ਸ਼੍ਰੋਮਣੀ ਕਮੇਟੀ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਚੈਨਲ ਜਲਦੀ ਸ਼ੁਰੂ ਕਰੇ: ਸਿੱਖ ਜਥੇਬੰਦੀਆਂ ਯੂ,ਕੇ

ਸ਼੍ਰੋਮਣੀ ਕਮੇਟੀ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਚੈਨਲ ਜਲਦੀ ਸ਼ੁਰੂ ਕਰੇ: ਸਿੱਖ ਜਥੇਬੰਦੀਆਂ ਯੂ,ਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ- ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਵਲੋਂ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਬੁਲਾਈ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਭਾਰਤ ਸਰਕਾਰ ਨੂੰ ਮੁਖਾਤਿਬ ਹੁੰਦਿਆਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਖਾਲਿਸਤਾਨ ਦਾ ਸੰਘਰਸ਼ ਪੂਰੀ ਦਿੜਤਾ ਨਾਲ ਜਾਰੀ ਰੱਖਾਂਗੇ। ਸਰਕਾਰ ਦਾ ਕੋਈ ਵੀ ਜ਼ੁਲਮ ਉਹਨਾਂ ਨੂੰ ਥਿੜਕਾ,ਡਰਾ,ਭਰਮਾ ਨਹੀਂ ਸਕਦਾ । ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਉਹ ਗੁਰਬਾਣੀ ਦੇ ਪ੍ਰਸਾਰਣ ਵਾਸਤੇ ਜਲਦੀ ਤੋਂ ਜਲਦੀ ਆਪਣਾ ਚੈਨਲ ਸ਼ੁਰੂ ਕਰੇ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਕਿ ਜਾਰੀ ਸਿੱਖ ਕੌਮ ੳੱਪਰ ਭਾਰਤ ਸਰਕਾਰ ਵਲੋਂ ਲਗਾਤਾਰ ਹਮਲੇ ਹੋ ਰਹੇ ਹਨ। ਸਿੱਖਾਂ ਦੀਆਂ ਨੱਬੇ ਫੀਸਦੀ ਤੋ ਵੱਧ ਕੁਰਬਾਨੀਆਂ ਨਾਲ ਭਾਰਤ ਅੰਗਰੇਜ ਹਕੂਮਤ ਤੋਂ ਭਾਵੇਂ ਆਜਾਦ ਹੋ ਗਿਆ ਸੀ ਪਰ ਸਿੱਖ ਫੇਰ ਗੁਲਾਮ ਰਹਿ ਗਏ। ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਿੱਖਾਂ ਵਲੋਂ ਪੰਜਾਬੀ ਸੂਬੇ ਦਾ ਮੋਰਚਾ ਅਰੰਭਿਆ ਜਾਣਾ ਅਖੌਤੀ ਅਜਾਦ ਦੇਸ਼ ਵਿੱਚ ਗੁਲਾਮ ਬਣਨ ਵਾਲੀ ਸਿੱਖ ਕੌਮ ਦਾ ਪਹਿਲਾ ਸੰਘਰਸ਼ ਸੀ। ਜੋ ਕਿ ਵੱਖ ਵੱਖ ਸਮਿਆਂ ਦੌਰਾਨ ਜਾਰੀ ਰਿਹਾ ।

