ਸਿੱਖ ਸੰਘਰਸ਼ ਵਿਚ ਮੇਰਾ ਡਟਕੇ ਸਾਥ ਦਿੰਦੇ ਰਹੇ ਮੇਰੇ ਭਾਪਾ ਜੀ: ਸਰਬਜੀਤ ਸਿੰਘ ਘੁਮਾਣ

ਸਿੱਖ ਸੰਘਰਸ਼ ਵਿਚ ਮੇਰਾ ਡਟਕੇ ਸਾਥ ਦਿੰਦੇ ਰਹੇ ਮੇਰੇ ਭਾਪਾ ਜੀ: ਸਰਬਜੀਤ ਸਿੰਘ ਘੁਮਾਣ

ਪਿਛਲੇ ਦਿਨੀਂ ਖ਼ਾਲਸਾ ਪੰਥ ਦੇ ਸੇਵਾਦਾਰ ਲੇਖਕ ਸਰਦਾਰ ਸਰਬਜੀਤ ਸਿੰਘ ਘੁਮਾਣ ਦੇ ਪਿਤਾ ਜੀ ਪ੍ਰਮਾਤਮਾ ਵੱਲੋਂ ਬਖਸ਼ੇ ਸਵਾਸਾਂ ਨੂੰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਯਾਦ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਅੱਜ 16 ਜੂਨ ਨੂੰ ਉਹਨਾਂ ਦੇ ਜ਼ੱਦੀ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣਾ ਵਿਖੇ ਪਾਏ ਜਾਣਗੇ। ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੰਥ ਦੇ ਲੇਖੇ ਲਾਉਣ ਵਾਲੇ ਸਰਦਾਰ ਸਰਬਜੀਤ ਸਿੰਘ ਘੁਮਾਣ ਨੇ ਆਪਣੇ ਇਸ ਪੰਥਕ ਸਫਰ ਵਿਚ ਮਿਲੇ ਪਿਤਾ ਦੇ ਸਹਾਰੇ ਬਾਰੇ ਕੁੱਝ ਸ਼ਬਦ ਲਿਖੇ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਪਿਛਲੇ ਸਾਲ ਜਦ 'ਪੰਜਾਬ ਦਾ ਬੁੱਚੜ ਕੇ.ਪੀ.ਐਸ ਗਿੱਲ"ਕਿਤਾਬ ਜਾਰੀ ਹੋਣ ਮਗਰੋਂ ਮੈਂ ਅੰਮ੍ਰਿਤਸਰ ਤੋਂ ਆਪਦੇ ਘਰ ਪਿੰਡ ਘੁਮਾਣ ਜਿਲਾ ਲੁਧਿਆਣਾ ਗਿਆ ਤਾਂ ਮੇਰੇ ਸਤਿਕਾਰਯੋਗ ਭਾਪਾ ਜੀ ਸਰਦਾਰ ਪਿਆਰਾ ਸਿੰਘ ਦੇ ਚੇਹਰੇ ਦੇ ਹਾਵ-ਭਾਵ ਦੱਸ ਰਹੇ ਸੀ ਕਿ ਉਹ ਧੁਰ ਅੰਦਰ ਤੱਕ ਤਸੱਲੀ ਮਹਿਸੂਸ ਕਰ ਰਹੇ ਹਨ।