ਭਾਰਤ, ਪਾਕਿਸਤਾਨ, ਚੀਨ ਦੇ ਵੱਧਦੇ ਐਟਮੀ ਜ਼ਖੀਰੇ ਦਾ ਪੰਜਾਬ ਨੂੰ ਖਤਰਾ

ਭਾਰਤ, ਪਾਕਿਸਤਾਨ, ਚੀਨ ਦੇ ਵੱਧਦੇ ਐਟਮੀ ਜ਼ਖੀਰੇ ਦਾ ਪੰਜਾਬ ਨੂੰ ਖਤਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ, ਪਾਕਿਸਤਾਨ ਅਤੇ ਚੀਨ ਵਿਚਾਲੇ ਲੱਗੀ ਹਥਿਆਰਾਂ ਦੀ ਦੌੜ ਪੰਜਾਬ ਲਈ ਵੱਡੇ ਖਤਰੇ ਦਾ ਸਬੱਬ ਬਣ ਸਕਦੀ ਹੈ। ਜਿੱਥੇ ਇਹਨਾਂ ਤਿੰਨਾਂ ਗੁਆਂਢੀਆਂ ਦਰਮਿਆਨ ਭੂ-ਰਾਜਨੀਤਕ ਹਾਲਾਤ ਸੁਖਾਵੇਂ ਨਹੀਂ ਚੱਲ ਰਹੇ ਤੇ ਵਿਸ਼ਵ ਪ੍ਰਬੰਧ ਵਿਚ ਆਉਣ ਵਾਲੀਆਂ ਤਬਦੀਲੀਆਂ ਦਾ ਕੇਂਦਰ ਬਿੰਦੂ ਦੱਖਣੀ ਏਸ਼ੀਆ ਦਾ ਖਿੱਤਾ ਬਣ ਰਿਹਾ ਹੈ, ਉੱਥੇ ਇਹ ਤਿੰਨੇ ਮੁਲਕ ਆਪਣੇ ਐਟਮੀ ਹਥਿਆਰਾਂ ਦੇ ਜ਼ਖੀਰੇ ਨੂੰ ਲਗਾਤਾਰ ਵਧਾ ਰਹੇ ਹਨ। 

ਸਵੀਡਨ ਵਿਚ ਸਥਾਪਤ ਸਟੋਕਹੋਲਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸੀਪਰੀ) ਵੱਲੋਂ ਦੁਨੀਆ ਭਰ ਵਿਚ ਅਸਲੇ ਅਤੇ ਕੌਮਾਂਤਰੀ ਸੁਰੱਖਿਆ ਦੀਆਂ ਸਥਿਤੀਆਂ ਬਾਰੇ 2020 ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ ਪਿਛਲੇ ਸਾਲ ਵਿਚ ਇਹਨਾਂ ਤਿੰਨਾਂ ਮੁਲਕਾਂ ਨੇ ਆਪਣੇ ਐਟਮੀ ਬੰਬਾਂ ਦੇ ਜ਼ਖੀਰੇ ਵਿਚ ਵਾਧਾ ਕੀਤਾ ਹੈ। ਰਿਪੋਰਟ ਮੁਤਾਬਕ ਜਨਵਰੀ 2020 ਤੱਕ ਚੀਨ ਕੋਲ 320 ਐਟਮੀ ਬੰਬ, ਪਾਕਿਸਤਾਨ ਕੋਲ 160 ਐਟਮੀ ਬੰਬ ਅਤੇ ਭਾਰਤ ਕੋਲ 150 ਐਟਮੀ ਬੰਬ ਮੋਜੂਦ ਸਨ।

ਇਸ ਤੋਂ ਇਲਾਵਾ ਇਹ ਤਿੰਨੇ ਮੁਲਕ ਆਪਣੇ ਐਟਮੀ ਜ਼ਖੀਰੇ ਦਾ ਨਵੀਆਂ ਤਕਨੀਕਾਂ ਨਾਲ ਨਵੀਨੀਕਰਨ ਵੀ ਕਰ ਰਹੇ ਹਨ। 

ਇਹਨਾਂ ਤਿੰਨਾਂ ਮੁਲਕਾਂ ਵਿਚਾਲੇ ਹੋਣ ਵਾਲੀ ਕਿਸੇ ਵੀ ਸੰਭਾਵਤ ਜੰਗ ਵਿਚ ਪੰਜਾਬ ਅਣਚਾਹੀ ਜੰਗ ਵਿਚ ਪੀਸਿਆ ਜਾ ਸਕਦਾ ਹੈ। ਪੰਜਾਬ ਵਿਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਬਣਾਉਣ ਲਈ ਯਤਨਸ਼ੀਲ ਸਿੱਖ ਧਿਰਾਂ ਕੌਮਾਂਤਰੀ ਪੱਧਰ 'ਤੇ ਪੰਜਾਬ ਨੂੰ ਆਪਸੀ ਕੱਟੜ ਦੁਸ਼ਮਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੱਫਰ ਜ਼ੋਨ ਬਣਾਉਣ ਦੀ ਮੰਗ ਲਗਾਤਾਰ ਚੁੱਕਦੀਆਂ ਆ ਰਹੀਆਂ ਹਨ।