ਸਿੱਖ ਸੰਘਰਸ਼  ਦੇ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦੀ ਬਰਸੀ ਤੇ ਹੋਇਆ ਵਿਸ਼ਾਲ ਇਕੱਠ 

ਸਿੱਖ ਸੰਘਰਸ਼  ਦੇ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦੀ ਬਰਸੀ ਤੇ ਹੋਇਆ ਵਿਸ਼ਾਲ ਇਕੱਠ 

" ਸ਼ਹੀਦ ਕੌਮ ਦਾ ਮਾਣ ਹਨ ਉਹਨਾਂ ਦੇ  ਪਰਿਵਾਰਾਂ ਨੂੰ ਬੇਵੱਸ,ਮਜਬੂਰ ਤੇ ਲਾਚਾਰ ਬਣਾ ਕੇ ਪੇਸ਼ ਨਾ ਕਰੋ "

ਅੰਮ੍ਰਿਤਸਰ ਟਾਈਮਜ਼

ਵੈਰੋਨੰਗਲ -ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ  ਸੂਰਬੀਰ ਯੋਧੇ  ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਡਿਪਟੀ ਚੀਫ ਖਾਲਿਸਤਾਨ ਲਿਬਰੇਸ਼ਨ ਆਰਮੀ  ਦੀ ਸਾਲਾਨਾ  ਯਾਦ ਨੂੰ ਸਮਰਪਿਤ  ਵਿਸ਼ਾਲ ਸ਼ਹੀਦੀ ਸਮਾਗਮ  ਕਰਵਾਇਆ ਗਿਆ। ਜਿਸ ਵਿੱਚ ਸਿੱਖ ਸੰਗਤਾਂ ਨੇ ਭਰਵੀਂ  ਸ਼ਮੂਲੀਅਤ ਕਰਕੇ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਰਿਪੋਰਟ ਅਨੁਸਾਰ  ਗੁਰਦਵਾਰਾ ਗੁਰੂਆਣਾ ਸਾਹਿਬ ਪਤਿਸ਼ਾਹੀ 6ਵੀਂ ਵੈਰੋਨੰਗਲ ( ਨਜ਼ਦੀਕ ਚੌਂਕ ਮਹਿਤਾ) ਵਿਖੇ  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ  ਵਿਸ਼ਾਲ ਗੁਰਮਿਤ ਸਮਾਗਮ ਹੋਇਆ । ਭਾਈ ਰਾਮ ਸਿੰਘ ਅਤੇ  ਭਾਈ ਬਲਵੀਰ ਸਿੰਘ  ਵਲੋਂ  ਹੁਕਮਨਾਮੇ ਦੀ ਵਿਆਖਿਆ ਕੀਤੀ ਗਈ ਅਤੇ  ਭਾਈ ਅਵਤਾਰ ਸਿੰਘ ਦੇ ਜੀਵਨ ਤੇ ਸੰਖੇਪ ਚਾਨਣਾ ਗਿਆ । ਉਪਰੰਤ ਭਾਈ ਹਰਦੀਪ ਸਿੰਘ ਦੇ ਕਵੀਸ਼ਰੀ ਅਤੇ ਬੀਬੀ ਬਲਵਿੰਦਰ ਕੌਰ  ਖਹਿਰਾ ਦੇ ਢਾਡੀ ਜਥਿਆਂ ਨੇ ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਦੇ ਪ੍ਰਸੰਗ ਸੰਗਤਾ ਨਾਲ ਸਾਂਝੇ ਕੀਤੇ। ਉਥੇ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦੇ ਸੰਘਰਸ਼ਮਈ ਜੀਵਨ ਤੇ ਜੋਸ਼ੀਲੀਆਂ ਵਾਰਾਂ ਗਾਇਨ ਕੀਤੀਆਂ।  ਸਿੱਖ ਜੁਝਾਰੂ ਬਾਬਾ ਬਖਸ਼ਿਸ਼ ਸਿੰਘ ਨੇ ਸਟੇਜ ਦੀ ਸੁਚੱਜੇ ਢੰਗ ਨਾਲ ਸੇਵਾ ਨਿਭਾਉਂਦਿਆਂ ਸਿੱਖ ਸੰਘਰਸ਼ ਦੇ ਉਸਾਰੂ ਅਤੇ ਸਾਰਥਕ ਪੱਖਾਂ ਦੀ ਸਾਂਝ ਪਾਉਂਦਿਆ ਆਖਿਆ ਕਿ ਜਿਸ ਪਵਿੱਤਰ  ਉਦੇਸ਼ ਦੀ ਪੂਰਤੀ ਲਈ  ਭਾਈ ਅਵਤਾਰ ਸਿੰਘ  ਸਮੇਤ  ਹਜਾਰਾਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਹਨ ਉਸ ਦੀ ਪੂਰਤੀ ਲਈ ਹਰ ਸਿੱਖ ਨੂੰ ਯਤਨਸ਼ੀਲ ਰਹਿਣ ਦੀ ਜਰੂਰਤ ਹੈ। ਗੌਰਤਲਬ ਹੈ ਕਿ 11ਅਗਸਤ 1968 ਨੂੰ  ਪਿੰਡ ਕੱਥੂਨੰਗਲ ਵਿੱਚ ਜਨਮੇ ਅਤੇ 21 ਐਪਰੈਲ 1991 ਵਾਲੇ ਦਿਨ  ਸ਼ਹੀਦ ਹੋਏ ਭਾਈ ਅਵਤਾਰ ਸਿੰਘ ਨੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਚੱਲ ਰਹੇ ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਹੈ। ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਇਹ ਜੁਝਾਰੂ ਜਦੋਂ ਅਜੇ  ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਪ੍ਸ਼ਾਦ ਦੇ ਰੂਪ ਵਿੱਚ ਪਿਸਟਲ  ਮੰਗਿਆ ਸੀ ਅਤੇ ਜਿਸ ਨਾਲ ਕੌਮ ਦੇ ਦੋਖੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਸੀ।  ਇਸ ਸ਼ਹੀਦੀ ਸਮਾਗਮ ਵਿੱਚ ਪੁੱਜੇ  ਸ਼ਹੀਦ ਪਰਿਵਾਰਾਂ ਨੂੰ ਭਾਈ ਅਵਤਾਰ ਸਿੰਘ ਕੱਥੂਨੰਗਲ ਦੇ ਪਰਿਵਾਰ ਵਲੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਵਰਿਆਮ ਸਿੰਘ, ਭਾਈ ਸਰਵਣ ਸਿੰਘ , ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ,ਸ਼ਹੀਦ ਭਾਈ ਮੇਜਰ ਸਿੰਘ ਸ਼ਹੂਰਾ,ਸ਼ਹੀਦ ਭਾਈ ਮੰਗਲ ਸਿੰਘ, ਸ਼ਹੀਦ ਰਣਜੀਤ ਸਿੰਘ ਸਮੇਤ ਸਮੂਹ ਸ਼ਹੀਦਾਂ  ਪਰਿਵਾਰਾਂ ਨੂੰ ਅਤੇ ਬਾਬਾ ਬਖਸ਼ੀਸ਼ ਸਿੰਘ ਸਮੇਤ ਸ਼ਹੀਦੀ ਸਮਾਗਮ ਵਿੱਚ ਸਹਿਯੋਗ ਕਰਨ ਵਾਲੇ ਪਿੰਡ ਦੇ ਮੋਹਤਬਰ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।