ਆਰਐਸਐਸ ਦਾ ਹਿੰਦੂ ਰਾਸ਼ਟਰਵਾਦ ਜਮਹੂਰੀਅਤ ਤੇ ਰਬ ਵਿਰੋਧੀ

ਆਰਐਸਐਸ ਦਾ ਹਿੰਦੂ ਰਾਸ਼ਟਰਵਾਦ ਜਮਹੂਰੀਅਤ ਤੇ ਰਬ ਵਿਰੋਧੀ

ਰਜਿੰਦਰ ਸਿੰਘ                                                       

ਆਰਐਸਐਸ ਨੇਤਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਪਲੇਟਫਾਰਮ ਤੋਂ ਬੋਲਦੇ ਹਨ, ਜਨਤਾ ਨਾਲ ਸੰਚਾਰ ਨਹੀਂ ਕਰਦੇ ਅਤੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੰਦੇ। ਇਸ ਲਈ ਉਹ ਧਰਮ ਦੇ ਨਾਮ ਤੇ ਅਧਰਮ, ਗਿਆਨ ਦੇ ਨਾਮ ਤੇ ਅਗਿਆਨਤਾ ਅਤੇ ਸੱਚ ਦੇ ਨਾਮ ਤੇ ਝੂਠ ਤੇ ਕੂੜ ਦਾ ਪਾਸਾਰ ਕਰਦੇ ਹਿੰਦੂ ਰਾਸ਼ਟਰਵਾਦ ਦਾ ਏਜੰਡਾ ਪੇਸ਼ ਕਰਦੇ ਹਨ। ਇਹ ਯਾਦ ਰੱਖੋ ਕਿ ਆਰਐਸਐਸ ਝੂਠ, ਫਿਰਕੂਵਾਦ ਦੀ ਫੈਕਟਰੀ ਹੈ, ਜਮਹੂਰੀਅਤ ਦਾ ਵਿਰੋਧ ਕਰਨ ਵਾਲੀਆਂ ਫਿਰਕੂ ਪਾਰਟੀਆਂ ਇਥੋ ਹੀ ਤਿਆਰ ਹੁੰਦੀਆਂ ਹਨ। ਆਓ ਹੁਣ ਮੋਹਨ ਭਾਗਵਤ ਦੇ ਜੁਮਲੇ ਦਾ ਵਿਸ਼ਲੇਸ਼ਣ ਕਰੀਏ।

ਮੋਹਨ ਭਾਗਵਤ ਕਹਿੰਦੇ ਹਨ, ''ਰਾਜਨੀਤਿਕ ਲਾਭ ਲਈ ਹਿੰਦੂ ਸਮਾਜ ਨੂੰ ਵੰਡਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਹਿੰਦੂਆਂ ਨੂੰ ਇਸ ਸਾਜਿਸ਼ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ।'' ਪਰ ਉਸਨੇ ਇਹ ਨਹੀਂ ਕਿਹਾ ਕਿ ਕੌਣ ਰਾਜਨੀਤਿਕ ਲਾਭ ਲਈ ਹਿੰਦੂ ਸਮਾਜ ਨੂੰ ਵੰਡਣ ਦੀ ਸਾਜਿਸ਼ ਰਚ ਰਿਹਾ ਹੈ? ਕੀ ਇਹ ਸਾਜਿਸ਼ ਮੁਸਲਮਾਨਾਂ ਜਾਂ ਈਸਾਈਆਂ ਦੁਆਰਾ ਰਚੀ ਜਾ ਰਹੀ ਹੈ ਜਾਂ ਸਿੱਖਾਂ ਵਲੋਂ? ਜੇ ਮੁਸਲਮਾਨ ਇਹ ਸਾਜਿਸ਼ ਕਰ ਰਹੇ ਹਨ ਤਾਂ ਉਹ ਹਿੰਦੂਆਂ ਨੂੰ ਕਿਵੇਂ ਵੰਡ ਰਹੇ ਹਨ? ਅਤੇ ਉਨ੍ਹਾਂ ਨੇ ਕਿੰਨਾ ਹਿੰਦੂਆਂ ਨੂੰ ਵੰਡਿਆ? ਜੇ ਈਸਾਈ ਹਿੰਦੂਆਂ ਨੂੰ ਵੰਡਣ ਦੀ ਸਾਜਿਸ਼ ਰਚ ਰਹੇ ਹਨ, ਤਾਂ ਉਨ੍ਹਾਂ ਦੀ ਦੇਸ਼ ਵਿਚ ਕਿੰਨੀ ਤਾਕਤ ਹੈ, ਜਿਸ ਨੂੰ ਉਹ ਹਿੰਦੂਆਂ ਵਿਚ ਵੰਡਣਗੇ? ਮੋਹਨ ਭਾਗਵਤ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੰਦੇ। ਭਾਗਵਤ ਦਾ ਵਿਚਾਰ ਸੱਚ ਨਹੀਂ ਹੈ, ਝੂਠ ਹੈ। ਆਰ ਐੱਸ ਐੱਸ ਦੇ ਨੇਤਾ ਇਸ ਸੱਚ ਨੂੰ ਛੁਪਾਉਣਾ ਚਾਹੁੰਦੇ ਹਨ ਕਿ ਹਿੰਦੂ ਸਮਾਜ ਆਪਣੇ ਆਪ ਵਿਚ ਵਰਨਾਂ ਅਤੇ ਹਜ਼ਾਰਾਂ ਜਾਤੀਆਂ ਵਿਚ ਵੰਡਿਆ ਹੋਇਆ ਸਮਾਜ ਹੈ ਤਾਂ ਫਿਰ ਕੌਣ ਸਮਾਜ ਨੂੰ ਪਹਿਲਾਂ ਹੀ ਖੰਡਿਤ ਕਰ ਸਕਦਾ ਹੈ? ਬ੍ਰਾਹਮਣ, ਖੱਤਰੀ ਅਤੇ ਵੈਸ਼ ਦੇ ਭਾਈਚਾਰਕ ਹਿੱਤ ਵੱਖਰੇ ਹਨ।  ਇਹ ਤਿੰਨ ਇਕਾਈਆਂ ਹਮੇਸ਼ਾਂ ਦਲਿਤ-ਪੱਛੜੀਆਂ ਜਾਤੀਆਂ ਨੂੰ ਦਬਾਉਣ ਲਈ ਵਰਤੀਆਂ ਜਾਦੀਆਂ ਹਨ ।

ਦਲਿਤ-ਪਛੜੀਆਂ ਜਾਤੀਆਂ ਵਿਕਾਊ ਵੋਟ ਬੈਂਕ ਤਹਿਤ ਭਾਜਪਾ ਨੂੰ ਵੋਟ ਦੇ ਕੇ ਆਰ ਐੱਸ ਐੱਸ ਨੂੰ ਮਜ਼ਬੂਤ ਕਰਦੇ ਹਨ। ਇਹ ਯਾਦ ਰੱਖੋ ਕਿ ਆਰਐਸਐਸ ਮੁਸਲਿਮ ਵਿਰੋਧੀ ਹੈ, ਪਰ ਲੋਕ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸਦਾ ਅਸਲ ਕੰਮ ਦਲਿਤ-ਓ ਬੀ ਸੀ ਜਾਤੀਆਂ ਨੂੰ ਦਬਾਉਣ ਦਾ ਹੈ। 

ਭਾਗਵਤ ਅਨੁਸਾਰ ਹਿੰਦੂ ਸ਼ਬਦ ਦੇਸ਼ ਦੀ ਸਾਰੀ ਆਬਾਦੀ 'ਤੇ ਲਾਗੂ ਹੁੰਦਾ ਹੈ ਅਤੇ ਉਨ੍ਹਾਂ ਸਾਰਿਆਂ 'ਤੇ ਢੁੱਕਦਾ ਹੈ ਜਿਹੜੇ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ 'ਤੇ ਮਾਣ ਕਰਦੇ ਹਨ। ਉਸ ਨੇ ਇਹ ਦਲੀਲ ਵੀ ਦਿੱਤੀ ਕਿ ਹਿੰਦੂ ਹੋਣ ਦਾ ਮਤਲਬ ਆਪਣੇ ਵਿਸ਼ਵਾਸ, ਭਾਸ਼ਾ, ਧਰਮ ਜਾਂ ਕਿਸੇ ਹੋਰ ਪਛਾਣ ਨੂੰ ਤਿਆਗਣਾ ਨਹੀਂ। ਇਸ ਤਰ੍ਹਾਂ ਆਰਐੱਸਐੱਸ ਅਤੇ ਭਾਗਵਤ ਅਨੁਸਾਰ ਇਸ ਦੇਸ਼ ਵਿਚ ਵੱਸਣ ਵਾਲੇ ਸਾਰੇ ਹਿੰਦੂ ਹਨ।

