ਮਾਸਟਰ ਕੇਡਰ ਲਈ ਹੋਏ ਪੰਜਾਬੀ ਦੇ ਪੇਪਰ ਵਿਚ ਹੋਈਆਂ ਬਚਕਾਨਾ ਗ਼ਲਤੀਆਂ

ਮਾਸਟਰ ਕੇਡਰ ਲਈ ਹੋਏ ਪੰਜਾਬੀ ਦੇ ਪੇਪਰ ਵਿਚ ਹੋਈਆਂ ਬਚਕਾਨਾ ਗ਼ਲਤੀਆਂ

ਲੇਖਿਕਾ ਵਲੋਂ ਮੁਖ ਮੰਤਰੀ ਭਗਵੰਤ ਮਾਨ ਦੇ ਨਾਮ ਖੁਲ੍ਹਾ ਪੱਤਰ

ਮਾਨਯੋਗ ਮੁੱਖ ਮੰਤਰੀ ਸਾਹਿਬ ,

 ਪੰਜਾਬ ਸਰਕਾਰ,

 ਚੰਡੀਗੜ੍ਹ। 

ਵਿਸ਼ਾ : ਮਾਸਟਰ ਕੇਡਰ ਲਈ ਹੋਏ ਪੰਜਾਬੀ ਦੇ ਪੇਪਰ ਵਿਚ ਹੋਈਆਂ ਬਚਕਾਨਾ ਗ਼ਲਤੀਆਂ ਸਬੰਧੀ!  

ਸ੍ਰੀ ਮਾਨ ਜੀ ,

ਬੇਨਤੀ ਹੈ ਕਿ ਇਸ ਵਾਰ ਵੀ ਤੀਆਂ ਦਾ ਤਿਉਹਾਰ ਮੈਂ ਨਹੀਂ ਮਨਾ ਸਕੀ। ਪਿਛਲੇ ਦਸ ਸਾਲ ਤੋਂ ਮੈਂ ਤੀਆਂ ਦਾ ਤਿਉਹਾਰ ਨਹੀਂ ਮਨਾ ਰਹੀ। ਇਸ ਵਾਰ ਵੀ ਘਰੇਲੂ ਕੰਮਕਾਰ ਕਰਦਿਆਂ ਕਰਦਿਆਂ ਪੰਦਰਾਂ ਪੰਦਰਾਂ ਘੰਟੇ ਸਾਉਣ ਦਾ ਮਹੀਨਾ ਪੜ੍ਹਾਈ ਵਿੱਚ ਹੀ ਲੰਘ ਗਿਆ । ਸਿਰ ਚੁੱਕ ਕੇ ਨਹੀਂ ਦੇਖਿਆ ਕਿ ਕੌਣ ਕੌਣ ਇਸ ਤਿਉਹਾਰ ਨੂੰ ਮਨਾ ਰਿਹਾ ਹੈ।ਥੋੜ੍ਹੀ ਜਿਹੀ ਖ਼ਬਰ ਜ਼ਰੂਰ ਸੁਣੀ ਸੀ ਕਿ ਤੁਹਾਡੀ ਭੈਣ ਜੀ ਤੇ ਤੁਹਾਡੀ ਨਵ ਵਿਆਹੀ ਪਤਨੀ ਹਾਰ ਸ਼ਿੰਗਾਰ ਲਾ ਕੇ ਹਰ ਰੋਜ਼ ਇਨ੍ਹਾਂ ਮੇਲਿਆਂ ਵਿੱਚ ਜਾਂਦੀਆਂ ਹਨ। 

