27 ਸਾਲਾਂ ਬਾਅਦ ਬਿਲ ਤੇ ਮਲਿੰਦਾ ਦਾ ਤਲਾਕ

27 ਸਾਲਾਂ ਬਾਅਦ ਬਿਲ ਤੇ ਮਲਿੰਦਾ ਦਾ ਤਲਾਕ

ਵਿਸ਼ਵ ਚਰਚਾ

ਪ੍ਰੋਫੈਸਰ ਹੀਰਾ ਸਿੰਘ

ਅੱਜਕਲ੍ਹ ਸੋਸ਼ਲ ਮੀਡੀਆ 'ਤੇ ਬਿਲ ਗੇਟਸ ਦੇ ਤਲਾਕ ਲੈਣ ਦੇ ਫ਼ੈਸਲੇ ਦੀ ਖ਼ਬਰ ਬਾਰੇ ਤਰ੍ਹਾਂ-ਤਰ੍ਹਾਂ ਦੇ ਸੰਦੇਸ਼ ਘੁੰਮ ਰਹੇ ਹਨ। ਸ਼ਾਇਦ ਹੀ ਕੋਈ ਅਜਿਹਾ ਬਸ਼ਿੰਦਾ ਹੋਵੇਗਾ ਜੋ ਮਾਈਕਰੋਸੋਫਟ ਦੇ ਸਹਿਬਾਨੀ ਬਿਲ ਗੇਟਸ ਨੂੰ ਜਾਣਦਾ ਨਾ ਹੋਵੇ, ਇਹ ਇਨਸਾਨ ਅਕਸਰ ਹੀ ਆਮ ਲੋਕਾਂ ਵਿਚ ਪਿੰਡਾਂ 'ਚ ਖੁੰਢਾਂ 'ਤੇ ਅਤੇ ਸ਼ਹਿਰਾਂ-ਕਸਬਿਆਂ ਵਿਚ ਚਾਹ ਦੌਰਾਨ ਚਰਚਾ ਦਾ ਵਿਸ਼ਾ ਹੁੰਦਾ ਹੈ, ਉਸ ਦੇ ਪੈਸੇ ਕਰਕੇ। 65 ਸਾਲਾ ਬਿਲ ਤਕਰੀਬਨ 119 ਬਿਲੀਅਨ ਡਾਲਰਾਂ ਦਾ ਮਾਲਕ ਹੈ ਜੋ ਕਿ ਭਾਰਤੀ ਮੁਦਰਾ ਵਿਚ 9 ਲੱਖ ਕਰੋੜ ਰੁਪਏ ਬਣਦੇ ਹਨ। ਅਨੁਮਾਨ ਮੁਤਾਬਿਕ ਤਕਰੀਬਨ 10000 ਰੁਪਏ ਹਰ ਸਕਿੰਟ ਉਹ ਕਮਾਉਂਦਾ ਹੈ। ਬਿਲ ਗੇਟਸ ਦਾ ਜਨਮ 28 ਅਕਤੂਬਰ, 1955 ਨੂੰ ਅਮਰੀਕਾ 'ਚ ਹੋਇਆ ਤੇ ਉਹ ਬਹੁਤ ਛੋਟੀ ਉਮਰ 'ਚ ਹੀ ਅਰਬਪਤੀ ਬਣ ਗਿਆ ਸੀ। ਪੜ੍ਹਾਈ 'ਚ ਬਹੁਤ ਹੋਣਹਾਰ ਹੋਣ ਦੇ ਬਾਵਜੂਦ ਉਸ ਨੇ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਕੇ ਆਪਣੀ ਕੰਪਨੀ ਖੋਲ੍ਹ ਲਈ ਸੀ। ਦੁਨੀਆ ਦੇ ਇਸ ਧਨਾਢ ਵਿਅਕਤੀ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ, ਇਹ ਬਹੁਤ ਪੜ੍ਹਨ ਤੇ ਕਲਾ ਨੂੰ ਪਿਆਰ ਕਰਨ ਵਾਲਾ ਉਦਾਰ ਤੇ ਦਾਨੀ ਸੱਜਣ ਹੈ। ਪਿਛਲੇ ਦੋ ਚਾਰ ਦਿਨਾਂ ਤੋਂ ਇਸ ਦੇ ਚਰਚੇ ਵੱਖ-ਵੱਖ ਦ੍ਰਿਸ਼ਟੀਕੋਣ ਨਾਲ ਸੋਸ਼ਲ ਮੀਡੀਆ 'ਤੇ ਖੂਬ ਚੱਲ ਰਹੇ ਹਨ। ਜਿਸ ਦਾ ਕਾਰਨ ਹੈ ਉਸ ਦਾ ਆਪਣੀ ਪਤਨੀ ਮਲਿੰਦਾ ਨਾਲ 27 ਸਾਲਾ ਵਿਆਹੁਤਾ ਜੀਵਨ ਸਮਾਪਤ ਕਰਕੇ ਤਲਾਕ ਲੈਣ ਦੇ ਫ਼ੈਸਲੇ ਦਾ।ਬਿਲ ਗੇਟਸ ਤੇ ਮਲਿੰਦਾ ਦੰਪਤੀ ਨੇ ਸੰਨ 2000 ਵਿਚ ਬਿਲ ਅਤੇ ਮਲਿੰਦਾ ਗੇਟਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜਿਸ ਨਾਲ ਮਲਿੰਦਾ ਦਾ ਨਾਂਅ ਵੀ ਕਾਫੀ ਮਸ਼ਹੂਰ ਹੋਇਆ। ਇਸ ਸੰਸਥਾ ਨੇ ਸੰਸਾਰ ਪੱਧਰ 'ਤੇ ਜੋ ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾਇਆ ਹੈ, ਉਸ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਵਿੱਦਿਆ ਤੋਂ ਲੈ ਕੇ ਸਿਹਤ ਤੱਕ ਦੇ ਹਰ ਪੱਧਰ 'ਤੇ ਜੋ ਇਨਸਾਨ ਦੀਆਂ ਮੁਢਲੀਆਂ ਲੋੜਾਂ ਹਨ, ਲਈ ਇਸ ਸੰਸਥਾ ਨੇ ਵੱਧ-ਚੜ੍ਹ ਕੇ ਅਹਿਮ ਹਿੱਸੇਦਾਰੀ ਪਾਈ ਹੈ। ਇਹ ਸੰਸਥਾ ਦੁਨੀਆ ਦੀ ਸਭ ਤੋਂ ਵੱਡੀ ਸਮਾਜਿਕ ਸੰਸਥਾ ਹੈ। ਇਸ ਸੰਸਥਾ ਕਰਕੇ ਮਲਿੰਦਾ ਕਾਫੀ ਚਰਚਾ ਵਿਚ ਰਹੀ ਹੈ।

ਬਿਲ ਗੇਟਸ ਦਾ ਵਿਆਹ ਉਸ ਦੀ ਹੀ ਸਹਿਕਰਮੀ ਮਲਿੰਦਾ ਨਾਲ 1994 ਵਿਚ ਹੋਇਆ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਇਸ ਜੋੜੇ ਨੇ ਇਕਦਮ ਟਵੀਟ ਕਰ ਦਿੱਤਾ ਕਿ ਅਸੀਂ ਦੋਵੇ ਇਕ ਦੂਜੇ ਨੂੰ ਛੱਡ ਰਹੇ ਹਾਂ, ਇਨ੍ਹਾਂ ਲੋਕਾਂ ਲਈ ਇਹ ਕਹਿਣਾ ਕਿੰਨਾ ਹੀ ਸੌਖਾ ਤੇ ਆਸਾਨ ਹੈ। ਸਾਡੇ ਸਮਾਜ ਵਿਚ ਜੇਕਰ ਇਹੋ ਜਿਹੀ ਸਮੱਸਿਆ ਆ ਵੀ ਜਾਵੇ ਤਾਂ ਕਈ ਤਰ੍ਹਾਂ ਦੇ ਰਿਸ਼ਤਿਆਂ, ਸਮਾਜਿਕ ਅਤੇ ਕਾਨੂੰਨੀ ਚਾਰਾਜੋਈ ਦੌਰਾਨ ਵਕਤ ਗੁਜ਼ਾਰਨ 'ਤੇ ਕਿਤੇ ਨਾ ਕਿਤੇ ਆਪਸ ਵਿਚ ਸਮਝੌਤਾ ਹੋ ਹੀ ਜਾਂਦਾ ਹੈ ਤੇ ਕੁਝ ਵਕਤ ਲੰਘਣ 'ਤੇ ਫਿਰ ਪਤੀ-ਪਤਨੀ ਇਕ-ਮਿਕ ਹੋ ਜਾਂਦੇ ਹਨ, ਬਸ਼ਰਤੇ ਕਿ ਮੁੱਦਾ ਉਲਝੇ ਹੋਏ ਸੂਤ ਵਰਗਾ ਗੁੰਝਲਦਾਰ ਨਾ ਹੋਵੇ।ਤਲਾਕ ਦਾ ਮਤਲਬ ਹੈ ਇਕ ਕੱਚੇ ਧਾਗੇ 'ਚ ਪਰੋਏ ਹੋਏ ਤੇ ਦੁੱਖ-ਸੁੱਖ ਦੇ ਇਕੱਠੇ ਸਾਂਝੀ ਬਣਨ ਦੀਆਂ ਕਸਮਾਂ ਖਾ ਕੇ ਅਤੇ ਸੱਚੇ ਵਾਅਦੇ ਕਰਕੇ ਬਣੇ ਪਤੀ-ਪਤਨੀ ਦਾ ਹਰ ਪੱਖ ਤੋਂ, ਭਾਵ ਕਿ ਨਿੱਜੀ, ਸਮਾਜਿਕ ਅਤੇ ਕਾਨੂੰਨੀ ਤੌਰ 'ਤੇ ਅਲੱਗ ਹੋ ਜਾਣਾ। ਇਸ ਦੀ ਪ੍ਰੀਕਿਰਿਆ ਹਰ ਦੇਸ਼ ਦੀ ਕਾਨੂੰਨੀ ਪ੍ਰਣਾਲੀ ਜਾਂ ਉੱਥੋਂ ਦੇ ਵਿਸ਼ੇਸ਼ ਕਾਨੂੰਨ ਅਧੀਨ ਹੁੰਦੀ ਹੈ। ਤਲਾਕ ਨਾਲ ਦੋਵੇਂ ਪਤੀ-ਪਤਨੀ ਇਕ-ਦੂਜੇ ਤੋਂ ਸੁਤੰਤਰ ਹੋ ਜਾਂਦੇ ਹਨ ਤੇ ਇਕ-ਦੂਜੇ ਦੀ ਨਿਰਭਰਤਾ ਖ਼ਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਮਲਿੰਦਾ ਤੇ ਬਿਲ ਨੇ 1994 ਵਿਚ ਵਿਆਹ ਰੂਪੀ ਰਿਸ਼ਤਾ ਹਮੇਸ਼ਾ-ਹਮੇਸ਼ਾ ਲਈ ਬਣਾਇਆ ਸੀ, ਉਹ ਅੱਖ ਦੀ ਝਪਟ 'ਤੇ ਇਕ ਟਵੀਟ ਨਾਲ ਹੀ ਉਨ੍ਹਾਂ ਤੇ ਦੁਨੀਆ ਲਈ ਖ਼ਤਮ ਹੋ ਗਿਆ ਹੈ। ਪਰ ਅਸੀਂ ਉਨ੍ਹਾਂ ਦੀ ਨਿੱਜਤਾ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਨਾ ਹੀ ਕਹਿ ਸਕਦੇ ਹਾਂ ਕਿ ਉਨ੍ਹਾਂ ਦੇ ਰਿਸ਼ਤਾ ਟੁੱਟਣ ਦੇ ਅੰਦਰੂਨੀ ਕੀ-ਕੀ ਕਾਰਨ ਹੋ ਸਕਦੇ ਹਨ ਪਰ ਉਹ ਲੱਖਾਂ-ਕਰੋੜਾਂ ਸੰਸਾਰ ਦੇ ਨੌਜਵਾਨਾਂ ਦੇ ਮਾਰਗ ਦਰਸ਼ਕ ਹਨ। ਜਿਸ ਦਾ ਪ੍ਰਭਾਵ ਉਨ੍ਹਾਂ 'ਤੇ ਜਰੂਰ ਪਵੇਗਾ।

ਵਿਆਹੁਤਾ ਜੀਵਨ ਤੇ ਤਲਾਕ ਦਾ ਦੂਜਾ ਪਹਿਲੂ ਅੱਜਕਲ੍ਹ ਇਕ ਹੋਰ ਆ ਰਿਹਾ ਹੈ। ਉਹ ਹੈ, ਉਨ੍ਹਾਂ ਨੌਜਵਾਨਾਂ ਦੇ ਸੰਦਰਭ ਵਿਚ ਜੋ ਮਹਾਂਨਗਰਾਂ 'ਚ ਕਾਰਪੋਰੇਟ ਸੈਕਟਰ ਵਿਚ ਨੌਕਰੀ ਕਰਦੇ ਹਨ। ਉਹ ਵਿਆਹ ਵਰਗੀ ਅਹਿਮ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਬੱਚੇ ਪੈਦਾ ਕਰਨਾ ਤਾਂ ਅੱਗੋਂ ਦੀ ਗੱਲ ਹੈ। ਮੌਜੂਦਾ ਕੰਪਿਊਟਰੀ ਤੇ ਇੰਟਰਨੈੱਟ ਯੁੱਗ ਦੇ ਨੌਜਵਾਨਾਂ ਦੀ ਪ੍ਰੇਰਨਾ ਦਾ ਸ੍ਰੋਤ ਅਤੇ ਰਾਹ-ਦਸੇਰੇ ਖ਼ਾਸ ਕਰ ਫ਼ਿਲਮੀ ਕਲਾਕਾਰ, ਗਾਇਕ, ਕ੍ਰਿਕਟ ਖਿਡਾਰੀ ਜਾਂ ਫੇਰ ਧਨਾਢ ਵਿਅਕਤੀ ਹੀ ਹਨ। ਉਹ ਘੱਟ ਸਮੇਂ 'ਚ ਬਹੁਤ ਸਾਰਾ ਕੁਝ ਹਾਸਲ ਕਰਨਾ ਚਾਹੁੰਦੇ ਹਨ, ਬਿਨਾਂ ਕਿਸੇ ਕਿਸਮ ਦੀ ਪ੍ਰਵਾਹ ਕਰਕੇ ਭਾਵੇਂ ਕਿ ਉਨ੍ਹਾਂ ਦੀ ਸਿਹਤ ਜਾਂ ਹੋਰ ਸਮਾਜਿਕ ਜ਼ਿੰਮੇਵਾਰੀਆਂ ਹੋਣ।ਦੋ ਦਹਾਕੇ ਪਹਿਲਾਂ ਸਾਡੇ ਭਾਰਤੀ ਸਮਾਜ ਵਿਚ ਤਲਾਕ ਦਾ ਨਾਂਅ ਲੈਣਾ ਹੀ ਮਾੜਾ ਸਮਝਿਆ ਜਾਂਦਾ ਸੀ। ਜੇਕਰ ਝਾਤ ਮਾਰੀਏ ਤਾਂ ਟਾਵਾਂ-ਟਾਵਾਂ ਜੋੜਾ ਮਿਲਦਾ ਸੀ ਜਿਸ ਦਾ ਤਲਾਕ ਹੋਇਆ ਹੋਵੇ, ਉਹ ਵੀ ਵਿਆਹ ਦੇ ਪਹਿਲੇ ਤਿੰਨ-ਚਾਰ ਸਾਲਾਂ ਤੱਕ ਹੋ ਜਾਂਦਾ ਸੀ, ਕਿਸੇ ਬਹੁਤ ਵੱਡੇ ਕਾਰਨ ਕਰਕੇ। ਵਿਆਹ ਦੇ ਅੱਠ-ਦਸ ਸਾਲ ਜੇਕਰ ਲੰਘ ਜਾਣ ਤੇ ਇਕ-ਦੋ ਬੱਚਿਆਂ ਦੇ ਮਾਪੇ ਬਣ ਗਏ ਹੋਣ ਤਾਂ ਤਲਾਕ ਬਾਰੇ ਸੋਚਣ ਦੀ ਤਾਂ ਛੱਡੋ ਮਾਂ-ਪਿਓ ਆਪ ਖਾਣਾ -ਪੀਣਾ ਵੀ ਭੁੱਲ ਜਾਂਦੇ ਹਨ। ਕਿਉਂਕਿ ਅਸੀਂ ਉਸ ਸਮਾਜ ਦੇ ਵਾਸੀ ਹਾਂ ਜੋ ਆਪਣੀਆਂ ਜੜ੍ਹਾਂ ਤੇ ਵੱਡ-ਵਡੇਰਿਆਂ ਤੋਂ ਡਰਦੇ ਹਾਂ ਜਾਂ ਕਹਿ ਲਈਏ ਕਿ ਝੇਪ ਮੰਨਦੇ ਹਾਂ। ਇਹੀ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੀ ਸਭ ਤੋਂ ਵਧੀਆ ਸਿਫ਼ਤ ਅਤੇ ਖ਼ਾਸੀਅਤ ਹੈ।

ਮੈਨੂੰ ਨਿੱਜੀ ਤੌਰ 'ਤੇ ਬਹੁਤ ਖੁਸ਼ੀ ਹੋਈ ਜਦ ਅੰਕੜਿਆਂ 'ਤੇ ਨਜ਼ਰ ਮਾਰੀ ਕਿ ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਘੱਟ ਤਲਾਕ ਹੁੰਦੇ ਹਨ। ਇਕ ਹਜ਼ਾਰ ਵਿਆਹ ਪਿੱਛੇ ਸਿਰਫ ਤੇਰਾਂ ਤਲਾਕ। ਉਸ ਦੇ ਉਲਟ ਯੂਰਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿਚ ਇਹ 40-50 ਫ਼ੀਸਦੀ ਹਨ, ਜੋ ਨਿਰੰਤਰ ਵਧ ਰਹੇ ਹਨ। ਮੇਰੀ ਸਮਝ ਮੁਤਾਬਿਕ ਭਾਰਤ 'ਚ ਇਹੋ ਜਿਹਾ ਕੋਈ ਦੁਰਲੱਭ ਅਤੇ ਵਿਰਲਾ ਹੀ ਜੋੜਾ ਹੋਵੇਗਾ ਜੋ ਨਾ ਲੜਦਾ ਝਗੜਦਾ ਹੋਵੇ। ਪਰ ਦੋ-ਚਾਰ ਘੰਟਿਆਂ 'ਚ ਫਿਰ ਇਕ-ਮਿਕ ਹੋ ਜਾਂਦੇ ਹਨ ਬਸ਼ਰਤੇ ਕਿ ਦੋਵਾਂ 'ਚ ਕਿਸੇ ਤੀਜੇ ਜਾਂ ਕਿਸੇ ਬਾਹਰਲੇ ਸ਼ਖ਼ਸ ਦਾ ਦਖ਼ਲ ਨਾ ਹੋਵੇ ਭਾਵ ਕਿ ਕੋਈ ਬਲਦੀ 'ਤੇ ਤੇਲ ਪਾਉਣ ਵਾਲਾ ਨਾ ਹੋਵੇ।ਪਰ ਸਮੇਂ ਦੀ ਚਾਲ ਤੇ ਖ਼ੁਦਗਰਜ਼ੀ ਕਰਕੇ, ਭਾਰਤੀ ਲੋਕਾਂ ਵਿਚ ਵੀ ਤਲਾਕ ਦਾ ਰੁਝਾਨ ਪਿਛਲੇ ਸਮੇਂ ਤੋਂ ਕਾਫੀ ਵਧਣ ਲੱਗ ਪਿਆ ਹੈ, ਇਸ ਦਾ ਅਨੁਮਾਨ ਵਧ ਰਹੇ ਵਿਸ਼ੇਸ਼ ਤਲਾਕ ਵਕੀਲ, ਅਦਾਲਤਾਂ ਅਤੇ ਵਧ ਰਹੀਆਂ ਕਾਨੂੰਨੀ ਸਹੂਲਤਾਂ ਤੋਂ ਬਾਖੂਬੀ ਲਾ ਸਕਦੇ ਹਾਂ। ਇਸ ਰੁਝਾਨ ਦੇ ਵਧਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੇਅੰਤ ਉਮੀਦਾਂ, ਘਟ ਰਿਹਾ ਸਬਰ, ਵਪਾਰਕ ਪੱਧਰ 'ਤੇ ਵਧ ਰਹੇ ਮੈਰਿਜ ਬਿਊਰੋ (ਜੋ ਕਈ ਵਾਰ ਆਪਣੇ ਹਿਤ ਲਈ ਝੂਠ ਬੋਲ ਦਿੰਦੇ ਹਨ), ਦਾਜ-ਦਹੇਜ ਦਾ ਲਾਲਚ, ਆਈਲਟਸ ਵਾਲਾ ਮੁੰਡਾ-ਕੁੜੀ, ਮੁੰਡੇ ਦਾ ਨਸ਼ੇੜੀ ਹੋਣਾ, ਘਰਦਿਆਂ ਦੀ ਲੋੜ ਤੋਂ ਵੱਧ ਦਖ਼ਲਅੰਦਾਜ਼ੀ (ਇਕ-ਦੂਜੇ ਨੂੰ ਭੜਕਾਉਣਾ), ਘਰੇਲੂ ਮਾਹੌਲ ਦਾ ਵਖਰੇਵਾਂ, ਸਰੀਰਕ ਜਾਂ ਮਾਨਸਿਕ ਪੱਖੋਂ ਕੋਈ ਬਿਮਾਰੀ ਹੋਣਾ, ਘਰੇਲੂ ਹਿੰਸਾ, ਵਿਚਾਰਕ ਮਤਭੇਦ, ਵਿਆਹ ਤੋਂ ਬਾਅਦ ਨਾਜਾਇਜ਼ ਸਬੰਧ, ਧੱਕੇ ਨਾਲ ਵਿਆਹ, ਮੌਕੇ ਦੀ ਨਜ਼ਾਕਤ ਨੂੰ ਨਾ ਸਮਝਣਾ, ਨੌਕਰੀਪੇਸ਼ਾ ਔਰਤਾਂ ਦੀ ਵਧ ਰਹੀ ਗਿਣਤੀ, ਆਦਿ। ਦਸੰਬਰ 2019 ਵਿਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਤਣਾਅ, ਉਦਾਸੀਨਤਾ, ਘਰੇਲੂ ਹਿੰਸਾ ਆਦਿ ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਤਲਾਕ ਹੋਰ ਵਧਣ ਦੇ ਖ਼ਦਸ਼ੇ ਵੀ ਜ਼ਾਹਰ ਕੀਤੇ ਜਾ ਰਹੇ ਹਨ।