ਆਰਐੱਸਐੱਸ ਅਤੇ ਭਾਗਵਤ ਦੀ 'ਹਿੰਦੂ' ਸ਼ਬਦ ਦੀ ਇਹ ਪਰਿਭਾਸ਼ਾ ਵੱਡੀਆਂ ਮੁਸ਼ਕਿਲਾਂ ਪੈਦਾ ਕਰਨ ਵਾਲੀ ਹੈ। ਹਿੰਦੂ ਸ਼ਬਦ ਵੇਦਾਂ, ਉਪਨਿਸ਼ਦਾਂ ਜਾਂ ਹੋਰ ਧਾਰਮਿਕ ਗ੍ਰੰਥਾਂ ਵਿਚ ਬਿਲਕੁਲ ਨਹੀਂ ਹੈ। ਸਦੀਆਂ ਤਕ ਇਸ ਦੇਸ਼ ਵਿਚ ਵਸਦੇ ਵੱਖ ਵੱਖ ਪੰਥ ਅਤੇ ਲੋਕ ਧਰਮ ਜਿਵੇਂ ਸ਼ੈਵ, ਵੈਸ਼ਨਵ, ਸਨਾਤਨ ਧਰਮ ਅਤੇ ਹੋਰ ਸੈਂਕੜੇ ਰਹੁ-ਰੀਤੀਆਂ ਵਿਚ ਬੱਧੇ ਲੋਕ ਆਪਣੇ ਆਪ ਨੂੰ ਵੱਖ ਵੱਖ ਇਕਾਈਆਂ ਸਮਝਦੇ ਸਨ। ਬਾਅਦ ਵਿਚ ਬੁੱਧ ਧਰਮ ਅਤੇ ਜੈਨ ਧਰਮ ਉੱਭਰੇ ਅਤੇ ਬੁੱਧ ਧਰਮ ਨੇ ਸਮਾਜਿਕ ਏਕਤਾ ਅਤੇ ਇਨਸਾਨੀ ਬਰਾਬਰੀ ਦੇ ਪੂਰਨੇ ਪਾਉਣ ਦਾ ਯਤਨ ਕੀਤਾ ਤੇ ਕਦੇ ਬੁਧ ਧਰਮ ਨੇ ਆਪਣੇ ਆਪ ਨੂੰ ਹਿੰਦੂ ਧਰਮ ਵਿਚ ਨਹੀਂ ਗਿਣਿਆ। ਅੰਗਰੇਜ਼ ਬਸਤੀਵਾਦ ਦੇ ਸਮਿਆਂ ਵਿਚ ਬਹੁਤ ਸਾਰੇ ਪੰਥਾਂ ਅਤੇ ਲੋਕ-ਧਰਮਾਂ ਨੂੰ ਇਸ ਸ਼ਬਦ (ਹਿੰਦੂ) ਦੀ ਸ਼੍ਰੇਣੀ ਵਿਚ ਰੱਖਿਆ ਅਤੇ ਪੱਕਿਆਂ ਕੀਤਾ ਗਿਆ। 

