ਹੀ ਚਾਰ ਪੰਜ ਮੁਸਾਫਰ ਜਹਾਜ਼ਾਂ ਨੂੰ ਅਗਵਾ ਕੀਤਾ, ਨਿਸ਼ਾਨੇ ਸੇਧ ਲਏ। ਦੋ ਜਹਾਜ਼ ਉਹਨਾਂ ਅਮਰੀਕਾ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਟਵਿੰਨ ਟਾਵਰਾਂ ਵਿਚ ਮਾਰ ਕੇ ਟਵਿੰਨ ਟਾਵਰਾਂ ਨੂੰ ਹੀ ਢਾਹ ਦਿੱਤਾ। ਇੱਕ ਜਹਾਜ਼ ਉਹਨਾਂ ਅਮਰੀਕਾ ਦੀ ਸੈਨਿਕ ਸ਼ਕਤੀ ਪੈਂਟਾਗਨ ਵਿਚ ਮਾਰਿਆ। ਇੱਕ ਅਮਰੀਕਾ ਦੇ ਰਾਸ਼ਟਰਪਤੀ ਭਵਨ ਵੱਲ ਨੂੰ ਲੈ ਗਏ। ਏਸ ਹਮਲੇ ਨਾਲ਼ ਹਜ਼ਾਰਾਂ ਮਨੁੱਖੀ ਜਾਨਾਂ ਗਈਆਂ। ਅਰਬਾਂ-ਖਰਬਾਂ ਡਾਲਰਾਂ ਦਾ ਨੁਕਸਾਨ ਹੋਇਆ। ਇੱਕ ਵਾਰ ਤਾਂ ਅਮਰੀਕਾ ਵਿਚ ਤਬਾਹੀ-ਤਬਾਹੀ ਮਚ ਗਈ । ਉਹਨਾਂ ਦਾ ਤਰਕ ਹੈ ਕਿ ਅਮਰੀਕਾ ਨੇ ਮਨੁੱਖਾਂ ਵਿੱਚੋਂ ਮਨੁੱਖਤਾ ਕੱਢ ਕੇ ਮਨੁੱਖਾਂ ਨੂੰ ਮਸ਼ੀਨਾਂ ਬਣਾ ਕੇ ਮਨੁੱਖਾਂ ਦਾ ਵਪਾਰੀਕਰਨ ਕਰ ਦਿੱਤਾ ਹੈ। ਮਨੁੱਖ ਆਪਣੇ ਬਚਾਉ ਲਈ ਕਦੇ ਚੰਦ ਵੱਲ ਨੂੰ, ਕਦੇ ਮੰਗਲ ਵੱਲ ਨੂੰ ਕਦੇ ਕਿਸੇ ਹੋਰ ਗ੍ਰਹਿ 'ਤੇ ਕਬਜ਼ਾ ਕਰਨ ਨੂੰ ਭੱਜਿਆ ਫਿਰਦਾ ਹੈ। ਇਸ ਬ੍ਰਹਿਮੰਡ ਦਾ ਸਭ ਤੋਂ ਸੁੰਦਰ ਖੰਡ ਧਰਤੀ ਨੂੰ ਬਚਾਉਣਾ ਭੁੱਲਿਆ ਹੋਇਆ ਹੈ। ਕਹਿੰਦੇ ਜਦੋਂ ਨੀਲ ਆਰਮਸਟ੍ਰਾਂਗ ਹੁਰੀਂ ਚੰਦ ਤੋਂ ਉਤਰ ਕੇ ਧਰਤੀ 'ਤੇ ਆਏ ਤਾਂ ਅਖਬਾਰਾਂ ਵਾਲ਼ਿਆਂ ਨੇ ਪੁੱਛਿਆ ਕਿ ਜਦੋਂ ਤੁਸੀਂ ਚੰਦ ਤੋਂ ਆਲ਼ਾ-ਦੁਆਲ਼ਾ ਦੇਖਿਆ ਤਾਂ ਸਭ ਤੋਂ ਵਧੀਆ ਚੀਜ਼ ਤੁਹਾਨੂੰ ਕਿਹੜੀ ਲੱਗੀ? ਉਹਨਾਂ ਦਾ ਅੰਗਰੇਜ਼ੀ ਵਿਚ ਹਉਕੇ ਨਾਲ ਜੁਆਬ ਸੀ, 'Our.beautiful.earth !! ' ਯਾਨੀ ਸਾਡੀ ਸੁੰਦਰ ਧਰਤੀ! ਫਿਰ ਸੁਆਲ ਪੁੱਛਣ ਵਾਲ਼ੇ ਨੇ ਪਲਟ ਕੇ ਪੁੱਛਿਆ, ''ਕਦੇ ਧਰਤੀ 'ਤੇ ਰਹਿ ਕੇ ਵੀ ਸੋਚਿਆ ਕਿ ਰੱਬ ਨੇ ਸਾਨੂੰ ਸੋਹਣੀ ਧਰਤੀ ਦਿੱਤੀ ਹੈ, ਇਹਦੀ ਅਸੀਂ ਸੰਭਾਲ਼ ਕਰਨੀ ਹੈ?”” ਉਹਨਾਂ ਨੂੰ ਕੋਈ ਜੁਆਬ ਨਹੀਂ ਆਇਆ । 
ਅਮਰੀਕਾ ਵਰਗੇ ਧਰਤੀ ਦੇ ਸਭ ਤੋਂ ਮਹਾਨ ਦੇਸ਼ ਦੀ ਗੱਲ ਤੋਂ ਬਾਅਦ ਏਸ਼ੀਆ ਦੇ ਛੋਟੇ ਅਤੇ ਗਰੀਬ ਦੇਸ਼ ਬਰਮਾ ਜਾਂ ਮਿਆਂਮਾਰ ਦੀ ਗੱਲ ਕਰੀਏ। ਸੰਨ 1937 ਤਕ ਇਹ ਦੇਸ਼ ਭਾਰਤ ਦਾ ਹਿੱਸਾ ਸੀ। ਅੰਗਰੇਜ਼ਾਂ ਨੇ ਇਹਨਾਂ ਨੂੰ ਅਜ਼ਾਦ ਕਰ ਦਿੱਤਾ ਸੀ। ਅੱਜ ਕੱਲ ਇਸ ਦੇਸ਼ ਦੀ ਅਬਾਦੀ 5.5 ਕਰੋੜ ਹੈ। ਇਸ ਵਿਚ 4.3% ਰੋਹਿੰਗੇ ਮੁਸਲਮਾਨ ਰਹਿੰਦੇ ਹਨ। 