ਗੁਰਦੁਆਰਾ ਸਾਹਿਬ ਫਰੀਮੌਂਟ ਦੇ ਤਿੰਨ ਸੁਪਰੀਮ ਕੌਂਸਲ ਮੈਂਬਰ ਧੱਕੇਸ਼ਾਹੀ ਤੇ ਗੈਰਕਾਨੂੰਨੀ ਕਾਰਵਾਈਆਂ ਬੰਦ ਕਰਨ : ਜਸਵਿੰਦਰ ਸਿੰਘ ਜੰਡੀ 

ਗੁਰਦੁਆਰਾ ਸਾਹਿਬ ਫਰੀਮੌਂਟ ਦੇ ਤਿੰਨ ਸੁਪਰੀਮ ਕੌਂਸਲ ਮੈਂਬਰ ਧੱਕੇਸ਼ਾਹੀ ਤੇ ਗੈਰਕਾਨੂੰਨੀ ਕਾਰਵਾਈਆਂ ਬੰਦ ਕਰਨ : ਜਸਵਿੰਦਰ ਸਿੰਘ ਜੰਡੀ 

ਫਰੀਮੌਂਟ/ਏਟੀ ਨਿਊਜ਼ :
ਭਾਈ ਜਸਵਿੰਦਰ ਸਿੰਘ ਜੰਡੀ ਨੇ ਅਖ਼ਬਾਰਾਂ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਬੀਬੀ ਅਰਵਿੰਦਰ ਕੌਰ, ਹਰਮਿੰਦਰ ਸਿੰਘ ਤੇ ਕੁਲਜੀਤ ਸਿੰਘ ਵੱਲੋਂ ਧੱਕੇਸ਼ਾਹੀ ਵਾਲਾ ਰਵੱਈਆ ਅਪਣਾਉਂਦਿਆ ਹੋਇਆਂ ਇਸ ਸੋਮਵਾਰ ਸੁਪਰੀਮ ਕੌਂਸਲ ਦੀ ਮੀਟਿੰਗ ਸੱਦੀ ਗਈ। ਮੈਂ ਵੀ ਉਸ ਮੀਟਿੰਗ ਵਿੱਚ ਹਾਜ਼ਰ ਹੋਇਆ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਵੋਟਾਂ ਬਣਾਉਣ ਲਈ ਇੱਕ 6 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਮੈਂ ਇਹਨਾਂ ਨੂੰ ਕਿਹਾ ਕਿ ਹਰ ਸਾਲ ਸਾਰੀਆਂ ਧਿਰਾਂ ਵਿਚੋਂ ਬੰਦੇ ਲੈ ਕੇ ਕਮੇਟੀ ਬਣਦੀ ਹੈ ਤੇ ਦੂਜਾ ਤੁਹਾਡੇ ਕੋਲ ਕੋਈ ਅਖਤਿਆਰ ਨਹੀਂ ਕਿ ਤੁਸੀਂ ਆਪਣੀ ਮਨਮਰਜ਼ੀ ਨਾਲ ਕੋਈ ਕਮੇਟੀ ਬਣਾ ਦੇਵੋ। ਸ਼ਾਇਦ ਤੁਸੀਂ ਭੁੱਲਦੇ ਹੋ ਕਿ ਇਸ ਡਿਪਾਰਟਮੈਂਟ ਦਾ ਇੰਚਾਰਜ ਮੈਂ ਹਾਂ, ਇਸ ਲਈ ਇਲੈਕਸ਼ਨ ਕਮੇਟੀ ਬਣਾਉਣ ਦਾ ਅਧਿਕਾਰ ਮੇਰੇ ਕੋਲ ਹੈ। ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਸਾਰੀਆਂ ਧਿਰਾਂ ਦੇ ਬੰਦੇ ਕਮੇਟੀ ਵਿਚ ਹੋਣ ਤਾਂ ਕਿ ਵੋਟਾਂ ਬਣਾਉਣ ਦਾ ਕੰਮ ਸਹੀ ਤੇ ਨਿਰਪੱਖ ਕੀਤਾ ਜਾ ਸਕੇ। ਇਸ ਲਈ ਮੈਂ ਬਤੌਰ ਉਸ ਡਿਪਾਰਟਮੈਂਟ ਦੇ ਇੰਚਾਰਜ ਤੇ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਕਰਕੇ ਸਾਰੀਆਂ ਧਿਰਾਂ ਤੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ  ਸ਼ਨਿੱਚਰਵਾਰ, ਮਿਤੀ 12 ਅਕਤੂਬਰ ਨੂੰ 3 ਵਜੇ ਗੁਰਦੁਆਰਾ ਸਾਹਿਬ ਵਿਖੇ ਇਸ ਸਬੰਧੀ ਮੀਟਿੰਗ ਕੀਤੀ ਜਾ ਰਹੀ ਹੈ। ਉਸ ਮੀਟਿੰਗ ਵਿਚ ਮੈਂਬਰਸ਼ਿਪ ਕਮੇਟੀ ਲਈ ਸੇਵਾਦਾਰ ਚੁਣੇ ਜਾਣਗੇ। ਚਾਹਵਾਨ ਸੱਜਣ ਮੀਟਿੰਗ ਵਿਚ ਸ਼ਾਮਿਲ ਹੋ ਕੇ ਸੇਵਾ ਲੈ ਸਕਦੇ ਹਨ।  
ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਇਹ ਲੋਕ ਆਪਹੁਦਰੀਆਂ ਕਾਰਵਾਈਆਂ ਕਰਦੇ ਹੋਏ ਗੁਰਦੁਆਰਾ ਸਾਹਿਬ ਵੋਟਾਂ ਰਜਿਸਟਰ ਕਰਨ ਦੀ ਕੋਸ਼ਿਸ਼ ਕਰਨ, ਤਾਂ ਸੰਗਤ ਇਹਨਾਂ ਨੂੰ ਆਪਣੀ ਨਿੱਜੀ ਕੈਲੀਫੋਰਨੀਆ ਦੀ ਆਈ ਡੀ ਜਾਂ ਉਮਰ (date of birth) ਜਾਂ ਕੋਈ ਵੀ ਲੀਗਲ ਡਾਕੂਮੈਂਟ ਨਾ ਦੇਣ ਕਿਉਂਕਿ ਜੇ ਉਸ ਦਾ ਗਲਤ ਇਸਤੇਮਾਲ ਹੁੰਦਾ ਹੈ ਤਾਂ ਗੁਰਦੁਆਰਾ ਸਾਹਿਬ ਦੀ ਜ਼ੁੰਮੇਵਾਰੀ ਨਹੀਂ ਹੋਵੇਗੀ। 
ਸਿੱਖ ਪੰਚਾਇਤ ਦੇ ਮੈਬਰਾਂ ਭਾਈ ਰਾਮ ਸਿੰਘ ਤੇ ਭਾਈ ਜਸਜੀਤ ਸਿੰਘ  ਨੇ ਵੀ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਦਾ ਮਾਹੌਲ ਕਦੇ ਵੀ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੇ, ਇਸ ਲਈ ਅਸੀਂ ਤਕਰਾਰ ਵਾਲਾ ਰਵੱਈਆ ਕਦੇ ਨਹੀਂ ਅਪਣਾਇਆ। ਪਰ ਹੁਣ ਇਨ੍ਹਾਂ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਦੀਆਂ ਆਪ-ਹੁਦਰੀਆਂ ਤੇ ਗੈਰਜਿੰਮੇਵਾਰ ਕਾਰਵਾਈਆਂ ਕਾਰਨ ਕੇਸ ਵਕੀਲਾਂ ਅਤੇ ਕੋਰਟ ਵਿਚ ਹੈ। ਇਨ੍ਹਾਂ ਨੇ ਵਕੀਲਾਂ ਦੀ ਹਾਜ਼ਰੀ ਵਿਚ ਤਾਲਮੇਲ ਕਰਨ ਲਈ ਮੰਨਿਆ ਹੈ, ਜਿਸ ਕਾਰਨ ਅਸੀਂ ਸਟੇਜ ਦੀ ਸੇਵਾ ਤੋਂ ਪਿੱਛੇ ਹਟ ਗਏ। ਹਾਲਾਂਕਿ ਹਰ ਮਹੀਨੇ ਸਟੇਜ ਸੈਕਟਰੀ ਰੋਟੇਸ਼ਨ ਨਾਲ ਸੇਵਾ ਕਰਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਦੇ ਵੀ ਸਮਾਂ ਮੰਗਣ 'ਤੇ ਸਟੇਜ ਤੋਂ ਸੰਗਤ ਨਾਲ ਵਿਚਾਰ ਸਾਂਝੇ ਨਹੀਂ ਕਰਨ ਦਿੱਤੇ। ਇਨ੍ਹਾਂ ਦੀ ਧੱਕੇਸ਼ਾਹੀ ਦਾ ਸਿਖਰ ਉਸ ਵੇਲੇ ਹੋਇਆ ਜਦੋਂ ਇਨ੍ਹਾਂ ਨੇ ਸਾਲਾਨਾ ਜਨਰਲ ਬਾਡੀ ਮੀਟਿੰਗ ਵੀ ਨਹੀਂ ਹੋਣ ਦਿੱਤੀ ਤੇ ਭਾਈ ਹਰਿੰਦਰਪਾਲ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਹਨ, ਉਸ ਨੂੰ ਵੀ ਸਾਲਾਨਾ ਅਕਾਊਂਟਸ ਸੰਗਤ ਨਾਲ ਸਾਂਝੇ ਨਹੀਂ ਕਰਨ ਦਿੱਤੇ। ਉਸ ਤੋਂ ਬਾਅਦ ਬੀਬੀ ਅਰਵਿੰਦਰ ਕੌਰ ਦੀ ਡਿਕਟੇਟਰਸ਼ਿਪ ਇੱਥੋਂ ਤੱਕ ਪਹੁੰਚ ਗਈ ਕਿ ਸਕੂਲ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਨੂੰ ਵਕੀਲ ਤੋਂ ਧਮਕੀ ਭਰੀ ਚਿੱਠੀ ਪੁਆ ਦਿੱਤੀ ਤੇ ਜਦੋਂ ਅਗਲੇ ਹਫ਼ਤੇ ਉਹ ਸਕੂਲ ਵਿਚ ਸੇਵਾ ਕਰਨ ਗਿਆ ਤਾਂ ਹਰਜੀਤ ਸਿੰਘ ਨੇ ਉਸ ਨੂੰ ਜ਼ਲੀਲ ਕੀਤਾ। ਅਸੀਂ ਇਨ੍ਹਾਂ ਨੂੰ ਇਕ ਵਾਰੀ ਸੰਗਤ ਦੀ ਕਚਹਿਰੀ ਵਿਚ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਗੈਰਇਖਲਾਕੀ ਤੇ ਧੱਕੇਸ਼ਾਹੀ ਸੰਗਤ ਅਤੇ ਪਰਬੰਧ ਲਈ ਠੀਕ ਨਹੀਂ ਹੈ ਤੇ ਨਾ ਹੀ ਸਾਡੀ ਤੁਹਾਡੇ ਨਾਲ ਕੋਈ ਤਕਰਾਰ ਕਰਨ ਦੀ ਮਨਸ਼ਾ ਹੈ ਪਰ ਤੁਹਾਡੀਆ ਮਨਮਰਜ਼ੀਆਂ ਤੇ ਗ਼ੈਰ ਕਨੂੰਨੀ ਕੰਮ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ। ਜਲਦੀ ਹੀ ਤੁਹਾਡੀਆਂ ਕੀਤੀਆਂ ਹੋਈਆ ਵਧੀਕੀਆਂ ਸੰਗਤਾਂ ਦੀ ਕਚਹਿਰੀ ਵਿਚ ਲਿਆਂਦੀਆਂ ਜਾਣਗੀਆਂ।