ਉਨ੍ਹਾਂ ਦੇ ਹੱਥਾਂ ਦੀ ਕੰਬਣੀ ਮੇਰੇ ਮੋਢਿਆਂ ਨੂੰ ਛੋਹ ਰਹੀ ਸੀ ਤੇ ਉਹ ਮੈਨੂੰ ਹੌਂਸਲਾ ਦੇ ਰਹੇ ਸੀ,"ਪੁੱਤ!ਹੁਣ ਮੈਥੋਂ ਤੇਰੇ ਮਗਰ ਥਾਣਿਆਂ ਵਿਚ ਨਹੀ ਆ ਹੋਣਾ,ਆਪਦਾ ਖਿਆਲ ਰੱਖੀਂ"।

ਸ਼ੂਗਰ ਦੀ ਬੇਕਾਬੂ ਬਿਮਾਰੀ ਕਰਕੇ ਭਾਪਾ ਜੀ ਦਾ ਪੈਰ ਵੱਢਣਾ ਪਿਆ ਸੀ ਪਰ ਤਾਂ ਵੀ ਉਹ ਪੂਰੀ ਰੜਕ ਤੇ ਗੜਕ ਨਾਲ ਬੋਲਦੇ ਹੁੰਦੇ ਸੀ।ਪੰਥਕ ਸਰਗਰਮੀਆਂ ਕਰਕੇ ਮੇਰੇ ਕਰਕੇ ਉਨਾਂ ਨੂੰ ਬੜੀ ਵੇਰ ਥਾਣਿਆਂ-ਕਚਿਹਰੀਆਂ ਵਿਚ ਰੁਲਣਾ ਪਿਆ! ਅੰਮ੍ਰਿਤਸਰ,ਲੁਧਿਆਣੇ ਤੇ ਨਾਭੇ ਦੀਆਂ ਜੇਲ੍ਹਾਂ ਵਿਚ ਮੇਰੀ ਪੈਰਵਾਈ ਕਰਦਿਆਂ ਉਨਾਂ ਕਦੇ ਹਾਰ ਨਹੀ ਸੀ ਮੰਨੀ! ਕੌਮੀ ਸੰਘਰਸ਼ ਵਿਚ ਸਤਿਗੁਰਾਂ ਨੇ ਜੋ ਸੇਵਾ ਮੇਰੇ ਤੋਂ ਲਈ ਹੈ,ਜਦ ਓਸ ਸੇਵਾ ਕਰਕੇ ਕੋਈ ਸੱਜਣ ਵਡਿਆਈ ਕਰਦਾ ਹੈ ਤਾਂ ਮੇਰੇ ਮਨ ਵਿਚ ਆ ਜਾਂਦਾ ਹੈ ਕਿ ਜਦ ਪਤੰਗ ਉਡਦੀ ਹੈ ਤਾਂ ਲੋਕ ਓਸ ਪਤੰਗ ਨੂੰ ਉਚਾ ਉਡਾਉਣ ਵਾਲੀ ਡੋਰ ਦੀ ਅਹਿਮੀਅਤ ਨਹੀ ਪਛਾਣਦੇ ਤੇ ਨਾ ਹੀ ਇਹ ਖਿਆਲ ਕਰਦੇ ਨੇ ਕਿ ਇਹ ਡੋਰ ਕਿੰਨੇ ਮਜਬੂਤ ਹੱਥਾਂ ਨੇ ਫੜਿਆ ਹੋਇਆ ਹੈ।ਮੈਂ ਜਾਣਦਾ ਹਾਂ ਕਿ ਪੰਥਕ ਸੇਵਾ ਕਰਦਿਆਂ ਜੋ ਕੁਝ ਵੀ ਤਿਲ-ਫੁੱਲ ਮੈਂ ਕਰ ਸਕਿਆਂ ਹਾਂ ਉਹ ਇਸ ਕਰਕੇ ਹੀ ਸੰਭਵ ਹੋ ਸਕਿਆ ਹੈ ਕਿ ਮੇਰੇ ਮਗਰ ਮੇਰੇ ਭਾਪਾ ਜੀ ਡਟੇ ਖੜ੍ਹੇ ਸਨ। ਭਾਪਾ ਜੀ ਨੇ ਸਦਾ ਹੀ ਪੰਥਕ ਸੇਵਾ ਲਈ ਹੌਂਸਲਾ ਅਤੇ ਥਾਪੜਾ ਦਿਤਾ।