ਭਾਜਪਾ ਦਾ ਪ੍ਰਭਾਵਸ਼ਾਲੀ ਖੇਤਰੀ ਸ਼ਕਤੀਆਂ ਨਾਲੋਂ ਸਬੰਧ ਟੁਟਿਆ

ਭਾਜਪਾ ਦਾ ਪ੍ਰਭਾਵਸ਼ਾਲੀ ਖੇਤਰੀ ਸ਼ਕਤੀਆਂ ਨਾਲੋਂ ਸਬੰਧ ਟੁਟਿਆ
ਭਾਜਪਾ ਦੇ ਦੋ ਸਭ ਤੋਂ ਪੁਰਾਣੇ ਸਹਿਯੋਗੀ ਸ਼ਿਵ ਸੈਨਾ ਅਤੇ ਅਕਾਲੀ ਦਲ ਇਕ ਤੋਂ ਬਾਅਦ ਇਕ ਗੱਠਜੋੜ ਤੋਂ ਬਾਹਰ ਆਏ
ਆਂਧਰਾ ਪ੍ਰਦੇਸ਼ ਵਿਚ ਭਾਜਪਾ ਦਾ ਸਾਥ ਤੇਲਗੂ ਦੇਸ਼ਮ ਪਾਰਟੀ ਪਹਿਲਾਂ ਹੀ ਛੱਡ ਚੁੱਕੀ ਏ
ਅਕਾਲੀ ਦਲ ਨੇ ਗੱਠਜੋੜ ਤੋੜ ਕੇ ਗਲਤੀ ਕੀਤੀ: ਮਿੱਤਲ
ਭਾਜਪਾ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ: ਸੁਖਬੀਰ
 
ਵਿਸ਼ੇਸ਼ ਰਿਪੋਟ ਪ੍ਰਗਟ ਸਿੰਘ ਜੰਡਿਆਲਾ ਗੁਰੂ
 
ਰਾਜਨੀਤਕ ਘਟਨਾਕ੍ਰਮ ਦਾ ਰੁਝਾਨ ਦੱਸ ਰਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ ਬਿਖਰਾਅ ਵੱਲ ਵਧ ਰਿਹਾ ਹੈ। ਭਾਜਪਾ ਦੇ ਦੋ ਸਭ ਤੋਂ ਪੁਰਾਣੇ ਸਹਿਯੋਗੀ ਸ਼ਿਵ ਸੈਨਾ ਅਤੇ ਅਕਾਲੀ ਦਲ ਇਕ ਤੋਂ ਬਾਅਦ ਇਕ ਗੱਠਜੋੜ ਤੋਂ ਬਾਹਰ ਨਿਕਲ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿਚ ਭਾਜਪਾ ਦਾ ਸਾਥ ਤੇਲਗੂ ਦੇਸ਼ਮ ਪਾਰਟੀ ਪਹਿਲਾਂ ਹੀ ਛੱਡ ਚੁੱਕੀ ਹੈ। ਓਡੀਸ਼ਾ ਵਿਚ ਬੀਜੂ ਜਨਤਾ ਦਲ ਵੀ ਹੁਣ ਭਾਜਪਾ ਦੇ ਨਾਲ ਨਹੀਂ ਹੈ। ਵੱਡੇ ਸਹਿਯੋਗੀਆਂ ਵਿਚ ਹੁਣ ਸਿਰਫ ਬਿਹਾਰ ਵਿਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲਾ ਜਨਤਾ ਦਲ (ਯੂ) ਹੀ ਭਾਜਪਾ ਦੇ ਨਾਲ ਰਹਿ ਗਿਆ ਹੈ। ਇਸ ਤਰ੍ਹਾਂ ਹੁਣ ਕੌਮੀ ਜਮਹੂਰੀ ਗੱਠਜੋੜ ਦੇ ਦਾਇਰੇ ਵਿਚ ਮੋਟੇ ਤੌਰ 'ਤੇ ਛੋਟੀਆਂ-ਛੋਟੀਆਂ ਪਾਰਟੀਆਂ ਰਹਿ ਗਈਆਂ ਹਨ, ਜਿਨ੍ਹਾਂ ਨੂੰ ਭਾਜਪਾ ਕੁਝ ਸੀਟਾਂ ਦੇ ਕੇ ਜਾਂ ਇਕ-ਦੋ ਮੰਤਰੀ ਦੇ ਅਹੁਦੇ ਦੇ ਕੇ ਸੰਤੁਸ਼ਟ ਰੱਖ ਸਕਦੀ ਹੈ। ਪਰ ਵੱਡੀਆਂ ਪਾਰਟੀਆਂ ਦੇ ਨਾ ਰਹਿਣ ਕਾਰਨ ਸਥਿਤੀ ਇਹ ਬਣ ਰਹੀ ਹੈ ਕਿ ਭਾਜਪਾ ਦਾ ਪ੍ਰਭਾਵਸ਼ਾਲੀ ਖੇਤਰੀ ਸ਼ਕਤੀਆਂ ਨਾਲੋਂ ਸਬੰਧ ਟੁੱਟ ਗਿਆ ਹੈ।
 
