ਕੈਨੇਡਾ ਦੇ  ਡਰਾਈਵਰਾਂ ਦਾ ਸੰਘਰਸ਼ ਹੋਇਆ ਤਿਖਾ

ਕੈਨੇਡਾ ਦੇ  ਡਰਾਈਵਰਾਂ ਦਾ ਸੰਘਰਸ਼  ਹੋਇਆ  ਤਿਖਾ

  *ਪੰਜਾਬੀ ਭਾਈਚਾਰਾ  ਟਰੂਡੋ ਸਰਕਾਰ ਵਿਰੁਧ ਸਰਗਰਮ *ਰੋਸ ਮੁਜ਼ਾਹਰੇ ਵਿਚ ਟਰੈਕਟਰ ਵੀ ਹੋਏ ਸ਼ਾਮਲ *ਜਸਟਿਨ ਟਰੂਡੋਕਰਮਾ,ਖਾਲਿਸਤਾਨ ਆਦਿ ਹੈਸ਼ਟੈਗ ਹੋ ਰਹੇ ਨੇ ਟ੍ਰੈਂਡ  *ਮੁਜ਼ਾਹਰਾਕਾਰੀਆਂ ਦੀ ਮਦਦ ਲਈ ਇਕੱਠੇ ਹੋਏ 90 ਲੱਖ ਡਾਲਰ ਜ਼ਬਤ.  * ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਫ਼ੌਜੀ ਕਾਰਵਾਈ 'ਤੇ ਵਿਚਾਰ ਨਹੀਂ :ਟਰੂਡੋ   *ਟਰੱਕ ਡਰਾਈਵਰਾਂ ਦੀ ਹੜਤਾਲ ਦੇ ਵਿਰੋਧ ਵਿਚ ਆਏ ਜਗਮੀਤ ਸਿੰਘ 

                                                ਵਿਸ਼ੇਸ਼ ਰਿਪੋਰਟ                                                                  

 ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਇਸ ਵੇਲੇ ਕੈਨੇਡਾ ਦੇ ਹਜ਼ਾਰਾਂ ਟਰੱਕ ਆਪ੍ਰੇਟਰ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਸਮੂਹ ਪੰਜਾਬੀਆਂ ਦਾ ਧਿਆਨ ਇਸ ਰੋਸ ਮੁਜ਼ਾਹਰੇ ਵੱਲ ਖ਼ਾਸ ਤੌਰ ’ਤੇ ਲੱਗਾ ਹੈ, ਕਿਉਂਕਿ ਅਮਰੀਕਾ ਤੇ ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦੀ ਵੱਡੀ ਗਿਣਤੀ ਹੈ।ਲੰਘੀ 26 ਜਨਵਰੀ ਨੂੰ ਟਰੱਕਰਜ਼ ਦੇ ਇਸ ਰੋਸ ਮੁਜ਼ਾਹਰੇ ਦੇ ਜਲੂਸ ਦੀ ਲੰਬਾਈ 45 ਮੀਲ ਦੱਸੀ ਗਈ ਸੀ , ਜੋ ਆਪਣੇ ਆਪ ਵਿਚ ਹੀ ਰਿਕਾਰਡ ਹੈ। ਇਸੇ ਮਹੀਨੇ ਕੈਨੇਡਾ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਇਕ ਹੁਕਮ ਲਾਗੂ ਕਰ ਦਿੱਤਾ ਸੀ ਕਿ ਜਿਹੜੇ ਵੀ ਡਰਾਈਵਰ ਟਰੱਕ ਅਮਰੀਕਾ ਤੋਂ ਲੈ ਕੇ ਆਉਣਗੇ, ਉਨ੍ਹਾਂ ਨੂੰ ਬਾਰਡਰ ’ਤੇ ਕੋਵਿਡ-19 ਵੈਕਸੀਨ ਲੱਗੇ ਹੋਣ ਦਾ ਸਰਟੀਫਿਕੇਟ ਵਿਖਾਉਣਾ ਹੋਵੇਗਾ। ਟਰੱਕ ਆਪ੍ਰੇਟਰ ਟਰੂਡੋ ਸਰਕਾਰ  ਵਿਰੁੱਧ ਸਮੁੱਚੇ ਦੇਸ਼ ’ਚ ਜ਼ੋਰਦਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਬੀਤੇ ਹਫਤੇ  ਉਨ੍ਹਾਂ ਨੇ ਕੈਨੇਡੀਅਨ ਸੰਸਦ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੁਣ ਰਾਜਧਾਨੀ ਓਟਾਵਾ ਸਥਿਤ ਆਪਣੀ ਸਰਕਾਰੀ ਰਿਹਾਇਸ਼ਗਾਹ ਨੂੰ ਛੱਡ ਕੇ ਕਿਸੇ ਗੁਪਤ ਸਥਾਨ ’ਤੇ ਰਹਿਣਾ ਪੈ ਰਿਹਾ ਹੈ। ਹੁਣ ਮੁਜ਼ਾਹਰਾਕਾਰੀਆਂ ਵਿਚ ਘੁਸਪੈਠ ਕਰਨ ਵਾਲੇ ਸ਼ਰਾਰਤੀ ਲੋਕ ਹੁੱਲੜਬਾਜ਼ੀ ਅਤੇ ਤੋੜ-ਭੰਨ੍ਹ ’ਤੇ ਉਤਰ ਆਏ ਹਨ। ਦਿਨ-ਬ-ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ।  