ਸਿੱਖ ਸਿਆਸੀ ਕੈਦੀ: ਜੇਲ੍ਹਾਂ ਵਿੱਚ ਰੁਲਦੀ ਜਵਾਨੀ ਤੇ ਵਿਹੜੇ ਵਿੱਚ ਰੁਲਦਾ ਬੁੱਢਾਪਾ (ਖਾਸ ਰਿਪੋਰਟ)

ਸਿੱਖ ਸਿਆਸੀ ਕੈਦੀ: ਜੇਲ੍ਹਾਂ ਵਿੱਚ ਰੁਲਦੀ ਜਵਾਨੀ ਤੇ ਵਿਹੜੇ ਵਿੱਚ ਰੁਲਦਾ ਬੁੱਢਾਪਾ (ਖਾਸ ਰਿਪੋਰਟ)
ਰਮਨਦੀਪ ਸਿੰਘ ਸੰਨੀ

ਢਾਈ ਸਾਲ ਤੋਂ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨ 'ਤੇ ਗੈਰਕਾਨੂੰਨੀ ਗਤੀਵਿਧੀਆਂ ਦਾ ਨਵਾਂ ਕੇਸ ਪਾਇਆ

ਬਠਿੰਡਾ, (ਸੁਖਵਿੰਦਰ ਸਿੰਘ): ਜਿੱਥੇ ਇੱਕ ਪਾਸੇ ਭਾਰਤ ਸਰਕਾਰ ਲੰਬੇ ਸਿੱਖ ਸੰਘਰਸ਼ ਤੋਂ ਬਾਅਦ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਕਰਕੇ ਰੱਖੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਰਹੀ ਹੈ ਪਰ ਆਏ ਦਿਨ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੈ ਬਠਿੰਡਾ ਦੇ ਸਿੱਖ ਨੌਜਵਾਨ ਰਮਨਦੀਪ ਸਿੰਘ ਸੰਨੀ ਦਾ। ਰਮਨਦੀਪ ਸਿੰਘ ਸੰਨੀ 30 ਮਈ, 2017 ਤੋਂ ਬਠਿੰਡਾ ਜੇਲ੍ਹ ਅੰਦਰ ਨਜ਼ਰਬੰਦ ਹੈ। ਪਰ ਹੁਣ ਪੰਜਾਬ ਪੁਲਿਸ ਨੇ ਇਸ ਸਿੱਖ ਨੌਜਵਾਨ 'ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੀ ਮਦਦ ਨਾਲ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਦੋਸ਼ ਲਾ ਕੇ ਮਾਮਲਾ ਦਰਜ ਕੀਤਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਦੀ ਨਿਗਰਾਨੀ ਹੇਠ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੈਦੀ ਅਜਿਹੀਆਂ ਕਾਰਵਾਈਆਂ ਵਿੱਚ ਕਿਵੇਂ ਸ਼ਾਮਿਲ ਹੋ ਸਕਦਾ ਹੈ?

ਰਮਨਦੀਪ ਸਿੰਘ ਸੰਨੀ 'ਤੇ ਪਏ ਹੋਰ ਮਾਮਲਿਆਂ ਦਾ ਇਤਿਹਾਸ
ਰਮਨਦੀਪ ਸਿੰਘ ਸੰਨੀ ਜੋ ਬਠਿੰਡੇ ਵਿੱਚ ਕਬਾੜ ਦੀ ਦੁਕਾਨ ਦਾ ਕੰਮ ਕਰਦਾ ਸੀ ਉਸ ਉੱਤੇ ਪਹਿਲਾ ਮਾਮਲਾ ਸਾਲ 2014 ਵਿੱਚ ਦਰਜ ਕੀਤਾ ਗਿਆ। ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਦਰਜ ਕੀਤੇ ਇਸ ਮਾਮਲੇ 'ਚ ਰਮਨਦੀਪ ਸਿੰਘ ਸੰਨੀ ਨਾਲ ਭਾਈ ਜਗਤਾਰ ਸਿੰਘ ਤਾਰਾ ਅਤੇ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। 