ਮੇਰੀ ਕਰਕੇ ਹਕੂਮਤ ਵੱਲੋਂ ਮਿਲੀਆਂ ਦੁਸ਼ਵਾਰੀਆਂ ਲਈ ਉਨ੍ਹਾਂ ਕਦੇ ਮੱਥੇ ਵੱਟ ਨਹੀ ਪਾਇਆ! ਮੈਨੂੰ ਗ੍ਰਿਫਤਾਰ ਕਰਨ ਆਏ ਪੁਲੀਸ ਵਾਲਿਆ ਨਾਲ ਭਾਪਾ ਜੀ ਬੜੇ ਧੜੱਲੇ ਨਾਲ ਪੇਸ਼ ਆਉਂਦੇ।ਉਨਾਂ ਨੂੰ ਫਖਰ ਸੀ ਕਿ ਅਸੀਂ ਪੰਥਕ ਹਿੱਤਾਂ ਲਈ ਜੱਦੋਜਹਿਦ ਕਰਦੇ ਹਾਂ।ਮੇਰੇ ਦੋਸਤਾਂ ਲਈ ਵੀ ਉਹ ਹਮੇਸ਼ਾਂ ਵਧੀਆ ਪ੍ਰੇਰਨਾ-ਸਰੋਤ ਰਹੇ।ਜਦ ਵੀ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ,ਪੁਲੀਸ ਜਬਰ ਹੁੰਦਾ ਤਾਂ ਭਾਪਾ ਜੀ ਡਟਕੇ ਪੈਰਵਾਈ ਕਰਦੇ।ਸ਼ਿੰਗਾਰ ਸਿਨੇਮਾ ਬੰਬ ਕਾਂਡ ਮਗਰੋਂ ਗ੍ਰਿਫਤਾਰ ਕੀਤੇ ਸਾਰੇ ਨੌਜਵਾਨ ਨਾਭੇ ਜੇਲ੍ਹ ਵਿਚ ਜਦ ਦੱਸਦੇ ਕਿ ਜਦ ਸਾਡੇ ਕਰੀਬੀ ਰਿਸ਼ਤੇਦਾਰ ਵੀ ਦੜ ਵੱਟ ਗਏ ਸਨ ਤਾਂ ਉਦੋਂ ਭਾਪਾ ਜੀ ਡਟੇ ਰਹੇ ਤਾਂ ਇਹ ਸੁਣਕੇ ਮੈਂ ਮਾਣ ਨਾਲ ਭਰ ਜਾਂਦਾ ਸੀ।

ਜਦ ਵੀ ਮੇਰੇ ਉਤੇ ਮੁਕੱਦਮੇ ਬਣਦੇ,ਪੁਲੀਸ ਦਾ ਚੱਕਰ ਪੈਂਦਾ,ਰਿਮਾਂਡ ਤੇ ਅਦਾਲਤਾਂ ਦਾ ਗਧੀਗੇੜ ਪੈਂਦਾ ਤਾਂ ਭਾਪਾ ਜੀ ਕਮਰਕੱਸਾ ਕਰ ਲੈਂਦੇ ਤੇ ਡਟਕੇ ਕੇਸਾਂ ਦੀ ਪੈਰਵਾਈ ਕਰਦੇ।ਮੇਰੇ ਕਰਕੇ ਲੁਧਿਆਣੇ ਤੇ ਜਗਰਾਂਓ ਸੀ.ਆਈ. ਏ. ਸਟਾਫ ਤੇ ਐਸ.ਐਸ. ਪੀ.ਦਫਤਰਾਂ ਦੇ ਗੇੜੇ ਮਾਰਨ ਵੇਲੇ ਉਹ ਖਿਝਦੇ ਨਹੀ ਸੀ ਹੁੰਦੇ,ਸਗੋਂ ਇਹਨੂੰ ਆਪਦਾ ਫਰਜ਼ ਸਮਝਦੇ ਸੀ।ਜਦ ਵੀ ਕਿਸੇ ਕੇਸ ਵਿਚੋਂ ਮੇਰੀ ਜਮਾਨਤ ਹੁੰਦੀ ਤਾਂ ਭਾਪਾ ਜੀ ਨੇ ਹੱਸਣਾ ਕਿ ਹੁਣ ਅਗਲੇ ਕੇਸ ਦੀ ਤਿਆਰੀ ਕਰ!