ਪ੍ਰਧਾਨ ਮੰਤਰੀ ਟਰੂਡੋ ਨੇ ਟਰੱਕਾਂ ਵਾਲਿਆਂ ਨੂੰ ਮਾੜੇ ਅਨਸਰਾਂ ਦੀ ਉਨ੍ਹਾਂ ਵਿਚ ਘੁਸਪੈਠ ਅਤੇ ਚਾਲਾਂ ਤੋਂ ਸੁਚੇਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਨਾਂਹ ਕਰਨਾ ਤਾਂ ਸਿੱਧਾ ਵਿਗਿਆਨ ਨੂੰ ਨਕਾਰਨਾ ਅਤੇ ਚੁਣੌਤੀ ਹੈ। ਓਟਵਾ ਸ਼ਹਿਰ ਵਿਚ ਲੋਕਾਂ ਦਾ ਜਿਊਣਾ ਔਖਾ ਹੋਇਆ ਪਿਆ ਹੈ। ਟਰੱਕ ਖੜ੍ਹੇ ਹੋਣ ਕਾਰਨ ਸੜਕਾਂ ਉਤੇ ਆਵਾਜਾਈ ਬੰਦ ਹੈ। ਕਾਫ਼ੀ ਕੂੜਾ ਖ਼ਿਲਰਿਆ ਪਿਆ ਹੈ ਤੇ ਟਰੱਕਾਂ ਦੇ ਹਾਰਨ ਵੱਜਣ ਨਾਲ ਸ਼ਹਿਰ ਦਾ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ। ਟੋਰਾਂਟੋ ਦੇ ਵੱਖ-ਵੱਖ ਖੇਤਰਾਂ ਦੇ ਨਾਲ-ਨਾਲ ਟੋਰਾਂਟੋ ਸ਼ਹਿਰ ਵਿੱਚ ਵੀ ਇਨ੍ਹਾਂ ਦੀ ਆਮਦ ਹੋ ਗਈ ਹੈ । ਇਸ ਸ਼ਹਿਰ ਵਿੱਚ ਜਿੱਥੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ ਉੱਥੇ ਹੀ ਟੋਰਾਂਟੋ ਪ੍ਰਸ਼ਾਸਨ ਅਤੇ ਪੁਲਿਸ ਲਈ ਵੀ ਇਹ ਸਭ ਸਿਰਦਰਦੀ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਇਸ ਵਿਚ ਇਹ ਵਾਧਾ ਹੋਰ ਹੋ ਰਿਹਾ ਹੈ ਕਿ ਟ੍ਰਾਂਸਪੋਰਟ ਕਿੱਤਿਆਂ ਨਾਲ ਜੁੜੇ ਹੋਏ ਸੈਂਕੜੇ ਕਿਸਾਨ ਵੀ ਟਰੈਕਟਰ ਲੈ ਕੇ ਇਨ੍ਹਾਂ ਮੁਜ਼ਾਹਰਾਕਾਰੀ ਟਰੱਕਾਂ ਵਾਲਿਆਂ ਦੀ ਹਮਾਇਤ ਵਿਚ ਆ ਗਏ ਹਨ । ਪਤਾ ਲੱਗਾ ਹੈ ਕਿ ਬਹੁਤੇ ਕਿਸਾਨ ਜੋ ਕਿ ਖੁਦ ਵੀ ਟ੍ਰਾਂਸਪੋਰਟ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਆਪਣੀਆਂ ਜਿਣਸਾਂ ਅਤੇ ਪਾਲਤੂ ਜਾਨਵਰ ਆਪ ਟਰੱਕਾਂ ਰਾਹੀਂ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਖਰੀਦ/ਵੇਚ ਅਤੇ ਢੋਆ/ਢੁਆਈ ਲਈ ਲੈ ਕੇ ਜਾਂਦੇ ਹਨ, ਬਹੁਤ ਗਿਣਤੀ ਵਿਚ ਇਨ੍ਹਾਂ ਮੁਜ਼ਾਹਰਾਕਾਰੀਆਂ ਦਾ ਸਾਥ ਦੇ ਰਹੇ ਹਨ । ਓਟਾਵਾ ਵਿਖੇ ਜਿੱਥੇ ਪ੍ਰਧਾਨ ਮੰਤਰੀ ਨਿਵਾਸ ਦੀ ਸੁਰੱਖਿਆ ਕਾਰਨਾਂ ਕਰਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ ਉੱਥੇ ਹੀ ਮੁਜ਼ਾਹਰਾਕਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਹੋਏ ਹਨ ।ਭੜਕਾਹਟ ਤੋਂ ਬਚਦਿਆਂ ਪੁਲੀਸ ਸਖ਼ਤੀ ਤੋਂ ਕਤਰਾ ਰਹੀ ਹੈ। ਓਟਵਾ ਸ਼ਹਿਰ ਵਿਚ ਲੱਗੇ ਕੁਝ ਬੁੱਤਾਂ ਤੇ ਹੋਰ ਯਾਦਗਾਰੀ ਥਾਵਾਂ ਨਾਲ ਛੇੜਛਾੜ ਕਰ ਕੇ ਨੁਕਸਾਨ ਕੀਤਾ ਗਿਆ ਹੈ। ਕਈ ਲੋਕ ਹੱਥਾਂ ਵਿਚ ਨਾਜ਼ੀ ਝੰਡੇ ਲੈ ਕੇ ਅਤੇ ਨਸਲੀ ਨਫ਼ਰਤ ਫੈਲਾਉਂਦੀਆਂ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਰਹੇ ਹਨ।  ਪ੍ਰਧਾਨ ਮੰਤਰੀ ਤੋਂ ਜਸਟਿਨ ਟਰੂਡੋ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਜ਼ਰੂਰੀ ਵਸਤਾਂ ਦੀ ਚਿੰਤਾ ਸਤਾਉਣ ਲੱਗੀ ਹੈ। ਬਹੁਤੇ ਸਟੋਰਾਂ ਵਿਚ ਸਾਮਾਨ ਖ਼ਤਮ ਹੋਣ ਕਾਰਨ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਮੁਜ਼ਾਹਰਾਕਾਰੀਆਂ ਵੱਲੋਂ ਖੋਲ੍ਹੇ ਗਏ ਫੰਡ ਵਿਚ ਹੁਣ ਤੱਕ 76 ਲੱਖ ਡਾਲਰ ਜਮ੍ਹਾਂ ਹੋ ਚੁੱਕੇ ਹਨ, ਇਸ ਵਿਚ ਵਿਦੇਸ਼ਾਂ ਤੋਂ ਵੱਡੀਆਂ ਰਕਮਾਂ ਆਉਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ। ਮੁਜਾਹਰੇ ਵਿਚ ਸ਼ਾਮਿਲ ਲੋਕਾਂ ਦੀ ਆਰਥਿਕ ਮਦਦ (ਖਾਣਾ, ਰਿਹਾਇਸ਼, ਟਰੱਕਾਂ ਲਈ ਤੇਲ ਆਦਿ) ਵਾਸਤੇ ਗੋਫੰਡਮੀ ਨਾਮਕ ਵੈਬਸਾਈਟ ਰਾਹੀਂ ਫੰਡ ਇਕੱਤਰ ਕੀਤੇ ਜਾ ਰਹੇ ਸਨ ਜੋ ਕੁਲ ਰਕਮ 1 ਕਰੋੜ ਡਾਲਰ ਤੋਂ ਵੱਧ ਚੁੱਕੀ ਸੀ ਪਰ ਬੀਤੇ ਦਿਨੀਂ ਵੈਬਸਾਇਟ ਦੇ ਸੰਚਾਲਕਾਂ ਨੇ ਦਾਨੀਆਂ ਤੋਂ ਹੋਰ ਦਾਨ ਲੈਣਾ ਬੰਦ ਕਰਕੇ 'ਫਰੀਡਮ ਕਨਵੋਏ 2022' ਨਾਮਕ ਪੇਜ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ । ਜਾਣਕਾਰੀ ਅਨੁਸਾਰ ਮੁਜਾਹਰੇ ਵਿਚ ਵਾਪਰੀਆਂ ਕੁਝ ਹਿੰਸਕ ਅਤੇ ਗੈਰਕਾਨੂੰਨੀ ਘਟਨਾਵਾਂ ਬਾਰੇ ਓਟਾਵਾ ਪੁਲਿਸ ਵਲੋਂ 'ਗੋਫੰਡਮੀ' ਕੰਪਨੀ ਨੂੰ ਸਬੂਤਾਂ ਸਹਿਤ ਸੂਚਿਤ ਕੀਤਾ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਦੇਸ਼ ਅਤੇ ਵਿਦੇਸ਼ਾਂ ਤੋਂ ਦਾਨ ਸਵੀਕਾਰ ਕਰਨ ਲਏ ਬਣਾਏ ਪੇਜ ਨੂੰ ਸਿਸਟਮ ਵਿਚੋਂ ਹਟਾ ਦਿੱਤਾ ਗਿਆ ਅਤੇ ਵਾਪਰੀਆਂ ਘਟਨਾਵਾਂ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਲਗਪਗ 90 ਲੱਖ ਡਾਲਰ ਜ਼ਬਤ ਕਰ ਲਏ ਗਏ ।ਦਾਨੀਆਂ ਨੂੰ ਆਪਣੀ ਦਾਨ ਕੀਤੀ ਰਕਮ 19 ਫਰਵਰੀ ਤੱਕ ਵਾਪਸ (ਰਿਫੰਡ) ਲੈਣ ਦਾ ਮੌਕਾ ਦਿੱਤਾ ਗਿਆ ਹੈ । ਜੇਕਰ ਲੋਕਾਂ ਨੇ ਆਪਣੇ ਪੈਸੇ ਦਾ ਰਿਫੰਡ ਨਾ ਲਿਆ ਤਾਂ ਉਹ ਰਕਮ ਕੈਨੇਡਾ ਵਿਚ ਸਥਾਪਿਤ ਦਾਨੀ ਸੰਸਥਾਵਾਂ ਨੂੰ ਦੇ ਦਿੱਤੀ ਜਾਵੇਗੀ । ਸ਼ੁਰੂ ਵਿਚ ਗੋਫੰਡਮੀ ਵਲੋਂ ਮੁਜਾਹਰੇ ਦੇ ਪ੍ਰਬੰਧਕਾਂ ਨੂੰ 10 ਲੱਖ ਡਾਲਰ ਜਾਰੀ ਕਰ ਦਿੱਤੇ ਗਏ ਸਨ ਜਿਸ ਬਾਰੇ ਦੱਸਿਆ ਗਿਆ ਸੀ ਕਿ ਉਹ ਪੈਸਾ ਮੁਜਾਹਰੇ ਵਿਚ ਸ਼ਾਮਿਲ ਕੀਤੇ ਗਏ ਟਰੱਕਾਂ ਵਿਚ ਤੇਲ ਪਵਾਉਣ, ਖਾਣੇ ਅਤੇ ਰਿਹਾਇਸ਼ ਆਦਿ ਦੇ ਖਰਚਿਆਂ ਲਈ ਵਰਤਿਆ ਜਾਵੇਗਾ । ਉਂਟਾਰੀਓ ਵਿਚ ਲਿਬਰਲ ਪਾਰਟੀ ਦੇ ਆਗੂ ਸਟੀਵਨ ਡੈਲਡੂਕਾ ਨੇ ਕਿਹਾ ਕਿ ਮੁਜਾਹਰੇ ਕਾਰਨ ਓਟਾਵਾ ਵਿਚ ਪੁਲਿਸ ਦੀ ਤਾਇਨਾਤੀ ਉਪਰ ਜੋ ਰੋਜ਼ਾਨਾ ਤਕਰੀਬਨ 8 ਲੱਖ ਡਾਲਰ ਦਾ ਖਰਚਾ ਹੋ ਰਿਹਾ ਹੈ ਉਸ ਦਾ ਬਿੱਲ ਮੁਜਾਹਰੇ ਦੇ ਪ੍ਰਬੰਧਕਾਂ ਨੂੰ ਭੇਜਣਾ ਚਾਹੀਦਾ ਹੈ । 29 ਜਨਵਰੀ ਤੋਂ ਰਾਜਧਾਨੀ ਵਿਚ ਸੰਸਦ ਨੇੜੇ ਚੱਲ ਰਹੇ ਇਸ ਮੁਜਾਹਰੇ ਕਾਰਨ ਸ਼ਹਿਰ ਵਿਚ ਜਨਜੀਵਨ ਲਗਪਗ ਠੱਪ ਹੋ ਕੇ ਰਹਿ ਗਿਆ ਹੈ ।ਇਸੇ ਦੌਰਾਨ  ਉਟਾਰੀਓ ਦੀ ਵਿਧਾਨ ਸਭਾ ਦੇ ਬਾਹਰ ਵੀ ਟਰੱਕਾਂ ਦੀ ਵੱਡੀ ਗਿਣਤੀ ਨਾਲ ਮੁਜ਼ਹਾਰਾ ਸ਼ੁਰੂ ਕਰ ਦਿੱਤਾ ਗਿਆ । ਪ੍ਰਾਂਤ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਕਿਹਾ ਕਿ ਉਹ ਸ਼ਾਂਤਮਈ ਮੁਜ਼ਾਹਰੇ ਵਿਰੁੱਧ ਨਹੀਂ ਹਨ ਪਰ ਇਸ ਨੂੰ (ਓਟਾਵਾ ਦੀ ਤਰ੍ਹਾਂ) 'ਕੈਂਪਿੰਗ' ਭਾਵ ਅਣਮਿੱਥੇ ਸਮੇਂ ਲਈ ਧਰਨੇ ਵਿਚ ਬਦਲਣ ਨਹੀਂ ਦਿੱਤਾ ਜਾ ਸਕਦਾ ।ਇਸ ਤੋਂ ਇਲਾਵਾ ਕੈਨੇਡਾ ਦੇ ਵਿਨੀਪੈਗ, ਵਿਕਟੋਰੀਆ, ਵੈਨਕੁਵਰ, ਐਡਮਿੰਟਨ ਅਤੇ ਕਿਊਬਿਕ ਸਿਟੀ ਵਿਚ ਵੀ ਰੋਸ ਮੁਜ਼ਾਹਰੇ ਕੀਤੇ ਗਏ ।

ਪੁਲੀਸ ਮੁਤਾਬਕ ਇਸ ਨਾਕਾਬੰਦੀ ਨੂੰ ਅਮਰੀਕਾ ਤੋਂ ਟਰੱਕ ਚਾਲਕਾਂ ਦੇ ਸਮਰਥਕਾਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ। ਓਟਵਾ ਦੇ ਪੁਲੀਸ ਮੁਖੀ ਪੀਟਰ ਸਲੋਲੀ ਨੇ ਕਿਹਾ ਕਿ ਸੈਂਕੜੇ ਹੋਰ ਟਰੱਕ ਚਾਲਕਾਂ ਨੇ ਇਸ ਹਫਤੇ ਦੇ ਅੰਤ ਵਿੱਚ ਸ਼ਹਿਰ ਵਿੱਚ ਦਾਖਲ ਹੋਣ ਦੀ ਯੋਜਨਾ ਬਣਾਈ ਹੈ। ਸਲੋਲੀ ਕਿਹਾ ਕਿ ਉਨ੍ਹਾਂ ਤੇ ਹੋਰ ਉੱਚ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਇਸ ਪ੍ਰਦਰਸ਼ਨ ਦੀ ਤੁਲਨਾ ਅਮਰੀਕਾ ਦੀ ਸੰਸਦ ’ਤੇ ਹੋਏ ਹਮਲੇ ਨਾਲ ਕੀਤੀ ਹੈ, ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਸੰਸਦ ਭਵਨ ਵਿੱਚ ਹਿੰਸਕ ਪ੍ਰਦਰਸ਼ਨ ਕਰਦੇ ਹੋਏ ਦਾਖਲ ਹੋ ਗਏ ਸਨ।  ਟਰੰਪ ਨੇ ਕਿਹਾ ਕਿ ਟਰੱਕਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਕੇ ਖੱਬੇ ਪੱਖੀ ਜਸਟਿਨ ਟਰੂਡੋ ਦੀਆਂ ਸਖਤ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਟਰੂਡੋ ਨੇ ਕੋਵਿਡ ਹੁਕਮਾਂ ਨਾਲ ਕੈਨੇਡਾ ਨੂੰ ਤਬਾਹ ਕਰ ਦਿੱਤਾ ਹੈ। ਓਟਵਾ ਪੁਲੀਸ ਦਾ ਦਾਅਵਾ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਖਿੜਕੀਆਂ ਤੋੜ ਦਿੱਤੀਆਂ, ਪੱਤਰਕਾਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਧਮਕਾਇਆ ਅਤੇ ਨਸਲੀ ਘੱਟ ਗਿਣਤੀਆਂ ਨਾਲ ਦੁਰਵਿਵਹਾਰ ਕੀਤਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣੇ ਜਿਹੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਦੇ ਵਿਰੋਧ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਫ਼ੌਜ ਕਾਰਵਾਈ ਦਾ 'ਫਿਲਹਾਲ' ਕੋਈ ਵਿਚਾਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਕਿਸੇ ਨੂੰ ਵੀ ਸੈਨਿਕਾਂ ਨੂੰ ਤਾਇਨਾਤ ਕਰਨ ਬਾਰੇ 'ਬਹੁਤ ਸਾਵਧਾਨ' ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੰਘੀ ਸਰਕਾਰ ਸਾਹਮਣੇ ਅਜਿਹੀ ਕੋਈ ਬੇਨਤੀ ਨਹੀਂ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਓਟਾਵਾ ਜਾਂ ਓਂਟਾਰੀਓ ਸ਼ਹਿਰ ਤੋਂ ਸਹਾਇਤਾ ਦੀ ਇਸ ਕਿਸਮ ਦੀ ਕੋਈ ਵੀ ਬੇਨਤੀ ਮਿਲਣ 'ਤੇ ਉਸ ਸੰਬੰਧੀ ਵਿਚਾਰ ਕੀਤਾ ਜਾਵੇਗਾ।                           ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਿੱਖ ਮੂਲ ਦੇ ਆਗੂ ਜਗਮੀਤ ਸਿੰਘ ਨੇ ਓਟਾਵਾ ਵਿਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਨਿੰਦਾ ਕੀਤੀ ਹੈ, ਜਦੋਂਕਿ ਪਿਛਲੇ ਸਾਲ ਭਾਰਤ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਉਨ੍ਹਾਂ ਨੇ ਜ਼ੋਰਦਾਰ ਸਮਰਥਨ ਕੀਤਾ ਸੀ। ਸੀ.