ਸਾਲ 1975 ਦੌਰਾਨ ਐਮਰਜੈਂਸੀ ਦਾ ਵਕਤ ਆਇਆ ਤਾਂ ਭਾਰਤ ਦੀਆਂ ਤੱਤਕਾਲੀ 22 ਸਟੇਟਾਂ ਵਿਚੋ ਕੇਵਲ ਪੰਜਾਬ ਵਿੱਚ ਸਿੱਖਾਂ ਵਲੋਂ ਸਖਤ ਟੱਕਰ ਦਿੱਤੀ ਗਈ ਸੀ । ਭਾਰਤੀ ਹੁਕਮਰਾਨਾਂ ਵਲੋਂ ਪੰਜਾਬ ਨੂੰ ਬੰਜਰ ਬਣਾਉਣ ਤੋ ਰੋਕਣ ਦੀ ਘਟੀਆ ਪ੍ਰਕਿਿਰਆ ਦੇ ਵਿਰੋਧ ਵਿੱਚ ਕਪੂਰੀ ਨਹਿਰ ਦਾ ਮੋਰਚਾ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਧਰਮ ਯੁੱਧ ਮੋਰਚਾ ਅਰੰਭਿਆ ਗਿਆ । ਜਿਸ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਜੂਨ 1984 ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ,ਹਜਾਰਾਂ ਸਿੱਖ ਸ਼ਹੀਦ ਕਰ ਦਿੱਤੇ ਗਏ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ । ਇਸੇ ਤਰਾਂ ਭਾਰਤ ਵਿੱਚ ਨਵੰਬਰ 1984 ਦੌਰਾਨ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਰਕਾਰੀ ਸ਼ਹਿ ਤੇ ਹਿੰਦੂਤਵੀ ਵਿਆਕਤੀਆਂ ਵਲੋਂ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਜੋ ਕਿ ਇੱਕ ਨਸਲਕੁਸ਼ੀ ਦਾ ਰੂਪ ਹੈ ।ਪੰਜਾਬ ਵਿੱਚ ਜਿੱਥੇ ਹਜਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ,ਅਨੇਕਾਂ ਸਿੱਖ ਨਵੀਹ ਵੀਹ ਸਾਲ , ਤੀਹ ਤੀਹ ਸਾਲ ਤੋਂ ਕੈਦ ਹਨ । ਭਾਰਤ ਸਰਕਾਰ ਦੇ ਕਰਿੰਦਿਆਂ ਵਲੋਂ ਹਜਾਰਾਂ ਸਿੱਖਾਂ ਤੇ ਬੇਪਨਾਹ ਤਸ਼ੱਦਦ ਢਾਹਿਆ ਗਿਆ ।ਅਨੇਕਾਂ ਸਿੱਖ ਜਲਾਵਤਨੀ ਜੀਵਨ ਬਸਰ ਕਰ ਰਹੇ ਹਨ ।ਭਾਰਤ ਸਰਕਾਰ ਨੇ ਹੁਣ ਨਵਾਂ ਪੈਂਤੜਾ ਫੜ ਲਿਆ ਹੈ । ਪਹਿਲਾਂ ਵਿਦੇਸ਼ਾਂ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਜ਼ੁਲਮਾਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਝੂਠੇ ਕੇਸ ਦਰਜ ਕੀਤੇ ਜਾਂਦੇ ਸੀ ਜਾਂ ਉਹਨਾਂ ਦਾ ਭਾਰਤ ਵਿੱਚ ਦਾਖਲਾ ਬੰਦ ਕੀਤਾ ਜਾਂਦਾ ਰਿਹਾ ਹੈ । ਹੁਣ ਜੋ ਭਾਰਤ ਸਰਕਾਰ ਅਤੇ ਇਸਦੀਆਂ ਏਜੰਸੀਆਂ ਵਲੋਂ ਨਵੀਂ ਨੀਤੀ ਅਪਣਾਈ ਗਈ ਹੈ ਉਸ ਨੂੰ ਲੈ ਕੇ ਦੁਨੀਆਂ ਭਰ ਦਾ ਹਰ ਇਨਸਾਫ ਪਸੰਦ ਭਾਈਚਾਰੇ ਬੇਹੱਦ ਚਿੰਤਾਤਰ ਹੈ । ਇਸੇ ਨੀਤੀ ਤਹਿਤ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਮੁਖੀ ਖਾਲਿਸਤਾਨ ਕਮਾਂਡੋ ਫੋਰਸ ਨੂੰ 6 ਮਈ 2023 ਵਾਲੇ ਦਿਨ ਲਾਹੌਰ ਵਿਖੇ ਅਤੇ 18 ਜੂਨ 2023 ਵਾਲੇ ਦਿਨ ਕੈਨੇਡਾ ਦੇ ਸ਼ਹਿਰ ਸਰੀ (ਵੈਨਕੂਵਰ ) ਵਿਖੇ ਗੁਰੁ ਨਾਨਕ ਸਿੱਖ ਗੁਰਦਵਾਰਾ ਸਰੀ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੋਲੀਆਂ ਮਰਵਾ ਕੇ ਸ਼ਹੀਦ ਕੀਤਾ ਗਿਆ । ਦੂਜਾ ਵਾਰ ਕਰਦਿਆਂ ਇਹਨਾਂ ਕਤਲਾਂ ( ਸ਼ਹਦਤਾਂ ) ਨੂੰ ਆਪਸੀ ਲੜਾਈ ਦਾ ਸਿੱਟਾ ਆਖ ਕੇ ਦੁਬਿਧਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹੋਏ ਇਹਨਾਂ ਸ਼ਹਾਦਤਾਂ ਲਈ ਭਾਰਤ ਸਰਕਾਰ ਅਤੇ ਉਸਦੀਆਂ ਏਜੰਸੀਆਂ ਜਿੰਮੇਵਾਰ ਠਹਿਰਾਉਂਦੇ ਹਾਂ ।

ਇਹ ਇੱਕ ਅਜਿਹਾ ਵਰਤਾਰਾ ਹੈ ਜਿਸ ਨਾਲ ਭਾਰਤ ਸਰਕਾਰ ਅਜਾਦੀ ਪਸੰਦ ਸਿੱਖਾਂ ਵਿੱਚ ਦਹਿਸ਼ਤ ,ਦੁਬਿਧਾ ਅਤੇ ਆਪਸੀ ਫੁੱਟ ਦਾ ਮਹੌਲ ਸਿਰਜ ਰਹੀ ਹੈ ਉੱਥੇ ਉਹ ਆਪਣੇ ਆਪ ਨੂੰ ਭਾਰਤ ਦੀ ਅਖੰਡਤਾ ਦੀ ਅਲੰਬਰਦਾਰ ਦਰਸਾ ਕੇ , ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਵਲੋਂ ਚਲਾਈਆਂ ਜਾ ਰਹੀਆਂ ਅਜਾਦੀ ਦੀਆਂ ਲਹਿਰਾਂ ਨੂੰ ਨੇਸਤੋ ਨਬੂਦ ਕਰਨ ਵਾਲੀ ਸਾਬਤ ਕਰਕੇ 2024 ਵਿੱਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਹਥਿਆਕੇ ਦੁਬਾਰਾ ਫੇਰ ਸਰਕਾਰ ਬਣਾਉਣ ਲਈ ਹੱਥ ਪੈਰ ਮਾਰ ਰਹੀ ਹੈ ਤਾਂ ਕਿ ਇਸਦਾ ਹਿੰਦੂ ਰਾਸ਼ਟਰ ਬਣਾਉਣ ਦਾ ਰਾਹ ਪੱਧਰਾ ਹੋ ਸਕੇ ।ਅਸੀ ਇਸ ਗੱਲ ਨੂੰ ਫੇਰ ਸਪੱਸ਼ਟ ਕਰਦੇ ਹਾਂ ਕਿ ਸਿੱਖ ਅਤੇ ਸ਼ਹਾਦਤ ਦਾ ਆਪਸ ਵਿੱਚ ਗੂੜਾ ਸਬੰਧ ਹੈ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਹਨ ਕਿ ਸਿੱਖ ਮੌਤ ਤੋਂ ਨਹੀਂ ਡਰਦਾ ਬਲਕਿ ਮੌਤ ਤੋਂ ਡਰਨ ਵਾਲਾ ਸਿੱਖ ਹੀ ਨਹੀਂ ਹੈ ,ਇਸ ਕਰਕੇ ਅਸੀਂ ਭਾਰਤ ਸਰਕਾਰ ਦੇ ਹਰ ਜ਼ੁਲਮ ਦੇ ਟਾਕਰੇ ਲਈ ਤਿਆਰ ਰਹਿੰਦੇ ਹੋਏ ਖਾਲਿਸਤਾਨ ਵਾਸਤੇ ਯਤਨ ਕਰਦੇ ਰਹਾਂਗੇ । ਸਿੱਖ ਕੌਮ ਨੂੰ ਸਨਿਮਰ ਅਪੀਲ ਹੈ ਕਿ ਉਹ ਇਹੋ ਜਿਹੇ ਵਰਤਾਰਿਆਂ ਤੋਂ ਬਿਲਕੁਲ ਨਾ ਘਬਰਾਉਣ ਬਲਕਿ ਆਪਣੇ ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਦੇ ਗੌਰਵਮਈ ਵਰਤਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਵੱਧ ਤੋਂ ਵੱਧ ਹਾਮੀ ਬਣਦੇ ਹੋਏ ਯਤਨਸ਼ੀਲ਼ ਹੋਣ । ਸਿੱਖ ਦੁਸ਼ਮਣ ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੀ ਗੋਲੀ ਦਾ ਸਿ਼ਕਾਰ ਹਰ ਖਾਲਿਸਤਾਨੀ ਸਿੱਖ ਕੌਮ ਦਾ ਸ਼ਹੀਦ ਅਖਵਾਇਆ ਹੈ ਅਤੇ ਅਖਵਾਏਗਾ । ਅਜਾਦੀ ਪਸੰਦ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖ ਕੌਮ ਦੀ ਅਜਾਦੀ ਵਾਸਤੇ ਚੱਲ ਰਹੀ ਤਹਿਰੀਕ ਅਤੇ ਕੌਮੀ ਨਿਸ਼ਾਨੇ ਖਾਲਿਤਸਾਨ ਤੋਂ ਭਟਕਾਉਣ ,ਥਿੜਕਾਉਣ ਦੇ ਯਤਨ ਕਾਮਯਾਬ ਨਹੀਂ ਹੋਣ ਦਿਆਂਗੇ । ਹਰ ਅਜਾਦੀ ਪਸੰਦ ਵਿਆਕਤੀ ਸਮਝਦਾ ਹੈ ਕਿ ਮੌਜੂਦਾ ਹਿੰਦੂਤਵੀ ਸਰਕਾਰ ਭਾਰਤ ਵਿੱਚ ਆਪਣੀ ਅਜਾਰੇਦਾਰੀ ਸਥਾਪਤ ਕਰਨ ਲਈ ਘੱਟ ਗਿਣਤੀ ਕੌਮਾਂ ਦਾ ਹਰ ਤਰਾਂ ਨਾਲ ਗਲਾ ਘੁੱਟਣ ਲਈ ਕਾਰਜਸ਼ੀਲ ਹੈ । ਮੀਡੀਏ ਤੇ ਸਰਕਾਰ ਦਾ ਮੁਕੰਮਲ ਕਬਜਾ ਹੈ ਸਿੱਖਾਂ ਨੂੰ ਹਰ ਪੱਖ ਤੋਂ ਬਦਨਾਮ ਕਰਨ ਲਈ ਪੱਬਾਂ ਭਾਰ ਹੈ । ਹਰ ਸਿੱਖ ਮੀਡੀਏ ਨੂੰ ਪੂਰੀ ਸਿੱਦਤ ਨਾਲ ਕੌਮ ਪ੍ਰਸਤੀ ਦੇ ਜਜਬੇ ਨਾਲ ਲਬਰੇਜ਼ ਹੋਣਾ ਅਤੇ ਕੌਮ ਨਾਲ ਖੜਨਾ ਬਹੁਤ ਜਰੂਰੀ ਹੈ ।ਅੱਜ ਸਮੁੱਚੀ ਸਿੱਖ ਕੌਮ ਦਾ ਫਰਜ਼ ਹੈ ਕਿ ਸਥਾਨਕ ਆਪਸੀ ਝਗੜੇ ਭਾਵੇਂ ਉਹ ਗੁਰਦਵਾਰਾ ਪ੍ਰਬੰਧਕ ,ਜਥੇਬੰਦਕ ਢਂਾਚੇ ਜਾਂ ਵਿਆਕਤੀਗਤ ਵਿਰੋਧਮਈ ਭਾਵਨਾ ਅਧੀਨ ਹੋਣ ਉਹਨਾਂ ਨੂੰ ਮਿਲ ਬੈਠ ਕੇ ਸਥਾਨਕ ਪੱਧਰ ਤੇ ਹੀ ਹੱਲ ਕਰ ਲਿਆ ਜਾਵੇ ਤਾਂ ਕਿ ਕੌਮੀ ਸੰਘਰਸ ਨੂੰ ਕਿਸੇ ਪੱਖ ਤੋਂ ਢਾਹ ਨਾ ਲੱਗ ਸਕੇ । ਪ੍ਰੈਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਕੁਲਦੀਪ ਸਿੰਘ ਦਿਓਲ, ਭਾਈ ਕੁਲਦੀਪ ਸਿੰਘ ਚਹੇੜ, ਭਾਈ ਜੋਗਾ ਸਿੰਘ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਅਮਰੀਕ ਸਿੰਘ ਗਿੱਲ, ਭਾਈ ਤਰਸੇਮ ਸਿੰਘ ਦਿਓਲ ,ਭਾਈ ਕੁਲਵੰਤ ਸਿੰਘ ਮੁਠੱਡਾ,ਭਾਈ ਮਨਜੀਤ ਸਿੰਘ ਸਮਰਾ,ਭਾਈ ਰਘਬੀਰ ਸਿੰਘ ਬੀਰਾ,ਭਾਈ ਸ਼ਮਸ਼ੇਰ ਸਿੰਘ, ਭਾਈ ਜਗਵਿੰਦਰ ਸਿੰਘ ਲੈਸਟਰ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਗਜੀਤ ਸਿੰਘ ਜੀਤਾ,ਭਾਈ ਜਸਕਰਨ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਸ ਸਿੰਘ ਡਰਬੀ, ਭਾਈ ਗੁਰਦੇਵ ਸਿੰਘ ਚੋਹਾਨ ਵਿਚਾਰ ਰੱਖੇ ।