ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਦਾ ਮਤਾ ਅਮਰੀਕਨ ਕਾਂਗਰਸ ਵਿੱਚ ਪੇਸ਼ ਕੀਤਾ ਗਿਆ

ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਦਾ ਮਤਾ ਅਮਰੀਕਨ ਕਾਂਗਰਸ ਵਿੱਚ ਪੇਸ਼ ਕੀਤਾ ਗਿਆ

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ਕਾਂਗਰਸ ਵਿੱਚ ਅਮਰੀਕਨ ਸਿੱਖਾਂ ਵੱਲੋਂ ਦੇਸ਼ ਹਿੱਤ ਪਾਏ ਯੋਗਦਾਨ ਦੀ ਸ਼ਲਾਘਾ ਦਾ ਮਤਾ ਪੇਸ਼ ਕੀਤਾ ਗਿਆ।  ਮਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਨ ਸਿੱਖਾਂ ਨੇ ਆਪਣੇ ਧਰਮ ਅਤੇ ਸੇਵਾ ਰਾਹੀਂ ਸਭ ਲੋਕਾਂ ਤੋਂ ਸਤਿਕਾਰ ਹਾਸਿਲ ਕਰਕੇ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਮਤੇ ਵਿੱਚ ਅਮਰੀਕਾ ਅਤੇ ਦੁਨੀਆ ਭਰ ‘ਚ ਸਿੱਖਾਂ ਨਾਲ ਹੋਏ ਵਿਤਕਰਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਮਤਾ ਕਾਂਗਰਸ ਵਿੱਚ ਕਾਂਗਰਸਮੈਨ ਟੀ.ਜੇ ਕੋਕਸ ਨੇ ਪੇਸ਼ ਕੀਤਾ। ਉਹ ਅਮਰੀਕਨ ਸਿੱਖ ਕੋਂਗਰੇਸ਼ਨਲ ਕਾਉਕਸ ਦੇ ਵਾਈਸ ਚੇਅਰਮੈਨ ਵੀ ਹਨ। ਉਹਨਾਂ ਕਿਹਾ ਕਿ ਇਹ ਮਤਾ ਪੇਸ਼ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ।

ਉਹਨਾਂ ਕਿਹਾ ਕਿ ਅੱਜ ਦੇ ਸਮੇਂ ਅਮਰੀਕਨ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਿੱਖਾਂ ਦਾ ਪ੍ਰਭਾਵ ਹੈ। 

ਕੋਕਸ ਦੇ ਨਾਲ ਇਸ ਮਤੇ ਨੂੰ ਕਾਂਗਰਸ ਮੈਂਬਰ ਜੋਹਨ ਗੈਰੇਮੇਂਡੀ, ਹੈਲੇ ਸਟੀਵਨਸ, ਟੇਡ ਯੋਹੋ ਅਤੇ ਜ਼ੋਏ ਲੋਫਗ੍ਰੇਨ ਨੇ ਵੀ ਪੇਸ਼ ਕੀਤਾ। 

ਸਿੱਖ ਸੰਸਥਾ ਸਿੱਖ ਕੋਆਲੀਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਤਿਆਂ ਰਾਹੀਂ ਉਹ ਚੁਣੇ ਹੋਏ ਨੁਮਾਂਇੰਦਿਆਂ ਨਾਲ ਸਬੰਧ ਸਥਾਪਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮਤਿਆਂ ਨਾਲ ਜਿੱਥੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲਦੀ ਹੈ ਉੱਥੇ ਹੀ ਇਹ ਮਤੇ ਸਿੱਖ ਅਮਰੀਕਨਾਂ ਦੇ ਨਾਗਰਿਕ ਹੱਕਾਂ ਦੀ ਸੁਰੱਖਿਅਤ ਅਤੇ ਸਤਿਕਾਰ ਨੂੰ ਯਕੀਨੀ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ।