ਅਮਿਤ ਸ਼ਾਹ 1984 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨੀਖੇਜ ਖੁਲਾਸੇ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ : ਮਨਜਿੰਦਰ ਸਿੰਘ ਸਿਰਸਾ

ਅਮਿਤ ਸ਼ਾਹ 1984 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨੀਖੇਜ ਖੁਲਾਸੇ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ  ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ  ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨਖੇਜ ਖੁਲਾਸੇ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਦਿੱਲੀ ਵਿਖੇ ਜਾਰੀ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉਹ 35 ਸਾਲ ਤੋਂ ਇਹ ਕਹਿ ਰਹੇ ਹਨ ਕਿ ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਸੀ ਤੇ ਡਾ. ਮਨਮੋਹਨ ਸਿੰਘ ਦੇ ਖੁਲਾਸੇ ਮਗਰੋਂ ਹੁਣ ਇਹ ਤੱਥ ਸਾਬਤ ਹੋ ਗਿਆ ਹੈ। ਸਿਰਸਾ ਨੇ ਕਿਹਾ ਕਿ ਜਦੋਂ ਖੁਸ਼ਵੰਤ ਸਿੰਘ, ਕੁਲਦੀਪ ਨਈਅਰ ਅਤੇ ਇੰਦਰ ਕੁਮਾਰ ਗੁਜਰਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਕੋਲ ਗਏ ਸਨ ਤੇ ਆਖਿਆ ਸੀ ਕਿ ਫੌਜ ਸੱਦ ਲਈ ਜਾਵੇ ਤਾਂ ਰਾਓ ਨੇ ਕਿਹਾ ਸੀ ਕਿ ਉਹ ਉਪਰ ਗੱਲ ਕਰਕੇ ਦੱਸੇਗਾ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਤੋਂ ਉਪਰ ਤਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੀ ਸਨ ਅਤੇ ਫੌਜ ਇਸ ਲਈ ਨਹੀਂ ਸੱਦੀ ਗਈ ਕਿਉਂਕਿ ਗਾਂਧੀ ਪਰਿਵਾਰ ਨੇ ਹੀ ਕਤਲੇਆਮ ਕਰਵਾਇਆ ਸੀ।
ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਗ੍ਰਹਿ ਵਿਭਾਗ ਰਾਹੀਂ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਵੱਧ ਤੋਂ ਵੱਧ ਸਿੱਖਾਂ ਦਾ ਕਤਲ ਕਰਵਾਇਆ ਜਾਵੇ ਅਤੇ ਕਤਲੇਆਮ ਕਰਨ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਦਫਤਰੋਂ ਹਦਾਇਤਾਂ ਜਾਰੀ ਹੋਈਆਂ ਤੇ ਗ੍ਰਹਿ ਵਿਭਾਗ ਦੇ ਦਫਤਰ ਨੂੰ ਵੀ ਵਰਤਿਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸਿੱਖ ਕਤਲਿਆਮ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਅਤੇ ਪਤਾ ਲਾਇਆ ਜਾਵੇ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਨਰਸਿਮਾ ਰਾਓ ਤੋਂ ਇਲਾਵਾ ਕਿਸ ਕਿਸ ਨੂੰ ਹਦਾਇਤਾਂ ਦਿੱਤੀਆਂ ਸਨ ਤੇ  ਕਿਵੇਂ ਸਰਕਾਰ ਵੱਲੋਂ ਇਹ ਕਤਲੇਆਮ ਕਰਵਾਇਆ ਗਿਆ ਸੀ। ਸਿਰਸਾ ਨੇ ਇੱਕ ਕਮਿਸ਼ਨ ਬਿਠਾਏ ਜਾਨ ਦੀ ਮੰਗ ਵੀ ਕੀਤੀ। ਸਿਰਸਾ ਨੇ ਇਹ ਵੀ ਕਿਹਾ ਕਿ ਹੁਣ ਸਾਰਾ ਮਾਮਲਾ ਜੱਗ ਜ਼ਾਹਿਰ ਹੋ ਗਿਆ ਹੈ ਅਤੇ ਇਸ ਲਈ ਗਾਂਧੀ ਪਰਿਵਾਰ ਨੂੰ ਦੇਸ਼ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।