ਬੜੇ ਮਾਪੇ ਹੋਣਗੇ ਜਿੰਨਾਂ ਨੇ ਆਪਦੇ ਪੁੱਤਰਾਂ ਦੇ ਸਿੱਖ ਸੰਘਰਸ਼ ਵਿਚ ਸ਼ਾਮਿਲ ਹੋਣ ਕਰਕੇ ਆਈ ਮੁਸ਼ਕਿਲ ਤੋਂ ਅੱਕ ਕੇ ਕਦੇ ਨਾ ਕਦੇ ਰੋਹ ਵਿਚ ਇਤਰਾਜ ਕੀਤਾ ਹੋਵੇਗਾ ਪਰ ਮੈਨੂੰ ਅੱਜ ਤੱਕ ਕਦੇ ਵੇ ਭਾਪਾ ਜੀ ਨੇ ਮਾਮੂਲੀ ਗਿਲਾ-ਸ਼ਿਕਵਾ ਵੀ ਨਹੀ ਸੀ ਕੀਤਾ।ਉਲਟਾ ਉਹ ਸਿੱਖ ਹੱਕਾਂ ਲਈ ਸੰਘਰਸ਼ ਬਾਰੇ ਹਰ ਪਲ ਪੜ੍ਹਨ-ਸੁਨਣ ਤੇ ਚਰਚਾ ਕਰਨ ਨੂੰ ਤਿਆਰ-ਬਰ-ਤਿਆਰ ਰਹਿੰਦੇ ਸੀ।ਦਲ ਖਾਲਸਾ ਦੇ ਸਮਾਗਮਾਂ ਵਿਚ ਉਹ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੁੰਦੇ ਸੀ।ਉਹ ਬੜੀ ਖਾਮੋਸ਼ੀ ਨਾਲ ਖਾਲਿਸਤਾਨ ਸੰਘਰਸ਼ ਵਿਚ ਆਪਦਾ ਭਰਪੂਰ ਯੋਗਦਾਨ ਪਾ ਰਹੇ ਸਨ।ਕਦੇ ਕਦੇ ਮੈਨੂੰ ਜਾਪਦਾ ਕਿ ਉਹ ਜੋ ਕੁਝ ਆਪ ਨਹੀ ਕਰ ਸਕੇ,ਉਹ ਸਭ ਕੁਝ ਮੇਰੇ ਰਾਂਹੀ ਕਰਨ-ਕਰਾਉਣ ਦੀ ਸੋਚ ਤਹਿਤ ਵਿਚਰ ਰਹੇ ਹਨ।

ਉਨ੍ਹਾਂ ਦੀ ਦ੍ਰਿੜਤਾ,ਜੁਰਅਤ,ਸਵੈਮਾਣ ਨਾਲ ਜਿਉਣ ਦੀ ਬਿਰਤੀ,ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਭਾਅ ਮੈਨੂੰ ਸਦਾ ਪ੍ਰਭਾਵਿਤ ਕਰਦਾ ਰਿਹਾ।ਜਦ ੨੦੦੪ ਵਿਚ ਮੈਂ ਪਾਕਿਸਤਾਨ ਤੋਂ ਦੋ ਘੋੜੇ ਵਾਲੀ ਬੋਸਕੀ ਦੇ ਕੱਪੜੇ ਦਾ ਥਾਨ ਲਿਆਂਦਾ ਤਾਂ ਭਾਪਾ ਜੀ ਨੇ ਪਾਕਿਸਤਾਨ ਵਿਚ ਬਿਤਾਏ ਬਚਪਨ ਦੀਆਂ ਗੱਲਾਂ ਛੇੜ ਲਈਆਂ।ਭਾਪਾ ਜੀ ਦਾ ਜਨਮ ੧੫ ਅਗਸਤ ੧੯੪੨ ਨੂੰ ਹੋਇਆ ਸੀ ਤੇ ਅਜੇ ਓਹ ਸਾਲ ਦੇ ਵੀ ਨਹੀ ਸੀ ਹੋਏ ਜਦ ਪਿਤਾ ਸਰਦਾਰ ਕੇਹਰ ਸਿੰਘ ਅਕਾਲ ਚਲਾਣਾ ਕਰ ਗਏ।