ਹੁਣੇ ਜਿਹੇ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਵਿੱਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ। ਅਕਾਲੀ ਦਲ ਦੇ ਇਸ ਫੈਸਲੇ ਨਾਲ 1996 ਤੋਂ ਭਾਜਪਾ ਨਾਲ ਬਣੀ ਆ ਰਹੀ ਸਿਆਸੀ ਸਾਂਝ ਦਾ ਭੋਗ ਪੈ ਗਿਆ ਹੈ। ਇਸ ਮੀਟਿੰਗ ਦੌਰਾਨ ਇਹੀ ਸਹਿਮਤੀ ਬਣੀ ਕਿ ਖੇਤੀ ਬਿਲਾਂ ਕਾਰਨ ਦੇਸ਼ ਅੰਦਰ ਬਣੇ ਸਿਆਸੀ ਮਾਹੌਲ ਤੋਂ ਬਾਅਦ ਐੱਨਡੀਏ ਦਾ ਹਿੱਸਾ ਬਣੇ ਰਹਿਣ ਦਾ ਕੋਈ ਲਾਭ ਨਹੀਂ ਕਿਉਂਕਿ  ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਇਹ ਫੈਸਲਾ ਸੂਬੇ ਅੰਦਰ ਪੈਦਾ ਹੋਏ ਸਿਆਸੀ ਹਾਲਾਤ ਕਰਕੇ ਲਿਆ ਗਿਆ ਹੈ ਕਿਉਂਕਿ ਰਾਜਸੀ ਤੌਰ ’ਤੇ ਭਾਜਪਾ ਜਾਂ ਐੱਨਡੀਏ ਦਾ ਹਿੱਸਾ ਬਣੇ ਰਹਿਣਾ ਅਕਾਲੀ ਦਲ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਵੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। ਭਾਜਪਾ ਨਾਲ ਦੁਬਾਰਾ ਗਠਜੋੜ ਦੀ ਸੰਭਾਵਾਨਾਵਾਂ 'ਤੇ ਸੁਖਬੀਰ ਨੇ ਕਿਹਾ, 'ਸਾਡਾ ਕੋਈ ਬੈਕ ਗਿਅਰ ਨਹੀਂ ਹੈ। ਯਾਨੀ ਹੁਣ ਗਠਜੋੜ ਦੀ ਸੰਭਾਵਨਾ ਨਹੀਂ ਹੈ।' ਸੁਖਬੀਰ ਨੇ ਭਾਜਪਾ ਗਠਜੋੜ ਨਾਲ ਵੱਖ ਹੋਏ ਧਿਰਾਂ ਸ਼ਿਵ ਸੈਨਾ, ਤ੍ਰਿਣਮੂਲ ਕਾਂਗਰਸ ਨੂੰ ਇਕ ਮੰਚ 'ਤੇ ਆਉਣ ਦੀ ਸਲਾਹ ਦਿੱਤੀ। 
 
ਕੋਰ ਕਮੇਟੀ ਦੀ ਮੀਟਿੰਗ ਉਪਰੰਤ ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀ ਬਿਲਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਵੱਲੋਂ ਅਕਾਲੀ ਦਲ ਨੂੰ ਭਰੋਸੇ ’ਚ ਨਾ ਲਏ ਜਾਣ ਕਾਰਨ ਮੰਤਰੀ ਮੰਡਲ ਤੋਂ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਇਹੀ ਚਰਚਾ ਹੋਈ ਕਿ ਹੁਣ ਐੱਨਡੀਏ ’ਚ ਰਹਿਣ ਦੀ ਕੋਈ ਤੁਕ ਨਹੀਂ ਬਣਦੀ। ਬਾਦਲ ਨੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਨਾ ਦੇਣ ਦੇ ਮੁੱਦੇ ’ਤੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਾਲੀਆ ਇਨ੍ਹਾਂ ਦੋ ਵੱਡੇ ਮੁੱਦਿਆਂ ਕਾਰਨ ਅਕਾਲੀ ਦਲ ਨੇ ਐੱਨਡੀਏ ’ਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 1996 ਵਿੱਚ ਮਰਹੂਮ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅਕਾਲੀ ਦਲ ਤੇ ਭਾਜਪਾ  ਦੇ ਸਿਆਸੀ ਰਿਸ਼ਤਿਆਂ ਨੂੰ ਵੱਡੇ ਬਾਦਲ ਵੱਲੋਂ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੱਤਾ ਜਾਂਦਾ ਰਿਹਾ ਸੀ। ਭਾਜਪਾ ਦੀ ਵਾਗਡੋਰ ਮੋਦੀ ਤੇ ਇਧਰ ਸੁਖਬੀਰ ਦੇ ਹੱਥ ਆਉਣ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਤਰੇੜ ਆਉਣ ਲੱਗੀ ਸੀ।  
 
80 ਦੇ ਦਹਾਕੇ ਤੋਂ ਹੀ ਖੇਤਰੀ ਸ਼ਕਤੀਆਂ ਨੇ ਪ੍ਰਯੋਗ ਦੇ ਤੌਰ 'ਤੇ ਭਾਜਪਾ ਨਾਲ ਦਾਅ ਖੇਡਣ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਭਾਜਪਾ ਵੱਖ-ਵੱਖ ਖੇਤਰਾਂ ਵਿਚ ਕਾਂਗਰਸ ਦੀ ਤਰ੍ਹਾਂ ਰਾਜਨੀਤਕ ਸ਼ਕਤੀ ਨਹੀਂ ਸੀ। ਉਹ ਖੇਤਰੀ ਪਾਰਟੀਆਂ ਨਾਲ ਰਹਿ ਕੇ ਉਨ੍ਹਾਂ ਤੋਂ ਅੱਗੇ ਨਹੀਂ ਜਾ ਸਕਦੀ ਸੀ। ਇਸ ਲਈ ਖੇਤਰੀ ਸ਼ਕਤੀਆਂ ਨੂੰ ਉਮੀਦ ਸੀ ਕਿ ਉਹ ਭਾਜਪਾ ਦੀ ਪ੍ਰਧਾਨਤਾ ਵਾਲੀ ਕੇਂਦਰ ਸਰਕਾਰ ਦੇ ਨਾਲ ਲੈਣ-ਦੇਣ ਦੇ ਆਧਾਰ 'ਤੇ ਵਧੇਰੇ ਸੰਘਵਾਦੀ ਭਾਰਤ ਪ੍ਰਾਪਤ ਕਰ ਸਕਣਗੀਆਂ। ਅੰਨਾਦ੍ਰਮੁਕ ਵਲੋਂ ਕਾਂਗਰਸ ਦਾ ਸਾਥ ਛੱਡ ਕੇ ਅੰਦਰ ਹੀ ਅੰਦਰ ਭਾਜਪਾ ਨਾਲ ਨਾਤਾ ਜੋੜਨ ਦੀ ਕੋਸ਼ਿਸ਼ ਅਤੇ ਤੇਲਗੂ ਦੇਸ਼ਮ ਵਲੋਂ ਤਤਕਾਲੀ ਰਾਸ਼ਟਰੀ ਮੋਰਚੇ ਤੋਂ ਪਾਸੇ ਜਾ ਕੇ ਭਾਜਪਾ ਨੂੰ ਇਕ ਸੰਭਾਵਿਤ ਮਿੱਤਰ ਦੇ ਰੂਪ ਵਿਚ ਵੇਖਣਾ ਦੱਖਣ ਭਾਰਤ ਵਲੋਂ ਭਾਜਪਾਈ ਹਿੰਦੂ ਰਾਸ਼ਟਰਵਾਦ ਨੂੰ ਮਨਜ਼ੂਰ ਕਰਨ ਦੀ ਸ਼ੁਰੂਆਤ ਸੀ। 90 ਦੇ ਦਹਾਕੇ ਵਿਚ ਤਮਿਲ ਅਤੇ ਆਂਧਰਾ ਦੀਆਂ ਖੇਤਰੀ ਸ਼ਕਤੀਆਂ ਨੂੰ ਬਾਬਰੀ ਮਸਜਿਦ ਨੂੰ ਢਾਹੁਣ ਦੀ ਘਟਨਾ ਨਾਲ ਕੁਝ ਧੱਕਾ ਲੱਗਾ ਅਤੇ ਉਹ ਭਾਜਪਾ ਨਾਲ ਸਬੰਧ ਬਣਾਉਣ ਦੀ ਆਪਣੀ ਇੱਛਾ ਸਬੰਧੀ ਆਲੋਚਨਾਤਮਕ ਹੋਣ ਲੱਗੇ। ਪਰ ਮੱਧਮਾਰਗੀ ਦਲਾਂ (ਜਨਤਾ ਦਲ ਆਦਿ) ਦਾ ਰਾਜਨੀਤਕ ਮਹੱਤਵ ਖੁੱਸਣ ਤੋਂ ਬਾਅਦ ਅਤੇ ਕਾਂਗਰਸ ਵਲੋਂ ਆਪਣਾ ਲੋਕ ਆਧਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਭਾਜਪਾ ਦੀ ਕੇਂਦਰ ਵਿਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਥੋੜ੍ਹਾ ਜਿਹਾ ਸਮਰਥਨ ਦੇਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ ਸੀ। ਉੱਤਰ ਪੂਰਬ ਵਿਚ ਅਸਮ ਗਣ ਪ੍ਰੀਸ਼ਦ ਤਾਂ ਆਪਣੀ ਸ਼ੁਰੂਆਤ ਤੋਂ ਹੀ ਭਾਜਪਾ ਤੋਂ ਪ੍ਰਭਾਵਿਤ ਸੀ।
 
ਇਥੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਪੰਜਾਬ ਵਿਚ ਅਕਾਲੀ ਦਲ (ਬ) ਵਲੋਂ ਦਸੰਬਰ 1992 ਦੀ ਕਾਰਸੇਵਾ ਵਿਚ ਆਪਣੇ ਪ੍ਰਤੀਨਿਧ ਭੇਜਣ ਦੇ ਐਲਾਨ ਨੇ ਅਕਾਲੀ ਅੰਦੋਲਨ ਅੰਦਰ ਉਥਲ-ਪੁਥਲ ਮਚਾ ਦਿੱਤੀ ਸੀ। ਹਿੰਦੂ-ਸਿੱਖ ਏਕਤਾ ਦਾ ਇਹ ਫ਼ਿਰਕੂ ਪ੍ਰਯੋਗ ਇਕਦਮ ਨਵੀਂ ਚੀਜ਼ ਸੀ। ਕਿਉਂਕਿ ਅਜੇ ਤੱਕ ਹਿੰਦੂ-ਸਿੱਖ ਏਕਤਾ ਧਰਮ-ਨਿਰਪੱਖ ਨਜ਼ਰੀਏ ਨਾਲ ਹੀ ਵੇਖੀ ਜਾਂਦੀ ਸੀ। ਮਹਾਰਾਸ਼ਟਰ ਵਿਚ ਭਾਜਪਾ ਕੋਲ ਸ਼ਿਵ ਸੈਨਾ ਦੀ ਮਜ਼ਬੂਤ ਅਤੇ ਅਤਿ ਫ਼ਿਰਕੂ ਖੇਤਰੀ ਸ਼ਕਤੀ ਪਹਿਲਾਂ ਤੋਂ ਹੀ ਮੌਜੂਦ ਸੀ। ਜਿਵੇਂ ਹੀ ਨਿਤਿਸ਼ ਕੁਮਾਰ ਦੀ ਪਾਰਟੀ ਭਾਜਪਾ ਨਾਲ ਗਈ, ਉਵੇਂ ਹੀ 90 ਦੇ ਦਹਾਕੇ ਵਿਚ ਖੇਤਰੀ ਸ਼ਕਤੀਆਂ ਦੇ ਸਹਿਯੋਗ ਨਾਲ ਬਹੁਮਤ ਦੀ ਜਾਂ ਮੁੱਦਾ ਆਧਾਰਿਤ ਸਹਿਯੋਗ ਨਾਲ ਘੱਟ-ਗਿਣਤੀ ਸਰਕਾਰ ਬਣਾਉਣ ਦੀ ਭਾਜਪਾ ਦੀ ਰਣਨੀਤੀ ਪ੍ਰਵਾਨ ਚੜ੍ਹਨ ਲੱਗੀ। ਇਸ ਤਰ੍ਹਾਂ ਹਿੰਦੂ ਰਾਸ਼ਟਰਵਾਦ ਪਹਿਲੀ ਵਾਰ ਸਿਧਾਂਤ ਤੋਂ ਅੱਗੇ ਜਾ ਕੇ ਜ਼ਮੀਨੀ ਪੱਧਰ 'ਤੇ ਆਉਣ ਲੱਗਾ। ਭਾਜਪਾ ਦੇ ਅੰਦਰ ਕੌਮੀ ਜਮਹੂਰੀ ਗੱਠਜੋੜ ਆਧਾਰਿਤ ਰਣਨੀਤੀ ਦੇ ਸੂਤਰਧਾਰ ਲਾਲ ਕ੍ਰਿਸ਼ਨ ਅਡਵਾਨੀ ਸਨ। ਉਹ ਬਿਨਾਂ ਕਿਸੇ ਹਿਚਕਿਚਾਹਟ ਤੋਂ ਕਹਿੰਦੇ ਸਨ ਕਿ ਉਨ੍ਹਾਂ ਦੀ ਪਾਰਟੀ ਦੀ ਰਾਸ਼ਟਰੀ ਸਫਲਤਾ ਕੌਮੀ ਜਮਹੂਰੀ ਗੱਠਜੋੜ ਪਲੱਸ ਪਲੱਸ 'ਤੇ ਆਧਾਰਿਤ ਹੈ। ਭਾਵ ਭਾਜਪਾ ਜਿੰਨੀਆਂ ਪਾਰਟੀਆਂ ਨੂੰ ਆਪਣਾ ਸਹਿਯੋਗੀ ਬਣਾ ਸਕੇਗੀ, ਓਨਾ ਹੀ ਉਸ ਦੀ ਕੇਂਦਰੀ ਰਾਜਨੀਤੀ ਮਜ਼ਬੂਤ ਹੋਵੇਗੀ। ਇਸ ਦਾ ਵਿਵਹਾਰਕ ਮਤਲਬ ਸੀ ਕਿ ਭਾਜਪਾ ਨੇ ਹਰ ਜਗ੍ਹਾ ਖੇਤਰੀ ਸ਼ਕਤੀਆਂ ਦੇ ਮੁਕਾਬਲੇ ਦੂਜੇ ਦਰਜੇ ਦੀ ਭੂਮਿਕਾ ਨਿਭਾਉਣੀ ਸੀ ਅਤੇ ਬਦਲੇ ਵਿਚ ਉਸ ਨੂੰ ਦਿੱਲੀ ਵਿਚ ਸਰਕਾਰ ਬਣਾਉਣ ਵਿਚ ਸਹਿਯੋਗ ਮਿਲਣਾ ਸੀ। 2012 ਤੱਕ ਅਡਵਾਨੀ ਦਾ ਇਹ ਨਾਅਰਾ ਬੇਰੋਕਟੋਕ ਚਲਦਾ ਰਿਹਾ। ਉਨ੍ਹੀਂ ਦਿਨੀਂ ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਸ਼ਿਵ ਸੈਨਾ, ਅਕਾਲੀ ਦਲ (ਬ) ਜਾਂ ਜਨਤਾ ਦਲ (ਯੂ) ਵਰਗੀਆਂ ਤਾਕਤਾਂ ਕਦੀ ਭਾਜਪਾ ਤੋਂ ਵੱਖ ਵੀ ਹੋਣਗੀਆਂ। ਪਰ 2012 ਵਿਚ ਗੁਜਰਾਤ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਲ ਭਰ ਦੇ ਅੰਦਰ ਹੀ ਅਡਵਾਨੀ ਦੀ ਕਾਮਯਾਬ ਰਣਨੀਤੀ ਨੂੰ ਕੂੜੇ ਵਿਚ ਸੁੱਟ ਦਿੱਤਾ।
 