ਬੀ.ਸੀ. ਨਿਊਜ਼ ਨੇ ਰਿਪੋਰਟ ਦਿੱਤੀ ਕਿ ਸਿੰਘ ਨੇ ਕੈਨੇਡਾ ਵਿਚ ਪਿਛਲੇ ਮਹੀਨੇ ਦੇ ਅਖ਼ੀਰ ਤੋਂ ਇਕ ਸੰਘੀ ਨਿਯਮ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ਅਤੇ ਓਟਾਵਾ ਜਾਣ ਵਾਲੇ ਹੋਰਾਂ ਲੋਕਾਂ ਦੇ ਕਾਫ਼ਲਿਆਂ ਦੀ ਨਿੰਦਾ ਕੀਤੀ ਹੈ। ਇਸ ਨਿਯਮ ਵਿਚ ਕਿਹਾ ਗਿਆ ਸੀ ਕਿ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਡਰਾਈਵਰਾਂ ਲਈ ਕੋਰੋਨਾ ਵੈਕਸੀਨ ਲਗਵਾਉਣਾ ਜ਼ਰੂਰੀ ਹੈ। ਸਿੰਘ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਕੁਝ ਲੋਕ ‘ਭੜਕਾਊ, ਵੰਡੀਆਂ ਪਾਉਣ ਵਾਲੀਆਂ ਅਤੇ ਨਫ਼ਰਤ ਭਰੀਆਂ ਟਿੱਪਣੀਆ’ ਰਾਹੀਂ ‘ਗਲਤ ਜਾਣਕਾਰੀ’ ਫੈਲਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਨ.ਡੀ.ਪੀ. ਨੇਤਾ ਨੇ ਕਿਹਾ ਕਿ ਉਹ ਅਜਿਹੀ ਮੁਹਿੰਮ ਦਾ ਸਮਰਥਨ ਨਹੀਂ ਕਰਦੇ ਹਨ ਜੋ ‘ਕੱਟੜਪੰਥੀ ਅਤੇ ਖ਼ਤਰਨਾਕ ਵਿਚਾਰਾਂ’ ਨੂੰ ਪਨਾਹ ਦਿੰਦੀ ਹੈ। ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੈਨੇਡਾ ਯੂਨਿਟੀ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਕ ਸਮੂਹ ਹੈ ਅਤੇ ਕੋਵਿਡ-19 ਨਾਲ ਸਬੰਧਤ ਉਪਾਵਾਂ ਦਾ ਵਿਰੋਧ ਕਰਦਾ ਹੈ। ਇਸ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਨੂੰ ਟਰੱਕ ਡਰਾਈਵਰਾਂ ਲਈ ਵੈਕਸੀਨ ਦੇ ਹੁਕਮਾਂ ਨੂੰ ਵਾਪਸ ਲੈਣ ਅਤੇ ਹੋਰ ਜਨਤਕ ਸਿਹਤ ਸੁਰੱਖਿਆਵਾਂ ਨੂੰ ਖ਼ਤਮ ਕਰਨ ਲਈ ਦਬਾਅ ਪਾਉਣਾ ਹੈ।ਆਪਣੇ ਮੌਜੂਦਾ ਰੁਖ ਦੇ ਉਲਟ, ਸਿੰਘ ਨੇ ਭਾਰਤ ਵਿਚ ਕਿਸਾਨਾਂ ਦੇ ਇਕ ਹਿੱਸੇ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਸੀ ਅਤੇ ਟਰੂਡੋ ਨੂੰ ਭਾਰਤ ਵਿਚ ਹਿੰਸਾ ਦੀ ਨਿੰਦਾ ਕਰਨ ਲਈ ਕਿਹਾ ਸੀ। ਸਿੰਘ ਨੇ ਪਿਛਲੇ ਸਾਲ ਜਨਵਰੀ ਵਿਚ ਕੀਤੇ ਇਕ ਟਵੀਟ ਵਿਚ ਲਿਖਿਆ ਸੀ, ‘ਮੈਂ ਭਾਰਤ ਵਿਚ ਕਿਸਾਨਾਂ ਖ਼ਿਲਾਫ਼ ਹੋ ਰਹੀ ਸਰਕਾਰੀ ਹਿੰਸਾ ਦੇ ਬਾਰੇ ਵਿਚ ਬਹੁਤ ਦੁਖ਼ੀ ਹਾਂ, ਜੋ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਹਿ ਰਹੇ ਹਨ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਮੈਂ ਜਸਟਿਨ ਟਰੂਡੋ ਨੂੰ ਹਿੰਸਾ ਦੀ ਤੁਰੰਤ ਨਿੰਦਾ ਦੀ ਅਪੀਲ ਕਰ ਰਿਹਾ ਹਾਂ।’

