ਸਿਆਸਤ ਦਾ  ਹਿਸਾ ਬਣਕੇ ਖਿਡਾਰੀਆਂ ਨੇ ਕੀ ਖਟਿਆ

ਸਿਆਸਤ ਦਾ  ਹਿਸਾ ਬਣਕੇ ਖਿਡਾਰੀਆਂ ਨੇ ਕੀ ਖਟਿਆ

ਖੇਡ ਸੰਸਾਰ

ਜਤਿੰਦਰ ਸਾਬੀ

 ਰਾਜਸ਼ਾਹੀ ਸਿਸਟਮ ਵਿਚ ਵੀ ਰਾਜੇ ਖਿਡਾਰੀਆਂ ਨੂੰ ਬੜਾ ਸਤਿਕਾਰ ਦੇਣਾ ਆਪਣੀ ਸ਼ਾਨ ਸਮਝਦੇ ਸਨ ਤੇ ਹੁਣ ਸਮੇਂ ਦਾ ਚੱਕਰ ਘੁੰਮਿਆਂ ਤੇ ਰਾਜਸ਼ਾਹੀ ਤੋਂ ਬਾਅਦ ਲੋਕਸ਼ਾਹੀ ਆਉਣ ਕਾਰਨ ਖਿਡਾਰੀਆਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਖਿਡਾਰੀ ਜਿੱਥੇ ਆਪਣੇ ਦੇਸ਼ ਦੀ ਆਨ-ਸ਼ਾਨ ਲਈ ਦਿਨ-ਰਾਤ ਇਕ ਕਰਕੇ ਖੇਡ ਸਰਗਰਮੀਆਂ ਲਈ ਜ਼ਿੰਦਗੀ ਦਾ ਬਿਹਤਰੀਨ ਸਮਾਂ ਗੁਜ਼ਾਰਦੇ ਹਨ ਤੇ ਉਥੇ ਖੇਡਾਂ ਦੇ ਵਪਾਰੀਕਰਨ ਹੋਣ ਕਰਕੇ ਕਰੋੜਾਂ ਰੁਪਏ ਦਾ ਸਰਮਾਇਆ ਵੀ ਇਸ਼ਤਿਹਾਰਬਾਜ਼ੀ ਤੋਂ ਇਕੱਠਾ ਕਰਦੇ ਹਨ ਤੇ ਇਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਹਨ। ਗਲੈਮਰ ਦੇ ਯੁੱਗ ਵਿਚ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਸਮੇ ਦੀਆਂ ਲੋਕਤੰਤਰੀ ਸਰਕਾਰਾਂ ਲਈ ਖਿਡਾਰੀਆਂ ਦੀ ਪ੍ਰਸਿੱਧੀ ਦਾ ਲਾਭ ਲੈਣ ਲਈ ਮਜਬੂਰ ਹੋ ਜਾਂਦੀਆਂ ਤੇ ਇਸ ਚੱਕਰਵਿਊ ਵਿਚ ਕਈ ਖਿਡਾਰੀ ਤਾਂ ਇਸ ਕਰਕੇ ਫਸ ਜਾਂਦੇ ਹਨ ਕਿ ਉਨ੍ਹਾਂ ਦੀ ਸਮਾਜ ਵਿਚ ਸ਼ੌਹਰਤ ਏਨੀ ਵਧ ਚੁੱਕੀ ਹੁੰਦੀ ਹੈ ਕਿ ਉਹ ਹਮੇਸ਼ਾ ਹੀ ਸੁਰਖੀਆਂ ਵਿਚ ਰਹਿਣਾ ਚਾਹੁੰਦੇ ਹਨ ਤੇ ਦੂਜੇ ਉਹ ਖਿਡਾਰੀ ਹੁੰਦੇ ਹਨ ਜਿਨ੍ਹਾਂ ਨੇ ਹੇਠਲੇ ਪੱਧਰ 'ਤੇ ਗ਼ਰੀਬੀ ਤੇ ਖੇਡਾਂ ਦੇ ਖੇਤਰ ਵਿਚ ਬੇਇਨਸਾਫ਼ੀ ਵੇਖੀ ਹੁੰਦੀ ਹੈ। ਉਹ ਉਸ ਨੂੰ ਸਮਾਜ ਵਿਚੋਂ ਦੂਰ ਕਰਨ ਦੇ ਇਰਾਦੇ ਨਾਲ ਸਿਆਸਤ ਦਾ ਰੁੱਖ ਕਰਨ, ਸੇਵਾ ਕਰਨ ਲਈ ਕਰਦੇ ਹਨ ਤੇ ਤੀਜੇ ਉਹ ਖਿਡਾਰੀ ਹੁੰਦੇ ਹਨ ਜਿਨ੍ਹਾਂ ਨੂੰ ਸਿਆਸਤ ਵਿਚ ਸ਼ਾਮਿਲ ਕਰਵਾਉਣਾ ਰਾਜਨੀਤਕ ਪਾਰਟੀਆਂ ਦੀ ਮਜਬੂਰੀ ਬਣ ਜਾਂਦੀ ਹੈ ਤੇ ਉਹ ਚਾਹੁੰਦੀਆਂ ਹਨ ਕਿ ਇਨ੍ਹਾਂ ਖਿਡਾਰੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਔਖੀ ਸੀਟ 'ਤੇ ਜਿੱਤ ਸੌਖੀ ਹੋ ਜਾਵੇਗੀ। ਜਦੋਂ ਇਕ ਖਿਡਾਰੀ ਸਿਆਸਤ ਵਿਚ ਕਦਮ ਰੱਖਦਾ ਹੈ ਤੇ ਲੋਕਾਂ ਨੂੰ ਵੀ ਉਨ੍ਹਾਂ ਨੂੰ ਬਹੁਤ ਆਸਾਂ ਹੁੰਦੀਆਂ ਹਨ। ਉਨ੍ਹਾਂ ਦਾ ਚਿਹਰਾ ਬੇਦਾਗ਼ ਹੁੰਦਾ ਹੈ ਤੇ ਰਾਜਨੀਤਕ ਪਾਰਟੀਆਂ ਵੀ ਖਿਡਾਰੀ ਨੂੰ ਸਿੱਧਾ ਖੇਡ ਮੰਤਰੀ ਬਣਾਉਣ ਲਈ ਪੇਸ਼ਕਸ਼ ਦੇ ਦਿੰਦੀਆਂ ਹਨ। ਇਸੇ ਲਾਲਚ ਕਰਕੇ ਖਿਡਾਰੀ ਸਿਆਸਤ ਦੀ ਦਲਦਲ ਦੇ ਵਿਚ ਧਸਦਾ ਚਲਿਆ ਜਾਂਦਾ ਹੈ।

ਜਦੋਂ ਉਹ ਰਾਜਨੀਤਕ ਸਿਸਟਮ ਦਾ ਹਿੱਸਾ ਬਣ ਜਾਂਦਾ ਹੈ ਤੇ ਉਸ ਨੂੰ ਹਰ ਗੱਲ 'ਤੇ ਆਪਣੇ ਰਹਿਬਰਾਂ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ, ਜਿਸ ਮਕਸਦ ਨਾਲ ਉਹ ਇਸ ਖੇਤਰ ਵਿਚ ਆਇਆ ਹੁੰਦਾ ਹੈ ਉਸ ਨੂੰ ਬੇਬੱਸ ਲੱਗਣ ਜਾਂਦਾ ਹੈ। ਜੋ ਖਿਡਾਰੀ ਆਪਣੇ ਵੇਲੇ ਇਹ ਕਹਿੰਦਾ ਸੀ ਕਿ ਖੇਡ ਸਕੀਮਾਂ ਏ.ਸੀ. ਕਮਰਿਆਂ ਵਿਚ ਬੈਠ ਕੇ ਨਹੀਂ ਬਣਾਈਆਂ ਜਾ ਸਕਦੀਆਂ ਤੇ ਉਹ ਵੀ ਉਸੇ ਤਰ੍ਹਾਂ ਨਾਲ ਉਨ੍ਹਾਂ ਕਮਰਿਆਂ ਦਾ ਹੌਲੀ-ਹੌਲੀ ਹਿੱਸਾ ਬਣਨ ਲੱਗ ਜਾਂਦਾ ਹੈ ਤੇ ਖਿਡਾਰੀ ਤੋਂ ਰਾਜਨੇਤਾ ਬਣਨ ਵੱਲ ਕਦਮ ਵਧਾ ਲੈਂਦਾ ਹੈ। ਜੇਕਰ ਕੋਈ ਰਾਜਨੀਤਕ ਪਾਰਟੀ ਮਜਬੂਰੀ ਵੱਸ ਖਿਡਾਰੀ ਨੂੰ ਖੇਡ ਮੰਤਰੀ ਬਣਾ ਦਿੰਦੀ ਹੈ ਤਾਂ ਉਸ ਦਾ ਸਮੁੱਚਾ ਕੰਟਰੋਲ ਆਪਣੇ ਕੋਲ ਰੱਖ ਲੈਂਦੀ ਹੈ ਤੇ ਹਰ ਫ਼ੈਸਲੇ ਲਈ ਉਸ ਨੂੰ ਹਾਈ ਕਮਾਂਡ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਜੇਕਰ ਕੋਈ ਭਾਰਤ ਦਾ ਖੇਡ ਮੰਤਰੀ ਬਣ ਕੇ ਖੇਡਾਂ ਵਿਚ ਸੁਧਾਰ ਦੀ ਗੱਲ ਕਰਦਾ ਹੈ ਤਾਂ ਅਗਲੀ ਵਾਰੀ ਉਸ ਨੂੰ ਨੁੱਕਰੇ ਲਾ ਕੇ ਕਿਸੇ ਗ਼ੈਰ ਖਿਡਾਰੀ ਨੂੰ ਦੇੇਸ਼ ਦਾ ਖੇਡ ਮੰਤਰੀ ਬਣਾ ਦਿੱਤਾ ਜਾਂਦਾ ਹੈ।