ਹੋਇਆ ਇੰਜ ਕਿ 2012 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ। ਭਾਜਪਾ ਦੇ ਆਲ੍ਹਾ ਕਮਾਨ ਦੇ ਕਈ ਉੱਚ ਆਗੂ ਮਨ ਹੀ ਮਨ ਵਿਚ ਮੋਦੀ ਦੀ ਹਾਰ ਦੀ ਕਾਮਨਾ ਕਰ ਰਹੇ ਸਨ। ਕਦੀ-ਕਦਾਈਂ ਉਨ੍ਹਾਂ ਦੇ ਮੂੁੰਹੋਂ ਇਹ ਗੱਲ ਨਿਕਲ ਵੀ ਜਾਂਦੀ ਸੀ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੋਦੀ ਆਪਣੇ ਗਾਂਧੀਨਗਰ ਦੇ ਕਿਲ੍ਹੇ ਤੋਂ ਦਿੱਲੀ 'ਤੇ ਹਮਲਾ ਕਰਨ ਲਈ ਯੋਜਨਾ ਬਣਾ ਰਹੇ ਹਨ ਅਤੇ ਉਹੀ ਹੋਇਆ। ਜਿਵੇਂ ਹੀ ਉਹ ਤੀਜੀ ਵਾਰ ਮੁੱਖ ਮੰਤਰੀ ਬਣੇ, ਉਨ੍ਹਾਂ ਨੇ ਭਾਜਪਾ ਹਾਈ ਕਮਾਨ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ 2014 ਦੀਆਂ ਚੋਣਾਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ। ਮੋਦੀ ਨੇ ਪਾਰਟੀ ਅੰਦਰ ਇਸ ਲਈ ਜ਼ਬਰਦਸਤ ਸੰਘਰਸ਼ ਕੀਤਾ ਅਤੇ 2013 ਵਿਚ ਕਾਮਯਾਬੀ ਹਾਸਲ ਕੀਤੀ। ਜਿਵੇਂ ਹੀ ਪਾਰਟੀ ਦੀ ਕਮਾਨ ਉਨ੍ਹਾਂ ਦੇ ਹੱਥ ਵਿਚ ਆਈ, ਉਨ੍ਹਾਂ ਨੇ ਅਡਵਾਨੀ ਦੀ ਰਣਨੀਤੀ ਨੂੰ ਪਾਸੇ ਕਰਕੇ ਭਾਜਪਾ ਪਲੱਸ ਪਲੱਸ ਦੀ ਰਣਨੀਤੀ ਦੀ ਨੀਂਹ ਰੱਖੀ। ਇਸ ਦਾ ਮਤਲਬ ਕੌਮੀ ਜਮਹੂਰੀ ਗੱਠਜੋੜ ਨੂੰ ਭੰਗ ਕਰਨਾ ਨਹੀਂ ਸਗੋਂ ਇਕ ਪਾਰਟੀ ਦੇ ਤੌਰ 'ਤੇ ਭਾਜਪਾ ਨੂੰ ਏਨਾ ਮਜ਼ਬੂਤ ਕਰਨਾ ਸੀ ਕਿ ਉਸ ਦੇ ਸਹਿਯੋਗੀ ਉਸ ਦੀਆਂ ਸ਼ਰਤਾਂ 'ਤੇ ਸਾਥ ਦੇਣ ਲਈ ਮਜਬੂਰ ਹੋ ਜਾਣ। ਮੋਦੀ ਦੀ ਮੁਹਿੰਮ ਤਿੰਨ-ਪਾਸੜ ਸੀ। ਉਹ ਪਾਰਟੀ 'ਤੇ ਕੇਂਦਰੀ ਲੀਡਰਸ਼ਿਪ ਦੀ ਸ਼ਕਤੀਸ਼ਾਲੀ ਪਕੜ ਦੇ ਸਮਰਥਕ ਸਨ। ਦੂਜੇ ਪਾਸੇ ਉਹ ਪਾਰਟੀ ਨੂੰ ਚੋਣ ਲੜਨ ਦੀ ਜ਼ਬਰਦਸਤ ਮਸ਼ੀਨਰੀ ਵਿਚ ਬਦਲ ਦੇਣਾ ਚਾਹੁੰਦੇ ਸਨ। ਤੀਜਾ ਖੇਤਰੀ ਸ਼ਕਤੀਆਂ ਦੇ ਮੁਕਾਬਲੇ ਉਹ ਰਾਜਾਂ ਵਿਚ ਵੀ ਦੂਜੇ ਦਰਜੇ ਦੀ ਭੂਮਿਕਾ ਨਿਭਾਉਣ ਲਈ ਤਿਆਰ ਨਹੀਂ ਸਨ। ਭਾਜਪਾ ਦੇ ਅੰਦਰੂਨੀ ਹਲਕਿਆਂ ਵਿਚ ਇਸ ਰਣਨੀਤੀ ਨੂੰ ਚੱਪੇ-ਚੱਪੇ ਵਿਚ ਭਾਜਪਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਰਣਨੀਤੀ ਦੇ ਨਤੀਜੇ ਛੇਤੀ ਹੀ ਸਾਹਮਣੇ ਆਉਣ ਲੱਗੇ।
 