ਮੈਂ ਪਿਛਲੇ ਵੀਹ ਪੱਚੀ ਸਾਲ ਤੋਂ ਜੁਗਨੂੰ ਹਾਜ਼ਰ ਹੈ ਦੇਖ ਰਹੀ ਹਾਂ ਇਹ ਮੇਰਾ ਪਸੰਦੀਦਾ ਕਾਮੇਡੀ ਸ਼ੋਅ ਹੈ, ਕਿਉਂਕਿ ਤੁਸੀਂ ਹਰ ਉਹ ਵਿਸ਼ੇ ਨੂੰ ਆਪਣੇ ਇਸ ਸ਼ੋਅ ਵਿਚ ਵਿਅੰਗ ਕੱਸ ਕੇ ਨੰਗਾ ਕੀਤਾ ਹੈ। ਪੰਜਾਬੀ ਮਾਸਟਰ ਕੇਡਰ ਦੇ ਪੇਪਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਸਕੂਲ ਵਿੱਚ ਅਧਿਆਪਕ ਨਾ ਹੋਣ ਕਰਕੇ ਕੋਈ ਸਾਇੰਸ ਵਾਲਾ ਮਾਸਟਰ ਜਾਂ ਘਰੋਂ ਅੱਕੀ ਆਈ ਹਿੰਦੀ ਆਲੀ ਭੈਣ ਜੀ ਨੇ ਹੀ ਪੰਜਾਬੀ ਦਾ ਪੇਪਰ  ਪਾ ਦਿੱਤਾ ਹੋਵੇ। ਕਈ ਸਵਾਲ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਸਹੀ ਆਪਸ਼ਨ ਹੀ ਪੇਪਰ ਵਿੱਚ ਹੈ ਨਹੀਂ ਸੀ, ਸੋ ਪੇਪਰ ਵਿਚ ਬੈਠੀ ਇਹ ਹੀ ਸੋਚ ਰਹੀ ਸੀ ਕਿ ਕਿਹੜੀ ਗਲਤ ਆਪਸ਼ਨ ਨੂੰ ਸਹੀ ਚੁਣਾ!

 ਇਸ ਤਰ੍ਹਾਂ ਦੇ ਪੇਪਰ ,ਪੇਪਰ ਦੇਣ ਵਾਲੇ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੇ ਹਨ ।ਉੱਤਰ ਕੁੰਜੀ ਦੇਖ ਕੇ ਬੜੀ ਹੈਰਾਨੀ ਹੋਈ ਗਲਤ ਆਪਸ਼ਨਾਂ ਨੂੰ ਹੀ ਸਹੀ ਕਹੀ ਜਾਂਦੇ ਹਨ। ਲਗਪਗ ਪੰਦਰਾਂ ਤੋਂ ਵੀਹ ਸਵਾਲ ਇਸ ਤਰ੍ਹਾਂ ਦੇ ਹਨ।  ਪੰਜਾਬ ਸਕੂਲ ਸਿੱਖਿਆ ਬੋਰਡ ਵਾਲਿਆਂ ਨੇ ਕਿਹਾ ਹੈ ਕਿ ਤੁਸੀਂ ਅਬਜੈਕਸ਼ਨ ਲਗਾ ਦੇਵੋ ।ਪਰ ਮੈਂ ਅਬਜੈਕਸ਼ਨ ਨਹੀਂ ਲਗਾਵਾਂਗੀ ।ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੋਈ ਇਹ ਇੱਕ ਵੱਡੀ ਕੁਤਾਹੀ ਹੈ। ਇੰਨੇ ਸਾਦੇ ਤੇ ਸਪੱਸ਼ਟ ਸੁਆਲਾਂ ਦੇ ਜੁਆਬਾਂ ਲਈ ਅਬਜੈਕਸ਼ਨ ਦੀ ਕੀ ਲੋੜ ਹੈ। ਇਹ ਤਾਂ ਸਰਾਸਰ ਪੈਸੇ ਇਕੱਠੇ ਕਰਨ ਦਾ ਜ਼ਰੀਆ ਹੈ। ਇਕ ਬੇਰੁਜ਼ਗਾਰ ਅਧਿਆਪਕ ਦੀ ਜੇਬ ਉੱਤੇ ਡਾਕਾ ਹੈ ।ਇਸ ਤਰ੍ਹਾਂ ਖ਼ਜ਼ਾਨੇ ਨਹੀਂ ਭਰੇ ਜਾਣੇ। ਜੇਕਰ ਤੁਸੀਂ ਖ਼ਜ਼ਾਨੇ ਭਰਨ ਲਈ ਚਿੰਤਤ ਹੋ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰੋ ਜਿਨ੍ਹਾਂ ਨੇ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਤੇ ਅੱਜ ਆਪਣੇ ਹਿੱਸੇ ਦਾ ਹਜ਼ਾਰ ਰੁਪਇਆ ਲੈਣ ਲਈ ਮੰਗਤਿਆਂ ਵਾਂਗ ਧਰਨਿਆਂ ਉੱਤੇ ਬੈਠ ਢੌਂਗ ਰਚ ਰਹੇ ਹਨ।  