6.2% ਇਸਾਈ ਅਤੇ 1% ਹਿੰਦੂ ਹਨ । ਬਾਕੀ ਬੋਧੀ ਬਹੁਮਤ ਵਿਚ ਹਨ । ਸੰਨ 1992 ਵਿਚ ਇਸ ਦੇਸ਼ ਦੇ ਬਹੁਮਤ ਬੋਧੀਆਂ ਨੇ ਰੋਹਿੰਗੇ ਮੁਸਲਮਾਨਾਂ ਤੋਂ ਨਾਗਰਿਕਤਾ ਦਾ ਹੱਕ ਖੋਹ ਲਿਆ। ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਜਾਂ ਤਾਂ ਉਹ ਬੋਧੀ ਬਣ ਜਾਣ ਜਾਂ ਦੇਸ਼ ਛੱਡ ਜਾਣ ਜਾਂ ਫਿਰ ਮਰਨ ਲਈ ਤਿਆਰ ਹੋ ਜਾਣ। ਰੋਹਿੰਗੇ ਮੁਸਲਮਾਨ ਬਰਮਾ ਦੇ ਮੂਲ ਨਿਵਾਸੀ ਹਨ। ਅੱਜ ਕੱਲ੍ਹ ਰੋਹਿੰਗੇ ਮੁਸਲਮਾਨਾਂ ਦੀ ਬੜੀ ਬੇਰਿਹਮੀ ਨਾਲ਼ ਕੱਟ ਵੱਢ ਹੋ ਰਹੀ ਹੈ। ਇਹ ਕਤਲੇਆਮ ਸ਼ੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ। ਰੋਹਿੰਗੇ ਮੁਸਲਮਾਨਾਂ ਦੇ ਬੱਚਿਆਂ ਨੂੰ ਅੱਗ ਵਿਚ ਭੁੰਨਿਆ ਜਾ ਰਿਹਾ ਹੈ। ਨੌਜਵਾਨਾਂ ਦਾ ਮਾਸ ਉਤਾਰਿਆ ਜਾ ਰਿਹਾ ਹੈ। ਉਹਨਾਂ 'ਤੇ ਇਸ ਤਰ੍ਹਾਂ ਅਣਮਨੁੱਖੀ ਹਮਲੇ ਕਰਕੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ। ਰੋਹਿੰਗੇ ਵਿਚਾਰੇ ਲੁਕ ਛਿਪ ਕੇ ਆਲ਼ੇ ਦੁਆਲ਼ੇ ਦੇ ਦੇਸ਼ਾਂ ਵਿਚ ਭੱਜ ਰਹੇ ਹਨ। ਉਹ ਵਿਚਾਰੇ ਭੁੱਖੇ ਪਿਆਸੇ ਗੁਆਂਢੀ ਮੁਲਕਾਂ ਵਿਚ ਖੁੱਲ੍ਹੇ ਅਸਮਾਨ, ਸੜਕਾਂ ਉਤੇ ਰੁਲਣ ਲਈ ਮਜਬੂਰ ਹਨ। ਸਦੀਆਂ ਦੇ ਗੁਲਾਮ ਭੁੱਖੇ ਨੰਗੇ ਕੀੜੀ ਰੂਪੀ ਭਾਰਤ ਨੂੰ ਵੀ ਖੰਭ ਲੱਗ ਆਏ ਹਨ। ਅੱਜ ਕੱਲ੍ਹ ਇਹਨਾਂ ਵੀ ਆਪਣਾ ਨਿਸ਼ਾਨਾ ਮਿੱਥ ਲਿਆ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਹਿੰਦੂ ਦਾ ਸਿਧਾਂਤ ਹੈ 'ਮੰਨੂਵਾਦ'। ਮਨੁੱਖਾਂ ਨੂੰ ਉੱਚਿਆਂ ਨੀਵਿਆਂ ਵਿਚ ਵੰਡ ਕੇ ਰਾਜ ਕਰਨਾ। ਮੰਨੂ ਨੇ ਮਨੁੱਖਾਂ ਦੀ ਵੰਡ ਇਉਂ ਕੀਤੀ ਹੈ । ਮਨੂੰ ਕਹਿੰਦਾ ਹੈ ਕਿ ਬ੍ਰਹਮਾ (ਭਗਵਾਨ) ਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਇਆ ਹੈ। ਛਾਤੀ ਅਤੇ ਬਾਹਵਾਂ ਤੋਂ ਖੱਤਰੀ। ਪੇਟ ਲੱਤਾਂ ਤੋਂ ਵੈਸ਼ ਪੈਦਾ ਹੋਇਆ ਹੈ। ਅੰਤ ਵਿਚ ਸ਼ੂਦਰ ਪੈਰਾਂ ਤੋਂ ਪੈਦਾ ਹੋਇਆ ਹੈ। ਬ੍ਰਾਹਮਣ ਮੂੰਹ ਤੋਂ ਪੈਦਾ ਹੋਇਆ ਹੋਣ ਕਰਕੇ ਸਭ ਤੋਂ ਉੱਪਰ ਹੈ। ਉਹ ਦੇਸ਼ ਦਾ ਮਾਲਕ ਹੈ। ਦੇਸ਼ ਦਾ ਰਾਜਾ ਵੀ ਬ੍ਰਾਹਮਣ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰੇਗਾ। ਸ਼ੂਦਰ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਇਆ ਹੋਣ ਕਰਕੇ ਸਭ ਤੋਂ ਹੇਠਾਂ ਹੈ। ਬ੍ਰਾਹਮਣ ਦੀ ਰਾਖੀ ਵਾਸਤੇ ਖੱਤਰੀ ਹੈ। ਬ੍ਰਾਹਮਣ ਲਈ ਧੰਨ ਪੈਦਾ ਕਰਨ ਵਾਲ਼ਾ ਵੈਸ਼ ਹੈ । ਸਾਰਿਆਂ ਦੀ ਸੇਵਾ ਕਰਨ ਵਾਲ਼ਾ ਸ਼ੂਦਰ ਹੈ। ਮੰਨੂਵਾਦ ਦਾ ਮਤਲਬ ਹੈ ਪੂੰਜੀ+ਪਾਖੰਡ। ਪਾਖੰਡ ਫੈਲਾਉ ਤੇ ਧਨ ਇਕੱਠਾ ਕਰੋ। ਵੱਡੀ ਮੱਛੀ ਛੋਟੀਆਂ ਨੂੰ ਖਾਣ ਵਾਲ਼ਾ ਸਿਧਾਂਤ ਹੈ। ਧਨ ਅਤੇ ਵਿੱਦਿਆ ਸ਼ੂਦਰ ਕੋਲ਼ ਜਾਣ ਨਹੀਂ ਦੇਣਾ। ਇਸੇ ਸਿਧਾਂਤ ਅਨੁਸਾਰ ਹੀ ਅੱਜ ਕੱਲ੍ਹ ਰਾਜ ਚੱਲ ਰਿਹਾ ਹੈ। ਬ੍ਰਾਹਮਣ ਬਾਣੀਆਂ ਮੰਨੂਵਾਦੀਆਂ ਦੀ ਅਬਾਦੀ ਦੇਸ਼ ਵਿਚ 13% ਹੈ ਪਰ ਇਹ ਦੇਸ਼ ਦੇ ੯੦% ਰਾਜ ਕਰਨ ਵਾਲ਼ੇ ਹਨ। ਇਕ ਉੱਘੇ ਸ਼ਾਇਰ ਮੁਹੰਮਦ ਇਕਬਾਲ ਨੇ ਇਸੇ ਕਰਕੇ ਕਿਹਾ ਹੈ ਕਿ ਹਿੰਦੋਸਤਾਨ ਸ਼ੂਦਰਾਂ ਲਈ ਨਰਕ ਹੈ। ਬ੍ਰਾਹਮਣ ਖੁਆਬ ਵਿਚ ਸੀ ਜਾਂ ਕਹਿ ਲਵੋ ਬ੍ਰਾਹਮਣਵਾਦੀਆਂ ਨੂੰ ਵਹਿਮ ਹੋ ਗਿਆ ਕਿ ਉਹ ਦੁਨੀਆ ਦੀ ਸਭ ਤੋਂ ਉਤਮ ਨਸਲ ਹੈ। ਇਹਨਾਂ ਨੂੰ ਇਸ ਭਰਮ ਵਿਚੋਂ ਕੱਢਣ ਲਈ ਇਸ ਦੇਸ਼ ਵਿਚ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ। ਸੁੱਤੇ ਪਏ ਹਿੰਦ ਵਾਸੀਆਂ ਨੂੰ ਇੱਕ ਓਂਕਾਰ ਦੀ ਬਾਂਗ ਨਾਲ ਜਗਾਇਆ। ਪਹਿਲੀ ਗੱਲ ਇਹ ਸਮਝਾਈ ਕਿ ਸਾਰੇ ਮਨੁੱਖ ਇੱਕ ਵਾਹਿਗੁਰੂ ਦੇ ਬੱਚੇ ਹਨ। ਵਾਹਿਗੁਰੂ ਅੱਲਾ-ਰੱਬ-ਗੌਡ ਆਦਿ ਸਾਰਿਆਂ ਦਾ ਪਿਤਾ ਹੈ। ਅਸੀਂ ਸਾਰੇ ਭੈਣ ਭਾਈ ਹਾਂ। ਇਸ ਗੱਲ ਨੂੰ ਸਮਝਾਉਣ ਲਈ ਗੁਰਬਾਣੀ ਰਚੀ। ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਾਂਭੀ ਪਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਰਾਗ ਦਾ ਪਹਿਲਾ ਸ਼ਬਦ ਹੀ ਜੇ ਮਨੁੱਖ ਸਮਝ ਲਵੇ ਤਾਂ ਸੰਸਾਰ ਵਿਚ ਸੁੱਖ ਸ਼ਾਂਤੀ ਆ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਏਕੇ ਅਤੇ ਊੜੇ ਨਾਲ਼ ਜੁੜਨ ਅਤੇ ਸਮਝਣ ਲਈ ਮਨੁੱਖ ਅੱਗੇ ਮੁੱਖ ਚਾਰ ਰੁਕਾਵਟਾਂ ਆਉਂਦੀਆਂ ਹਨ। ਸਭ ਤੋਂ ਪਹਿਲਾਂ ਮਨੁੱਖ ਆਪਣੇ ਰਹਿਣ ਦਾ ਟਿਕਾਣਾ ਬਣਾਉਂਦਾ ਹੈ ਪਰ ਉਹ ਟਿਕਾਣਾ ਬਣਾਉਂਦਾ-ਬਣਾਉਂਦਾ ਇੰਨਾ ਉਲਝ ਜਾਂਦਾ ਹੈ ਕਿ ਉਹ ਰੱਬ ਨੂੰ ਹੀ ਭੁੱਲ ਜਾਂਦਾ ਹੈ। ਵਧੀਆ-ਵਧੀਆ ਕੋਠੀਆਂ ਵਿਚ ਸੋਨੇ ਹੀਰੇ ਮੋਤੀ ਆਦਿ ਜੜਦਾ ਰਹਿੰਦਾ ਹੈ। ਸੋਨੇ ਦੇ ਪਲੰਘ ਆਦਿ ਤੋਂ ਬਾਅਦ ਸੁੰਦਰ ਇਸਤਰੀ ਪੁਰਸ਼ਾਂ ਦੇ ਭੋਗ ਵਿਚ ਸਰਸੇ ਵਾਲ਼ੇ ਦੀ ਤਰਾਂ ਉਲਝ ਜਾਂਦਾ ਹੈ । ਆਪਣੇ ਆਪ ਨੂੰ ਹੀ ਰੱਬ ਸਮਝ ਕੇ ਅਸਲੀ ਰੱਬ ਨੂੰ ਹੀ ਭੁੱਲ ਜਾਂਦਾ ਹੈ। ਜਦੋਂ ਮਨੁੱਖ ਇਸ ਤਰ੍ਹਾਂ ਦੇ ਕੁਕਰਮਾਂ ਤੋਂ ਅੱਕ-ਥੱਕ ਜਾਂਦਾ ਹੈ ਤਾਂ ਲੋਕਾਂ ਨੂੰ ਹੈਰਾਨ ਕਰਨ ਲਈ ਰਿੱਧੀਆਂ ਸਿੱਧੀਆਂ ਦਾ ਸਹਾਰਾ ਲੈਂਦਾ ਹੈ । ਰਿੱਧੀਆਂ ਸਿੱਧੀਆਂ ਦੇ ਪਾਖੰਡ ਨਾਲ਼ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਇਸ ਭੀੜ ਨੂੰ ਹੀ ਇੱਕ ਡਰਾਵਾ ਬਣਾਉਂਦਾ ਹੈ। ਅੱਜ-ਕੱਲ੍ਹ ਭੀੜ ਵੋਟਾਂ ਹਨ। ਵੋਟਾਂ ਨਾਲ਼ ਰਾਜ ਮਿਲ਼ਦਾ ਹੈ। ਅਖੀਰ ਮਨੁੱਖ ਅੰਦਰ ਆਪ ਰਾਜ ਲੈਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਸਰਸੇ ਵਾਲ਼ੇ ਦੇ ਫਸਣ ਦਾ ਅਸਲ਼ੀ ਕਾਰਨ ਇਹੀ ਸੀ ਕਿ ਸਰਸੇ ਵਾਲ਼ੇ ਦਾ ਡੇਰੇ ਅਧੀਨ ਵੋਟਾਂ ਬਟੋਰਨ ਲਈ ਸਰਸੇ ਵਾਲ਼ੇ ਨੂੰ ਮਿਲਣਾ ਜ਼ਰੂਰੀ ਸੀ। ਇੱਕ ਪਾਸੇ ਵਿਸ਼ਾਲ ਭਾਰਤ ਦੇਸ਼ ਦੀ ਭਾਰੀ ਬਹੁਮਤ ਵਾਲ਼ੀ ਸਰਕਾਰ ਦੇ ਨੇਤਾ ਮੋਦੀ ਅਤੇ ਸ਼ਾਹ। ਦੂਜੇ ਪਾਸੇ ਪਾਖੰਡੀ ਸਾਧ। ਇਸ ਤੋਂ ਵੱਡੀ ਰਿੱਧੀ ਸਿੱਧੀ ਹੋਰ ਕੀ ਹੋ ਸਕਦੀ ਹੈ। ਜਦੋਂ ਮੋਦੀ ਅਤੇ ਸ਼ਾਹ ਨੂੰ ਵੀ ਪਾਖੰਡੀ ਸਾਧ ਤੋਂ ਸਮਾਂ ਲੈ ਕੇ ਮਿਲਣ ਦੀ ਆਗਿਆ ਹੋਵੇ। ਬਸ ਇਸੇ ਗੱਲ ਤੋਂ ਪਾਖੰਡੀ ਸਾਧ ਨੂੰ ਕੁਚਲ ਦਿੱਤਾ ਗਿਆ। ਇਸੇ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਈ ਰਿੱਧੀਆਂ-ਸਿੱਧੀਆਂ ਦੇ ਲਾਲਚ ਵਿਚ ਆਪਣੇ ਰੱਬ ਨੂੰ ਨਹੀਂ ਭੁੱਲਣਾ, ਆਪਣੇ ਅਸਲੀ ਪਿਤਾ ਨੂੰ ਨਹੀਂ ਭੁੱਲਣਾ। ਇਥੇ ਤਾਂ ਪਾਖੰਡੀ ਸਾਧ ਨੇ ਲੋਕਾਂ ਨੂੰ ਅਸਲੀ ਪਿਤਾ ਤੋਂ ਭੁਲਾ ਕੇ ਆਪਣੇ-ਆਪ ਨੂੰ ਹੀ ਪਿਤਾ ਜੀ ਸਦਵਾਉਣ ਦੀ ਗੁਸਤਾਖੀ ਕੀਤੀ ਸੀ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਹਿਲੇ ਸ਼ਬਦ ਵਿੱਚ ਚੇਤਾਵਨੀ ਦਿੱਤੀ ਹੈ :-
ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ।।

ਰਾਗੁ ਸਿਰੀ ਰਾਗੁ ਮਹਲਾ ਪਹਿਲਾ ਘਰੁ ਪਹਿਲਾ

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ।।

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ।।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ।। 1

ਹਰਿ ਬਿਨੁ ਜੀਉ ਜਲਿ ਬਲਿ ਜਾਉ ।।

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ।। 1 ।। ਰਹਾਉ ।।

ਭਾਵ :- ਰਹਾਉ ਦੀਆਂ ਪੰਗਤੀਆਂ ਹਨ ” ਹਰਿ ਬਿਨੁ ਜੀਉ ਜਲਿ ਬਲਿ ਜਾਉ ।। ਮਂੈ ਆਪਣਾ ਗੁਰੁ- – – – – –ਰੱਬ , ਵਾਹਿਗੁਰੂ, ਅੱਲ੍ਹਾ, ਗੌਡ ਨੂੰ ਨਾ ਮੰਨਣ ਵਾਲਾ ਮਨੁੱਖ  ਆਪਣੇ-ਆਪ ਨੂੰ ਸਭ ਤੋਂ ਉਪਰ ਸਮਝਣ ਲੱਗ ਪੈਂਦਾ ਹੈ। ਉਹ ਹੰਕਾਰੀ ਹੋ ਜਾਂਦਾ ਹੈ। ਹੰਕਾਰੀ ਮਨੁੱਖ ਹੰਕਾਰ ਵਿੱਚ ਹੀ ਸੜਦਾ ਭੁੱਜਦਾ ਰਹਿੰਦਾ ਹੈ। ਰੱਬ ਸਤਿ ਸੰਗਤ ਵਿਚ ਵਸਦਾ ਹੈ। ਹੰਕਾਰੀ ਮਨੁੱਖ ਸਤਿਸੰਗਤ ਵਿਚ ਬੈਠ ਕੇ ਰਾਜ਼ੀ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ-ਮੰਨਣ ਅਤੇ ਉਸ ਅਨੁਸਾਰ ਚੱਲਣ ਵਾਲੇ ਮਨੁੱਖਾਂ ਦੇ ਇਕੱਠ ਨੂੰ ਸਤਿਸੰਗਤ ਕਿਹਾ ਜਾਂਦਾ ਹੈ । ਵਿਚ ਸੰਗਤ ਹਰਿ ਪ੍ਰਭ ਵਸੈ ਜੀਉ ।। ਸਤਸੰਗਤ ਹੀ ਗੁਰੂ ਹੈ । ਇਸੇ ਲਈ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਇਹ ਗੱਲ ਮੇਰੇ ਗੁਰੂ ਜੀ ਨੇ ਪੱਕੀ ਕਰਵਾਈ ਹੈ ਕਿ ਵਾਹਿਗੁਰੂ ਤੋਂ ਬਗੈਰ ਸਾਡਾ ਕੋਈ ਟਿਕਾਣਾ ਨਹੀਂ।

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ।।

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ  ।।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਅਵੈ ਨਾਉ ।।

ਭਾਵ :- ਅਸੀਂ ਵਧੀਆ-ਵਧੀਆ ਕੋਠੀਆਂ ਬਣਾਉਦੇ ਹਾਂ। ਬੇਸ਼ੱਕ ਬਜਰੀ ਦੀ ਥਾਂ ਮੋਤੀ ਪਾਏ। ਹੀਰੇ, ਲਾਲ ਰਤਨ ਜੜ ਦਿੱਤੇ । ਫਰਸ਼ਾਂ 'ਤੇ ਲਾਲ ਜੜਨ ਤੋਂ ਬਾਅਦ ਪਲੰਗ ਆਦਿ 'ਤੇ ਭੀ ਲਾਲ ਜੜ ਦਿੱਤੇ । ਮੂੰਹ 'ਤੇ ਮਣੀ ਵਰਗੀਆਂ ਡਲ਼ਕਾਂ ਮਾਰਦੀ ਸੁੰਦਰ ਇਸਤਰੀ ਦੀ ਪ੍ਰਾਪਤੀ ਭੀ ਹੋ ਗਈ। ਜੇ ਰੰਗ ਰਲ਼ੀਆਂ ਵਿਚ ਮਸਤ ਹੋ ਕੇ ਰੱਬ ਚੇਤੇ ਨਹੀਂ ਤਾਂ ਅਮੋਲਕ ਮਨੁੱਖਾ ਜਨਮ ਭੰਗ ਦੇ ਭਾਣੇ ਗੁਆ ਦਿੱਤਾ ਹੈ।

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ।।

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ।।

ਮਤੁ ਦੇਖਿ ਭੂਲਾ ਵੀਸਰੋ ਤੇਰਾ ਚਿਤਿ ਨ ਆਵੈ ਨਾਉ ।।

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ।।

ਹੁਕਮ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ।।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ।। (14)

