ਸਿਖ ਧਰਮ ਦਾ ਤਕਨੀਕੀ ਯੁੱਗ 'ਚ ਪ੍ਰਚਾਰ ਕਿਵੇਂ ਕੀਤਾ ਜਾਵੇ

ਸਿਖ ਧਰਮ ਦਾ ਤਕਨੀਕੀ ਯੁੱਗ 'ਚ ਪ੍ਰਚਾਰ ਕਿਵੇਂ ਕੀਤਾ ਜਾਵੇ

ਤਲਵਿੰਦਰ ਸਿੰਘ ਬੁਟਰ

ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਫ਼ਲਸਫ਼ੇ, ਇਤਿਹਾਸ ਅਤੇ ਵਿਰਾਸਤ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ਜਗਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਬੈਠ ਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਗੁਰਮੁਖੀ ਬੋਲੀ ਦਾ ਪ੍ਰਸਾਰ ਅਤੇ ਮੱਲ ਅਖਾੜੇ ਲਗਾ ਕੇ ਸਿੱਖਾਂ ਵਿਚ ਸਰੀਰਕ ਅਰੋਗਤਾ ਦੀ ਮਹਾਨਤਾ ਉਜਾਗਰ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੇ ਥਾਪ ਕੇ ਸੁਚਾਰੂ ਅਤੇ ਸਮਕਾਲੀ ਸਮਾਜਿਕ ਸੁਧਾਰਾਂ ਨਾਲ ਧਰਮ ਪ੍ਰਚਾਰ ਨੂੰ ਸੰਸਥਾਗਤ ਰੂਪ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕੀਤੀ ਅਤੇ ਗ਼ਰੀਬਾਂ/ ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਪਰੰਪਰਾ ਨੂੰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸੱਚ-ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਪ੍ਰਚਾਰ ਫੇਰੀਆਂ ਲਈ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਢਾਕਾ (ਬੰਗਲਾਦੇਸ਼) ਆਦਿ ਤੱਕ ਗਏ।
 

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਆਦਾਤਰ ਜੀਵਨ ਭਾਵੇਂ ਜਬਰ-ਜ਼ੁਲਮ ਦੇ ਖ਼ਿਲਾਫ਼ ਜੰਗਾਂ-ਯੁੱਧਾਂ ਵਿਚ ਰਿਹਾ ਪਰ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਵੱਲ ਕਿਸੇ ਤਰ੍ਹਾਂ ਦੀ ਖੜੋਤ ਨਹੀਂ ਆਉਣ ਦਿੱਤੀ ਬਲਕਿ ਧਰਮ ਪ੍ਰਚਾਰ ਨੂੰ ਸੰਸਥਾਗਤ ਮਜ਼ਬੂਤੀ ਪ੍ਰਦਾਨ ਕਰਦਿਆਂ ਸਿੱਖੀ ਦੇ ਕੇਂਦਰਾਂ ਦੀ ਸਥਾਪਨਾ ਕੀਤੀ। ਨਿਰਮਲਿਆਂ ਨੂੰ ਧਰਮ ਵਿੱਦਿਆ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ, ਹਜ਼ੂਰ ਦੇ ਦਰਬਾਰ ਵਿਚ 52 ਕਵੀਆਂ ਦਾ ਹੋਣਾ, ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਵੱਖ-ਵੱਖ ਜਾਤਾਂ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਨੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਜ਼ੁਲਮ ਦੇ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਭੇਜਣਾ ਆਦਿ ਧਰਮ ਪ੍ਰਚਾਰ ਦਾ ਹੀ ਹਿੱਸਾ ਸਨ। ਗੁਰੂ ਸਾਹਿਬਾਨ ਤੋਂ ਮਗਰੋਂ ਵੀ ਸਿੱਖਾਂ ਨੇ ਧਰਮ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੁਣ ਤੱਕ 9 ਲੱਖ ਤੋਂ ਵੱਧ ਲਾਸਾਨੀ ਅਤੇ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਰਚਿਆ ਹੈ।
 

ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਦਾ ਸਮਾਂ
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਇਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਸਿੱਖਾਂ ਦੀ ਗਿਣਤੀ ਲੱਖਾਂ ਤੋਂ ਘਟ ਕੇ ਹਜ਼ਾਰਾਂ ਵਿਚ ਰਹਿ ਗਈ। ਸਿੱਖ ਨੌਜਵਾਨਾਂ 'ਤੇ ਇਸਾਈ ਮਿਸ਼ਨਰੀਆਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਾ ਸੀ। ਆਰੀਆ ਸਮਾਜੀ ਲਹਿਰ ਨੇ ਵੀ ਜ਼ੋਰ ਫੜ ਲਿਆ। ਅੰਗਰੇਜ਼ਾਂ ਨੇ ਇਹ ਸੋਚ ਕੇ ਸਿੱਖਾਂ ਦੀਆਂ ਤਸਵੀਰਾਂ ਤੱਕ ਬਣਾ ਦਿੱਤੀਆਂ ਕਿ ਸਿੱਖ ਤਾਂ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਸ ਵੇਲੇ ਗੰਭੀਰ ਸਥਿਤੀ ਨੂੰ ਵੇਖਦਿਆਂ ਪੰਥ ਦਰਦੀ ਸਿੱਖਾਂ ਨੇ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਅਤੇ ਧਰਮ ਦੇ ਨਾਲ-ਨਾਲ ਸਿੱਖ ਸਮਾਜ ਅੰਦਰ ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੜ ਹਜ਼ਾਰਾਂ ਤੋਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ।

 