ਕਈ ਖਿਡਾਰੀ ਤਾਂ ਖੇਡ ਮੰਤਰੀ ਬਣਨ ਲਈ ਕਈ-ਕਈ ਪਾਰਟੀਆਂ ਵੀ ਬਦਲ ਲੈਂਦੇ ਹਨ ਤੇ ਇਕ ਵਾਰੀ ਕਿਸੇ ਪਾਰਟੀ ਤੇ ਦੂਜੀ ਵਾਰੀ ਹੋਰ ਪਾਰਟੀ ਤੋਂ ਟਿਕਟ ਲੈ ਕੇ ਚੋਣ ਤਾਂ ਜਿੱਤ ਜਾਂਦੇ ਹਨ। ਆਪਣੇ ਇਲਾਕੇ ਵਿਚ ਖੇਡਾਂ ਦਾ ਵਿਕਾਸ ਕਰਵਾਉਣਾ ਭੁੱਲ ਜਾਂਦੇ ਹਨ। ਖਿਡਾਰੀਆਂ ਨੂੰ ਖੇਡਾਂ ਦੀਆਂ ਜ਼ਰੂਰੀ ਸਹੂਲਤਾਂ ਵੀ ਨਹੀਂ ਦੇ ਪਾਉਂਦੇ। ਕਈ ਖਿਡਾਰੀ ਰਾਜ ਸਭਾ ਦੇ ਮੈਂਬਰ ਬਣ ਕੇ ਕਰੋੜਾਂ ਰੁਪਏ ਦੀ ਤਨਖ਼ਾਹ ਲੈ ਕੇ ਆਪਣੀ ਹਾਜ਼ਰੀ ਵੀ ਪੂਰੀ ਨਹੀਂ ਕਰ ਸਕਦੇ ਤੇ ਖੇਡਾਂ ਦੀ ਤਰੱਕੀ ਦੀ ਗੱਲ ਉਨ੍ਹਾਂ ਨੇ ਕੀ ਕਰਨੀ ਹੈ। ਇਹ ਨਹੀਂ ਕਿ ਸਾਰੇ ਖਿਡਾਰੀ ਸਿਆਸਤ ਵਿਚ ਮਾੜੇ ਹੁੰਦੇ ਹਨ ਤੇ ਵਿਸ਼ਵ ਵਿਚ ਕਈ ਚੰਗੇ ਖਿਡਾਰੀ ਵੀ ਹੋਏ ਹਨ, ਜਿਨ੍ਹਾਂ ਨੇ ਸਿਆਸਤ ਨਾਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਹੈ।

 ਸਾਡੇ ਦੇਸ਼ ਵਿਚ ਚੰਗੇ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਰਾਜਨੇਤਾ ਬਣ ਕੇ ਦੇਸ਼ ਲਈ ਚੰਗਾ ਕੰਮ ਵੀ ਕੀਤਾ ਹੈ। ਪੰਜਾਬ ਵਿਚ ਵੀ ਇਸ ਵੇਲੇ ਕਈ ਖਿਡਾਰੀ ਸਿਆਸਤ ਦੇ ਆਖਾੜੇ ਵਿਚ ਕੁੱਦੇ ਹਨ ਜਿਨਾਂ 'ਚ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਉਲੰਪੀਅਨ ਪ੍ਰਗਟ ਸਿੰਘ, ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ, ਪਦਮਸ੍ਰੀ ਕਰਤਾਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਅਰਜਨਾ ਐਵਾਰਡੀ ਰਾਜਬੀਰ ਕੌਰ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਹੋਰ ਵੀ ਕਈ ਛੋਟੇ ਖਿਡਾਰੀਆਂ ਨੇ ਸਿਆਸਤ ਦਾ ਰੁਖ ਜ਼ਰੂਰ ਕੀਤਾ ਹੈ ਤੇ ਇਨ੍ਹਾਂ ਵਿਚੋਂ ਸਫਲ ਕੌਣ ਰਿਹਾ ਹੈ ਤੇ ਇਹ ਤਾਂ ਸ਼ੀਸ਼ੇ ਵਿਚ ਬਿਲਕੁਲ ਸਾਫ ਵਿਖਾਈ ਦੇ ਰਿਹਾ ਹੈ। ਕਿਸ ਨੇ ਕਿੰਨਾ ਕੁ ਵਿਕਾਸ ਰਾਜਨੇਤਾ ਬਣ ਕੇ ਸੂਬੇ ਦਾ ਕੀਤਾ ਹੈ ਜਾਂ ਆਪਣੇ ਇਲਾਕੇ ਦਾ ਖੇਡ ਖੇਤਰ ਵਿਚ ਕੀਤਾ ਹੈ। ਜੇਕਰ ਖਿਡਾਰੀ ਰਾਜਨੀਤੀ ਦੇ ਖੇਤਰ ਵਿਚ ਅੱਗੇ ਆਉਂਦੇ ਹਨ ਤਾਂ ਇਹ ਚੰਗੀ ਗੱਲ ਹੈ। ਚੰਗੇ ਕੰਮ ਲਈ ਕਦੇ ਨਾ ਕਦੇ ਤਾਂ ਖਿਡਾਰੀ ਦੀ ਜ਼ਮੀਰ ਜ਼ਰੂਰ ਜਾਗਦੀ ਹੈ ਤੇ ਇਕ ਖਿਡਾਰੀ ਨੂੰ ਹਰ ਕੋਈ ਆਪਣਾ ਸਮਝਦਾ ਹੈ ਤੇ ਉਸ ਤੱਕ ਸੌਖੀ ਪਹੁੰਚ ਰੱਖਦਾ ਹੈ ਕਿ ਇਹ ਭਲਵਾਨ ਤਾਂ ਸਾਡਾ ਆਪਣਾ ਹੀ ਹੈ ਸੋ ਖਿਡਾਰੀਓ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ ਤੇ ਬੇਸ਼ੱਕ ਤੁਸੀਂ ਬੇਬਾਕੀ ਨਾਲ ਆਪਣੀ ਗੱਲ ਖੇਡਾਂ ਦੇ ਖੇਤਰ ਦੀ ਸਦਨ ਵਿਚ ਰੱਖੀ ਹੈ ਤੇ ਜੇ ਉਹ ਪੂਰੀ ਨਹੀਂ ਹੋਈ ਤਾਂ ਉਸ ਦਾ ਕੀ ਫਾਇਦਾ ਜੇ ਤੁਸੀਂ ਵੀ ਲੋਕਾਂ ਨੂੰ ਤੇ ਖਿਡਾਰੀਆਂ ਨੂੰ ਆਪਣਾ ਵੋਟ ਬੈੈਂਕ ਹੀ ਸਮਝਦੇ ਹੋ ਤਾਂ ਇਹ ਤੁਹਾਡੀ ਆਪਣੀ ਸੋਚ ਹੈ। ਜਿਸ ਮਕਸਦ ਨੂੰ ਲੈ ਕੇ ਤੁਸੀਂ ਸਮਾਜ ਦੀ ਸੇਵਾ ਦਾ ਬੀੜਾ ਚੁੁੱਕਿਆ ਹੈ ਤੇ ਉਹ ਵੋਟ ਬੈਂਕ ਨਹੀਂ ਦੇਸ਼ ਦਾ ਅਣਮੁੱਲਾ ਸਰਮਾਇਆ ਹੈ। ਇਸ ਲਈ ਸੱਤਾ ਦੇ ਨਸ਼ੇ ਦੇ ਗਰੂਰ ਵਿਚ ਆਪਣਾ ਅਤੀਤ ਨਾ ਭੁੱਲੋ ਤੇ ਪੰਜਾਬ ਦੀ ਜਵਾਨੀ ਦੇ ਲਈ ਖੇਡ ਖੇਤਰ ਵਿਚ ਐਸੇ ਕੀਰਤੀਮਾਨ ਸਥਾਪਤ ਕਰੋ ਤਾਂ ਜੋ ਸੂਬੇ ਦਾ ਹਰ ਖਿਡਾਰੀ ਤੇ ਨਾਗਰਿਕ ਤੁਹਾਡੇ 'ਤੇ ਮਾਣ ਮਹਿਸੂਸ ਕਰੇ।