ਜੇ ਸਿੱਧ ਬਾਬਾ ਭੀ ਹੋ ਜਾਵੇਂ, ਰਿੱਧੀਆਂ ਸਿੱਧੀਆਂ ਦਾ ਮਾਲਕ ਭੀ ਹੋ ਜਾਵੇਂ, ਆਪਣੇ ਆਪ ਨੂੰ ਲੋਕਾਂ ਤੋਂ ਛੁਪਾ ਭੀ ਲਵੇਂ ਅਤੇ ਫਿਰ ਉਹਨਾਂ ਅੱਗੇ ਬੇਸ਼ਕ ਪਰਗਟ ਭੀ ਹੋ ਜਾਵੇਂ ਤੇ ਲੋਕ ਤੇਰੇ ਤੋਂ ਡਰਨ ਭੀ ਲੱਗ ਪੈਣ, ਤਾਂ ਯਾਦ ਰੱਖ ਜੇ ਇਹਨਾਂ ਰਿੱਧੀਆਂ-ਸਿੱਧੀਆ ਦੇ ਚੱਕਰ ਵਿਚ ਰੱਬ ਦਾ ਨਾਮ ਭੁੱਲ ਜਾਵੇਂ ਤਾਂ ਸਮਝ, ਤੈਂ ਅਮੋਲਕ ਮਨੁੱਖਾ ਜਨਮ ਐਵੇਂ ਗੁਆ ਲਿਆ ।

ਬੇਸ਼ਕ ਰਾਜਾ ਭੀ ਬਣ ਗਿਆ। ਫੌਜਾਂ ਦਾ ਮਾਲਕ ਭੀ ਹੋ ਗਿਆ, ਤਖਤ ਰੂਪੀ ਕੁਰਸੀ ਦੀ ਪ੍ਰਾਪਤੀ ਭੀ ਹੋ ਗਈ । ਹੁਕਮ ਭੀ ਚਲਣ ਲੱਗਾ, ਇਥੋਂ ਤਕ ਕਿ ਹਵਾ ਭੀ ਤੇਰੇ ਹੁਕਮ ਅਨੁਸਾਰ ਚੱਲਣ ਲੱਗ ਪਈ। ਇਸ ਹਾਲਤ  ਵਿਚ ਭੀ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਰਾਜ ਨਹੀਂ ਕਰ ਰਿਹਾ ਤਾਂ ਸਮਝੋ ਰਾਜਾ ਭੀ ਲੁੱਟਿਆ ਗਿਆ। ਗੁਰੂ ਜੀ ਨੇ ਮਨੁੱਖ ਨੂੰ ਇਹਨਾਂ ਹਾਲਤਾਂ ਤੋ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਕਿ ਕਿਸੇ ਭੀ ਹਾਲਤ ਵਿਚ ਰੱਬ ਨੂੰ ਜਾਂ ਵਾਹਿਗੁਰੂ ਜੀ ਨੂੰ ਨਹੀਂ ਭੁੱਲਣਾ।
ਇਸ ਤਰਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਚੱਲਣ- ਮੰਨਣ ਵਾਲੇ ਮਨੁੱਖਾਂ ਤੋਂ ਸਿੱਖ ਬਣ ਗਏ।