ਭਾਜਪਾ ਨੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਲਈ। ਪੰਜਾਬ ਵਿਚ ਉਹ ਅਕਾਲੀ ਦਲ ਕੋਲੋਂ ਬਰਾਬਰ ਸੀਟਾਂ ਮੰਗਣ ਲੱਗੀ। ਬਿਹਾਰ ਵਿਚ ਉਸ ਨੇ ਆਪਣੀ ਤਾਕਤ ਵਧਾਉਣੀ ਜਾਰੀ ਰੱਖੀ ਅਤੇ ਇਸ ਸਮੇਂ ਉਹ ਨਿਤਿਸ਼ ਤੋਂ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਖੋਹਣ ਵਿਚ ਸਿਰਫ ਇਕ ਚੋਣ ਦੂਰ ਹਨ। ਆਂਧਰਾ ਪ੍ਰਦੇਸ਼ ਵਿਚ ਉਸ ਦੀਆਂ ਇਨ੍ਹਾਂ ਇੱਛਾਵਾਂ ਨੇ ਤੇਲਗੂ ਦੇਸਮ ਨੂੰ ਉਸ ਤੋਂ ਵੱਖ ਕਰ ਦਿੱਤਾ। ਓਡੀਸ਼ਾ ਵਿਚ ਬੀਜੂ ਜਨਤਾ ਦਲ ਦਾ ਭਾਜਪਾ ਤੋਂ ਵੱਖ ਹੋਣਾ ਇਸੇ ਰਣਨੀਤੀ ਦਾ ਹਿੱਸਾ ਹੈ। ਅਸਮ ਵਿਚ ਅਸਮ ਗਣ ਪ੍ਰੀਸ਼ਦ ਵੀ ਭਾਜਪਾ ਤੋਂ ਬਹੁਤ ਦੂਰ ਚਲੇ ਗਈ ਹੈ। ਇਸ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਅਕਾਲੀਆਂ ਅਤੇ ਸ਼ਿਵ ਸੈਨਾ ਦਾ ਵੱਖ ਹੋਣਾ ਇਸ ਰਣਨੀਤੀ ਦਾ ਕੁਦਰਤੀ ਨਤੀਜਾ ਹੈ। ਇਸ ਨਾਲ ਭਾਜਪਾ ਅੰਦਰ ਹੀ ਅੰਦਰ ਪ੍ਰੇਸ਼ਾਨ ਨਹੀਂ ਹੈ, ਸਗੋਂ ਉਹ ਇਸ ਨੂੰ ਮਹਾਰਾਸ਼ਟਰ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿਚ ਆਪਣੇ ਲਈ ਇਕ ਮੌਕੇ ਦੀ ਤਰ੍ਹਾਂ ਵੇਖ ਰਹੀ ਹੈ। ਗੱਲ ਠੀਕ ਵੀ ਹੈ। ਇਕ ਪਾਰਟੀ ਜੋ ਰਾਸ਼ਟਰੀ ਪੱਧਰ 'ਤੇ ਕਾਂਗਰਸ ਸਾਹਮਣੇ ਆਪਣੀ ਤਾਕਤ ਸਥਾਪਤ ਕਰਨਾ ਚਾਹੁੰਦੀ ਹੈ, ਉਹ 90 ਦੇ ਦਹਾਕੇ ਦੀ ਕੌਮੀ ਜਮਹੂਰੀ ਗੱਠਜੋੜ ਪਲੱਸ ਪਲੱਸ ਦੀ ਪੁਰਾਣੀ ਰਣਨੀਤੀ ਵਿਚ ਅਟਕੀ ਨਹੀਂ ਰਹਿ ਸਕਦੀ। ਉਸ ਸਮੇਂ ਭਾਜਪਾ ਦਿੱਲੀ ਵਿਚ ਪੈਰ ਜਮਾਉਣਾ ਚਾਹੁੰਦੀ ਸੀ ਪਰ ਅੱਜ ਦੀ ਭਾਜਪਾ ਖੇਤਰਾਂ ਵਿਚ ਪੈਰ ਜਮਾਉਣਾ ਚਾਹੁੰਦੀ ਹੈ।
 