ਇਕ ਕੈਂਡੀਡੇਟ ਇੰਨੇ ਪਾਸੇ ਲਾ ਕੇ ਪਹਿਲਾਂ ਫਾਰਮ ਭਰਦਾ ਹੈ ਫਿਰ  ਅਬਜੈਕਸ਼ਨ ਸਵਾਲਾਂ ਉੱਤੇ ਪੈਸੇ ਖਰਚ ਕਰਦਾ ਹੈ।ਪਰ ਕਿਉਂ ....?? ਵਸਤੂ ਨਿਸ਼ਠ ਸਵਾਲਾਂ ਵਿੱਚ ਉੱਤਰ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਪਰ ਇਸ ਪੇਪਰ ਦਾ ਪੱਧਰ ਬਹੁਤ ਹੀ ਨੀਵੇਂ ਦਰਜੇ ਦਾ ਸੀ।  

ਪੇਪਰ ਵਿਚ ਜੇਕਰ ਕਿਸੇ ਕੈਂਡੀਗੇਟ ਵੱਲੋਂ ਕੋਈ ਕੁਤਾਹੀ ਹੁੰਦੀ ਹੈ ਤਾਂ ਉਸ ਤੇ ਅਖੀਰ ਵਿਚ ਦਸਤਖਤ ਹੁੰਦੇ ਹਨ ਸੋ ਸਾਰੀ ਜ਼ਿੰਮੇਵਾਰੀ ਉਸ ਕੈਂਡੀਗਡੇਟ ਦੀ ਹੀ ਹੁੰਦੀ ਹੈ। ਕੀ ਇਸ ਤਰ੍ਹਾਂ ਦੇ ਪੇਪਰ ਵਿੱਚ ਪੇਪਰ ਪਾਉਣ ਵਾਲਾ ਅਧਿਆਪਕ ਕੋਈ ਜ਼ਿੰਮੇਵਾਰੀ ਲਵੇਗਾ?  ਕੀ ਉਸ ਨੂੰ ਅਜਿਹਾ ਪੇਪਰ ਪਾਉਣ ਲਈ ਕੋਈ ਜੁਰਮਾਨਾ ਹੋਵੇਗਾ?  ਉੱਤਰ ਕੁੰਜੀ ਦੀ ਜ਼ਿੰਮੇਵਾਰੀ ਕੀ ਸਿੱਖਿਆ ਵਿਭਾਗ ਲਵੇਗਾ?

  ਬਚਪਨ ਤੋਂ ਇੱਕ ਕਹਾਣੀ ਪੜ੍ਹਦੀ ਆ ਰਹੀ ਹਾਂ ਪਿਆਸਾ ਕਾਂ.... ਪਰ ਉਹ ਪਿਆਸਾ ਕਾਂ ਤਾਂ ਕਿੱਦਣ ਦਾ ਅਕਾਲ ਚਲਾਣਾ ਕਰ ਗਿਆ ਤੇ ਉਸ ਤੋਂ ਬਾਅਦ ਪਤਾ ਨੀ ਕਿੰਨੇ ਪਿਆਸੇ ਲੋਕ ਵੀ ਪਾਣੀ ਦੀ ਭਾਲ ਵਿਚ ਇੱਥੋਂ ਰੁਖ਼ਸਤ ਹੋ ਗਏ।

  ਚਲਾਕ ਲੂੰਬੜੀ ਤਾਂ ਖੱਟੇ ਅੰਗੂਰ ਵੀ ਘਰ ਲੈ ਗਈ ਤੇ ਮਸਾਲਾ  ਵੇਚਣ ਲੱਗੀ....ਤੇ ਅਸੀਂ ਅੰਗੂਰਾਂ ਦੇ ਪੱਕੇ ਹੋਣ ਦਾ ਇੰਤਜ਼ਾਰ ਕਰਦੇ ਰਹੇ! 

ਦਿੱਤੀ ਗਈ ਉੱਤਰ ਕੁੰਜੀ ਕੈਂਡੀਡੇਟਸ ਨੂੰ ਗੁੰਮਰਾਹ ਕਰ ਰਹੀ ਹੈ, ਸੋ ਕੈਂਡੀਡੇਟ ਅਬਜੈਕਸ਼ਨ ਨਹੀਂ ਲਗਾਉਣਗੇ ਪਹਿਲਾਂ ਤੁਸੀਂ ਉਸ ਉੱਤਰ ਕੁੰਜੀ ਨੂੰ ਜਾਂਚ ਕੇ ਸੋਧ ਕਰੋ!

 

ਪੀੜਤ ਬੇਰੁਜ਼ਗਾਰ ਅਧਿਆਪਕ 

ਵਿਰਕ ਪੁਸ਼ਪਿੰਦਰ    

@Bhagwant Mann @harjot singh bains