ਪਰਿਵਾਰ ਜਦ ਪਾਕਿਸਤਾਨ ਤੋਂ ਉਜੜਕੇ ਇਧਰ ਆਇਆ ਤਾਂ ਪਹਿਲਾਂ ਲੋਹਟਬੱਦੀ ਫੇਰ ਘੁਮਾਣ ਵੱਸ ਗਏ।ਭਾਪਾ ਜੀ ਨੂੰ ਖੰਜਰਵਾਲ ਨਾਨਕੇ ਪਿੰਡ ਪੜ੍ਹਨਾ ਪਿਆ!ਉਥੋਂ ਹੀ ਓਹ ਫੌਜ ਵਿਚ ਭਰਤੀ ਹੋ ਗਏ।੧੯੮੪ ਦੇ ਘੱਲੂਘਾਰੇ ਮਗਰੋਂ ਜਦ ਸਿੱਖ ਮਾਨਸਿਕਤਾ ਬਹੁਤ ਵੱਡਾ ਸੰਤਾਪ ਭੋਗ ਰਹੀ ਸੀ ਤਾਂ ਭਾਪਾ ਜੀ ਪੈਨਸ਼ਨ ਆ ਗਏ।ਪੈਨਸ਼ਨ ਆਉਣ ਮਗਰੋਂ ਭਾਪਾ ਜੀ ਨੇ ਰੋਜੀ-ਰੋਟੀ ਲਈ ਟੈਕਸੀ ਚਲਾਈ।ਉਹ ਗੁਰੂਘਰ ਦੇ ਸ਼ਰਧਾਲੂ ਸਿੱਖ ਸਨ।ਵਹਿਮਾਂ-ਭਰਮਾਂ ,ਪਖੰਡਾਂ ਦਾ ਤਿੱਖਾ ਤੇ ਸਖਤ ਵਿਰੋਧ ਕਰਨ ਵੇਲੇ ਉਹ ਕਿਸੇ ਦੀ ਕੱਖ ਪਰਵਾਹ ਨਹੀ ਸੀ ਕਰਦੇ।ਉਨ੍ਹਾਂ ਨੂੰ ਸਿੱਖ ਸਿਧਾਂਤਾਂ,ਸਿੱਖ ਫਲਸਫੇ ਤੇ ਸਿੱਖ ਇਤਿਹਾਸ ਦੀਆਂ ਬਹੁਤੀਆਂ ਬਰੀਕੀਆਂ ਦੀ ਬੇਸ਼ੱਕ ਸਮਝ ਨਾ ਹੋਵੇ ਪਰ ਉਹ "ਗੁਰੂ ਮਾਨਿਓ ਗਰੰਥ" ਦੇ ਸਿਧਾਂਤ ਉਤੇ ਡਟਕੇ ਪਹਿਰਾ ਦਿੰਦੇ ਸਨ।ਡੇਰਾ ਸਿਰਸਾ,ਡੇਰਾ ਭਨਿਆਰਾ,ਡੇਰਾ ਨੂਰਮਹਿਲ ਤੇ ਹੋਰ ਦੇਹਧਾਰੀਆਂ ਖਿਲਾਫ ਹਰ ਸੰਘਰਸ਼ ਮੌਕੇ ਭਾਪਾ ਜੀ ਮੇਰੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਰਹੇ।