ਭਾਜਪਾ ਵਿਰੋਧੀਆਂ ਵਲੋਂ ਬਾਦਲ ਦਲ ਦੀ ਸ਼ਲਾਘਾ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਵਲੋਂ ਐਨ.ਡੀ.ਏ. ਛੱਡਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਤੇ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਤੀਜੀ ਪਾਰਟੀ ਹੈ, ਜਿਸ ਨੇ ਗੱਠਜੋੜ ਨੂੰ ਤਿਆਗ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਤੇ ਪਾਰਟੀ ਦੇ ਰਾਜ ਸਭਾ ਮੈਂਬਰ ਡੈਰੇਕ ਓ ਬਰਾਇਨ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਅਕਾਲੀ ਦਲ ਤੇ ਸੁਖਬੀਰ ਸਿੰਘ ਵਲੋਂ ਕਿਸਾਨਾਂ ਦੇ ਹਿਤਾਂ 'ਚ ਲਏ ਫੈਸਲੇ ਦਾ ਸਮਰਥਨ ਕਰਦੇ ਹਾਂ, ਕਿਉਂਕਿ ਕਿਸਾਨਾਂ ਦੇ ਹੱਕਾਂ ਲਈ ਲੜਨਾ ਤ੍ਰਿਣਮੂਲ ਦੇ ਡੀ.ਐਨ.ਏ. 'ਚ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਰਪ੍ਰਸਤ ਸ਼ਰਦ ਪਵਾਰ ਵਲੋਂ ਵੀ ਟਵੀਟ ਕਰਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਨੂੰ ਕਿਸਾਨਾਂ ਨਾਲ ਖੜ੍ਹਨ ਲਈ ਧੰਨਵਾਦ ਕੀਤਾ ਗਿਆ। ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਵਲੋਂ ਵੀ ਅਕਾਲੀ ਦਲ ਵਲੋਂ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਸ਼ਲਾਘਾ ਕੀਤੀ ਗਈ।
 
ਡਾ. ਫਾਰੂਕ ਅਬਦੁੱਲਾ ਵਲੋਂ ਅਕਾਲੀ ਦਲ ਵੱਲੋਂ ਲਏ ਸਟੈਂਡ ਦੀ ਸ਼ਲਾਘਾ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਉਘੇ ਆਗੂ ਡਾ. ਫਾਰੂਕ ਅਬਦੁੱਲਾ ਨੇ ਅਕਾਲੀ ਦਲ ਵੱਲੋਂ ਕਿਸਾਨਾਂ ਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਬਾਰੇ ਲਏ ਸਟੈਂਡ ਦੀ ਸ਼ਲਾਘਾ ਕੀਤੀ ਹੈ। ਡਾ. ਅਬਦੁੱਲਾ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਤੇ ਸ਼੍ਰੋਮਣੀ ਅਕਾਲੀ ਵੱਲੋਂ ਦੋਵੇਂ ਮਾਮਲਿਆਂ ’ਤੇ ਲਏ ਦਲੇਰਾਨਾ ਤੇ ਸਿਧਾਂਤਕ ਸਟੈਂਡ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹਾ ਕਰਦਿਆਂ ਨਾ ਸਿਰਫ ਤੁਸੀਂ ਆਪਣੀ ਪਾਰਟੀ ਦੇ ਸ਼ਾਨਾਮੱਤੀ ਵਿਰਸੇ ’ਤੇ ਚਲੇ ਰਹੇ ਹੋ ਬਲਕਿ ਤੁਸੀਂ ਕਿਸਾਨਾਂ ਤੇ ਦੇਸ਼ ਵਿਚ ਸਮਾਜ ਦੇ ਹੋਰ ਕਸੂਤੇ ਫਸੇ ਵਰਗਾਂ ਵਾਸਤੇ ਇਕ ਆਸ ਦੀ ਕਿਰਨ ਪੈਦਾ ਕੀਤੀ ਹੈ। ਡਾ. ਅਬਦੁੁੱਲਾ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ਾਂ ਨਾਲ ਚਿਰ ਕਾਲੀ ਸਾਥ ਦਾ ਮਾਣ ਹੈ ਜਿਸ ਤਹਿਤ ਅਕਾਲੀ ਦਲ ਇਕ ਖੇਤਰੀ ਪਾਰਟੀ ਵਜੋਂ ਦੇਸ਼ ਵਿਚ ਇਕ ਸਹੀ ਅਰਥਾਂ ਵਿਚ ਸੰਘੀ ਢਾਂਚਾ ਬਣਾਉਣ ਦਾ ਹਮਾਇਤੀ ਹੈ ।
 
ਸੁਖਬੀਰ ਸਿੰਘ ਬਾਦਲ ਨੇ ਡਾ. ਅਬਦੁੱਲਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸੰਘਰਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਅਹਿਦ ਕੀਤਾ।
 
ਬਾਦਲ ਵਿਰੋਧੀਆਂ ਦਾ ਅਲਗ ਪੱਖ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਐੱਨਡੀਏ ਦੇ ਤੋੜ ਵਿਛੋੜੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਨਹੁੰ-ਮਾਸ ਦਾ ਰਿਸ਼ਤਾ ਐਵੇਂ ਹੀ ਵੱਖ ਨਹੀਂ ਹੋਇਆ ਸਗੋਂ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਰੋਹ ਨੇ ਕੀਤਾ ਹੈ। 
 