ਤਕਨੀਕੀ ਸਾਧਨਾਂ ਦੀ ਸਾਰਥਕ ਵਰਤੋਂ
ਆਧੁਨਿਕ ਯੁੱਗ 'ਚ ਮਨੁੱਖੀ ਜੀਵਨ ਦੇ ਹਰ ਖੇਤਰ 'ਚ ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਸਕਰੀਨ ਮੀਡੀਆ ਨੇ ਅਹਿਮ ਥਾਂ ਬਣਾ ਲਈ ਹੈ। ਧਰਮ ਪ੍ਰਚਾਰ ਦੇ ਖੇਤਰ 'ਚ ਵੀ ਇਸ ਦੀ ਅਹਿਮੀਅਤ ਨੂੰ ਜਿਸ ਪੱਧਰ ਤੱਕ ਸਮਝਣ ਅਤੇ ਵਰਤਣ ਦੀ ਲੋੜ ਸੀ, ਉਸ ਪੱਧਰ ਤੱਕ ਅਜੇ ਤੱਕ ਧਰਮ ਪ੍ਰਚਾਰ ਲਈ ਨਵੀਨ ਤਕਨੀਕਾਂ ਨੂੰ ਵਰਤੋਂ ਵਿਚ ਲਿਆਂਦਾ ਨਹੀਂ ਜਾ ਸਕਿਆ। ਪਿਛਲੇ ਮਾਰਚ ਮਹੀਨੇ ਦੌਰਾਨ ਵਿਸ਼ਵ-ਵਿਆਪੀ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਾਲਾਬੰਦੀ ਦੇ ਹਾਲਾਤ 'ਚ ਪੈਦਾ ਹੋਈ ਗੰਭੀਰ ਸਥਿਤੀ ਵਿਚ ਧਰਮ ਪ੍ਰਚਾਰ ਦੇ ਖੇਤਰ 'ਚ ਡਿਜੀਟਲ ਮੀਡੀਆ ਅਤੇ ਬਿਜਲਈ ਸਾਧਨਾਂ ਦੀ ਸਾਰਥਿਕਤਾ ਉੱਭਰ ਕੇ ਸਾਹਮਣੇ ਆਈ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਾਲਾਬੰਦੀ ਦੌਰਾਨ ਉਲੀਕੀ ਧਰਮ ਪ੍ਰਚਾਰ ਦੀ ਯੋਜਨਾਬੰਦੀ ਤਹਿਤ 'ਜ਼ੂਮ ਐਪ' ਦੀ ਵਰਤੋਂ ਕਰਦਿਆਂ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਦੀ ਪਹਿਲ ਸਾਰਥਕ ਸਾਬਤ ਹੋਈ ਹੈ। ਇਸ ਤਹਿਤ ਪੰਜਾਬ ਦੇ ਤਿੰਨ ਜ਼ੋਨਾਂ; ਮਾਝਾ, ਦੁਆਬਾ ਅਤੇ ਮਾਲਵਾ ਤੋਂ ਇਲਾਵਾ ਸਿੱਖ ਮਿਸ਼ਨ ਹਾਪੁੜ (ਉੱਤਰ ਪ੍ਰਦੇਸ਼), ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼, ਸਿੱਖ ਮਿਸ਼ਨ ਦਿੱਲੀ, ਸਿੱਖ ਮਿਸ਼ਨ ਛੱਤੀਸਗੜ੍ਹ, ਸਿੱਖ ਮਿਸ਼ਨ ਰਾਜਸਥਾਨ, ਸਿੱਖ ਮਿਸ਼ਨ ਕਲਕੱਤਾ,ਸਿੱਖ ਮਿਸ਼ਨ ਆਂਧਰਾ ਪ੍ਰਦੇਸ਼, ਸਿੱਖ ਮਿਸ਼ਨ ਗੁਜਰਾਤ ਅਤੇ ਸਿੱਖ ਮਿਸ਼ਨ ਮੱਧ ਪ੍ਰਦੇਸ਼ ਦੇ ਸਿੱਖ ਵਿਦਿਆਰਥੀਆਂ ਨਾਲ ਰਾਬਤਾ ਬਣਾਉਣ ਲਈ 'ਜ਼ੂਮ ਐਪ' ਰਾਹੀਂ ਜਿੱਥੇ ਗੁਰਮਤਿ ਕਲਾਸਾਂ ਲਗਾਈਆਂ, ਉੱਥੇ ਵੈਬੀਨਾਰ, ਕਵੀ ਦਰਬਾਰ, ਢਾਡੀ ਦਰਬਾਰ, ਇੰਟਰਨੈਸ਼ਨਲ ਸੁੰਦਰ ਦਸਤਾਰ ਮੁਕਾਬਲੇ, ਭਾਸ਼ਨ ਮੁਕਾਬਲੇ, ਗਤਕਾ ਮੁਕਾਬਲੇ, ਸਿਫ਼ਤਿ ਸਾਲਾਹ ਮੁਕਾਬਲੇ, ਸਿੱਖ ਸ਼ਖ਼ਸੀਅਤ ਵਿਕਾਸ ਕੈਂਪ ਆਦਿ 'ਜ਼ੂਮ ਐਪ' ਰਾਹੀਂ ਲਗਾ ਕੇ ਆਨਲਾਈਨ ਵਿਧੀ ਦੁਆਰਾ ਸਿੱਖ ਵਿਦਿਆਰਥੀਆਂ ਨਾਲ ਰਾਬਤਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਗਈ। ਦੇਸ਼-ਵਿਦੇਸ਼ 'ਚ 'ਜ਼ੂਮ ਐਪ' ਰਾਹੀਂ ਤਾਲਾਬੰਦੀ ਦੌਰਾਨ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਮਾਪਿਆਂ ਨੇ ਵੀ ਧਰਮ ਪ੍ਰਚਾਰ ਕਲਾਸਾਂ 'ਚ ਹਾਜ਼ਰੀ ਭਰੀ। ਆਨਲਾਈਨ ਕਲਾਸਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਪੌਣੇ ਤਿੰਨ ਸੌ ਤੋਂ ਵੱਧ ਪ੍ਰਚਾਰਕਾਂ ਨੇ ਵਿਦਿਆਰਥੀਆਂ ਨੂੰ ਨਿੱਤਨੇਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ, ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਦਵਾਨ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਪਰਮਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਸੰਥਿਆ ਕਰਵਾਈ। 'ਜ਼ੂਮ ਐਪ' ਰਾਹੀਂ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਬੈਠੇ ਵਿਦਿਆਰਥੀਆਂ ਨਾਲ ਰਾਬਤੇ ਦੌਰਾਨ ਪ੍ਰਚਾਰਕਾਂ ਨੇ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀ ਸਿੱਖਿਆ ਦਿੱਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਚਾਰ ਸੌ ਸਹਿਜ ਪਾਠ ਆਰੰਭ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ-ਨਾਲ ਹੀ ਪ੍ਰਚਾਰਕਾਂ ਵਲੋਂ ਪੰਜਾਬ ਦੇ ਸਮੂਹ ਪਿੰਡਾਂ, ਸ਼ਹਿਰਾਂ, ਕਸਬਿਆਂ, ਮੁਹੱਲਿਆਂ ਅਤੇ ਘਰਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਸਬੰਧੀ ਵਿਸਥਾਰ ਵਿਚ ਸਮਝਾਇਆ ਜਾ ਰਿਹਾ ਹੈ।

