ਬਠਿੰਡਾਂ ਜੇਲ੍ਹ ਅੰਦਰ ਭੁੱਖ ਹੜਤਾਲ 'ਤੇ ਬੈਠੈ ਰਮਨਦੀਪ ਸਿੰਘ ਸੰਨੀ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ

ਬਠਿੰਡਾਂ ਜੇਲ੍ਹ ਅੰਦਰ ਭੁੱਖ ਹੜਤਾਲ 'ਤੇ ਬੈਠੈ ਰਮਨਦੀਪ ਸਿੰਘ ਸੰਨੀ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅਪਣੇ ਖਿਲਾਫ ਮੋਹਾਲੀ ਸੀਆਈਏ ਸਟਾਫ ਵਲੋਂ ਇਕ ਹੋਰ ਝੂਠਾ ਕੇਸ ਪਾਣ ਦੇ ਖਿਲਾਫ ਬਠਿੰਡਾ ਜੇਲ੍ਹ ਅੰਦਰ ਭੁੱਖ ਹੜਤਾਲ 'ਤੇ ਬੈਠੇ ਸਿੱਖ ਸਿਆਸੀ ਕੈਦੀ ਰਮਨਦੀਪ ਸਿੰਘ ਸੰਨੀ ਨੂੰ ਬਠਿੰਡਾ ਪੁਲਿਸ ਵਲੋਂ ਮੋਹਾਲੀ ਵਿਖੇ ਐਫ ਆਈ ਆਰ ਨੰ 110/17 ਅਧੀਨ ਜੱਜ ਗਿਰੀਸ਼ ਦੀ ਅਦਾਲਤ ਅੰਦਰ ਬੀਤੇ ਦਿਨ ਪੇਸ਼ ਕੀਤਾ ਗਿਆ । ਨਾਭਾ ਜੇਲ੍ਹ ਅੰਦਰ ਬੰਦ ਕੇਸ ਦੇ ਭਾਈਵਾਲ ਸਿੰਘਾਂ ਨੂੰ ਨਾਭਾ ਜੇਲ੍ਹ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਲਗਾ ਕੇ ਪੇਸ਼ ਨਹੀ ਕੀਤਾ ਗਿਆ । ਕੇਸ ਵਿਚ ਕਿਸੇ ਕਿਸਮ ਦੀ ਕਾਰਵਾਈ ਨਾ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ ।

ਕੇਸ ਦੀ ਵਕੀਲ ਕੁਲਵਿੰਦਰ ਕੌਰ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਾਮਲਾ ਨੰ 35627/19 ਮਿਤੀ 6/9/19 ਨੂੰ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਨੂੰ ਸਖਤ ਤਾਕੀਦ ਕੀਤੀ ਸੀ ਕਿ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਕਰਕੇ ਜਲਦੀ ਨਿਬੇੜਿਆ ਜਾਏ ਪਰ ਉਸ ਤੋਂ ਬਾਅਦ ਅਦਾਲਤ ਅੰਦਰ ਇਕ ਵੀ ਗਵਾਹ ਪੇਸ਼ ਨਹੀ ਕੀਤਾ ਗਿਆ ਤੇ ਨਾ ਹੀ ਕੇਸ ਦੇ ਬਾਕੀ ਭਾਈਵਾਲ । ਬਠਿੰਡਾ ਪੁਲਿਸ ਸਿਰਫ ਰਮਨਦੀਪ ਸਿੰਘ ਸੰਨੀ ਨੂੰ ਪੇਸ਼ ਕਰਦੀ ਹੈ ਤੇ ਅਦਾਲਤ ਅੰਦਰ ਕੇਸ ਦੇ ਬਾਕੀ ਭਾਈਵਾਲ ਅਤੇ ਗਵਾਹ ਪੇਸ਼ ਨਾ ਹੋਣ ਕਰਕੇ ਅਗਲੀ ਤਰੀਕ ਪਾ ਕੇ ਸੰਨੀ ਨੂੰ ਵਾਪਿਸ ਜੇਲ੍ਹ ਭੇਜ ਦਿਤਾ ਜਾਂਦਾ ਹੈ ।

ਸੰਨੀ ਦੀ ਧਰਮਪਤਨੀ ਸੁਖਪ੍ਰੀਤ ਕੌਰ ਨੇ ਦਸਿਆ ਕਿ ਮੋਹਾਲੀ ਸਟਾਫ ਵਲੋਂ ਸੰਨੀ 'ਤੇ ਇਕ ਹੋਰ ਝੂਠਾ ਕੇਸ ਪਾਇਆ ਗਿਆ ਹੈ ਜਿਸ ਦੇ ਖਿਲਾਫ ਉਹ ਬੀਤੀ 25 ਨਵੰਬਰ ਤੋਂ ਭੁੱਖ ਹੜਤਾਲ 'ਤੇ ਹਨ ਤੇ ਹੁਣ ਉਹਨਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਹੈ । ਉਨ੍ਹਾਂ ਦਸਿਆ ਕਿ ਜਦੋਂ ਪਿਛਲੇ ਢਾਈ ਸਾਲਾਂ ਤੋਂ ਸੰਨੀ ਜੇਲ੍ਹ ਅੰਦਰ ਬੰਦ ਹੈ ਅਤੇ ਪੁਲਿਸ ਦੀ ਨਿਗਰਾਨੀ ਅੰਦਰ ਰਹਿ ਰਿਹਾ ਹੈ ਫਿਰ ਓਹ ਕਿਸ ਤਰ੍ਹਾਂ ਕੋਈ ਜੁਰਮ ਕਰ ਸਕਦਾ ਹੈ । ਉਹਨਾਂ ਕਿਹਾ, "ਮੇਰੇ ਇਲਾਵਾ ਉਸ ਦੀ ਕੋਈ ਮੁਲਾਕਾਤ ਵੀ ਨਹੀ ਕਰਦਾ ਤੇ ਨਾ ਹੀ ਕਿਸੇ ਨਾਲ ਮਿਲਦਾ ਜੁਲਦਾ ਹੈ ਫਿਰ ਉਸ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਹੈ.?" 

ਇਸ ਮਾਮਲੇ 'ਚ ਹੋਰ ਜਾਣਕਾਰੀ ਲਈ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹੋ: https://www.amritsartimes.com/sikh-political-prisoner-ramandeep-singh-sunny