ਭਾਪਾ ਜੀ ਓਸ ਬਜੁਰਗ ਹੋ ਰਹੀ ਪੀੜ੍ਹੀ ਵਿਚੋਂ ਸਨ ਜਿੰਨਾਂ ਨੇ ਘੱਲੂਘਾਰੇ ਮਗਰੋਂ ਸਰਗਰਮ ਹੋਈ ਸਿਖ ਜਵਾਨੀ  ਦਾ ਸਾਥ-ਸਹਿਯੋਗ ਦਿਤਾ।ਇਹੋ ਜਿਹੇ ਲੋਕਾਂ ਦੀ ਚਰਚਾ ਬੇਸ਼ੱਕ ਨਾ ਹੁੰਦੀ ਹੋਵੇ ਪਰ ਇਹ ਲੋਕ ਸਿੱਖੀ ਦੇ ਮਹਿਲ ਵਿਚ ਅਹਿਮ ਕਿਰਦਾਰ ਹਨ।ਇਹ ਲੋਕ ਜਿਥੇ ਧਾਰਮਿਕ ਤੇ ਕੌਮੀ ਤੌਰ ਉਤੇ ਫਰਜ਼ ਨਿਭਾਂਉਂਦੇ ਹਨ,ਉਥੇ ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਂਉਂਦੇ ਹਨ।ਉਨਾਂ ਦੇ ਹੁੰਦਿਆਂ ਮੈਨੂੰ ਕੋਈ ਫਿਕਰ ਜਿਹਾ ਨਹੀ ਸੀ ਹੁੰਦਾ ਕਿ ਆਪੇ ਸੰਭਾਲ ਲੈਣਗੇ ਪਰ ਹੁਣ ਜਦ ੭ ਜੂਨ ੨੦੨੦ ਨੂੰ ਭਾਪਾ ਜੀ ਦੇ ਹੱਥ ਮੇਰੇ ਹੱਥਾਂ ਵਿਚ ਸਨ ਕਿ ਉਹ ਅਕਾਲ ਚਲਾਣਾ ਕਰ ਗਏ ਤਾਂ ਮੈਂ ਹੈਰਾਨ-ਪਰੇਸ਼ਾਨ ਹਾਂ ਕਿ ਇਸ ਲੰਮੇ ਸਫਰ ਵਿਚ ਹੁਣ ਮੈਂ ਕੀ ਕਰਾਂਗਾ? ਓਸ ਦਿਨ ਤੋਂ ਪੰਥਕ ਸਫਾਂ ਵਿਚੋਂ ਲਗਾਤਾਰ ਸੱਜਣ-ਪਿਆਰੇ ਹੌਂਸਲਾ ਦੇ ਰਹੇ ਹਨ ਪਰ ਮੇਰੇ ਦਿਲ-ਦਿਮਾਗ ਵਿਚ ਇਹੀ ਖਲਬਲੀ ਮੱਚੀ ਪਈ ਹੈ ਕਿ ਪਹਿਲਾਂ ਤਾਂ ਕਦੇ ਪਰਵਾਹ ਹੀ ਨਹੀ ਸੀ ਕੀਤੀ ਪਰ ਹੁਣ..?

ਭਾਪਾ ਜੀ ਦੀ ਯਾਦ ਵਿੱਚ ਧੁਰ ਕੀ ਬਾਣੀ ਦੇ ਭੋਗ ਮੰਗਲਵਾਰ ੧੬ ਜੂਨ ਨੂੰ ਪਿੰਡ ਘੁਮਾਣ ਜਿਲ੍ਹਾ ਲੁਧਿਆਣਾ ਵਿਖੇ ਪੈਣਗੇ।ਕੋਰੋਨਾ ਸੰਕਟ ਕਰਕੇ ਅੰਤਿਮ ਅਰਦਾਸ ਮੌਕੇ ਵੱਡੀ ਇਕੱਤਰਤਾ ਨਹੀਂ ਹੋ ਸਕਦੀ ਤੇ ਸੀਮਤ ਸੰਗਤਾਂ ਹੀ ਜੁੜਨਗੀਆਂ। ਅਸੀਂ ਕੇਵਲ ਪਰਿਵਾਰਕ ਮੈਂਬਰ ਹੀ ਅੰਤਿਮ ਅਰਦਾਸ ਮੌਕੇ ਜੁੜਾਂਗੇ।ਜਿਹੜੇ ਭੈਣ ਭਰਾਵਾਂ ਨੇ ਦੁੱਖ ਵੰਡਾਇਆ ਉਨ੍ਹਾਂ ਸਭ ਦਾ ਧੰਨਵਾਦ।

ਸਰਬਜੀਤ ਸਿੰਘ ਘੁਮਾਣ
(97819-91622,83606-43731)