ਬੇਚੈਨ ਏ ਪੰਜਾਬ ਦਾ ਯੂਥ

ਬੇਚੈਨ ਏ ਪੰਜਾਬ ਦਾ ਯੂਥ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਸਿਆਸੀ ਅਤੇ ਪ੍ਰਸ਼ਾਸਕੀ ਜਮਾਤ

ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਵਿਦਿਆਰਥਣ ਦੁਆਰਾ ਆਈਲੈਟਸ ਦਾ ਇਮਤਿਹਾਨ ਪਾਸ ਨਾ ਕਰ ਸਕਣ ਕਾਰਨ ਕੀਤੀ ਖ਼ੁਦਕੁਸ਼ੀ ਦਾ ਦੁਖਾਂਤ ਵਾਪਰਿਆ। ਕੋਈ ਵੀ ਹੀਲਾ-ਵਸੀਲਾ ਵਰਤ ਕੇ ਪੰਜਾਬ ਦੀ ਧਰਤੀ ਨੂੰ ਛੱਡ ਕੇ  ਪਰਵਾਸ ਕਰਨਾ ਪੰਜਾਬ ਦੀ ਬੇਚੈਨ ਆਤਮਾ ਦਾ ਚਿੰਨ੍ਹ ਬਣ ਗਿਆ ਹੈ। 2021 ਵਿਚ ਲੋਕ ਸਭਾ ਵਿਚ ਦਿੱਤੇ ਗਏ ਇਕ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ 2016 ਤੋਂ 2021 ਵਿਚਕਾਰ 9.84 ਲੱਖ ਲੋਕਾਂ ਨੇ ਪਰਵਾਸ ਕੀਤਾ ਜਿਨ੍ਹਾਂ ਵਿਚੋਂ 3.79 ਲੱਖ ਵਿਦਿਆਰਥੀ ਸਨ ਅਤੇ 6 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਕੰਮ ਕਰਨ ਦੇ ਆਧਾਰ ’ਤੇ ਵੀਜ਼ਾ ਮਿਲਿਆ ਸੀ। 2021 ਵਿਚ ਹੀ ਰਾਜ ਸਭਾ ਵਿਚ ਪੁੱਛੇ ਇਕ ਪ੍ਰਸ਼ਨ ਦੇ ਉੱਤਰ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ 2016 ਵਿਚ ਪੰਜਾਬ ਦੇ 36,000 ਵਿਦਿਆਰਥੀਆਂ ਨੇ ਪੜ੍ਹਾਈ ਕਰਨ ਲਈ ਵਿਦੇਸ਼ਾਂ ਦਾ ਵੀਜ਼ਾ ਲਿਆ ਜਦੋਂਕਿ 2019 ਵਿਚ ਇਹ ਗਿਣਤੀ 73,000 ਤਕ ਪਹੁੰਚ ਗਈ। 2020 ਵਿਚ ਜਦੋਂ ਸਾਰੀ ਦੁਨੀਆ ਕਰੋਨਾ ਤੋਂ ਪ੍ਰਭਾਵਿਤ ਸੀ, ਤਦ ਵੀ 38,000 ਪੰਜਾਬੀ ਵਿਦਿਆਰਥੀ ਪੜ੍ਹਾਈ ਆਧਾਰਿਤ ਵੀਜ਼ਾ ਲੈ ਕੇ ਵਿਦੇਸ਼ਾਂ ਨੂੰ ਗਏ। 2021 ਤੇ 2022 ਵਿਚ ਇਹ ਗਿਣਤੀ ਬਹੁਤ ਵਧ ਗਈ ਹੈ ਅਤੇ ਮਾਹਿਰਾਂ ਅਨੁਸਾਰ 2022 ਵਿਚ ਪੜ੍ਹਾਈ ਲਈ ਵਿਦੇਸ਼ਾਂ ਵਿਚ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਦੋ ਤੋਂ ਚਾਰ ਗੁਣਾ ਤਕ ਵਧਣ ਦੇ ਅਨੁਮਾਨ ਹਨ।

 