ਮਾਨ ਨੇ ਆਖਿਆ ਕਿ ਜੇਕਰ ਅਕਾਲੀ ਦਲ ਨੇ ਸਮੇਂ ਸਿਰ ਕਦਮ ਚੁੱਕਿਆ ਹੁੰਦਾ ਤਾਂ ਪੰਜਾਬ ਦੀ ਕਿਸਾਨੀ ਬਰਬਾਦ ਨਾ ਹੁੰਦੀ। ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਰਹੇ ਸਨ ਕਿ ਉਨ੍ਹਾਂ ਦੇ ਜਿਊਂਦੇ ਜੀਅ ਐੱਨਡੀਏ ਨਾਲ ਕਦੇ ਵੀ ਅਕਾਲੀ ਦਲ ਦਾ ਰਿਸ਼ਤਾ ਨਹੀਂ ਟੁੱਟੇਗਾ ਪਰ ਹੁਣ ਸੁਖਬੀਰ ਬਾਦਲ ਨੇ ਮਜਬੂਰੀ ਵਿੱਚ ਨਾਤਾ ਤੋੜਨ ਦਾ ਡਰਾਮਾ ਕਰਕੇ ਵੱਡੇ ਬਾਦਲ ਦਾ ਬੁਢਾਪਾ ਵੀ ਸੰਕਟ ਵਿਚ ਪਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਪਹਿਲਾਂ ਹੀ ਆਖ ਚੁੱਕੇ ਸਨ ਕਿ 1920 ’ਚ ਬਣਿਆ ਅਕਾਲੀ ਦਲ 2020 ਖ਼ਤਮ ਹੋ ਜਾਵੇਗਾ।
 
ਸੁਖਬੀਰ ਦਲ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਦਿਨ ਪੁੱਗ ਗਏ ਹਨ ਅਤੇ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਨੂੰ ਮੂੰਹ ਨਹੀਂ ਲਾਉਣਗੇ।
 
ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਦੇ ਡਰੋਂ ਅਤੇ ਦਬਾਅ ਵਿਚ ਅਕਾਲੀ ਦਲ ਨੇ ਐੱਨਡੀਏ ’ਚੋਂ ਬਾਹਰ ਆਉਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਦੇ ਅੰਦਰੋਂ ਵੀ ਲੀਡਰ ਔਖੇ ਹਨ ਅਤੇ ਹੌਲੀ ਹੌਲੀ ਸੁਖਬੀਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਭ ਆਗੂ ਛੱਡ ਜਾਣਗੇ।
 
ਅਕਾਲੀ ਦਲ ਨੇ ਗੱਠਜੋੜ ਤੋੜ ਕੇ ਗਲਤੀ ਕੀਤੀ: ਮਿੱਤਲ
ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਹਿੰਦੂ-ਸਿੱਖ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਵਾਲੇ ਤੇ 23 ਸਾਲ ਪੁਰਾਣੇ ਅਕਾਲੀ-ਭਾਜਪਾ ਗੱਠਜੋੜ ਨੂੰ ਹੋਂਦ ’ਚ ਲਿਆਉਣ ਵਾਲੇ ਬਾਨੀਆਂ ਸਣੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਝੌਤਾ ਤੋੜਨ ਦਾ ਫ਼ੈਸਲਾ ਲੈ ਕੇ ਇਤਿਹਾਸਕ ਭੁੱਲ ਕੀਤੀ ਹੈ ਜਿਸ ਕਰਕੇ ਹੁਣ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਿਘਾਰ ਤਕ ਲੈ ਜਾਣ ਵਾਲਿਆਂ ਕਰਕੇ ਜਾਣਿਆ ਜਾਵੇਗਾ।
 
ਮਿੱਤਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਗੱਠਜੋੜ ਦੇ ਬਾਨੀਆਂ ਵਿੱਚੋਂ ਜਾਣੇ ਜਾਂਦੇ ਹਨ ਪਰ ਇਸ ਇਤਿਹਾਸਿਕ ਗੱਠਜੋੜ ਨੂੰ ਤੋੜਨ ਲੱਗਿਆਂ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਾਏ ਨਹੀਂ ਲਈ ਗਈ। ਇਸ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ ਵਰਗੇ ਤਜਰਬੇਕਾਰ ਅਕਾਲੀਆਂ ਨੂੰ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਗਿਆ। ਸੂਬੇ ’ਚ ਹੁਣ ਭਾਰਤੀ ਜਨਤਾ ਪਾਰਟੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇੱਕ ਸੌ ਸਤਾਰਾਂ ਸੀਟਾਂ ’ਤੇ ਵਿਧਾਨ ਸਭਾ ਚੋਣਾਂ ਹੀ ਨਹੀਂ ਲੜੇਗੀ ਬਲਕਿ ਪੰਜਾਬ ਦੀ ਤਰੱਕੀ ਤੇ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਲਈ ਡਟ ਕੇ ਪਹਿਰਾ ਦੇਵੇਗੀ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖੁਸ਼ਹਾਲ ਕੀਤਾ ਜਾ ਸਕੇ।