ਸਿੱਖੀ -ਸਿਖਿਆ ਗੁਰ ਵੀਚਾਰ ।।

ਇਹ ਸਿੱਖਿਆ ਨੂੰ ਗੁਰੂ ਗ੍ਰੰਥ ਸਹਿਬ ਜੀ ਵਿਚ ਸੰਭਾਲ ਲਿਆ ਗਿਆ । ਇਹ ਸਿੱਖਿਆ ਜਾਂ ਗੁਰਮਤਿ ਦੀ ਪੜ੍ਹਾਈ 230 ਸਾਲ ਚੱਲੀ। ਲੋਕਾਈ ਨੂੰ ਇੱਕ ਰੱਬ ਨਾਲ ਜੋੜਨਾ, ਉਹਨਾਂ ਨੂੰ ਇੱਕੋ ਜਿਹੀ ਸਿਖਿਆ ਦੁਆਉਣੀ, ਇੱਕੋ ਜਿਹਾ ਨਿਆਂ ਦੁਆਉਣਾ, ਜਾਤ-ਪਾਤ ਨੂੰ ਖਤਮ ਕਰਕੇ ਬਰਾਬਰਤਾ ਲਿਆਉਣੀ, ਇਹ ਸਿਧਾਂਤ ਮੰਨੂਵਾਦੀ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਇਹ ਮੰਨੂਵਾਦੀਆਂ ਦੇ ਸਿਧਾਂਤਾਂ 'ਤੇ ਸਿੱਧੀ ਸੱਟ ਹੈ । ਇਸੇ ਕਰਕੇ ਮੰਨੂਵਾਦੀ ਨਾਨਕਵਾਦ ਦੇ ਉਲਟ ਹੋ ਗਏ । ਸਮੇਂ ਦੇ ਮੁਗਲ ਰਾਜਿਆਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ ਵਿਚ ਬੰਦ ਕਰਵਾ ਦਿੱਤਾ। ਪੰਜਵੇਂ ਨਾਨਕ ਨੂੰ ਤਸੀਹੇ ਦਿਲਵਾ ਕੇ ਸ਼ਹੀਦ ਕਰਵਾਇਆ। ਛੇਵੇਂ ਨਾਨਕ ਨੂੰ ਗਵਾਲੀਅਰ ਦੀ ਜੇਲ੍ਹ ਵਿਚ ਬੰਦ ਕਰਵਾਇਆ ਗਿਆ
ਨੌਵੇਂ ਨਾਨਕ ਨੂੰ ਭੀ ਸ਼ਹੀਦ ਕਰਵਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਰਾਖੀ ਲਈ ਅਤੇ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪ੍ਰਗਟ ਕੀਤਾ ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਧਾਂਤ ਮਾਨਵਵਾਦੀ ਹਨ । ਸਰਬੱਤ ਦੀ ਭਲਾਈ ਲਈ ਹਨ। ਮੰਨੂਵਾਦੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਰਹੇ ਹਨ। ਇਹਨਾਂ ਸਿਧਾਂਤਾਂ ਦੀ ਰਾਖੀ ਲਈ ਗਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਸੀ। ਮੰਨੂਵਾਦੀਆਂ ਨੇ ਦਲਿਤਾਂ 'ਤੇ ਰਾਜ ਕਰਨਾ ਹੈ ਅਤੇ ਨਾਨਕਵਾਦੀਆਂ ਨੇ ਦਲਿਤਾਂ ਦਾ ਸੁਧਾਰ ਕਰਨਾ ਹੈ। ਹਰ ਕਿਸਮ ਦੇ ਜ਼ੁਲਮ ਖਿਲਾਫ ਲੜਨਾ ਖਾਲਸੇ ਦਾ ਧਰਮ-ਕਰਮ ਹੈ । ਅੱਜ ਕੱਲ੍ਹ ਦੀ ਉਦਾਹਰਣ ਸਾਰੀ ਦੁਨੀਆ ਦੇ ਸਾਹਮਣੇ ਹੈ। ਮਿਆਂਮਾਰ ਦੇ ਰੋਹਿੰਗੇ ਮੁਸਲਮਾਨਾਂ 'ਤੇ ਅਤਿਆਚਾਰ ਸਾਰੀ ਦੁਨੀਆ ਦੇ ਸਾਹਮਣੇ ਹੈ। ਦੁਨੀਆ ਦੇ 54 ਦੇਸ਼ਾਂ 'ਤੇ ਰਾਜ ਮੁਸਲਮਾਨਾਂ ਦਾ ਹੈ। ਕੋਈ ਭੀ ਮੁਸਲਮਾਨਾਂ ਦਾ ਦੇਸ਼ ਮਿਆਂਮਾਰ ਦਾ ਪੀੜਤ ਮੁਸਲਮਾਨਾਂ ਦੀ ਬਾਂਹ ਫੜਨ ਲਈ ਨਹੀਂ ਬਹੁੜਿਆ। ਖ਼ਾਲਸਿਆਂ ਦਾ ਕੋਈ ਆਪਣਾ ਦੇਸ਼ ਨਾ ਹੋਣ 'ਤੇ ਭੀ  ਖ਼ਾਲਸਾ ਏਡ ਵਾਲੇ ਰੋਹਿੰਗੇ ਮੁਸਲਮਾਨਾਂ ਦੀ ਮਦਦ ਲਈ ਸਭ ਤੋਂ ਅੱਗੇ ਆਏ ਹਨ। ਇਸੇ ਕਰਕੇ ਅੱਜ ਖ਼ਾਲਸਾ ਦੁਨੀਆ ਵਿਚ ਪਿਆਰਾ ਹੋ ਗਿਆ ਹੈ। ਖ਼ਾਲਸੇ ਦਾ ਨਿਸ਼ਾਨਾ ਭੀ ਏਹੀ ਹੈ ਕਿ ਖਾਲਸਾ ਆਪਣੇ ਵਿਚ ਐਨੇ ਗੁਣ ਭਰ ਲਵੇ ਕਿ ਦੁਨੀਆ ਭਰ ਦੇ ਮਨੁੱਖਤਾ ਪ੍ਰਸਤ ਲੋਕ ਖ਼ਾਲਸੇ ਨੂੰ ਪਿਆਰ ਕਰਨ ਲੱਗ ਪੈਣ। ਰਾਜ ਕਰਨ ਲਈ ਆਪ ਕਹਿਣ। ਰਾਜ ਨੂੰ ਥਾਲ਼ੀ ਵਿਚ ਪਰੋਸ ਕੇ ਭੀ ਦੇਣ 'ਤੇ ਖਾਲਸਾ ਉਹਨਾਂ ਨੂੰ ਇਹ ਗੁਰ ਹੁਕਮ ਦੱਸਣ :-

ਰਾਜ ਨ ਚਾਹਹੂ ਮੁਕਤਿ ਨਾ ਚਾਹਹੂ

ਮਨ ਪ੍ਰੀਤ ਚਰਨ ਕਮਲਾਰੇ ।।

ਪ੍ਰੋਫੈਸਰ ਪੂਰਨ ਸਿੰਘ ਜੀ ਨੇ ਖ਼ਾਲਸੇ ਦੀ ਇਉਂ ਵਿਆਖਿਆ ਕੀਤੀ ਹੈ; ”  ''ਨਿਸਚੇ ਹੀ ਖ਼ਾਲਸਾ ਇੱਕ ਮਹਾਨ ਬਿਰਿਸ਼ ਹੈ ਜਿਸ ਦੀਆਂ ਜੜ੍ਹਾਂ ਪਤਾਲ਼ ਤਕ ਜਾਂਦੀਆਂ ਹਨ । ਅਤੇ ਟਹਿਣੀਆਂ ਅੰਬਰ ਛੁੰਹਦੀਆਂ ਹਨ  । ਜਿਵੇਂ ਰੁੱਖ ਹੇਠ ਰੁੱਖ ਠੀਕ ਤਰੀਕੇ ਨਾਲ ਫਲ ਫੁਲ ਨਹੀਂ ਸਕਦਾ, ਏਸੇ ਤਰ੍ਹਾਂ ਸਿੱਖ ਭੀ ਕਿਸੇ ਅਧੀਨ ਫਲ ਫੁਲ ਨਹੀ ਸਕਦਾ। ਖ਼ਾਲਸੇ ਦੀ ਅਰਦਾਸ ਦੱਬੇ ਕੁਚਲਿਆਂ ਦੀ ਅਰਦਾਸ ਨਹੀਂ ਹੈ। ਇਹਦੀ ਤਾਂ ਜੇਤੂਆਂ ਵਾਲੀ ਅਰਦਾਸ ਹੁੰਦੀ ਹੈ।”
ਗੁਰੂ ਨਾਨਕ ਸਾਹਿਬ ਜੀ ਨੇ ਖਾਲਸੇ ਨੂੰ ਪਰੇਮ ਕਰਨਾ ਹੀ ਨਹੀਂ ਸਿਖਾਇਆ ਬਲਕਿ ਏਨਾ ਸੋਹਣਾ ਬਣਨਾ ਸਿਖਾਇਆ ਹੈ ਤਾਂ ਕਿ ਦੁਨੀਆ ਭਰ ਦੇ ਲੋਕ ਖ਼ਾਲਸੇ ਨੂੰ ਪਿਆਰ ਕਰਨ ਲਈ ਮਜਬੂਰ ਹੋ ਜਾਣ । ਪ੍ਰਚਾਰ ਕੀਤਾ ਜਾਂਦਾ ਹੈ ਕਿ ਰਾਜ ਕੋਈ ਥਾਲੀ ਵਿਚ ਪਰੋਸ ਕੇ ਨਹੀ ਦੇਂਦਾ। ਰਾਜ ਮਨੋਬਲ ਨਾਲ ਲਿਆ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣ ਜਾਵੇ, ਖ਼ਾਲਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਚਲਦਾ ਹੋਇਆ ਵਿਚਰੇ ਤਾਂ ਦੁਨੀਆ ਭਰ ਦੇ ਮਨੁੱਖਤਾ ਪ੍ਰਸਤ ਬੁੱਧੀਜੀਵੀ ਲੋਕ ਮਿੰਨਤਾਂ ਤਰਲੇ ਕਰਕੇ ਖ਼ਾਲਸੇ ਨੂੰ ਆਪਣੇ ਦੇਸ਼ ਦੀ ਵਾਗਡੋਰ ਸੰਭਾਲਣਗੇ। ਗੁਰੂ ਜੀ ਨੇ ਐਵੇਂ ਨਹੀਂ ਫੁਰਮਾਇਆ :-

ਹਸਤਿ ਸਿਰਿ ਜਿਉ ਅੰਕੁਸ ਹੈ

ਅਹਿਰਨ ਜਿਉ ਸਿਰਿ ਦੇਇ ।।

ਮਨ ਤਨ ਆਗੇ ਰਾਖ ਕੈ

ਉਭੀ ਸੇਵ ਕਰੇਇ ।।

ਇਉ ਗੁਰਮੁਖ ਆਪ ਨਿਵਾਰੀਐ

ਸਭਿ ਰਾਜ ਸ੍ਰਿਸ਼ਟੀ ਕਾ ਲੇਇ ।।

ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਰਨ ਦੀ ਖੇਡ ਖੇਡਣ ਲਈ ਵੰਗਾਰਿਆ ਹੈ। ਉਹਨਾਂ ਮਹਿਸੂਸ ਕੀਤਾ ਸੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ ਹੈ ਜਿਸ ਵਿਚ ਅਜ਼ਾਦੀ ਦੀ ਅੱਗ ਨਹੀਂ ਬਲ਼ਦੀ। ਏਹੀ ਖ਼ਾਲਸੇ ਦੀ ਪ੍ਰੇਮਾ ਭਗਤੀ ਦੀ ਭਾਵਨਾ ਹੈ । ਇਹੀ ਕਾਰਨ ਹੈ ਕਿ ਖ਼ਾਲਸਾ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਭੱਜ ਭੱਜ ਕੇ ਇੱਕ ਦੂਜੇ ਦੇ ਮੂਹਰੇ ਹੋ-ਹੋ ਕੇ ਸ਼ਹੀਦੀ ਪਾਉਣ ਨੂੰ ਅਨੰਦ ਸਮਝਦਾ ਹੈ। ਖ਼ਾਲਸੇ ਨੂੰ ਯਕੀਨ ਹੈ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਰਾਖੀ ਕਰਦਾ-ਕਰਦਾ ਸ਼ਹੀਦ ਹੋਵੇਗਾ ਤਾਂ ਉਹ ਅਨੰਤ ਜਨਮਾਂ ਤਕ ਜਦ ਭੀ ਉਹ ਇਸ ਧਰਤੀ 'ਤੇ ਆਵੇਗਾ ਤਾਂ ਉਹ ਖ਼ਾਲਸੇ ਦੇ ਰੂਪ ਵਿਚ ਆਵੇਗਾ ਅਤੇ ਗੁਰੂ ਜੀ ਦੇ ਰਹਿੰਦੇ ਕੰਮਾਂ ਦੀ ਪੂਰਤੀ ਦਾ ਮੌਕਾ ਮਿਲੇਗਾ ।
ਇਹਨਾਂ ਕਾਰਨਾਂ ਕਰਕੇ ਹੀ ਖ਼ਾਲਸਾ ਧਰਤੀ ਦਾ ਸਭ ਤੋਂ ਸੁੰਦਰ ਪ੍ਰਾਣੀ ਹੈ।