ਮੋਹਨ ਭਾਗਵਤ ਦਾ ਹਿੰਦੂ ਸੰਕਲਪ ਇਕ ਫਰਾਡ ਤੇ ਝੂਠ ਹੈ ਕਿ ਸਾਰਾ ਭਾਰਤ ਹਿੰਦੂ ਸਭਿਆਚਾਰ ਦਾ ਅੰਗ ਹੈ ਤੇ ਭਾਰਤ ਹਿੰਦੂ ਰਾਸ਼ਟਰਵਾਦ ਹੈ। ਪਹਿਲੀ ਗਲ ਜਿਸ ਸੰਵਿਧਾਨ ਦੀ ਸੌਂਹ ਖਾਕੇ ਤੁਸੀਂ ਰਾਜ ਕਰ ਰਹੇ ਹੋ ,ਉਸ ਵਿਚੋਂ ਘੌਖ ਕੇ ਦਸੋ ਕਿ ਹਿੰਦੂ ਦੀ ਪਰਿਭਾਸ਼ਾ ਕੀ ਹੈ। ਹਿੰਦੂ ਭਾਈਚਾਰਾ ਵੈਦਿਆ ਗਰੰਥਾਂ ਨੂੰ ਆਪਣਾ ਧਰਮ ਸਮਝਦਾ ਹੈ ਉਸ ਵਿਚ ਇਹ ਵਿਆਖਿਆ ਕਿਥੇ ਹੈ। ਹਿੰਦੂ ਸੰਕਲਪ ਕਿਥੇ ਹੈ। ਵੇਦ ਸਚ ਤੇ ਬ੍ਰਹਮ ਦੀ ਗਲ ਕਰਦੇ ਹਨ ,ਪਰ ਤੁਸੀਂ ਬ੍ਰਹਮ ਵਿਰੋਧੀ ਬਾਹਮਣਵਾਦ ਦੀ ਗਲ ਕਰਕੇ ਸਮੁਚੀਆਂ ਸੰਸਕਿਰਤੀਆਂ ਨੂੰ ਖਤਮ ਕਰਕੇ ਰਬੀ ਤੇ ਬ੍ਰਹਮ ਬਣਤਰ ਤੇ ਵਾਜੂਦ ਨੂੰ ਚੈਲਿੰਜ ਕਰ ਰਹੇ ਹੋ। ਰਬ ਦੀ ਭਿੰਨ ਭਿੰਨ ਸਵੰਨਤਾ ਵਾਲੀ ਕੁਦਰਤ ਤੁਸੀਂ ਕਿਵੇਂ ਬਦਲ ਸਕਦੇ ਹੋ। ਬ੍ਰਹਮਾ ਸਿਮਰਤੀਆਂ ਵਿਚ ਹੈ ਜਿਸ ਦਾ ਖਾਸਾ ਜਾਤੀਵਾਦੀ, ਦਲਿਤ ਤੇ ਮਨੁੱਖਤਾ ਵਿਰੋਧੀ ਰਬੀ ਸਚ ਨੂੰ ਚੈਲਿੰਜ ਕਰਨ ਵਾਲਾ ਹੈ। ਤੁਸੀਂ ਭਗਵਾਨ ਦੀ ਕੁਦਰਤ ਨੂੰ ਚੈਲਿੰਜ ਕਿਵੇਂ ਕਰ ਸਕਦੇ ਹੋ। ਜੋ ਤੁਸੀਂ ਝੂਠ ਬੋਲ ਰਹੇ ਹੋ ਇਹ ਸਭ ਬਾਹਮਣਵਾਦ ਦੀ ਦੇਣ ਹੈ ਜੋ ਮਨੁੱਖਤਾ ਵਿਚ ਵੰਡੀਆਂ ਪਾਉਂਦਾ ਹੈ ਪਰ ਇਹ ਰਬੀ ਸਚ ਨਹੀਂ। ਕੀ ਵੰਡੀਆਂ ਪਾਉਣਾ ਦੇਸ ਭਗਤੀ ਹੈ। ਪਾਕਿਸਤਾਨ ਚੀਨ ਦੇ ਖਤਰੇ ਦੇਸ ਉਪਰ ਮੰਡਰਾ ਰਹੇ ਹਨ ਤੁਸੀਂ ਵਾਦ ਵਿਵਾਦ ਪੈਦਾ ਕਰਕੇ ਸਮਾਜ ਵਿਚ ਕੁੜਤਨ ਵਧਾ ਰਹੇ ਹੋ। ਨਵੇਂ ਖਤਰੇ ਪੈਦਾ ਕਰ ਰਹੇ ਹੋ। ਵੇਦਾਂ ਦਾ ਸਚ ਮਨੁੱਖਤਾ ਪਰੇਮ ਹੈ ਤੇ ਇਹ ਪ੍ਰੇਮ ਦਰਿਆ ਵਗਣ ਦਿਉ। ਗੁਰੂ ਗਰੰਥ ਸਾਹਿਬ ਪੜੋ ਤਾਂ ਜੋ ਵੈਦਿਕ ਫਿਲਾਸਫੀ ਦਾ ਸਚ ਤੁਹਾਨੂੰ ਸਮਝ ਆ ਸਕੇ।

ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ॥
ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ॥ (ਅੰਗ 489)

ਪੁਰਾਣਾਂ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਿਤ ਲੋਕ  ਮਿੱਠੀ ਸੁਰ ਵਿੱਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ, ਕਈ ਜੁਗ ਉਸ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ, ਪਰ ਬ੍ਰਹਮ ਦਾ ਅੰਤ ਨਾ ਲੱਭ ਸਕਿਆ। ਰਬ ਆਪ ਹੀ ਸੰਸਾਰ ਦੀ ਕਾਰ ਚਲਾਉਣ ਵਾਲਾ ਹੈ, ਦੇ ਪ੍ਰਸੰਗ ਵਿੱਚ ਬ੍ਰਹਮਾ ਦੇ ਸ੍ਰਿਸ਼ਟੀ ਰਚਨਾ ਬਾਰੇ ਪ੍ਰਚਲਤ ਧਾਰਨਾ ਦੇ ਹਵਾਲੇ ਦੇ ਰੂਪ ਵਿਚ:-

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ 
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥(ਅੰਗ 7) 

ਅਨੁਸਾਰ ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ ਬ੍ਰਹਮਾ ਘਰਬਾਰੀ ਬਣ ਗਿਆ ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ, ਇੱਕ ਵਿਸ਼ਨੂੰ ਭੰਡਾਰੇ ਦਾ ਮਾਲਕ ਬਣ ਗਿਆ ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ ਅਤੇ ਇੱਕ ਸ਼ਿਵ ਕਚਹਿਰੀ ਲਾਉਂਦਾ ਹੈ ਭਾਵ, ਜੀਵਾਂ ਨੂੰ ਸੰਘਾਰਦਾ ਹੈ। ਪਰ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ।

ਗੁਰੂ ਸਾਹਿਬ ਅੱਗੇ ਬ੍ਰਹਮਾ ਦਾ ਸੰਕਲਪ ਪ੍ਰਗਟ ਕਰਦੇ ਸਚ ਦਸਦੇ ਹਨ,                              

ਬ੍ਰਹਮੈ ਗਰਬੁ ਕੀਆ ਨਹੀ ਜਾਨਿਆ॥
ਬੇਦ ਕੀ ਬਿਪਤਿ ਪਡਪਛੁਤਾਨਿਆ॥
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥ (ਅੰਗ 224)

ਬ੍ਰਹਮਾ ਨੇ ਅਹੰਕਾਰ ਕੀਤਾ ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ? ਉਸ ਨੇ ਰਬ ਦੀ ਬੇਅੰਤਤਾ ਨੂੰ ਨਹੀਂ ਸਮਝਿਆ। ਜਦੋਂ ਉਸ ਦਾ ਹੰਕਾਰ ਤੋੜਨ ਵਾਸਤੇ ਉਸ ਦੇ ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ। ਜਦੋਂ ਉਸ ਬਿਪਤਾ ਵੇਲੇ ਉਸ ਨੇ ਬ੍ਰਹਮ ਨੂੰ ਸਿਮਰਿਆ ਤੇ ਬ੍ਰਹਮ ਨੇ ਉਸ ਦਾ ਬੇੜਾ ਪਾਰ ਕੀਤਾ। ਸੋ ਭਾਗਵਤ ਜੀ ਤੁਸੀਂ ਬ੍ਰਹਮ ਦੀ ਥਾਂ ਬ੍ਰਹਮਾ ਦੀ ਮਾਇਆ ਵਿਚ ਯਕੀਨ ਕਰਕੇ ਵੈਦਿਕ ਫਿਲਾਸਫੀ ਰਦ ਕਰ ਰਹੇ ਹੋ। ਸੋਚੋ ਸਮਝੋ ਫਿਰ ਬਿਆਨ ਕਰੋ। ਤੁਹਾਡੀ ਰਚਨਾ ਝੂਠ ਹੈ ਬ੍ਰਹਮ ਸਚ ਹੈ।