ਦਿ ਸਟਾਰ' ਵੈੱਬਸਾਈਟ ਦੇ ਮੁਤਾਬਕ, ਓਟਵਾ ਪੁਲਿਸ ਨੇ ਦੱਸਿਆ ਕਿ ਓਟਾਵਾ ਵਿੱਚ ਹੋ ਰਹੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਲੈ ਕੇ ਅਪਰਾਧਿਕ ਜਾਂਚ ਸ਼ੁਰੂ ਹੋ ਗਈ ਹੈ। ਅਸਲ ਵਿਚ ਟਰੱਕ ਆਪ੍ਰੇਟਰਜ਼ ਦੀਆਂ ਸਮੱਸਿਆਵਾਂ ਜਾਇਜ਼ ਹਨ। ਉਨ੍ਹਾਂ ਨੂੰ ਸਖ਼ਤ ਬਰਫ਼ਾਨੀ ਠੰਢ ਵਿਚ ਵੀ ਉਸ ਵੇਲੇ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣੀਆਂ ਪੈਂਦੀਆਂ ਹਨ ਜਦੋਂ ਸੜਕਾਂ ਹਰ ਪਾਸੇ ਸੁੰਨੀਆਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਬੰਦ ਹੁੰਦੀਆਂ ਹਨ। ਇਹ ਟਰੱਕ ਡਰਾਈਵਰ ਦੇਸ਼ ਦੀ ਅਰਥ ਵਿਵਸਥਾ ਨੂੰ ਚੱਲਦਾ ਰੱਖਣ ਵਿਚ ਆਪਣਾ ਵਡੇਰਾ ਯੋਗਦਾਨ ਪਾਉਂਦੇ ਹਨ। ਉਹ ਬਾਰਡਰ ’ਤੇ ਵੈਕਸੀਨ ਸਰਟੀਫਿਕੇਟ ਵਿਖਾਉਣ ਦੇ ਨਵੇਂ ਕਾਨੂੰਨ ਦਾ ਵਿਰੋਧ ਇਸ ਲਈ ਨਹੀਂ ਕਰ ਰਹੇ ਕਿ ਉਹ ਇਹ ਟੀਕਾ ਲਗਵਾਉਣਾ ਨਹੀਂ ਚਾਹੁੰਦੇ। ਦਰਅਸਲ, ਉਨ੍ਹਾਂ ਨੂੰ ਇਹ ਟੀਕਾ ਲਗਵਾਉਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ। ਜ਼ਿਆਦਾਤਰ ਵਿਅਕਤੀਆਂ ਨੂੰ ਇਹ ਟੀਕਾ ਲਗਵਾਉਣ ਤੋਂ ਬਾਅਦ ਦੋ-ਤਿੰਨ ਦਿਨ ਆਰਾਮ ਕਰਨ ਦੀ ਲੋੜ ਪੈਂਦੀ ਹੈ ਪਰ ਟਰੱਕਰਜ਼ ਦੀਆਂ ਆਪਣੀਆਂ ਸਮੱਸਿਆਵਾਂ ਹਨ। ਉਹ ਇੰਨੇ ਦਿਨ ਦੀ ਉਡੀਕ ਕਿੱਥੇ ਕਰ ਸਕਦੇ ਹਨ। ਉਨ੍ਹਾਂ ਦੀਆਂ ਕਈ-ਕਈ ਮਹੀਨੇ ਪਹਿਲਾਂ ਤੋਂ ਬੁਕਿੰਗਜ਼ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਹਰ ਹਾਲਤ ਵਿਚ ਨੇਪਰੇ ਚਾੜ੍ਹਨਾ ਹੁੰਦਾ ਹੈ। ਉੱਪਰੋਂ ਟਰਾਂਸਪੋਰਟ ਦੇ ਖ਼ਰਚੇ ਬਹੁਤ ਜ਼ਿਆਦਾ ਵਧ ਗਏ ਹਨ। ਉਨ੍ਹਾਂ ਨੂੰ ਪੂਰੇ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਨਾਗਾ ਡਰਾਈਵਰਾਂ ਤੇ ਉਨ੍ਹਾਂ ਦੇ ਸਹਾਇਕਾਂ ਲਈ ਅਸੰਭਵ ਹੀ ਹੈ। ਜੇ ਕੋਵਿਡ ਨਿਯਮਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਵਿਚ ਸਾਰੀਆਂ ਪਾਬੰਦੀਆਂ ਤੇ ਸਖ਼ਤੀਆਂ ਲਗਪਗ ਖ਼ਤਮ ਕਰ ਦਿੱਤੀਆਂ ਗਈਆਂ ਹਨ। ‘ਵਰਕ ਫਰਾਮ ਹੋਮ’ ਦਾ ਨਿਯਮ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਉੱਥੇ ਕਿਸੇ ਨੂੰ ਮਾਸਕ ਲਾਉਣ ਦੀ ਵੀ ਲੋੜ ਨਹੀਂ ਹੈ ਅਤੇ ਕਿਸੇ ਵੀ ਥਾਂ ’ਤੇ ਜਿੰਨੇ ਮਰਜ਼ੀ ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ। ਇਸ ਸਭ ਦੌਰਾਨ ਕੈਨੇਡੀਅਨ ਸਰਕਾਰ ਵੱਲੋਂ ਕੋਵਿਡ ਬਾਬਤ ਸਖ਼ਤੀਆਂ ਲਾਗੂ ਕਰਨ ’ਤੇ ਲੋਕਾਂ ਵਿਚ ਡਾਢਾ ਰੋਸ ਪਾਇਆ ਜਾ ਰਿਹਾ ਹੈ। 

ਟਵਿਟਰ 'ਤੇ ਕਈ ਤਰ੍ਹਾਂ ਦੇ ਹੈਸ਼ਟੈਗ ਟ੍ਰੈਂਡ ਹੋ ਰਹੇ ਹਨ ਜਿਨ੍ਹਾਂ ਵਿਚ ਹੈਸ਼ਟੈਗ ਜਸਟਿਨ ਟਰੂਡੋ, ਹੈਸ਼ਟੈਗ ਕਰਮਾ, ਹੈਸ਼ਟੈਗ ਖਾਲਿਸਤਾਨ ਆਦਿ ਸ਼ਾਮਲ ਹਨ।ਰਮਨ ਨਾਮ ਦੇ ਟਵਿਟਰ ਯੂਜ਼ਰ ਵੱਲੋਂ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਗਿਆ ਹੈ, "ਹੁਣ ਕੈਨੇਡਾ ਵਿਚ ਟਰੱਕ ਵਾਲਿਆਂ ਕਰਕੇ ਆਪਣਾ ਸਿੰਘੂ ਬਾਰਡਰ ਬਣ ਗਿਆ ਹੈ। ਹੁਣ ਪ੍ਰਧਾਨ ਮੰਤਰੀ ਜਸਟਿਸ ਟਰੂਡੋ , ਤੁਸੀਂ ਇਸ ਨਾਲ ਨਜਿਠੋ।"

ਸੋਸ਼ਲ ਮੀਡੀਆ 'ਤੇ ਪੰਜਾਬੀ ਇਸ ਨੂੰ ਭਾਰਤ ਵਿਚ ਦਿੱਲੀ ਬਾਰਡਰ 'ਤੇ ਹੋਏ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖ ਰਿਹਾ ਹੈ। ਕਨਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਟਰੱਕਰਜ਼ ਦੇ ਰੋਸ ਮੁਜ਼ਾਹਰਿਆਂ ਕਾਰਨ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਉੱਤੇ ਡਾਢਾ ਮਾੜਾ ਅਸਰ ਪੈ ਰਿਹਾ ਹੈ।  ਸਪਲਾਈ ਘਟਣ ਨਾਲ ਮਹਿੰਗਾਈ ਹੋਰ ਵੀ ਜ਼ਿਆਦਾ ਵਧ ਜਾਵੇਗੀ।ਇਸ ਵਿਰੋਧ ਨੇ ਕੈਨੇਡਾ ਦੀਆਂ ਸਰਹੱਦਾਂ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।ਪ੍ਰਦਰਸ਼ਨਕਾਰੀ ਘੱਟੋ-ਘੱਟ ਹਫ਼ਤੇ ਦੇ ਅੰਤ ਤੱਕ ਪਾਰਲੀਮੈਂਟ ਹਿੱਲ ਦੇ ਨੇੜੇ ਓਟਾਵਾ ਦੇ ਡਾਊਨਟਾਊਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ।  ਕੈਨੇਡਾ ਸਰਕਾਰ ਨੂੰ ਇਹ ਮਸਲਾ ਜਿੰਨੀ ਜਲਦੀ ਹਲ ਕਰਨਾ ਚਾਹੀਦਾ ਹੈ।ਇੰਗਲੈਂਡ ਸਰਕਾਰ ਤੋਂ ਸਹੀ ਸਬਕ ਲੈਣਾ ਚਾਹੀਦਾ ਹੈ ਕਿ ਕਰੋਨਾ ਨੂੰ ਲੈਕੇ ਪਾਬੰਦੀਆਂ ਜਾਇਜ ਨਹੀਂ ਜਿਸ ਨਾਲ ਦੇਸ ਦਾ ਸਿਸਟਮ ਤਬਾਹ ਹੋ ਜਾਵੇ।

  ਰਜਿੰਦਰ ਸਿੰਘ ਪੁਰੇਵਾਲ