ਫਰਵਰੀਨ 2019 'ਚ ਇਸ ਮਾਮਲੇ ਦਾ ਫੈਂਸਲਾ ਸੁਣਾਉਂਦਿਆਂ ਅਦਾਲਤ ਨੇ ਤਿੰਨਾਂ ਸਿੰਘਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਂ ਤੋਂ ਬਰੀ ਕਰ ਦਿੱਤਾ ਸੀ। ਪਰ ਰਮਨਦੀਪ ਸਿੰਘ ਸੰਨੀ ਨੂੰ ਅਸਲਾ ਕਾਨੂੰਨ ਅਧੀਨ ਪਾਏ ਮਾਮਲੇ 'ਚ ਇੱਕ ਸਾਲ ਦੀ ਸਜ਼ਾ ਹੋਈ ਸੀ। ਪਰ 2014 ਤੋਂ ਬਾਅਦ ਰਮਨਦੀਪ ਸਿੰਘ ਡੇਢ ਸਾਲ ਦੇ ਕਰੀਬ ਜੇਲ੍ਹ ਵਿੱਚ ਨਜ਼ਰਬੰਦ ਰਿਹਾ ਸੀ ਇਸ ਕਾਰਨ ਉਸਦੀ ਇਹ ਸਜ਼ਾ ਕੱਟੀ ਕਟਾਈ ਵਿੱਚ ਪੂਰੀ ਹੋ ਗਈ। 

"2017 ਵਿੱਚ ਬਠਿੰਡੇ ਤੋਂ ਚੁੱਕ ਕੇ ਮੁਹਾਲੀ ਜਾ ਪਾਇਆ ਕੇਸ"
ਰਮਨਦੀਪ ਸਿੰਘ ਸੰਨੀ ਦੇ ਘਰੋਂ ਬੀਬੀ ਸੁਖਪ੍ਰੀਤ ਕੌਰ ਨੇ ਦੱਸਿਆ, "2014 ਵਾਲੇ ਮਾਮਲੇ 'ਚ ਡੇਢ ਸਾਲ ਜੇਲ੍ਹ ਰਹਿਣ ਮਗਰੋਂ ਜ਼ਮਾਨਤ 'ਤੇ ਆਏ ਰਮਨਦੀਪ ਸਿੰਘ ਸੰਨੀ ਨਾਲ ਮੇਰੇ ਅਨੰਦ ਕਾਰਜ 23 ਮਾਰਚ 2017 ਨੂੰ ਹੋਏ ਸਨ। 30 ਮਈ 2017 ਨੂੰ ਸੀਆਈਏ ਬਠਿੰਡਾ ਇੰਚਾਰਜ ਰਜਿੰਦਰ ਕੁਮਾਰ ਵੱਲੋਂ ਬੁਲਾਉਣ 'ਤੇ ਉਹ ਰੁਟੀਨ ਦੀ ਤਰ੍ਹਾਂ ਸੀਆਈਏ ਸਟਾਫ ਥਾਣੇ ਗਏ ਸਨ। ਜਿਸ ਤੋਂ ਬਾਅਦ ਅੱਜ ਤੱਕ ਉਹ ਵਾਪਸ ਘਰ ਨਹੀਂ ਆਏ।"

ਰਮਨਦੀਪ ਸਿੰਘ ਸੰਨੀ ਵੱਲੋਂ ਅੱਜ ਆਪਣੀ ਪਤਨੀ ਨਾਲ ਮੁਲਾਕਾਤ ਦੌਰਾਨ ਉਹਨਾਂ ਦੇ ਹੱਥ ਭੇਜੇ ਪ੍ਰੈਸ ਬਿਆਨ 'ਚ ਕਿਹਾ ਗਿਆ, "ਸੀਆਈਏ ਸਟਾਫ ਥਾਣੇ ਵਿੱਚ ਉਹਨਾਂ ਮੈਨੂੰ ਬਿਠਾ ਲਿਆ ਤੇ ਐਸਐਸਪੀ ਨਵੀਨ ਸਿੰਗਲਾ ਉੱਥੇ ਆ ਕੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਜਿਸ ਉਪਰੰਤ ਮੈਨੂੰ ਐਸਆਈ ਨਵੀਨ ਕੁਮਾਰ ਦੇ ਹਵਾਲੇ ਕਰ ਦਿੱਤਾ ਗਿਆ। ਨਵੀਨ ਕੁਮਾਰ ਮੈਨੂੰ ਇੱਕ ਪ੍ਰਾਈਵੇਟ ਕਾਰ ਵਿੱਚ ਕੁੱਝ ਮਾਤਹਤਾਂ ਨਾਲ ਮੋਹਾਲੀ ਸੀਆਈਏ ਸਟਾਫ ਕੋਲ ਰਾਤ ਤਕਰੀਬਨ 12 ਵਜੇ ਲੈ ਆਏ। ਜਿੱਥੇ 5-7 ਹੋਰ ਲੜਕੇ ਵੀ ਬੈਠੇ ਸਨ ਜਿਨਹਾਂ ਵਿੱਚੋਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ।"

"ਅਗਲੇ ਦਿਨ ਸਵੇਰੇ 8 ਵਜੇ ਸੀਆਈਏ ਅਫਸਰ ਅਜੈ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਲਗਾਤਾਰ 5 ਦਿਨ ਤੱਕ ਚਲਦੀ ਰਹੀ। ਸਾਰੇ ਅਫਸਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਤੇ ਮੈਨੂੰ ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤੇ ਬਿਨ੍ਹਾਂ ਮੇਰੇ 'ਤੇ ਜ਼ੁਲਮ ਢਾਹੁੰਦੇ ਰਹੇ।"

ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਕੀਲ ਹਰਪਾਲ ਸਿੰਘ ਖਾਰਾ ਅਤੇ ਸੁਖਪ੍ਰੀਤ ਕੌਰ

ਰਮਨਦੀਪ ਸਿੰਘ ਸੰਨੀ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਪੁਲਿਸ ਵੱਲੋਂ 2017 ਵਿੱਚ ਰਮਨਦੀਪ ਸਿੰਘ ਸੰਨੀ 'ਤੇ ਐਫਆਈਆਰ ਨੰ. 110/17 ਦਰਜ ਕਰਕੇ ਕੇਸ ਪਾ ਦਿੱਤਾ ਗਿਆ। ਇਸ ਕੇਸ ਵਿੱਚ ਉਸ ਕੋਲੋਂ ਤਿੰਨ ਕਾਰਤੂਸ ਬਰਾਮਦ ਹੋਣ ਦਾ ਦੋਸ਼ ਲਾਇਆ ਗਿਆ ਸੀ। 

"ਨਾ ਅਪੀਲ ਨਾ ਦਲੀਲ"
ਰਮਨਦੀਪ ਸਿੰਘ ਸੰਨੀ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵੱਲੋਂ ਉਸਨੂੰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਰਿਲਾਇੰਸ ਕੰਪਨੀ ਦਾ ਸਿੱਮ ਵਰਤਦਾ ਸੀ ਜੋ ਕਿ ਉਸ ਦੇ ਫੜ ਹੋਣ ਤੋਂ ਬਾਅਦ ਬੰਦ ਹੋ ਗਈ ਜਿਸ ਕਾਰਨ ਉਹ ਆਪਣੀ ਕਾਲ ਡਿਟੇਲ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕਿਆ। ਉਸ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸੀਸੀਟੀਵੀ ਦੀ ਰਿਪੋਰਟ ਵੀ ਅਦਾਲਤ ਅੰਦਰ ਪੇਸ਼ ਨਹੀਂ ਕੀਤੀ ਗਈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਬਠਿੰਡਾ ਥਾਣੇ ਗਿਆ ਸੀ ਤੇ ਉਸਨੂੰ ਮੋਹਾਲੀ ਤੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਢਾਈ ਸਾਲਾਂ ਤੋਂ ਨਾ ਉਸਦਾ ਮੁਕੱਦਮਾ ਚੱਲ ਰਿਹਾ ਹੈ ਤੇ ਨਾ ਹੀ ਉਸਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। 

