ਮਨੂੰਵਾਦੀ ਹੈਵਾਨੀਅਤ ਦੀ ਸ਼ਿਕਾਰ ਹੋਈ ਬੀਬੀ ਮਨੀਸ਼ਾ ਨੂੰ ਸਮਰਪਿਤ ਅਰਦਾਸ ਸਮਾਗਮ

ਮਨੂੰਵਾਦੀ ਹੈਵਾਨੀਅਤ ਦੀ ਸ਼ਿਕਾਰ ਹੋਈ ਬੀਬੀ ਮਨੀਸ਼ਾ ਨੂੰ ਸਮਰਪਿਤ ਅਰਦਾਸ ਸਮਾਗਮ

ਬੁਲਾਰਿਆਂ ਵਾਰ-ਵਾਰ ਕੀਤਾ ਸਿੱਖ ਰਾਜ ਨੂੰ ਯਾਦ

ਹੁਸ਼ਿਆਰਪੁਰ: ਯੂ.ਪੀ ਦੇ ਹਾਥਰਸ ਵਿੱਚ ਪਿਛਲੇ ਦਿਨੀ ਮਨੂੰਵਾਦੀ ਹੈਵਾਨੀਅਤ ਦੀ ਸ਼ਿਕਾਰ ਹੋਈ ਬੀਬੀ ਮਨੀਸ਼ਾ ਨੂੰ ਸਮਰਪਿਤ ਅੱਜ ਹੁਸ਼ਿਆਰਪੁਰ ਵਿਖੇ ਗੁਰੂਦੁਆਰਾ ਸਿੰਘ ਸਭਾ ਵਿਖੇ ਦਲ ਖਾਲਸਾ ਵੱਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਹੋਰ ਮੂਲਨਿਵਾਸੀ ਜਥੇਬੰਦੀਆਂ ਨੇ ਵੀ ਸ਼ਾਮੂਲੀਅਤ ਕੀਤੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਮਨੀਸ਼ਾ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਇਸ ਗੱਲ 'ਤੇ ਜੋਰ ਦਿੱਤਾ ਕਿ ਮਨੀਸ਼ਾ ਨਾਲ ਹੋਇਆ ਬਲਾਤਕਾਰ ਮਨੂੰਵਾਦੀ ਸੋਚ ਦਾ ਦਲਿਤ ਭਾਈਚਾਰੇ ‘ਤੇ ਘਿਨਾਉਣਾ ਹਮਲਾ ਹੈ। ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਇਹ ਬਲਾਤਕਾਰ ਕੇਵਲ ਇਕ ਔਰਤ ਨਾਲ ਨਹੀਂ ਕੀਤਾ ਸਗੋਂ ਅਖੌਤੀ ਉਚ ਜਾਤੀ ਨੇ ਸਮੁੱਚੇ ਦਲਿਤ ਭਾਈਚਾਰੇ ਨੂੰ ਨਿਰਾਦਰ ਅਤੇ ਅਪਮਾਨਿਤ ਕਰਨ ਲਈ ਸ਼ਰਮਨਾਕ ਕਾਰਾ ਕੀਤਾ ਹੈ। ਉਹਨਾਂ ਕਿਹਾ ਕਿ ਜਦ ਤੱਕ ਸਾਡਾ ਸਮਾਜ ਦਲਿਤ ਔਰਤ ਨੂੰ ਅਪਮਾਨਿਤ ਕਰਨ ਵਾਲੀ ਮਨੂੰਵਾਦੀ ਸੋਚ ਨੂੰ ਮੂਲੋ ਰੱਦ ਨਹੀਂ ਕਰਦਾ ਤਦ ਤੱਕ ਅਜਿਹੇ ਕੁਕਰਮ ਸਾਡੇ ਸਮਾਜ ਅੰਦਰ ਬੰਦ ਹੋਣ ਵਾਲੇ ਨਹੀਂ ਹਨ ਭਾਵੇਂ ਅਸੀਂ ਕਾਨੂੰਨ ਜਿੰਨੇ ਮਰਜ਼ੀ ਸਖ਼ਤ ਬਣਾ ਲਈਏ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਥਾਨਕ ਸਰਕਾਰ, ਯੂ ਪੀ ਪੁਲਿਸ ਨੇ ਇਸ ਕੇਸ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਨਿੰਦਣਯੋਗ ਹੈ ਅਤੇ ਜਿਸ ਤਰ੍ਹਾਂ ਅਖੌਤੀ ਸਵਰਨਜਾਤੀ ਲੋਕ ਦੋਸ਼ੀਆਂ ਦੇ ਹੱਕ ਵਿੱਚ ਨਿੱਤਰ ਰਹੇ ਹਨ ਇਹ ਸਿੱਧ ਕਰਦਾ ਹੈ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਇਨਸਾਨ ਹੀ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਪੈਰਾਂ ਹੇਠ ਰੱਖਣਾ ਚਾਹੁੰਦੇ ਹਨ।

ਦਲ ਖਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਤੋਂ ਇਲਾਵਾ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਜਿਨ੍ਹਾਂ ਵਿੱਚ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਸੈਂਟਰਲ ਬਾਲਮੀਕੀ ਸਭਾ ਇੰਡੀਆ, ਸਾਂਝਾ ਫਰੰਟ ਹੁਸ਼ਿਆਰਪੁਰ ਆਦਿ ਦੇ ਬੁਲਾਰਿਆਂ ਨੇ ਵਾਰ-ਵਾਰ ਸਿੱਖ ਰਾਜ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਵਿੱਚ ਵੱਸਦੇ ਸਾਰੇ ਤਬਕਿਆਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਸਿਰਜਨ ਲਈ ਜਥੇਬੰਦ ਹੋਣਾ ਚਾਹੀਦਾ ਹੈ।

ਇਸ ਮੌਕੇ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਜਥੇਬੰਦਕ ਸਕੱਤਰ ਰਣਵੀਰ ਸਿੰਘ , ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਸਕੱਤਰ ਗੁਰਨਾਮ ਸਿੰਘ ਮੂਨਕਾਂ ਤੋਂ ਇਲਾਵਾ ਅਨਿਲ ਬਾਘਾ, ਰਾਹੁਲ ਆਦੀਆ, ਹਰਵਿੰਦਰ ਸਿੰਘ ਹੀਰਾ, ਹਰਵਿੰਦਰ ਸਿੰਘ ਹਰਮੋਏ, ਗੁਰਦੀਪ ਸਿੰਘ ਕਾਲਕਟ, ਕਰਨੈਲ ਸਿੰਘ ਲਵਲੀ, ਚੰਦਨ ਲੱਕੀ, ਇੰਜੀਨੀਅਰ ਜਗਦੀਸ਼ ਬੱਧਣ, ਕੈਪਟਨ ਗਿਆਨ ਚੰਦ, ਲਵਲੀ ਪੰਡੋਰੀ ਰੁਕਮਾਣ, ਬਿੰਦਰ ਸੜੋਵਾ, ਸੁਰਿੰਦਰ ਪੱਪੀ ਲਖਵੀਰ ਸਿੰਘ ਪੱਟੀ, ਗੁਰਪ੍ਰੀਤ ਸਿੰਘ ਖੁੱਡਾ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮ੍ਰਿਤਪਾਲ ਸਿੰਘ, ਖਲੀਲ ਅਹਿਮਦ ਦਾਨਿਸ਼ ਕੁਰੇਸ਼ੀ ਆਦਿ ਹਾਜ਼ਰ ਸਨ।