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਸਿਆਸੀ ਅਤੇ ਪ੍ਰਸ਼ਾਸਕੀ ਜਮਾਤ ਦੀ ਰਿਸ਼ਵਤਖ਼ੋਰੀ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਪਰ ਜਾਣਕਾਰਾਂ ਅਨੁਸਾਰ ਇਹ ਤਾਂ ਅਜੇ ਗੋਹੜੇ ਵਿਚੋਂ ਪੂਣੀ ਛੋਹਣ ਦੇ ਬਰਾਬਰ ਹੈ। ਜੇ ਪੰਜਾਬ ਦੇ ਸਿਆਸੀ ਆਗੂਆਂ ਅਤੇ ਸਾਬਕਾ ਉੱਚ-ਅਧਿਕਾਰੀਆਂ ਦੀ ਜਾਇਦਾਦ ਦੀ ਸਮਾਜਿਕ ਲੇਖਾ-ਪੜਤਾਲ  ਕਰਾਈ ਜਾਵੇ ਤਾਂ ਇਹ ਤੱਥ ਸਾਹਮਣੇ ਆਏਗਾ ਕਿ ਉਨ੍ਹਾਂ ਵਿਚੋਂ ਬਹੁਗਿਣਤੀ ਦੀ ਜਾਇਦਾਦ ਕਈ ਗੁਣਾ ਵਧੀ ਹੈ। ਰਿਸ਼ਵਤਖ਼ੋਰੀ ਦਾ ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਘੁਣ ਵਾਂਗ ਦਾਖ਼ਲ ਹੋਣਾ ਸਿਆਸੀ ਅਤੇ ਪ੍ਰਸ਼ਾਸਕੀ ਜਮਾਤਾਂ ਦੀ ਹੀ ਦੇਣ ਹੈ। ਅਜਿਹੇ ਹਾਲਾਤ ਵਿਚ ਨੌਜਵਾਨਾਂ ਦਾ ਪੰਜਾਬ ਅਤੇ ਇਸ ਦੇ ਰਾਜ-ਪ੍ਰਬੰਧ ਤੋਂ ਬੇਮੁਖ ਹੋਣਾ ਸੁਭਾਵਿਕ ਸੀ। ਪੰਜਾਬ ਦੀ ਮੱਧਵਰਗੀ ਜਮਾਤ, ਜਿਸ ਵਿਚ ਕਿਸਾਨੀ ਵੀ ਸ਼ਾਮਲ ਹੈ, ਵਿਚੋਂ ਬਹੁਗਿਣਤੀ ਆਪਣੇ ਬੱਚਿਆਂ ਦਾ ਭਵਿੱਖ ਪੰਜਾਬ ਤੋਂ ਬਾਹਰ ਦੇਖਦੀ ਹੈ।

ਵਿਦਿਆਰਥਣ ਦੀ ਖ਼ੁਦਕੁਸ਼ੀ ਉਸ ਲੋਕ-ਵੇਦਨਾ ਦਾ ਸੰਕੇਤ ਹੈ ਜਿਸ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ। ਲੋਕ ਬੈਂਕਾਂ ਤੋਂ ਕਰਜ਼ੇ ਲੈ ਕੇ ਅਤੇ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਸਿਆਸੀ ਪਾਰਟੀਆਂ ਰੁਜ਼ਗਾਰ ਪੈਦਾ ਕਰਨ ਦੇ ਵਾਅਦੇ ਕਰਦੀਆਂ ਰਹੀਆਂ ਹਨ ਪਰ ਵਾਅਦੇ ਰੁਜ਼ਗਾਰ ਪੈਦਾ ਨਹੀਂ ਕਰ ਸਕਦੇ। ਰੁਜ਼ਗਾਰ ਪੈਦਾ ਕਰਨ ਲਈ ਸਰਕਾਰਾਂ ਨੂੰ ਲੰਮੇ ਸਮੇਂ ਵਾਲੀਆਂ ਸੂਝਵਾਨ ਨੀਤੀਆਂ ਬਣਾਉਣੀਆਂ ਅਤੇ ਉਨ੍ਹਾਂ ’ਤੇ ਇਮਾਨਦਾਰੀ ਨਾਲ ਅਮਲ ਕਰਨਾ ਪੈਣਾ ਹੈ।