"ਜੇਲ੍ਹ ਵਿੱਚ ਬੰਦ ਹੁੰਦਿਆਂ ਰਮਨਦੀਪ 'ਤੇ ਹਥਿਆਰਬੰਦ ਗਤੀਵਿਧਆਂ 'ਚ ਸ਼ਾਮਲ ਹੋਣ ਦਾ ਦੋਸ਼"
ਰਮਨਦੀਪ ਸਿੰਘ ਸੰਨੀ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ  ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ 4 ਨਵੰਬਰ ਨੂੰ ਦਰਜ ਕੀਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲੇ 'ਚ ਰਮਨਦੀਪ ਸਿੰਘ ਸੰਨੀ ਨੂੰ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਰਮਨਦੀਪ ਸਿੰਘ ਸੰਨੀ ਦੇ ਨਾਲ ਲਖਵੀਰ ਸਿੰਘ ਵਾਸੀ ਦੂਧਿਆਣਾ ਕਲਾਂ  ਹੁਸ਼ਿਆਰਪੁਰ, ਪਰਮਜੀਤ ਸਿੰਘ ਪੰਮਾ ਵਾਸੀ ਯੂਕੇ ਅਤੇ ਸੁਰਿੰਦਰ ਕੌਰ ਉਰਫ ਸੁਖਪ੍ਰੀਤ ਕੌਰ ਵਾਸੀ ਸਾਦਿਕ ਫਰੀਦਕੋਟ ਪੰਜਾਬ ਨੂੰ ਵੀ ਨਾਮਜ਼ਦ ਕੀਤਾ ਹੈ। ਇਹਨਾਂ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾ 10, 13. 17, 18, 20, 38, 39, 40 ਅਤੇ ਭਾਰਤੀ ਸਜ਼ਾਵਲੀ ਦੀ ਧਾਰਾ 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਇਹ ਸਾਰੇ ਲੋਕ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ ਨਾਲ ਮਿਲ ਕੇ ਪੰਜਾਬ ਵਿੱਚ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਸਨ। 