 

ਇਸ ਤਰ੍ਹਾਂ ਜਿੱਥੇ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਕਾਰਨ ਤਾਲਾਬੰਦੀ ਵਰਗੀ ਸਥਿਤੀ 'ਚ ਵਿਸ਼ਵ ਭਰ 'ਚ ਵਿੱਦਿਅਕ, ਸਰੀਰਕ, ਸਮਾਜਿਕ, ਧਾਰਮਿਕ ਅਤੇ ਖੇਡ ਸਰਗਰਮੀਆਂ ਲਗਪਗ ਠੱਪ ਪਈਆਂ ਹਨ, ਉਥੇ ਸ਼੍ਰੋਮਣੀ ਕਮੇਟੀ ਨੇ 'ਜ਼ੂਮ ਐਪ' ਰਾਹੀਂ ਆਨਲਾਈਨ ਵਿਧੀ ਦੀ ਸਦਵਰਤੋਂ ਕਰਦਿਆਂ ਆਪਣੀਆਂ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਨਿਰੰਤਰ ਜਾਰੀ ਰੱਖਣ 'ਚ ਸਫਲਤਾ ਹਾਸਲ ਕੀਤੀ ਹੈ। ਪਰ ਗੱਲ ਇੱਥੇ ਹੀ ਨਹੀਂ ਰੁਕਣੀ ਚਾਹੀਦੀ ਸਗੋਂ ਬਿਜਲਈ ਤੇ ਤਕਨੀਕੀ ਸਾਧਨਾਂ ਅਤੇ ਆਨਲਾਈਨ ਵਿਧੀ ਨੂੰ ਹੋਰ ਵਿਆਪਕ ਪੱਧਰ 'ਤੇ ਪ੍ਰਸੰਗਿਕ ਬਣਾਉਂਦਿਆਂ ਧਰਮ ਪ੍ਰਚਾਰ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਵਾਤਾਵਰਨ ਪ੍ਰਤੀ ਚੇਤਨਾ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸਿੱਖੀ ਦੀ ਲਹਿਰ ਨੂੰ ਹੋਰ ਸਰਗਰਮ ਰੂਪ ਵਿਚ ਬੁਲੰਦ ਕਰਨ ਲਈ ਵੱਡੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ ਹੈ। ਅਜੋਕੇ ਸਮੇਂ ਸੰਸਾਰ ਭਾਈਚਾਰਾ ਵਿਸ਼ਵ ਅਰਥਚਾਰੇ, ਰਾਜਨੀਤੀ, ਸਮਾਜਿਕ ਬਰਾਬਰਤਾ ਅਤੇ ਸਦੀਵੀ ਅਮਨ-ਸ਼ਾਂਤੀ ਦੇ ਪੁੰਜ ਕਿਸੇ 'ਤੀਜੇ ਬਦਲ' ਦੀ ਭਾਲ ਵਿਚ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਇਹ ਬਦਲ ਦੁਨੀਆ ਦਾ ਇਕੋ ਇਕ ਕੁਦਰਤਵਾਦੀ ਬ੍ਰਹਿਮੰਡੀ ਫ਼ਲਸਫ਼ਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਬਣ ਸਕਦਾ ਹੈ। ਜੇਕਰ ਸਿੱਖ ਧਰਮ ਦੇ ਪ੍ਰਚਾਰ ਨੂੰ ਅਜੋਕੇ ਸਮੇਂ ਦੇ ਹਰ ਪ੍ਰਕਾਰ ਦੇ ਸਾਧਨਾਂ ਰਾਹੀਂ ਵਿਸ਼ਵ ਦੇ ਕੋਨੇ-ਕੋਨੇ ਤੱਕ ਇਕ ਆਦਰਸ਼ਕ ਜੀਵਨ-ਜਾਚ ਅਤੇ ਸਮਾਜਿਕ ਸੁਧਾਰਾਂ ਦੇ ਏਜੰਡੇ ਵਜੋਂ ਉਭਾਰਿਆ ਜਾਵੇ ਤਾਂ ਯਕੀਨੀ ਤੌਰ 'ਤੇ ਧਰਮ ਪ੍ਰਚਾਰ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਭਵਿੱਖਮੁਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮੁਹੱਈਆ ਕਰੇਗੀ।