ਤਲਾਕ ਲੈਣਾ ਤਾਂ ਸੌਖਾ ਹੈ ਪਰ ਦੋਵਾਂ ਨੂੰ ਸਮਾਜਿਕ ਤੇ ਮਾਨਸਿਕ ਪੱਧਰ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਜੇਕਰ ਉਨ੍ਹਾਂ ਦੇ ਕੋਈ ਔਲਾਦ ਹੈ ਤਾਂ ਉਹ ਸਭ ਤੋਂ ਵੱਧ ਭੁਗਤਦੀ ਹੈ, ਬੱਚੇ ਦੇ ਪਾਲਣ-ਪੋਸ਼ਣ 'ਚ ਜਿੰਨੀ ਮਾਂ ਦੀ ਜ਼ਰੂਰਤ ਹੁੰਦੀ ਹੈ ਓਨੀ ਹੀ ਪਿਉ ਦੀ ਵੀ ਹੈ। ਉਸ ਦਾ ਸੰਪੂਰਨ ਤੇ ਸਮੁੱਚਾ ਵਿਅਕਤੀਤਵ ਉਸਾਰਨ ਲਈ। ਇਕ ਤਲਾਕ ਨਾਲ ਦੋ ਜਣੇ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਕਈ ਪਰਿਵਾਰ ਹੁੰਦੇ ਹਨ। ਆਓ ਕੋਸ਼ਿਸ਼ ਕਰੀਏ, ਲੜੀਏ ਵੀ ਪਰ ਇਕ-ਦੂਜੇ ਨਾਲ, ਪਰ ਇਸ ਦਾ ਘਰ ਦੀਆਂ ਕੰਧਾਂ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ। ਜਦ ਤੁਹਾਡੇ ਇਸ ਪਵਿੱਤਰ ਤੇ ਭਰੋਸੇ ਦੇ ਰਿਸ਼ਤੇ ਵਿਚ ਕੋਈ ਹੋਰ ਇਨਸਾਨ ਭਾਵੇਂ ਕਿ ਤੁਹਾਡਾ ਕੋਈ ਨੇੜਲਾ ਹੀ ਕਿਉਂ ਨਾ ਹੋਵੇ ਆ ਜਾਂਦਾ ਹੈ ਤਾਂ ਕਈ ਵਾਰੀ ਇਸ ਰਿਸ਼ਤੇ 'ਚ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈ। ਸਮਝਦਾਰ ਤੇ ਸੁਲਝਿਆ ਹੋਇਆ ਇਨਸਾਨ ਪਤੀ ਪਤਨੀ ਦੇ ਰਿਸ਼ਤੇ ਨੂੰ ਆਪਣੀ ਲਿਆਕਤ ਤੇ ਸੂਝ-ਬੂਝ ਨਾਲ ਤਰਕਦਾਰ ਮਿਸਾਲਾਂ ਨਾਲ ਉਨ੍ਹਾਂ ਨੂੰ ਸਮਝਾ ਕੇ ਮੁੜ ਨੇੜੇ ਲਿਆ ਦਿੰਦਾ ਹੈ। ਹਾਂ, ਇਹ ਤੁਹਾਡੀ ਸੋਚ ਤੇ ਚੋਣ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਇਨਸਾਨ ਨੂੰ ਆਪਣਾ ਸਲਾਹਕਾਰ ਚੁਣਦੇ ਹੋ। ਆਓ, ਛੋਟੀਆਂ-ਛੋਟੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਆਪਣਾ ਹੱਸਦਾ-ਵਸਦਾ ਪਰਿਵਾਰ ਤੇ ਸਮਾਜ ਸਿਰਜੀਏ।