"ਜਦੋਂ ਜ਼ਮਾਨਤ ਹੋਣ ਦੀ ਆਸ ਬੱਝੀ ਤਾਂ ਪੁਲਿਸ ਨੇ ਨਵਾਂ ਕੇਸ ਪਾ ਦਿੱਤਾ"
ਰਮਨਦੀਪ ਸਿੰਘ ਸੰਨੀ ਦੀ ਪਤਨੀ ਸੁਖਪ੍ਰੀਤ ਕੌਰ ਨੇ ਕਿਹਾ ਕਿ ਉਹ 2017 ਵਾਲੇ ਮਾਮਲੇ 'ਚ ਤਿੰਨ ਵਾਰ ਰਮਨਦੀਪ ਸਿੰਘ ਸੰਨੀ ਦੀ ਜ਼ਮਾਨਤ ਲਾ ਚੁੱਕੇ ਹਨ ਪਰ ਅਦਾਲਤ ਵੱਲੋਂ ਜ਼ਮਾਨਤ ਦੀ ਅਪੀਲ ਰੱਦ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਆਸ ਸੀ ਕਿ ਛੇਤੀ ਹੀ ਰਮਨਦੀਪ ਸਿੰਘ ਸੰਨੀ ਦੀ ਜ਼ਮਾਨਤ ਹੋ ਜਾਵੇਗੀ ਕਿਉਂਕਿ ਪੁਲਿਸ ਹੋਰ ਲੰਬਾ ਸਮਾਂ ਮਾਮਲੇ ਨੂੰ ਲਟਕਾ ਨਹੀਂ ਸਕਦੀ ਸੀ। ਉਹਨਾਂ ਦੋਸ਼ ਲਾਇਆ ਕਿ ਇਸੇ ਕਾਰਨ ਪੁਲਿਸ ਨੇ ਰਮਨਦੀਪ ਸਿੰਘ ਸੰਨੀ ਨੂੰ ਇਸ ਬੇਬੁਨਿਆਦ ਮਾਮਲੇ 'ਚ ਫਸਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਰਮਨਦੀਪ ਸਿੰਘ ਸੰਨੀ ਨਾਲ ਸਿਰਫ ਉਹ ਹੀ ਮੁਲਾਕਾਤ ਕਰਨ ਜਾਂਦੇ ਸਨ ਤੇ ਉਸ ਦਾ ਹੋਰ ਕਿਸੇ ਨਾਲ ਸੰਪਰਕ ਨਹੀਂ ਸੀ ਤਾਂ ਫੇਰ ਉਸ ਦੀ ਕਿਸੇ ਅਜਿਹੀ ਕਾਰਵਾਈ 'ਚ ਸ਼ਮੂਲੀਅਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਜੇਲ੍ਹ ਵਿੱਚ ਬੰਦ ਪੁੱਤ ਪਿੱਛੇ ਰੁਲਿਆ ਪਰਿਵਾਰ
ਰਮਨਦੀਪ ਸਿੰਘ ਸੰਨੀ ਦੇ ਜੇਲ੍ਹ ਜਾਣ ਮਗਰੋਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਰਮਨਦੀਪ ਸਿੰਘ ਸੰਨੀ ਦੇ ਮਾਤਾ ਪਿਤਾ ਦੀ ਮੌਤ ਉਸ ਸਮੇਂ ਹੀ ਹੋ ਗਈ ਸੀ ਜਦੋਂ ਉਹ ਮਹਿਜ਼ 7 ਸਾਲ ਦਾ ਸੀ। ਉਸ ਤੋਂ ਬਾਅਦ ਸੰਨੀ ਅਤੇ ਉਸਦੇ ਛੋਟੇ ਭਰਾ ਨੂੰ ਉਹਨਾਂ ਦੀ ਦਾਦੀ ਨੇ ਹੀ ਪਾਲਿਆ। ਪਰਿਵਾਰ ਦਾ ਦੋਸ਼ ਹੈ ਕਿ ਰਮਨਦੀਪ ਸਿੰਘ ਸੰਨੀ ਦੇ ਜੇਲ੍ਹ ਜਾਣ ਮਗਰੋਂ ਪੁਲਿਸ ਮੁਲਾਜ਼ਮ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਤੰਗ ਕਰਦੇ ਰਹੇ ਜਿਸ ਕਾਰਨ ਰਮਨਦੀਪ ਸਿੰਘ ਸੰਨੀ ਦਾ ਛੋਟਾ ਭਰਾ ਮਾਨਸਿਲ ਤਣਾਅ 'ਚ ਚਲਿਆ ਗਿਆ ਤੇ ਉਸਨੇ 14 ਨਵੰਬਰ 2017 ਨੂੰ ਖੁਦਕੁਸ਼ੀ ਕਰ ਲਈ। ਪਿੱਛੇ ਰਹਿ ਗਈ ਦਾਦੀ ਅਤੇ ਸੁਖਪ੍ਰੀਤ ਕੌਰ ਨੂੰ ਸਹਾਰਾ ਦੇਣ ਲਈ ਸੁਖਪ੍ਰੀਤ ਕੌਰ ਦਾ ਭਰਾ ਉਹਨਾਂ ਨਾਲ ਰਹਿੰਦਾ ਸੀ। ਸੁਖਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵਾਲੇ ਉਹਨਾਂ ਦੇ ਪਰਿਵਾਰ ਨੂੰ ਐਨਾ ਤੰਗ ਕਰਦੇ ਸਨ ਕਿ ਉਸਦਾ ਭਰਾ ਵੀ ਇਸ ਭਾਰ ਨੂੰ ਨਾ ਝੱਲ ਸਕਿਆ ਤੇ ਉਸਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਤਿੰਨ ਮਹੀਨੇ ਪਹਿਲਾਂ ਮੌਤ ਹੋ ਗਈ। 

ਸੁਖਪ੍ਰੀਤ ਕੌਰ ਨੇ ਕਿਹਾ, "ਜੇ ਸਾਡੀ ਕੋਈ ਮਦਦ ਕਰਦਾ ਹੈ ਤਾਂ ਪੁਲਿਸ ਵਾਲੇ ਉਸਨੂੰ ਤੰਗ ਕਰਨ ਲਈ ਉਸਦੇ ਘਰ ਪਹੁੰਚ ਜਾਂਦੇ ਹਨ। ਜੇ ਮੈਂ ਘਰ ਦਾ ਰਾਸ਼ਨ, ਸਮਾਨ ਲਿਆਉਣ ਲਈ ਬਜ਼ਾਰ ਜਾਵਾਂ ਜਾ ਕਿਸੇ ਕੰਮ ਬਾਹਰ ਜਾਵਾਂ ਤਾਂ ਮੇਰੇ 'ਤੇ ਅੱਖ ਰੱਖੀ ਜਾਂਦੀ ਹੈ ਤੇ ਮੈਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਕੇ ਜ਼ਲੀਲ ਕੀਤਾ ਜਾਂਦਾ ਹੈ।"

ਰਮਨਦੀਪ ਸਿੰਘ ਸੰਨੀ ਵੱਲੋਂ ਭੁੱਖ ਹੜਤਾਲ ਦਾ ਐਲਾਨ
ਰਮਨਦੀਪ ਸਿੰਘ ਸੰਨੀ ਨੇ ਕਿਹਾ ਕਿ ਉਸਦੀ ਜ਼ਮਾਨਤ ਅਰਜ਼ੀ ਬਾਰ-ਬਾਰ ਪੁਲਿਸ ਦੇ ਬਿਆਨ ਬਦਲਣ ਕਰਕੇ ਖਾਰਜ ਹੁੰਦੀ ਰਹੀ ਤੇ ਕੇਸ ਦੇ ਇੱਕ ਹੋਰ ਭਾਈਵਾਲ ਸੁਖਪ੍ਰੀਤ ਸਿੰਘ ਜੋ ਕਿ ਨਾਭਾ ਜੇਲ੍ਹ ਵਿੱਚ ਬੰਦ ਸੀ, ਉਸਨੂੰ ਨਸ਼ੇ ਦਾ ਓਵਰਡੋਜ਼ ਟੀਕਾ ਲਾ ਕੇ ਮਾਰ ਦਿੱਤਾ ਗਿਆ ਜਿਸ ਦੀ ਕੋਈ ਇਨਕੁਆਰੀ ਵੀ ਨਹੀਂ ਹੋਈ।

ਰਮਨਦੀਪ ਸਿੰਘ ਨੇ ਕਿਹਾ ਹੈ ਕਿ ਉਸ ਉੱਤੇ ਪਾਏ ਇਸ ਨਵੇਂ ਝੂਠੇ ਮਾਮਲੇ ਵਿੱਚੋਂ ਜੇ ਉਸਦਾ ਨਾਂ ਨਾ ਹਟਾਇਆ ਗਿਆ ਤਾਂ ਉਹ ਸ਼ਨੀਵਾਰ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ 'ਤੇ ਬੈਠ ਜਾਵੇਗਾ ਤੇ ਮਾਨਸਿਕ ਤਣਾਅ ਵਿੱਚ ਉਸ ਵੱਲੋਂ ਆਪਣੀ ਜ਼ਿੰਦਗੀ ਨਾਲ ਕੀਤੇ ਗਏ ਕਿਸੇ ਵੀ ਕਾਰੇ ਲਈ ਉਸ ਖਿਲਾਫ ਨਵਾਂ ਕੇਸ ਪਾਉਣ ਵਾਲੇ ਮੋਹਾਲੀ ਸੈੱਲ ਦੇ ਪੁਲਿਸ ਅਫਸਰ ਪਾਲ ਸਿੰਘ ਅਹੁਦਾ ਨੰ. 966-W ਅਤੇ ਭੁਪਿੰਦਰ ਸਿੰਘ ਅਹੁਦਾ ਨੰ. 1411/PAP ਜ਼ਿੰਮੇਵਾਰ ਹੋਣਗੇ।

ਰਮਨਦੀਪ ਸਿੰਘ ਨੇ ਆਪਣੀ ਬੇਗੁਨਾਹੀ ਲਈ ਦਾਅਵਾ ਕੀਤਾ ਹੈ ਕਿ ਬਠਿੰਡੇ ਦੇ ਸਟਾਫ ਮੁਲਾਜ਼ਮ ਕਿਰਪਾਲ ਸਿੰਘ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਕਢਵਾ ਕੇ ਚੈੱਕ ਕੀਤੀ ਜਾਵੇ ਕਿ ਉਸ ਨੇ ਰਮਨਦੀਪ ਨੂੰ ਫੋਨ ਕਰਕੇ ਬੁਲਾਇਆ ਸੀ ਅਤੇ ਬਠਿੰਡਾ ਤੇ ਮੋਹਾਲੀ ਦੀਆਂ ਸੀਸੀਟੀਵੀ ਕਲਿੱਪਾਂ ਵੀ ਕਢਵਾ ਕੇ ਚੈੱਕ ਕੀਤੀਆਂ ਜਾਣ ਕਿ ਉਸਨੂੰ ਕੌਣ ਕਿੱਥੋਂ ਲੈ ਕੇ ਗਿਆ ਸੀ ਤੇ ਕਿੱਥੇ ਸਪੁਰਦ ਕੀਤਾ ਗਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।